Loading Now

ਗਊ ਨੂੰ ਕੌਮੀਂ ਪਸ਼ੂ ਐਲਾਨਣ ਲਈ ਮੁਸਲਿਮ ਭਾਈਚਾਰੇ ਵੱਲੋਂ ਫਗਵਾੜਾ ਦੇ SDM ਨੂੰ ਮੰਗ-ਪੱਤਰ

ਗਊ ਨੂੰ ਕੌਮੀਂ ਪਸ਼ੂ ਐਲਾਨਣ ਲਈ ਮੁਸਲਿਮ ਭਾਈਚਾਰੇ ਵੱਲੋਂ ਫਗਵਾੜਾ ਦੇ SDM ਨੂੰ ਮੰਗ-ਪੱਤਰ

ਫਗਵਾੜਾ, 23 ਮਈ – ਕੌਮੀਂ ਅਲਪਸੰਖਿਅਕ ਆਰਕਸ਼ਣ ਮੋਰਚਾ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਅੱਜ ਇੱਥੇ ਐੱਸ.ਡੀ.ਐੱਮ. ਫਗਵਾੜਾ ਨੂੰ ਇੱਕ ਮੰਗ-ਪੱਤਰ ਸੌਂਪਿਆ ਗਿਆ। ਭਾਰਤ ਦੇ ਰਾਸ਼ਟਰਪਤੀ ਦੇ ਨਾਂ ਭੇਜੇ ਗਏ ਇਸ ਮੰਗ-ਪੱਤਰ ਰਾਹੀਂ ਸੰਗਠਨ ਨੇ ਮੰਗ ਕੀਤੀ ਹੈ ਕਿ ਗਊ (ਗਾਂ) ਨੂੰ ਦੇਸ਼ ਦਾ ‘ਕੌਮੀਂ ਪਸ਼ੂ’ ਐਲਾਨਿਆ ਜਾਵੇ। ਇਸ ਦੇ ਨਾਲ ਹੀ ਗਊ ਹੱਤਿਆ, ਤਸਕਰੀ ਅਤੇ ਇਸ ਮੁੱਦੇ ਨਾਲ ਜੁੜੀ ਭੀੜਤੰਤਰ ਦੀ ਹਿੰਸਾ (ਮੌਬ ਲਿੰਚਿੰਗ) ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਗਈ ਹੈ।

ਸੰਗਠਨ ਦੇ ਕਨਵੀਨਰ ਸਰਵਰ ਗੁਲਾਮ ਸਬਾ ਦੀ ਅਗਵਾਈ ਹੇਠ ਕੀਤੇ ਗਏ ਇੱਕ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਇਹ ਮੰਗ-ਪੱਤਰ ਪ੍ਰਸ਼ਾਸਨ ਨੂੰ ਸੌਂਪਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਕਾਰਕੁਨਾਂ ਨੇ ਹਿੱਸਾ ਲਿਆ। ਮੰਗ-ਪੱਤਰ ਰਾਹੀਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਦੇਸ਼ ਭਰ ਵਿੱਚ ਗਊ ਹੱਤਿਆ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਅਤੇ ਨਾਜਾਇਜ਼ ਕਤਲਖਾਨਿਆਂ ਤੇ ਗਊਆਂ ਦੀ ਸਮੱਗਲਿੰਗ ਨੂੰ ਰੋਕਣ ਲਈ ਇੱਕ ਸਮਾਨ ਕੌਮੀਂ ਕਾਨੂੰਨ ਲਾਗੂ ਕੀਤਾ ਜਾਵੇ। ਇਸ ਦੇ ਨਾਲ ਹੀ ਕਾਰਕੁਨਾਂ ਨੇ ਗਊ ਰੱਖਿਆ ਦੇ ਨਾਂ ’ਤੇ ਹੋਣ ਵਾਲੀਆਂ ਮੌਬ ਲਿੰਚਿੰਗ ਅਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਵੀ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚਾ ਦੇ ਮੁਖੀ ਸਰਵਰ ਗੁਲਾਮ ਸਬਾ ਨੇ ਕਿਹਾ ਕਿ ਦੇਸ਼ ਵਿੱਚ ਗਊ ਹੱਤਿਆ ਦੇ ਨਾਂ ’ਤੇ ਭੀੜ ਵੱਲੋਂ ਕੀਤੀ ਜਾਂਦੀ ਹਿੰਸਾ, ਸਮਾਜਿਕ ਅਸ਼ਾਂਤੀ ਅਤੇ ਫਿਰਕੂ ਤਣਾਅ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਗਊ ਨੂੰ ਕੌਮੀਂ ਪਸ਼ੂ ਐਲਾਨ ਦਿੰਦੀ ਹੈ ਅਤੇ ਹਿੰਸਕ ਭੀੜ ਖਿਲਾਫ ਸਖ਼ਤ ਕਾਨੂੰਨ ਬਣਾਉਂਦੀ ਹੈ, ਤਾਂ ਇਸ ਨਾਲ ਨਾ ਸਿਰਫ਼ ਹਿੰਸਾ ਰੁਕੇਗੀ, ਸਗੋਂ ਸਮਾਜ ਵਿੱਚ ਆਪਸੀ ਭਾਈਚਾਰਾ ਅਤੇ ਫਿਰਕੂ ਸਾਂਝ ਵੀ ਮਜ਼ਬੂਤ ਹੋਵੇਗੀ। ਵਫ਼ਦ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਾਰੀਆਂ ਸੂਬਾ ਸਰਕਾਰਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰੇ ਤਾਂ ਜੋ ਗਊ ਤਸਕਰੀ ਜਾਂ ਇਸ ਨਾਲ ਜੁੜੇ ਵਿਵਾਦਾਂ ਕਾਰਨ ਪੈਦਾ ਹੋਣ ਵਾਲੇ ਫਿਰਕੂ ਤਣਾਅ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਐੱਸ.ਡੀ.ਐੱਮ. ਦਫ਼ਤਰ ਵਿਖੇ ਮੰਗ-ਪੱਤਰ ਦੇਣ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤਮਈ ਢੰਗ ਨਾਲ ਖਿੰਡ ਗਏ।

Share this content:

Post Comment