Loading Now

ਕੈਨੇਡਾ ’ਚ 17 ਪੰਜਾਬੀ ਗ੍ਰਿਫ਼ਤਾਰ; ਅੰਤਰਰਾਸ਼ਟਰੀ ਜਬਰੀ ਵਸੂਲੀ ਗਿਰੋਹ ਦਾ ਹੋਇਆ ਪਰਦਾਫਾਸ਼

ਕੈਨੇਡਾ ’ਚ 17 ਪੰਜਾਬੀ ਗ੍ਰਿਫ਼ਤਾਰ; ਅੰਤਰਰਾਸ਼ਟਰੀ ਜਬਰੀ ਵਸੂਲੀ ਗਿਰੋਹ ਦਾ ਹੋਇਆ ਪਰਦਾਫਾਸ਼

ਓਟਾਵਾ, 27 ਮਈ – ਕੈਨੇਡਾ ਵਿਚ ਪੀਲ ਰੀਜਨਲ ਪੁਲਿਸ ਨੇ ਇਕ ਵੱਡੀ ਕਾਰਵਾਈ ਕਰਦਿਆਂ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤੀ ਮੂਲ ਦੇ ਹਨ। ਇਨ੍ਹਾਂ ਉੱਪਰ ਸਾਊਥ ਏਸ਼ੀਅਨ (ਦਖਣੀ ਏਸ਼ੀਆਈ) ਕਾਰੋਬਾਰੀਆਂ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਜਬਰਨ ਵਸੂਲੀ ਅਤੇ ਸੰਗਠਤ ਅਪਰਾਧ ਕਰਨ ਦੇ ਗੰਭੀਰ ਦੋਸ਼ ਹਨ। ਪੁਲਿਸ ਮੁਤਾਬਕ ਇਹ ਸਾਰੀ ਕਾਰਵਾਈ ਪੀਲ ਪੁਲਿਸ ਦੀ ‘ਐਕਸਟੋਰਸ਼ਨ ਟਾਸਕ ਫੋਰਸ’ ਵਲੋਂ ਕੀਤੀ ਗਈ ਹੈ। ਪੁਲਿਸ ਨੇ ਪ੍ਰੈਸ ਨੋਟ ਵਿਚ ਦਸਿਆ ਕਿ ਉਨ੍ਹਾਂ ਨੇ ‘ਸਥਾਨਕ ਕਾਰੋਬਾਰਾਂ ਤੋਂ ਜ਼ਬਰਦਸਤੀ ਪੈਸੇ ਵਸੂਲਣ ਲਈ ਡਰਾਉਣ, ਧਮਕਾਉਣ ਅਤੇ ਹਿੰਸਾ ਵਧਾਉਣ ਦੀ ਇਕ ਤਾਲਮੇਲ ਵਾਲੀ ਮੁਹਿੰਮ ਨੂੰ ਨਾਕਾਮ ਕਰ ਦਿਤਾ ਹੈ।’

ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਰੇ 17 ਮੁਲਜ਼ਮਾਂ ਦੀ ਪਛਾਣ ਇਕਬਾਲ ਸਿੰਘ ਭਾਗੜੀਆ, ਅਕਾਸ਼ਦੀਪ ਸਿੰਘ, ਰਵਿੰਦਰ ਸਿੰਘ, ਜਸ਼ਨਬੀਰ ਸਿੰਘ, ਦਿਲਾਵਰਪ੍ਰੀਤ ਸਿੰਘ, ਮਨਦੀਪ ਸਿੰਘ, ਪ੍ਰਭਦੀਪ ਸੋਹਲ, ਪ੍ਰਤਾਪਬੀਰ ਘੁਮਾਣ, ਅਜੈਦੀਪ ਸਿੰਘ, ਨਵਰੂਪ ਸਿੰਘ, ਰਾਜਨ ਸਿੰਘ, ਅੰਮ੍ਰਿਤਜੋਤ ਸਿੰਘ, ਜਸ਼ਨਪ੍ਰੀਤ ਸਿੰਘ, ਗੁਨੀਤ ਗੁਨੀਤ, ਸੁਖਵਿੰਦਰ ਸਿੰਘ, ਮੋਹਿੰਦਰ ਸਿੰਘ ਅਤੇ ਗੌਤਮ ਵਜੋਂ ਹੋਈ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫੜੇ ਗਏ ਬਹੁਤੇ ਮੁਲਜ਼ਮਾਂ ਦੇ ਤਾਰ ਇਕ ਕੌਮਾਂਤਰੀ ਅਪਰਾਧਕ ਨੈੱਟਵਰਕ ਨਾਲ ਜੁੜੇ ਹੋਏ ਹਨ, ਜਿਸ ਨੂੰ ‘ਫੋਰ ਬ੍ਰਦਰਜ਼’ ਕਿਹਾ ਜਾਂਦਾ ਹੈ। ਇਹ ਗਰੁੱਪ ਕੈਨੇਡਾ ਅਤੇ ਅਮਰੀਕਾ ਵਿਚ ਸਰਗਰਮ ਸੀ।

ਇਹ ਨੈੱਟਵਰਕ ਮੁੱਖ ਤੌਰ ਉਤੇ ਬਰੈਂਪਟਨ, ਮਿਸੀਸਾਗਾ, ਕੈਲੇਡਨ, ਅਤੇ ਬਿ੍ਰਟਿਸ਼ ਕੋਲੰਬੀਆ ਸਮੇਤ ਕੈਲੀਫੋਰਨੀਆ ਤਕ ਫੈਲਿਆ ਹੋਇਆ ਸੀ। ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈੱਪਾ ਨੇ ਇਸ ਮਾਮਲੇ ਉਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ, ‘‘ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇਸ ਕਾਰਵਾਈ ਨੇ ਖਾਸ ਕਰ ਕੇ ਦਖਣੀ ਏਸ਼ੀਆਈ ਭਾਈਚਾਰੇ ਵਿਚ ਡਰ ਅਤੇ ਨੁਕਸਾਨ ਪਹੁੰਚਾਇਆ ਹੈ, ਅਤੇ ਅਸੀਂ ਇਨ੍ਹਾਂ ਅਪਰਾਧਾਂ ਨੂੰ ਰੋਕਣ ਅਤੇ ਅਪਣੇ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’ ਇਹ ਗਿ੍ਰਫ਼ਤਾਰੀਆਂ ਅਪ੍ਰੈਲ 2026 ਵਿਚ ਕੈਨੇਡੀਅਨ ਪੁਲਿਸ, ਸੁਰੱਖਿਆ ਏਜੰਸੀਆਂ ਅਤੇ ਅਮਰੀਕਾ ਦੀ ਐਫ.ਬੀ.ਆਈ. ਵਲੋਂ ਦਸੰਬਰ 2025 ਵਿਚ ਸ਼ੁਰੂ ਕੀਤੀ ਗਈ ਇਕ ਸਾਂਝੀ ਜਾਂਚ ਤੋਂ ਬਾਅਦ ਹੋਈਆਂ ਹਨ। ਮੁਲਜ਼ਮਾਂ ਦਾ ਸਬੰਧ ਲਗਭਗ 24 ਅਪਰਾਧਕ ਘਟਨਾਵਾਂ ਨਾਲ ਹੈ। ਪੁਲਿਸ ਨੇ ਛੇ ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ ਅਤੇ ਜਾਅਲੀ ਆਈ.ਡੀ. ਕਾਰਡ ਵੀ ਬਰਾਮਦ ਕੀਤੇ ਹਨ।

Share this content:

Post Comment