Loading Now

‘ਗੋਲਡਨ ਸਟਾਰ’ ਮਲਕੀਤ ਸਿੰਘ ਦੇ ਨਵੇਂ ਧਾਰਮਿਕ ਗੀਤ ‘ਬਾਬਾ ਨਾਨਕ’ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਸੁਨੇਹਾ ਘਰ-ਘਰ ਪਹੁੰਚਾਇਆ

‘ਗੋਲਡਨ ਸਟਾਰ’ ਮਲਕੀਤ ਸਿੰਘ ਦੇ ਨਵੇਂ ਧਾਰਮਿਕ ਗੀਤ ‘ਬਾਬਾ ਨਾਨਕ’ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਸੁਨੇਹਾ ਘਰ-ਘਰ ਪਹੁੰਚਾਇਆ

*ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਦੀ ਕਲਮ ਤੇ ਗੁਰਮੀਤ ਸਿੰਘ ਦਾ ਸੰਗੀਤ

ਔਕਲੈਂਡ, 23 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਧੰਨ-ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 557ਵੇਂ ਪਾਵਨ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗਾਇਕ ਮਲਕੀਤ ਸਿੰਘ (ਗੋਲਡਨ ਸਟਾਰ) ਵੱਲੋਂ ਆਪਣੇ ਨਵੇਂ ਧਾਰਮਿਕ ਗੀਤ ‘ਬਾਬਾ ਨਾਨਕ’ ਰਾਹੀਂ ਦੇਸ਼-ਵਿਦੇਸ਼ ਵਿੱਚ ਵਸਦੀ ਸੰਗਤ ਦੇ ਸਨਮੁੱਖ ਭਰਵੀਂ ਹਾਜ਼ਰੀ ਲਗਵਾਈ ਗਈ ਹੈ। ਇਸ ਰੂਹਾਨੀ ਗੀਤ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫੇ ਅਤੇ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਦਾ ਬੇਹੱਦ ਖੂਬਸੂਰਤ ਵਰਣਨ ਕੀਤਾ ਗਿਆ ਹੈ। ਗੀਤ ਨੂੰ ਆਪਣੀਆਂ ਮਧੁਰ ਸੰਗੀਤਕ ਧੁਨਾਂ ਨਾਲ ਉੱਘੇ ਸੰਗੀਤਕਾਰ ਗੁਰਮੀਤ ਸਿੰਘ ਨੇ ਸ਼ਿੰਗਾਰਿਆ ਹੈ, ਜਦਕਿ ਇਸ ਦੇ ਬੋਲ ਇੰਟਰਨੈਸ਼ਨਲ ਗੋਲਡ ਮੈਡਲਿਸਟ ਗੀਤਕਾਰ ਹਰਵਿੰਦਰ ਉਹੜਪੁਰੀ ਦੀ ਕਲਮ ਤੋਂ ਨਿਕਲੇ ਹਨ। ‘ਬਾਬਾ ਨਾਨਕ’ ਗੀਤ ਨੂੰ ਵਿਸ਼ਵ ਪੱਧਰ ’ਤੇ ‘ਮਿਊਜ਼ਿਕ ਸਾਈਨ’ ਕੰਪਨੀ ਦੇ ਬੈਨਰ ਹੇਠ ਪ੍ਰੋਡਿਊਸਰ ਰਿੱਕੀ ਤੇਜੀ ਵੱਲੋਂ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ, ਜੋ ਕਿ ਮੁੰਬਈ ਬਾਲੀਵੁੱਡ ਅਤੇ ਪਾਲੀਵੁੱਡ ਫਿਲਮ ਇੰਡਸਟਰੀ ਵਿੱਚ ਆਪਣਾ ਇੱਕ ਵੱਡਾ ਮੁਕਾਮ ਬਣਾ ਚੁੱਕੇ ਹਨ। ਇਸ ਪ੍ਰੋਜੈਕਟ ਦੇ ਐਗਜ਼ੈਕਟਿਵ ਪ੍ਰੋਡਿਊਸਰ ਸਿਮਰਨ ਹਨ ਅਤੇ ਪ੍ਰੋਜੈਕਟ ਦੀ ਦੇਖ-ਰੇਖ ਰਾਮ ਲਾਲ ਤੇਜੀ ਵੱਲੋਂ ਕੀਤੀ ਗਈ ਹੈ। ਗੀਤ ਦਾ ਪੋਸਟਰ ਅਤੇ ਡਿਜ਼ਾਇਨ ਪੰਕਜ ਸ਼ਰਮਾ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦਾ ਫਿਲਮਾਂਕਣ ਨਰਿੰਦਰ ਬਰਾੜ ਵੱਲੋਂ ਬੜੀ ਹੀ ਸੂਝ-ਬੂਝ ਅਤੇ ਬਾਖੂਬੀ ਨਾਲ ਕੀਤਾ ਗਿਆ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਦੀ ਸਿਫ਼ਤ-ਸਲਾਹ ਕਰਦਾ ਹੋਇਆ ਇਹ ਗੀਤ ‘ਬਾਬਾ ਨਾਨਕ’ ਦੁਨੀਆ ਭਰ ਵਿੱਚ ਵਸਦੀ ਸਮੂਹ ਸਾਧ-ਸੰਗਤ ਦੀਆਂ ਉਮੀਦਾਂ ’ਤੇ ਪੂਰੀ ਤਰ੍ਹਾਂ ਖਰਾ ਉਤਰ ਰਿਹਾ ਹੈ ਅਤੇ ਸੰਗਤਾਂ ਵੱਲੋਂ ਇਸ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਇਹ ਗੀਤ ਇਕ ਤਰ੍ਹਾਂ ਨਾਲ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਦੇ ਨਾਲ ਸਾਂਝ ਪਵਾਉਣ ਵਾਲਾ ਹੈ। ਗੀਤਾਂ ਰਾਹੀਂ ਵੰਡੇ ਜੋ ਖੁਸ਼ਬੂ ਪੂਰੀ, ਪੰਜਾਬੀ ਮਾਂ ਬੋਲੀ ਦਾ ਹੀਰਾ ਹਰਵਿੰਦਰ ਉਹੜਪੁਰੀ। ਵਰਨਣਯੋਗ ਹੈ ਕਿ ਹਰਵਿੰਦਰ ਉਹੜਪੁਰੀ ਨੇ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਵੱਡੇ ਮਾਰਕੇ ਮਾਰਦਿਆਂ ਨਵੇਂ ਦਿਸਹੱਦੇ ਸਿਰਜੇ ਹਨ ਅਤੇ ਕਈ ਇਤਿਹਾਸਕ ਰਿਕਾਰਡ ਆਪਣੇ ਨਾਂ ਕੀਤੇ ਹਨ। ਉਨ੍ਹਾਂ ਵੱਲੋਂ ਪਹਿਲਾਂ ਵੀ ਪੰਜਾਬੀ ਸੰਗੀਤ ਜਗਤ ਨੂੰ ਅਨੇਕਾਂ ਸੁਪਰਹਿੱਟ ਧਾਰਮਿਕ ਗੀਤ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ‘ਮਾਰੀਆਂ ਚਪੇੜਾਂ ਰੱਬ ਦੇ’ (ਕੁਲਦੀਪ ਮਾਣਕ), ‘ਸਿੱਖੀ ਦੀਆਂ ਸ਼ਾਨਾਂ’ (ਹੰਸ ਰਾਜ ਹੰਸ), ‘ਦਾਤਾ ਧੰਨ ਤੇਰੀ ਸਿੱਖੀ’, ‘ਆਓ ਨਗਰ ਕੀਰਤਨ ਦੇ ਦਰਸ਼ਨ ਪਾਈਏ’, ‘ਸਿੱਖ ਧਰਮ ਵਿੱਚ ਔਰਤ ਦੀ ਵੀ ਬਹੁਤ ਵੱਡੀ ਕੁਰਬਾਨੀ ਆ’ (ਸਤਵਿੰਦਰ ਬਿੱਟੀ), ‘ਅਰਦਾਸ ਕਰਾਂ ਹਰ ਸੁਆਸ ਕਰਾਂ ਮੇਰੇ ਪ੍ਰੀਤਮ ਜੀਓ’ (ਨਛੱਤਰ ਗਿੱਲ), ‘ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ ਨਾ ਭਾਲੋ ਤੁਸੀਂ ਜਥੇਦਾਰੀਆਂ’, ‘ਜਨਮ ਦਿਹਾੜਾ ਖਾਲਸੇ ਦਾ’ (ਸੁਰਜੀਤ ਬਿੰਦਰੱਖੀਆ), ‘ਖਾਲਸਾ ਪੰਥ’, ‘ਦਰਸ਼ਨ ਗੁਰਧਾਮਾਂ ਦੇ’, ‘ਬੀਰ ਖ਼ਾਲਸਾ’ (ਜੈਜ਼ੀ ਬੀ), ‘ਭਾਈ ਘਨ੍ਹਈਆ’ (ਦਲੇਰ ਮਹਿੰਦੀ) ਅਤੇ ‘ਸਿੱਖੀ ਦਾ ਮਹਿਲ’ (ਗੀਤਾ ਜ਼ੈਲਦਾਰ) ਸਮੇਤ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਸਾਧ-ਸੰਗਤ ਦੀ ਝੋਲੀ ਪਾਈਆਂ ਗਈਆਂ ਹਨ। ਨਿਊਜ਼ੀਲੈਂਡ ਵਸਦੇ ਪੰਜਾਬੀ ਮੀਡੀਆ ਕਰਮੀਆਂ ‘ਪੰਜਾਬੀ ਹੈਰਲਡ’ ਅਤੇ ‘ਰੇਡੀਓ ਸਪਾਈਸ’ ਵੱਲੋਂ ਵਧਾਈ ਹੋਵੇ!

Share this content:

Post Comment