Loading Now

CJP ’ਚ ਸ਼ਾਮਲ ਹੋਣ ਦੀ ਆੜ ‘ਚ ਸਾਈਬਰ ਠੱਗ ਭੇਜ ਰਹੇ ਨੇ ਧੋਖਾਧੜੀ ਵਾਲੇ ਲਿੰਕ

CJP ’ਚ ਸ਼ਾਮਲ ਹੋਣ ਦੀ ਆੜ ‘ਚ ਸਾਈਬਰ ਠੱਗ ਭੇਜ ਰਹੇ ਨੇ ਧੋਖਾਧੜੀ ਵਾਲੇ ਲਿੰਕ

ਲੁਧਿਆਣਾ, 23 ਮਈ – ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਦੇਸ਼ ਭਰ ਵਿੱਚ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਵਿਅੰਗਾਤਮਕ ਜਥੇਬੰਦੀ Cockroach Janta Party (CJP) ਦੀ ਪ੍ਰਸਿੱਧੀ ਦਾ ਫਾਇਦਾ ਹੁਣ ਸਾਈਬਰ ਅਪਰਾਧੀਆਂ ਨੇ ਵੀ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਪੁਲੀਸ ਦੀ ਜਨਤਕ ਐਡਵਾਈਜ਼ਰੀ ਮੁਤਾਬਕ, ਜਿੱਥੇ ਇੱਕ ਪਾਸੇ ਇਹ ਡਿਜੀਟਲ ਸੰਗਠਨ ਸੋਸ਼ਲ ਮੀਡੀਆ ’ਤੇ ਮੈਂਬਰਸ਼ਿਪ ਮੁਹਿੰਮ ਚਲਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸਾਈਬਰ ਠੱਗਾਂ ਨੇ ਲੋਕਾਂ ਨੂੰ ਕਾਕਰੋਚ ਜਨਤਾ ਪਾਰਟੀ ਦੀ ਮੈਂਬਰਸ਼ਿਪ ਦੇ ਬਹਾਨੇ ਫਿਸ਼ਿੰਗ (ਧੋਖਾਧੜੀ ਵਾਲੇ) ਲਿੰਕ ਭੇਜਣੇ ਸ਼ੁਰੂ ਕਰ ਦਿੱਤੇ ਹਨ।

ਲੁਧਿਆਣਾ ਸਮੇਤ ਪੰਜਾਬ ਭਰ ਦੇ ਲੋਕਾਂ ਦੇ ਮੋਬਾਈਲ ਫੋਨਾਂ ’ਤੇ ਅਜਿਹੇ ਸ਼ੱਕੀ ਅਤੇ ਵਾਇਰਸ ਨਾਲ ਸੰਕਰਮਿਤ ਲਿੰਕ ਭੇਜੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਲੁਧਿਆਣਾ ਪੁਲੀਸ ਹਰਕਤ ਵਿੱਚ ਆ ਗਈ ਹੈ। ਪੁਲੀਸ ਨੇ ਇੱਕ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਅਜਿਹੇ ਘੁਟਾਲੇਬਾਜ਼ਾਂ ਦੇ ਜਾਲ ਵਿੱਚ ਨਾ ਫਸਣ ਦੀ ਅਪੀਲ ਕੀਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਇਨ੍ਹਾਂ ਲਿੰਕਾਂ ’ਤੇ ਕਲਿੱਕ ਕਰਦੇ ਹੀ ਲੋਕਾਂ ਦੇ ਮੋਬਾਈਲ ਫੋਨ ਹੈਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਵਿੱਤੀ ਐਪਸ (ਬੈਂਕਿੰਗ ਐਪਸ) ਦਾ ਕੰਟਰੋਲ ਸਿੱਧਾ ਸਾਈਬਰ ਅਪਰਾਧੀਆਂ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਜਿਸ ਨਾਲ ਭੋਲੇ-ਭਾਲੇ ਲੋਕ ਆਪਣੀ ਮਿਹਨਤ ਦੀ ਕਮਾਈ ਗੁਆ ਸਕਦੇ ਹਨ।

ਲੁਧਿਆਣਾ ਪੁਲੀਸ ਨੇ ਆਮ ਲੋਕਾਂ ਨੂੰ ਇਸ ਨਵੇਂ ਫਰਾਡ ਪ੍ਰਤੀ ਜਾਗਰੂਕ ਕਰਨ ਲਈ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ’ਤੇ 42 ਸੈਕਿੰਡ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਪੁਲੀਸ ਮੁਲਾਜ਼ਮ ਅਮਰਿੰਦਰ ਸਿੰਘ ਨੇ ਵਿਸਥਾਰ ਵਿੱਚ ਸਮਝਾਇਆ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਗਲਤੀ ਲੋਕਾਂ ਨੂੰ ਕੰਗਾਲ ਕਰ ਸਕਦੀ ਹੈ। ਪੁਲੀਸ ਅਨੁਸਾਰ, ਠੱਗਾਂ ਵੱਲੋਂ ਵਟਸਐਪ ’ਤੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਵਾਲੇ ਸੁਨੇਹੇ ਭੇਜੇ ਜਾ ਰਹੇ ਹਨ, ਜਿਵੇਂ ਕਿ ‘ਸਿਸਟਮ ਬਦਲਣ ਲਈ ਦੇਸ਼ ਦੀ ਪੁਕਾਰ, ਸਮਾਂ ਆ ਗਿਆ ਹੈ’ ਅਤੇ ‘ਨੌਜਵਾਨਾਂ ਲਈ ਵੱਡੇ ਮੌਕੇ’। ਇਨ੍ਹਾਂ ਸੁਨੇਹਿਆਂ ਦੇ ਹੇਠਾਂ ਕਾਕਰੋਚ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਲਈ ਇੱਕ ਲਿੰਕ ਦਿੱਤਾ ਹੁੰਦਾ ਹੈ।  ਵੀਡੀਓ ਵਿੱਚ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਵਟਸਐਪ ’ਤੇ ਭੇਜਿਆ ਜਾ ਰਿਹਾ ਇਹ ਲਿੰਕ ਅਸਲ ਵਿੱਚ ਇੱਕ ਫਿਸ਼ਿੰਗ ਲਿੰਕ ਹੈ। ਜਿਵੇਂ ਹੀ ਕੋਈ ਵਿਅਕਤੀ ਭਾਵੁਕ ਹੋ ਕੇ ਜਾਂ ਉਤਸੁਕਤਾ ਵੱਸ ਇਸ ਲਿੰਕ ’ਤੇ ਕਲਿੱਕ ਕਰਦਾ ਹੈ, ਉਸਦਾ ਫੋਨ ਤੁਰੰਤ ਹੈਕ ਹੋ ਜਾਂਦਾ ਹੈ। ਇਸ ਤੋਂ ਬਾਅਦ ਪੀੜਤ ਦੇ ਬੈਂਕ ਖਾਤੇ ਦੇ ਵੇਰਵੇ, ਪਾਸਵਰਡ ਅਤੇ ਨਿੱਜੀ ਡਾਟਾ ਸਿੱਧਾ ਸਾਈਬਰ ਅਪਰਾਧੀਆਂ ਕੋਲ ਪਹੁੰਚ ਜਾਂਦਾ ਹੈ। ਇਸ ਡਾਟੇ ਦੀ ਵਰਤੋਂ ਕਰਕੇ ਠੱਗ ਨਾ ਸਿਰਫ਼ ਖਾਤੇ ’ਚੋਂ ਪੈਸੇ ਉਡਾ ਲੈਂਦੇ ਹਨ, ਬਲਕਿ ਪੀੜਤ ਦੇ ਨਾਂ ’ਤੇ ਲੱਖਾਂ ਰੁਪਏ ਦਾ ਲੋਨ ਵੀ ਲੈ ਲੈਂਦੇ ਹਨ।

ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਦੇ ਟ੍ਰੈਂਡਸ ਜਾਂ ਭਾਵੁਕ ਸੁਨੇਹਿਆਂ ਦੇ ਵਹਾਅ ਵਿੱਚ ਆ ਕੇ ਕਿਸੇ ਵੀ ਅਣਜਾਣ ਲਿੰਕ ’ਤੇ ਕਲਿੱਕ ਨਾ ਕਰਨ। ਉਨ੍ਹਾਂ ਕਿਹਾ ਕਿ ਅਜਿਹੀ ਇੱਕ ਲਾਪਰਵਾਹੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਨੂੰ ਮਿੰਟਾਂ ਵਿੱਚ ਖ਼ਤਮ ਕਰ ਸਕਦੀ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ ਇਸ ਪੈਰੋਡੀ (ਵਿਅੰਗਾਤਮਕ) ਪਾਰਟੀ ‘ਕਾਕਰੋਚ ਜਨਤਾ ਪਾਰਟੀ’ ਦੇ ਸੰਸਥਾਪਕ ਅਭਿਜੀਤ, ਜੋ ਇਸ ਵੇਲੇ ਬੋਸਟਨ (ਅਮਰੀਕਾ) ਵਿੱਚ ਹਨ, ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਭਾਰਤ ਪਰਤਣ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਖ਼ਦਸ਼ਾ ਉਨ੍ਹਾਂ ਨੇ ਭਾਰਤ ਵਿੱਚ ਪਾਰਟੀ ਦਾ ਐਕਸ (ਟਵਿੱਟਰ) ਅਕਾਊਂਟ ਬੈਨ ਹੋਣ ਤੋਂ ਬਾਅਦ ਜਤਾਇਆ ਹੈ।

Share this content:

Post Comment