ਕੈਨੇਡਾ ’ਚ ਪੰਜਾਬੀ ਵਕੀਲ ਹਰਸ਼ਵਿੰਦਰ ਸਿੰਘ ਚੀਮਾ ਦੀ ਦਿਲ ਦੌਰਾ ਪੈਣ ਕਾਰਨ ਮੌਤ
ਫਤਿਹਗੜ੍ਹ ਸਾਹਿਬ, 25 ਮਾਰਚ – ਫਤਿਹਗੜ੍ਹ ਸਾਹਿਬ ਦੇ 42 ਸਾਲ ਦੇ ਨੌਜਵਾਨ ਵਕੀਲ ਹਰਸ਼ਵਿੰਦਰ ਸਿੰਘ ਚੀਮਾ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਹੈ । ਇਸ ਦੁਖਦਾਈ ਘਟਨਾ ਸਬੰਧੀ ਫਤਿਹਗੜ੍ਹ ਸਾਹਿਬ ਕੋਰਟ ਕੰਪਲੈਕਸ ਵਿੱਚ ਵਕੀਲਾਂ ਵੱਲੋਂ ਸੋਗ ਪ੍ਰਗਟਾਇਆ ਗਿਆ । ਬਾਰ ਐਸੋਸੀਏਸ਼ਨ ਵੱਲੋਂ ਸੋਗ ਪ੍ਰਸਤਾਵ ਪਾਸ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਬਾਰ ਰੂਮ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਇਸ ਦੌਰਾਨ ਵਕੀਲਾਂ ਨੇ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਸੋਗ ਦੇ ਤੌਰ ’ਤੇ ਅੱਜ ਅਦਾਲਤਾਂ ਵਿੱਚ ‘ਨੋ ਵਰਕ’ ਰੱਖਿਆ ਗਿਆ ਅਤੇ ਰੋਜ਼ਾਨਾ ਕੰਮਕਾਜ ਮੁਲਤਵੀ ਕੀਤਾ ਗਿਆ।
ਦੱਸਿਆ ਗਿਆ ਕਿ ਹਰਸ਼ਵਿੰਦਰ ਸਿੰਘ ਚੀਮਾ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਸਮੇਤ ਕੈਨੇਡਾ ਚਲੇ ਗਏ ਸਨ । ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਉਨ੍ਹਾਂ ਦੇ ਨਾਲ ਹੀ ਉੱਥੇ ਰਹਿ ਰਹੇ ਸਨ। ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਕਾਰ ਚਲਾ ਰਹੇ ਸਨ । ਅਚਾਨਕ ਉਨ੍ਹਾਂ ਨੂੰ ਕਾਰ ਚਲਾਉਂਦੇ ਸਮੇਂ ਦਿਲ ਦਾ ਦੌਰਾ ਪਿਆ ਅਤੇ ਉਹ ਸੰਭਲ ਨਹੀਂ ਸਕੇ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਿਵੇਂ ਹੀ ਇਹ ਖ਼ਬਰ ਉਨ੍ਹਾਂ ਦੇ ਜੱਦੀ ਸ਼ਹਿਰ ਅਤੇ ਸਾਥੀ ਵਕੀਲਾਂ ਤੱਕ ਪਹੁੰਚੀ ਤਾਂ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ।”
Share this content:



Post Comment