Loading Now

ਕਿਸ ਨੂੰ ਚਿੰਤਾ ਹੈ ਪੰਜਾਬ ਦੇ ਕਿਸਾਨਾਂ ਦੀ?

ਕਿਸ ਨੂੰ ਚਿੰਤਾ ਹੈ ਪੰਜਾਬ ਦੇ ਕਿਸਾਨਾਂ ਦੀ?

ਅੱਜ ਪੰਜਾਬ ਦੇ ਕਿਸਾਨ ਤੇ ਕਿਸਾਨੀ ਦੋਵੇਂ ਹੀ ਉਸ ਦਰਦ ਦੇ ਮੰਜ਼ਰ ’ਚੋਂ ਗੁਜ਼ਰ ਰਹੇ ਹਨ, ਜਿੱਥੇ ਉਹ ਆਪਣੇ ਆਪ ਨੂੰ ਇਸ ਲੋਕਤੰਤਰੀ ਪ੍ਰਣਾਲੀ ਦੇ ਅਜਿਹੇ ਬਾਸ਼ਿੰਦੇ ਸਮਝਣ ਲੱਗੇ ਹਨ, ਜਿਹਨਾਂ ਤੋਂ ਆਪਣੀ ਵਿਰਾਸਤ, ਜ਼ਮੀਨ ਤੇ ਜ਼ਿੰਦਗੀ ਖੋਹੀ ਜਾ ਰਹੀ ਹੈ। ਪੰਜਾਬ ਦੇ ਕਿਸਾਨਾਂ ਲਈ ਇਹ ਸ਼ਾਇਦ ਸਭ ਤੋਂ ਵੱਡੀ ਦੁੱਖ ਦੀ ਘੜੀ ਹੈ। ਪੰਜਾਬ ਦੀ ਧਰਤੀ, ਜਿਸ ਨੂੰ ਇਕ ਸਮੇਂ ਹਰੀ ਕ੍ਰਾਂਤੀ ਦਾ ਘਰ ਕਿਹਾ ਜਾਂਦਾ ਸੀ, ਅੱਜ ਇਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਉਹ ਕਿਸਾਨ, ਜਿਸ ਨੇ ਦੇਸ਼ ਦਾ ਭੰਡਾਰ ਭਰਿਆ, ਅੱਜ ਆਪਣੇ ਘਰ ਦਾ ਚੁੱਲ੍ਹਾ ਬਾਲਣ ਲਈ ਸੰਘਰਸ਼ ਕਰ ਰਿਹਾ ਹੈ। ਧਰਨੇ, ਪ੍ਰਦਰਸ਼ਨ, ਰੇਲ ਰੋਕੋ, ਟਰੈਕਟਰ ਮਾਰਚ ਅਤੇ ਲੰਮੇ ਅੰਦੋਲਨ ਪੰਜਾਬ ਦੇ ਪੇਂਡੂ ਮੈਦਾਨਾਂ ਦਾ ਹਿੱਸਾ ਬਣ ਗਏ ਹਨ। ਘਟਦੀਆਂ ਜੋਤਾਂ, ਵੱਧਦੀ ਲਾਗਤ, ਡਿੱਗਦਾ ਭੂਮੀਗਤ ਪਾਣੀ ਅਤੇ ਕਰਜ਼ੇ ਦਾ ਬੋਝ-ਇਹ ਸਭ ਮਿਲ ਕੇ ਕਿਸਾਨੀ ਨੂੰ ਇਕ ਗੰਭੀਰ ਸੰਕਟ ਵੱਲ ਧੱਕ ਰਹੇ ਹਨ। ਹੁਣ ਸਵਾਲ ਉੱਠਦਾ ਹੈ ਕਿ ਕਿਸ ਨੂੰ ਚਿੰਤਾ ਹੈ ਪੰਜਾਬ ਦੇ ਕਿਸਾਨਾਂ ਦੀ?

ਅੱਜ ਇਤਿਹਾਸ ਵੱਲ ਝਾਤ ਮਾਰੀਏ ਤਾਂ ਪੰਜਾਬ ਨੇ ਹਰੀ ਕ੍ਰਾਂਤੀ ਰਾਹੀਂ ਭਾਰਤ ਨੂੰ ਅੰਨ ਦੀ ਘਾਟ ਤੋਂ ਬਚਾਇਆ। ਕਣਕ ਅਤੇ ਝੋਨੇ ਦੀਆਂ ਉੱਨਤ ਕਿਸਮਾਂ, ਸਿੰਚਾਈ ਅਤੇ ਖਾਦਾਂ ਨੇ ਉਤਪਾਦਨ ਵਧਾਇਆ ਪਰ ਉਸ ਸਫ਼ਲਤਾ ਨੇ ਇਕਹਿਰੀ ਫ਼ਸਲੀ ਚੱਕਰ (ਝੋਨਾ-ਕਣਕ) ਨੂੰ ਜਨਮ ਦਿੱਤਾ। ਹੁਣ ਇਹ ਚੱਕਰ ਧਰਤੀ, ਪਾਣੀ ਅਤੇ ਕਿਸਾਨ ਦੀ ਆਰਥਿਕਤਾ ਲਈ ਭਾਰੀ ਪੈ ਰਿਹਾ ਹੈ। ਛੋਟੀਆਂ ਜੋਤਾਂ ਵੰਡੀਆਂ ਜਾ ਰਹੀਆਂ ਹਨ। ਵਿਰਾਸਤੀ ਵੰਡ, ਸ਼ਹਿਰੀਕਰਨ ਅਤੇ ਵਿਦੇਸ਼ ਜਾਣ ਦੀ ਲਹਿਰ ਨਾਲ ਔਸਤ ਜੋਤ ਦਾ ਆਕਾਰ ਘਟ ਰਿਹਾ ਹੈ। ਬਹੁਤ ਸਾਰੇ ਕਿਸਾਨ ਹੁਣ ਆਪਣੀ ਜ਼ਮੀਨ ਖੁਦ ਨਹੀਂ ਵਾਹੁੰਦੇ। ਇਕ ਅਧਿਐਨ ਅਨੁਸਾਰ ਲਗਭਗ 38 ਫ਼ੀਸਦੀ ਕਿਸਾਨ ਹੀ ਆਪਣੀ ਮਾਲਕੀ ਵਾਲੀ ਜ਼ਮੀਨ ’ਤੇ ਖੇਤੀ ਕਰਦੇ ਹਨ ਅਤੇ ਬਾਕੀ ਲੀਜ਼, ਸ਼ੇਅਰ-ਕ੍ਰਾਪਿੰਗ ਜਾਂ ਮਿਸ਼ਰਤ ਪ੍ਰਣਾਲੀ ਉੱਤੇ ਨਿਰਭਰ ਹਨ। ਇਹ ਰੁਝਾਨ ਖ਼ਾਸ ਕਰਕੇ ਦੋਆਬਾ ਖੇਤਰ ’ਚ ਤੇਜ਼ ਹੈ, ਜਿੱਥੇ ਨੌਜਵਾਨਾਂ ਦੀ ਵਿਦੇਸ਼ ਪ੍ਰਵਾਸ ਦੀ ਲਹਿਰ ਨੇ ਜ਼ਮੀਨ ਨੂੰ ਕਿਰਾਏ ਉੱਤੇ ਦੇਣ ਦਾ ਰੁਝਾਨ ਵਧਾਇਆ ਹੈ।

ਅੱਜ ਪਾਣੀ ਦੀ ਸਮੱਸਿਆ ਸਭ ਤੋਂ ਗੰਭੀਰ ਹੈ। ਪੰਜਾਬ ’ਚ ਭੂਮੀਗਤ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਕੇਂਦਰੀ ਭੂਮੀਗਤ ਪਾਣੀ ਬੋਰਡ ਦੇ ਅੰਕੜਿਆਂ ਅਨੁਸਾਰ ਰਾਜ ’ਚ ਸਾਲਾਨਾ ਨਿਕਾਸੀਯੋਗ ਪਾਣੀ ਤੋਂ ਕਿਤੇ ਵੱਧ ਖੋਰਾ ਹੋ ਰਿਹਾ ਹੈ। 2025 ਦੇ ਅੰਦਾਜ਼ਿਆਂ ਮੁਤਾਬਕ ਨਿਕਾਸੀ ਦੀ ਦਰ ਲਗਭਗ 156 ਫ਼ੀਸਦੀ ਰਹੀ। 153 ਬਲਾਕਾਂ ’ਚੋਂ 111 ਬਲਾਕ ਓਵਰ-ਐਕਸਪਲਾਇਟਡ (ਅਤਿਅਧਿਕ ਦੋਹਨ) ਸ਼੍ਰੇਣੀ ’ਚ ਹਨ। ਪ੍ਰੀ-ਮਾਨਸੂਨ ਪਾਣੀ ਦਾ ਪੱਧਰ 1998 ’ਚ ਔਸਤਨ 7.8 ਮੀਟਰ ਸੀ, ਜੋ 2025 ਤੱਕ 21 ਮੀਟਰ ਤੋਂ ਹੇਠਾਂ ਚਲਾ ਗਿਆ ਹੈ। ਔਸਤਨ ਹਰ ਸਾਲ 50 ਸੈਂਟੀਮੀਟਰ ਤੋਂ ਵੱਧ ਗਿਰਾਵਟ ਹੋ ਰਹੀ ਹੈ। ਸੰਗਰੂਰ, ਬਰਨਾਲਾ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ’ਚ ਇਹ ਗਿਰਾਵਟ ਇਕ ਮੀਟਰ ਪ੍ਰਤੀ ਸਾਲ ਤੱਕ ਪਹੁੰਚ ਗਈ ਹੈ। ਟਿਊਬਵੈੱਲਾਂ ਦੀ ਗਿਣਤੀ ਲੱਖਾਂ ’ਚ ਹੈ ਅਤੇ ਮੁਫ਼ਤ ਬਿਜਲੀ ਦੀ ਨੀਤੀ ਨੇ ਝੋਨੇ ਦੀ ਖੇਤੀ ਨੂੰ ਹੋਰ ਉਤਸ਼ਾਹਿਤ ਕੀਤਾ ਹੈ। ਝੋਨਾ ਇਕ ਪਾਣੀ-ਖ਼ਪਤ ਵਾਲੀ ਫ਼ਸਲ ਹੈ। ਇਕ ਕਿੱਲੋ ਚੌਲਾਂ ਲਈ ਹਜ਼ਾਰਾਂ ਲੀਟਰ ਪਾਣੀ ਲੱਗਦਾ ਹੈ।

Share this content:

Post Comment