ਕੁਦਰਤੀ ਕਰੋਪੀ ਹੜ੍ਹਾਂ ਦੇ ਝੰਭੇ ਕਿਸਾਨਾਂ ਨੂੰ ਮੰਡੀਆਂ ‘ਚ ਝੋਨਾ ਵੇਚਣ ਮੌਕੇ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ – ਧਾਲੀਵਾਲ

*ਅਜਨਾਲਾ ‘ਚ ਝੋਨੇ ਦੀ ਖਰੀਦ ਦਾ ਰਸਮੀ ਉਦਘਾਟਨ, ਝੋਨੇ ਦੇ ਇਕ ਇਕ ਦਾਣੇ ਨੂੰ ਖਰੀਦ ਕਰਨ ‘ਚ ਸਰਕਾਰ ਡੱਟ ਗਈ – ਧਾਲੀਵਾਲ
*ਮੰਗਾਂ ਮਨਵਾਉਣ ਲਈ ਮਾਨ ਸਰਕਾਰ ਕੇਂਦਰ ਸਰਕਾਰ ਕੋਲ ਬਣੀ ਆੜਤੀਆਂ ਦੀ ਅਵਾਜ਼ – ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 4 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਅੱਜ ਅਜਨਾਲਾ ਸ਼ਹਿਰ ‘ਚ ਤਹਿਸੀਲ ਅਜਨਾਲਾ ਦੀ ਪ੍ਰਮੁੱਖ ਅਨਾਜ ਮੰਡੀ ਅਤੇ ਹਲਕੇ ‘ਚ ਮਾਰਕੀਟ ਕਮੇਟੀ ਵਲੋਂ ਸਥਾਪਿਤ ਖਰੀਦ ਕੇਂਦਰ ਸੁਧਾਰ ਵਿਖੇ ਸਰਕਾਰੀ ਤੌਰ ਤੇ ਝੋਨੇ ਦੀ ਰਸਮੀ ਤੌਰ ਤੇ ਖਰੀਦ ਦਾ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਜਨਾਲਾ ਖੇਤਰ ਦੀਆਂ 7 ਦਾਣਾ ਮੰਡੀਆਂ ਸਮੇਤ ਸੂਬੇ ਭਰ ਦੀਆਂ 1822 ਮੰਡੀਆਂ ਵਿੱਚ ਪੁੱਖਤਾ ਪ੍ਰਬੰਧਾਂ ਤਹਿਤ ਝੋਨੇ ਦਾ ਇਕ ਇਕ ਦਾਣਾ ਖਰੀਦ ਕਰਨ ਲਈ ਡੱਟ ਗਈ ਹੈ। ਜਦੋਂਕਿ ਹੜ੍ਹ ਪ੍ਰਭਾਵਿਤ ਇਲਾਕੇ ਦੀਆਂ ਮੰਡੀਆਂ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸਾਫ ਸਫਾਈ ਯਕੀਨੀ ਬਣਾ ਕੇ ਝੋਨੇ ਦੀ ਵਿਕਰੀ ਲਈ ਬਕਾਇਦਾ ਅਨੁਕੂਲ ਮਾਹੌਲ ਬਣਾ ਦਿੱਤਾ ਗਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਹਿਲਾਂ ਹੀ ਕੁਦਰਤੀ ਕਰੋਪੀ ਹੜ੍ਹਾਂ ਦੇ ਝੰਭੇ ਕਿਸਾਨਾਂ ਨੂੰ ਮੰਡੀਆਂ ‘ਚ ਵਿਕਰੀ ਲਈ ਝੋਨਾ ਲੈ ਕੇ ਆਉਣ ਮੌਕੇ ਬੇਲੋੜੀਆਂ ਪਰੇਸ਼ਾਨੀਆਂ ਦਾ ਅਤੇ ਨਾ ਹੀ ਕਿਸਾਨਾਂ ਸਮੇਤ ਆੜਤੀਆਂ, ਮਜਦੂਰਾਂ ਅਤੇ ਵਪਾਰੀਆਂ ਨੂੰ ਕਿਸੇ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।ਮੁਲਾਜਮਾਂ /ਅਧਿਕਾਰੀਆਂ ਦੀ ਕੋਤਾਹੀ ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਧਾਇਕ ਸ. ਧਾਲੀਵਾਲ ਵਲੋਂ ਅਜਨਾਲਾ ਸ਼ਹਿਰ ‘ਚ ਪ੍ਰਮੁੱਖ ਅਨਾਜ ਮੰਡੀ ‘ਚ ਝੋਨੇ ਦੀਆਂ ਢੇਰੀਆਂ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਦੀ ਰਸਮ ਅਦਾਇਗੀ ਮੌਕੇ ਆੜਤੀ ਯੂਨੀਅਨ ਪ੍ਰਧਾਨ ਸਤਬੀਰ ਸਿੰਘ ਸੰਧੂ ਵਲੋਂ ਮੁੱਖ ਮਹਿਮਾਨ ਵਿਧਾਇਕ ਸ. ਧਾਲੀਵਾਲ ਨੂੰ ਲੋਈ , ਸਿਰੋਪਾ ਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਜਦੋਂਕਿ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਜ਼ਿਲਾ੍ਹ ਉੱਪ ਮੰਡੀ ਅਫਸਰ –ਕਮ- ਮਾਰਕੀਟ ਕਮੇਟੀ ਅਜਨਾਲਾ ਸਕੱਤਰ ਅਮਰਦੀਪ ਸਿੰਘ ਕੌੜਾ, ਕਾਬਲ ਸਿੰਘ ਸੰਧੂ ਸਮੇਤ ਹੋਰਾਂ ਸ਼ਖਸ਼ੀਅਤਾਂ ਦਾ ਵੀ ਮਾਨ ਸਨਮਾਨ ਕੀਤਾ। ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਕੰਪਲੈਕਸ ਵਿਖੇ ਆੜਤੀਆਂ , ਸਰਕਾਰੀ ਖਰੀਦ ਏਜੰਸੀਆਂ , ਮਾਰਕੀਟ ਕਮੇਟੀ ਅਮਲੇ, ਟਰਾਂਸਪੋਰਟਰਾਂ ਤੇ ਗੱਲਾ ਮਜਦੂਰਾਂ ਦੀ ਸਾਂਝੀ ਮੀਟਿੰਗ ਨੂੰ ਵਿਧਾਇਕ ਤੇ ਸਾਬਕਾ ਮੰਤਰੀ ਸ. ਧਾਲੀਵਾਲ ਨੇ ਉਚੇਚੇ ਤੌਰ ਤੇ ਸੰਬੋਧਨ ਕੀਤਾ ਅਤੇ ਮਾਰਕੀਟ ਕਮੇਟੀ ਅਮਲੇ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦਾਣਾ ਮੰਡੀਆਂ ‘ਚ ਮੰਡੀਆਂ ਦਾ ਦੌਰਾ ਕਰਕੇ ਜਮੀਨੀ ਪੱਧਰ ਤੇ ਸਮੁੱਚੇ ਪ੍ਰਬੰਧਾਂ ਦਾ ਮੁਲੰਕਣ ਕਰਦਿਆਂ ਨਿਗਰਾਨੀ ਰੱਖੀ ਜਾਵੇ, ਤਾਂ ਜੋ ਕੋਈ ਸਮੱਸਿਆ ਨਜ਼ਰ ਆਉਣ ਤੇ ਉਸਦਾ ਤੁਰੰਤ ਹੱਲ ਕੀਤਾ ਜਾ ਸਕੇ।

ਸ. ਧਾਲੀਵਾਲ ਨੇ ਆੜਤੀਆਂ ਨੂੰ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਣ ਖਰੀਦ ਪ੍ਰਕਿਿਰਆ ਯਕੀਨੀ ਬਣਾਉਣ ਦਾ ਥੰਮ ਕਰਾਰ ਦਿੱਤਾ ਅਤੇ ਕਿਹਾ ਕਿ ਸੂਬਾ ਮਾਨ ਸਰਕਾਰ ਕਿਸਾਨਾਂ ਸਮੇਤ ਆੜਤੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਣਬੱਧ ਹੈ ਅਤੇ ਆੜਤੀਆਂ ਦੀਆਂ ਹੱਕੀ ਮੰਗਾਂ ਕਮਿਸ਼ਨ ਆਦਿ ‘ਚ ਵਾਧਾ ਕਰਵਾਉਣ ਲਈ ਮਾਨ ਸਰਕਾਰ ਨੇ ਕੇਂਦਰ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਮਾਮਲਾ ਉਠਾ ਕੇ ਆੜਤੀਆਂ ਦੀ ਅਵਾਜ਼ ਬਣਨ ਦਾ ਪ੍ਰਮਾਣ ਦਿੱਤਾ ਹੈ। ਇਸ ਮੌਕੇ ‘ਤੇ ਸੀਨੀਅਰ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋ, ਸ਼ਹਿਰੀ ਪ੍ਰਧਾਨ ਅਮਿਤ ਔਲ , ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ, ਜ਼ਿਲ੍ਹਾ ਮੰਡੀ ਅਫ਼ਸਰ ਰਮਨਦੀਪ ਸਿੰਘ ਥਿੰਦ, ਜ਼ਿਲ੍ਹਾ ਖੁਰਾਕ ਸਿਵਲ ਸਪਲਾਈ ਅਫ਼ਸਰ ਅਮਨਜੀਤ ਸਿੰਘ ਸੰਧੂ, ਮੰਡੀ ਸੁਪਰਵਾਈਜ਼ਰ ਕਾਬਲ ਸਿੰਘ ਸੰਧੂ ,ਜ਼ਿਲ੍ਹਾ ਮਾਰਕਫੈੱਡ ਮੈਨੇਜਰ ਅਨਾ ਸ਼ਰਮਾ , ਏ ਐਫ ਐੱਸ ਓ ਸੰਦੀਪ ਸਿੰਘ , ਲੇਖਾਕਾਰ ਸੰਦੀਪ ਸਿੰਘ ਰਿਆੜ , ਆੜ੍ਹਤੀ ਯੂਨੀਅਨ ਅਜਨਾਲਾ ਪ੍ਰਧਾਨ ਸਤਬੀਰ ਸਿੰਘ, ਆੜਤੀ ਯੂਨੀਅਨ ਸੁਧਾਰ ਦੇ ਪ੍ਰਧਾਨ ਹਰਦੀਪ ਸਿੰਘ ਆਦਿ ਮੌਜੂਦ ਸਨ।
Share this content:



Post Comment