‘ਗਿਆਨੇਸ਼ ਕੁਮਾਰ ਨੂੰ ਹਟਾਓ, 30 ਸਕਿੰਟਾਂ ’ਚ ਅੰਦੋਲਨ ਰੋਕ ਦੇਵਾਂਗੇ’ : ਰਾਹੁਲ ਗਾਂਧੀ
ਨਵੀਂ ਦਿੱਲੀ, 27 ਅਕਤੂਬਰ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 1 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ‘ਮਹਾ ਰੈਲੀ’ ਨੂੰ ਮੁਲਤਵੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਦਰਅਸਲ, ਦਿੱਲੀ ਦੇ ਕਸ਼ਮੀਰੀ ਗੇਟ ਵਿਖੇ ਵਪਾਰੀਆਂ ਨੇ ਸੋਮਵਾਰ ਨੂੰ ਪ੍ਰਦਰਸ਼ਨ ਕੀਤਾ ਸੀ ਅਤੇ ਕਾਂਗਰਸ ਨੂੰ ਦਿਵਾਲੀ ਤੋਂ ਬਾਅਦ ਇਹ ਰੈਲੀ ਕਰਵਾਉਣ ਦੀ ਅਪੀਲ ਕੀਤੀ ਸੀ। ਚੈਂਬਰ ਆਫ਼ ਟ੍ਰੇਡ ਐਂਡ ਇੰਡਸਟਰੀ (CTI) ਦੇ ਪ੍ਰਧਾਨ ਬ੍ਰਜੇਸ਼ ਗੋਇਲ ਨੇ ਚੇਤਾਵਨੀ ਦਿੱਤੀ ਸੀ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਇਸ ਰੈਲੀ ਕਾਰਨ 10 ਹਜ਼ਾਰ ਕਰੋੜ ਰੁਪਏ ਦਾ ਵਪਾਰਕ ਨੁਕਸਾਨ ਹੋ ਸਕਦਾ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਲਿਖਿਆ ਕਿ ਉਹ ਦਿੱਲੀ ਦੇ ਹਰ ਵਪਾਰੀ ਨਾਲ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਗੱਲ ਸੁਣ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ, “ਮੋਦੀ ਜੀ ਨੂੰ ਕਹੋ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾ ਦੇਣ, 30 ਸਕਿੰਟਾਂ ਵਿੱਚ ਅੰਦੋਲਨ ਰੁਕ ਜਾਵੇਗਾ।
ਖੜਗੇ ਦੀ ਲੋਕਾਂ ਨੂੰ ਅਪੀਲ
ਦੂਜੇ ਪਾਸੇ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਵੀ ‘ਐਕਸ’ ‘ਤੇ ਪੋਸਟ ਕਰਕੇ ਲੋਕਾਂ ਨੂੰ ਇਸ ਰੈਲੀ ਵਿੱਚ ਵੱਧ-ਚੱੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਇਹ ਤਿਉਹਾਰਾਂ ਦਾ ਮੌਸਮ ਹੈ, ਪਰ ਲੋਕ ਕਮਰ ਤੋੜ ਮਹਿੰਗਾਈ ਨਾਲ ਜੂਝ ਰਹੇ ਹਨ। ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਹ ਸਿਰਫ਼ ਵੋਟ ਚੋਰੀ ਕਰਨਾ ਜਾਣਦੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ 1 ਨਵੰਬਰ ਨੂੰ “ਵੋਟ ਬਚਾਓ, ਦੇਸ਼ ਬਚਾਓ” ਮਹਾ ਰੈਲੀ ਕੀਤੀ ਜਾਵੇਗੀ। ਦਿੱਲੀ ਵਿੱਚ 1 ਨਵੰਬਰ ਨੂੰ ਹੋਣ ਵਾਲੀ ਮਹਾਰੈਲੀ ਨੂੰ ਲੈ ਕੇ ਵਪਾਰੀ ਸੰਗਠਨਾਂ ਨੇ ਵੱਡੀ ਚਿੰਤਾ ਜ਼ਾਹਰ ਕੀਤੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਸ ਰੈਲੀ ਕਾਰਨ ਤਿਉਹਾਰਾਂ ਦੇ ਸੀਜ਼ਨ ਵਿੱਚ ਉਨ੍ਹਾਂ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ।
ਇਹ ਪ੍ਰਮੁੱਖ ਬਾਜ਼ਾਰ ਹੋਣਗੇ ਪ੍ਰਭਾਵਿਤ
ਰਾਮਲੀਲਾ ਮੈਦਾਨ ਦੇ 5 ਕਿਲੋਮੀਟਰ ਦੇ ਦਾਇਰੇ ਵਿੱਚ ਆਉਣ ਵਾਲੇ 20 ਤੋਂ ਵੱਧ ਪ੍ਰਮੁੱਖ ਥੋਕ ਬਾਜ਼ਾਰਾਂ ਦਾ ਕਾਰੋਬਾਰ ਇਸ ਨਾਲ ਪ੍ਰਭਾਵਿਤ ਹੋ ਸਕਦਾ ਹੈ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਸ਼ਾਮਲ ਹਨ: ਚਾਂਦਨੀ ਚੌਕ, ਸਦਰ ਬਾਜ਼ਾਰ, ਖਾਰੀ ਬਾਉਲੀ, ਨਵਾਂ ਬਾਜ਼ਾਰ, ਚਾਵੜੀ ਬਾਜ਼ਾਰ, ਦਰੀਆਗੰਜ, ਕਸ਼ਮੀਰੀ ਗੇਟ।
ਗ੍ਰਾਹਕਾਂ ਅਤੇ ਖ਼ਰੀਦਦਾਰਾਂ ਦਾ ਆਉਣਾ ਹੋਵੇਗਾ ਮੁਸ਼ਕਲ
ਵਪਾਰੀਆਂ ਮੁਤਾਬਕ ਬੈਰੀਕੇਡਿੰਗ ਅਤੇ ਸੜਕਾਂ ਬੰਦ ਹੋਣ ਕਾਰਨ ਦਿੱਲੀ ਤੋਂ ਬਾਹਰੋਂ ਰੋਜ਼ਾਨਾ ਆਉਣ ਵਾਲੇ 3 ਤੋਂ 4 ਲੱਖ ਖ਼ਰੀਦਦਾਰ ਬਾਜ਼ਾਰਾਂ ਤੱਕ ਨਹੀਂ ਪਹੁੰਚ ਸਕਣਗੇ।
Share this content:


Post Comment