Loading Now

ਚੰਡੀਗੜ੍ਹ ਦੀ ਸਰਕਾਰੀ ਗਊਸ਼ਾਲਾ ’ਚ 50 ਤੋਂ ਵੱਧ ਗਾਂਵਾਂ ਦੀ ਸ਼ੱਕੀ ਹਾਲਾਤਾਂ ’ਚ ਮੌਤ

ਚੰਡੀਗੜ੍ਹ ਦੀ ਸਰਕਾਰੀ ਗਊਸ਼ਾਲਾ ’ਚ 50 ਤੋਂ ਵੱਧ ਗਾਂਵਾਂ ਦੀ ਸ਼ੱਕੀ ਹਾਲਾਤਾਂ ’ਚ ਮੌਤ

ਚੰਡੀਗੜ੍ਹ, 15 ਜਨਵਰੀ – ਚੰਡੀਗੜ੍ਹ ਦੇ ਮੱਖਣ ਮਾਜਰਾ ਸਥਿਤ ਸਰਕਾਰੀ ਗਊਸ਼ਾਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਗੌਸ਼ਾਲਾ ਪਰਿਸਰ ਅੰਦਰ 50 ਤੋਂ 60 ਗੋਵੰਸ਼ ਮਰੇ ਹੋਏ ਮਿਲੇ। ਘਟਨਾ ਸਾਹਮਣੇ ਆਉਂਦੇ ਹੀ ਗੌ-ਪ੍ਰੇਮੀਆਂ ਅਤੇ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ। ਗੌ ਰੱਖਿਆ ਦਲ ਵੱਲੋਂ ਦੋਸ਼ ਲਗਾਇਆ ਗਿਆ ਕਿ ਗਊਸ਼ਾਲਾ ਵਿੱਚ ਗਾਂਵਾਂ ਦੀ ਸੰਭਾਲ ਵਿੱਚ ਭਾਰੀ ਲਾਪਰਵਾਹੀ ਵਰਤੀ ਗਈ, ਜਿਸ ਕਾਰਨ ਇਹ ਹਾਲਾਤ ਬਣੇ। ਘਟਨਾ ਦੀ ਸੂਚਨਾ ਮਿਲਣ ’ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਡੀਸੀ, ਐਸਡੀਐਮ, ਐਸਐਸਪੀ ਅਤੇ ਸਬੰਧਤ ਥਾਣੇ ਦੇ ਐਸਐਚਓ ਸਮੇਤ ਪੂਰਾ ਪ੍ਰਸ਼ਾਸਨਿਕ ਅਮਲਾ ਮੌਕੇ ’ਤੇ ਪਹੁੰਚਿਆ। ਅਧਿਕਾਰੀਆਂ ਵੱਲੋਂ ਗੌਸ਼ਾਲਾ ਦਾ ਮੁਆਇਨਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ।

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੋਵੰਸ਼ ਦੀ ਸੁਰੱਖਿਆ ਅਤੇ ਸੰਭਾਲ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਮਾਜਸੇਵੀ ਕਾਰਕਸ ਪਲਾਂਟ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਮੌਕੇ ’ਤੇ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਪਲਾਂਟ ਵਿੱਚ ਨਾ ਤਾਂ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਉਣ ਲਈ ਪੂਰਾ ਨਮਕ ਮੌਜੂਦ ਸੀ ਅਤੇ ਨਾ ਹੀ ਲਾਸ਼ਾਂ ਨੂੰ ਰੱਖਣ ਜਾਂ ਨਿਪਟਾਰੇ ਲਈ ਯੋਗ ਥਾਂ। ਸਰੋਤਾਂ ਦੀ ਭਾਰੀ ਕਮੀ ਕਾਰਨ ਕਰਮਚਾਰੀ ਬੇਬਸ ਨਜ਼ਰ ਆਏ।

ਮਾਮਲੇ ਨੇ ਤੂਲ ਫੜ੍ਹਿਆ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਨਮਕ ਭੇਜਿਆ, ਤਾਂ ਜੋ ਮਰੇ ਹੋਏ ਪਸ਼ੂਆਂ ਨੂੰ ਅਸਥਾਈ ਤੌਰ ’ਤੇ ਦਫ਼ਨਾਇਆ ਜਾ ਸਕੇ। ਹਾਲਾਂਕਿ ਸਵਾਲ ਇਹ ਵੀ ਉਠ ਰਹੇ ਹਨ ਕਿ ਜੇ ਪਲਾਂਟ ਪਹਿਲਾਂ ਹੀ ਬੰਦ ਸੀ, ਤਾਂ ਮਰੇ ਹੋਏ ਪਸ਼ੂ ਇੱਥੇ ਕਿਉਂ ਲਿਆਂਦੇ ਗਏ ਅਤੇ ਕੋਈ ਵੱਖਰੀ ਵਿਵਸਥਾ ਕਿਉਂ ਨਹੀਂ ਕੀਤੀ ਗਈ। ਇਸ ਪੂਰੇ ਮਾਮਲੇ ਨੂੰ ਲੈ ਕੇ ਸਮਾਜਸੇਵੀ ਬਿਸਲ ਬਲੌਰ, ਰਾਜ ਚੱਢਾ ਅਤੇ ਰਾਹੁਲ ਮਹਾਜਨ ਨੇ ਤਿੱਖਾ ਵਿਰੋਧ ਜਤਾਇਆ। ਉਨ੍ਹਾਂ ਕਿਹਾ ਕਿ ਮਕਰ ਸੰਕ੍ਰਾਂਤੀ ਵਰਗੇ ਪਵਿੱਤਰ ਤਿਉਹਾਰ ਦੇ ਦਿਨ ਇਸ ਤਰ੍ਹਾਂ ਦੀ ਲਾਪਰਵਾਹੀ ਬਹੁਤ ਨਿੰਦਣਯੋਗ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਅਤੇ ਇਹ ਸਪਸ਼ਟ ਕੀਤਾ ਜਾਵੇ ਕਿ ਇੰਨੀ ਵੱਡੀ ਗਿਣਤੀ ਵਿੱਚ ਗਾਂਵਾਂ ਦੀ ਮੌਤ ਕਿਹੜੀਆਂ ਹਾਲਾਤਾਂ ਵਿੱਚ ਹੋਈ। ਸਮਾਜਸੇਵੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਠੋਸ ਪ੍ਰਬੰਧ ਨਾ ਕੀਤੇ ਗਏ, ਤਾਂ ਉਹ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ।

Share this content:

Post Comment