Loading Now

ਕਹਾਣੀ/ਨੇਕ ਸਲਾਹ/ਡਾਕਟਰ ਅਜੀਤ ਸਿੰਘ ਕੋਟਕਪੂਰਾ 

ਕਹਾਣੀ/ਨੇਕ ਸਲਾਹ/ਡਾਕਟਰ ਅਜੀਤ ਸਿੰਘ ਕੋਟਕਪੂਰਾ 

ਮਨੁੱਖ ਦੇ  ਜੀਵਨ ਅੰਦਰ ਖੁਸ਼ੀਆਂ ਅਤੇ ਗ਼ਮੀਆਂ ਦੋਵੇਂ ਹੀ ਹੋਇਆ ਕਰਦੀਆਂ  ਹਨ ਅਰਥਾਤ ਇਹ ਜੀਵਨ ਖੁਸ਼ੀਆਂ ਅਤੇ ਗਮੀਆਂ ਦਾ ਸੁੰਦਰ ਸੁਮੇਲ ਹੈ | ਇਹ ਜੀਵਨ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਹੈ | ਕਦੇ ਸੁਖ ਆਓਂਦਾ ਹੈ ਅਤੇ ਕਦੇ ਦੁੱਖ | ਜੇ ਕਰ ਜੀਵਨ ਅੰਦਰ ਕੋਈ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਕਦੇ ਹਾਰ ਦਾ ਮੂੰਹ ਵੀ ਤੱਕਣਾ ਪੈਂਦਾ ਹੈ | ਸਾਡਾ ਇਹ ਰਾਹ ਕਦੇ ਕੰਡਿਆਂ ਨਾਲ ਭਰਪੂਰ ਹੁੰਦਾ ਹੈ ਅਤੇ ਕਦੇ ਇਹੋ ਹੀ ਰਾਹ ਪੱਧਰਾ ਹੁੰਦਾ ਹੈ | ਜਿਹੜੇ ਲੋਕ ਖੁਸ਼ ਦਿਲ ਸਕਾਰਤਮਕ ਸੋਚ ਵਾਲੇ ਅਤੇ ਹੋਂਸਲੇ ਵਾਲੇ ਹੁੰਦੇ ਹਨ ਉਨ੍ਹਾਂ ਦੇ ਜੀਵਨ ਵਿਚ ਸਾਂਝਾਂ,ਰੌਣਕਾਂ ਅਤੇ ਖੁਸ਼ੀਆਂ ਦੇ ਮੌਕੇ ਅਤੇ ਤਰੱਕੀ ਦੇ ਮੌਕੇ ਵਧੇਰੇ ਹੋਇਆ ਕਰਦੇ ਹਨ ਅਤੇ ਹਰ ਸਮੇਂ ਸ਼ਿਕਵੇ,ਸ਼ਿਕਾਇਤਾਂ ਕਰਨ ਵਾਲੇ, ਰੋਣ ਧੋਣ ਵਿਚ ਡੁਬੇ ਰਹਿਣ ਵਾਲੇ ਮਨੁਖਾਂ ਦੇ ਜੀਵਨ ਵਿਚ ਮੁਸ਼ਕਿਲਾਂ ਹੀ ਮੁਸ਼ਕਿਲਾਂ ਹੁੰਦੀਆਂ ਹਨ | ਜੇਕਰ ਮਨੁੱਖ ਦੇ ਜੀਵਨ ਵਿਚ ਕੇਵਲ ਸੁਖ ਹੀ ਹੁੰਦੇ ਤਾਂ ਸਾਨੂੰ ਸੁਖਾਂ ਦੀ ਅਸਲ ਕੀਮਤ ਦਾ ਗਿਆਨ ਕਿਥੋਂ ਹੋਣਾ ਸੀ | ਦੁੱਖ ਵੀ ਜੀਵਨ ਦਾ ਹੀ ਇਕ ਹਿਸਾ ਹੋਇਆ ਕਰਦੇ ਹਨ | ਕੁਝ ਵਿਅਕਤੀ ਔਖਾ ਸਮਾਂ ਆਉਣ ਤੇ ਟੁੱਟ ਜਾਂਦੇ ਹਨ ਜਦੋਂ ਕਿ ਕੁਝ ਲੋਕ ਆਏ ਹੋਏ ਔਖੇ ਵਕਤ ਨੂੰ ਆਪਣੀ ਤਾਕਤ ਬਣਾ ਕੇ ਅਗੇ ਵਲ ਕਦਮ ਵਧਾਉਣ ਦਾ ਢੰਗ ਤਰੀਕਾ ਲੱਭ ਲੈਂਦੇ ਹਨ |
ਜਦੋਂ ਕਦੇ ਜ਼ਿੰਦਗੀ ਵਿਚ ਕੋਈ ਨੁਕਸਾਨ ਹੋ ਜਾਂਦਾ ਹੈ, ਕੋਈ ਆਰਥਕ ਮੁਸ਼ਕਿਲ ਆ ਜਾਵੇ, ਭਾਵੇਂ ਰਿਸ਼ਤਿਆਂ ਅੰਦਰ ਟੁੱਟ ਭੱਜ ਹੋ ਜਾਵੇ ਤਾਂ ਦੁੱਖ ਮਹਿਸੂਸ ਹੋਣਾ ਸੁਭਾਵਿਕ ਹੀ ਹੁੰਦਾ ਹੈ | ਕਿਸੇ ਸੁਪਨੇ ਦਾ ਅਧੂਰਾ ਰਹਿ ਜਾਣ  ਤੇ ਦੁਖੀ ਹੋ ਜਾਣਾ ਕੁਦਰਤੀ ਹੈ | ਅਜਿਹੇ ਸਮੇਂ ਵਿਚ ਹੰਝੂ ਆਪ ਮੁਹਾਰੇ ਵੱਗ ਪੈਦੇ ਹਨ | ਜਦੋਂ ਨਿਰਾਸ਼ਾ ਤੇ ਅੱਥਰੂ ਸਾਡੀ ਸੋਚ ਤੇ ਹਾਵੀ ਹੋ ਜਾਂਦੇ ਹਨ ਤਾਂ ਅਸੀਂ ਇਹ ਸੋਚਦੇ ਹਾਂ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ | ਦੁਖਾਂ ਨੂੰ ਮਹਿਸੂਸ ਕਰਨਾ ਗਲਤ ਨਹੀਂ ਹੁੰਦਾ ਪ੍ਰੰਤੂ ਦੁੱਖ ਨੂੰ ਹੀ ਆਪਣੀ ਜ਼ਿੰਦਗੀ ਬਣਾ ਲੈਣਾ ਹਾਨੀ ਭਰਪੂਰ ਹੁੰਦਾ ਹੈ | ਕੁਝ ਲੋਕ ਦੂਜਿਆਂ ਦੀ ਖੁਸ਼ੀ ਦੇਖ ਕੇ ਇਹ ਮਹਿਸੂਸ ਕਰਦੇ ਹਨ ਕਿ ਖੁਸ਼ੀਆਂ ਤਾਂ ਸਾਥੋਂ ਦੁਰੇਡੇ ਰਹਿੰਦੀਆਂ ਹਨ ਸਾਡੇ ਹਿਸੇ ਵਿਚ ਤਾਂ ਗਮ ਹੀ ਗਮ ਹਨ | ਅਜਿਹਾ ਕੁਝ ਹੀ ਇਸ ਕਹਾਣੀ ਵਿਚ ਦਰਸਾਇਆ ਹੈ ਕਿ ਕਿਵੇਂ ਆਪਣੇ ਜੀਵਨ ਦੇ ਦੁਖਾਂ ਨੂੰ ਹੋਂਸਲੇ ਨਾਲ ਦੁਖਾਂ ਨੂੰ ਸੁਖਾਂ ਵਿਚ ਤਬਦੀਲ ਕੀਤਾ ਜਾ ਸਕਦਾ ਹੈ |
ਮੈਂ ਸੀਤੋ ਭਾਵੇਂ ਆਪਣੀ ਮਾਂ ਕੁਲਵਿੰਦਰ ਅਤੇ ਬਾਪ ਜਰਨੈਲ ਸਿੰਘ ਨਾਲ ਇਕ ਛੋਟੇ ਜਿਹੇ ਘਰ ਵਿਚ ਰਹਿ ਰਹੀ ਸਾਂ ਫਿਰ ਵੀ ਮੈਂ ਅਤੇ ਮੇਰੀ ਮਾਂ ਇਕੱਲੇਪਣ ਵਿਚ ਜ਼ਿੰਦਗੀ ਨੂੰ ਲੰਘਾ ਰਹੀਆਂ ਸੀ | ਜਰਨੈਲ ਸਿੰਘ ਆਖਣ ਨੂੰ ਮੇਰਾ ਬਾਪੂ ਜ਼ਰੂਰ ਸੀ ਪ੍ਰੰਤੂ ਮੈਨੂੰ ਉਸ ਤੋਂ ਕਦੇ ਵੀ ਬਾਪੂ ਵਾਲਾ ਪਿਆਰ ਨਹੀਂ ਮਿਲਿਆ ਸੀ | ਆਖਣ ਨੂੰ ਤਾਂ ਓਹੀ ਬਾਪੂ ਮੇਰੀ ਮਾਂ ਨੂੰ ਵਿਆਹ ਕੇ ਲਿਆਇਆ ਸੀ ਪਰ ਉਸ ਨੂੰ ਸਿਵਾਏ ਗਾਲ ਦੁਪੜ ਤੋਂ ਬਿਨਾ ਕਦੇ ਕੁਝ ਵੀ ਪ੍ਰਾਪਤ ਨਹੀਂ ਹੋਇਆ ਸੀ | ਉਹ ਬਾਪ ਸਾਡੇ ਸਿਰ  ਤੇ ਛੱਤ ਜਰੂਰ ਸੀ ਜਿਹੜੀ ਬਾਹਰਲੀ ਧੁੱਪ ਤੇ ਮੀਂਹ ਕਣੀ ਤੋਂ ਸਾਨੂੰ ਬਚਾਉਂਦੀ ਸੀ | ਇਹੀ ਛੱਤ ਸਾਨੂੰ ਦੋਹਾਂ ਨੂੰ ਬਾਪ ਦੇ ਗੁੱਸੇ, ਗਾਲਾਂ ਅਤੇ ਮਾਰ ਤੋਂ ਬਚਾਉਣ ਤੋਂ ਬਿਲਕੁਲ ਹੀ ਅਸਮਰਥ ਸੀ | ਜਦੋਂ ਕਦੇ ਮੇਰਾ ਬਾਪ ਮੈਨੂੰ ਕੁੱਟਣ  ਲਈ ਅਗੇ ਵੱਧਦਾ  ਸੀ ਤਾਂ ਮੇਰੀ ਮਾਂ ਮੈਨੂੰ ਆਪਣੀ ਬੁੱਕਲ ਵਿਚ ਲੁਕੋ ਲੈਂਦੀ ਸੀ ਅਤੇ ਮੇਰੇ ਹਿਸੇ ਦੀ ਕੁੱਟ ਵੀ ਆਪਣੇ ਪਿੰਡੇ ਤੇ ਹੀ ਝੱਲ ਲਿਆ ਕਰਦੀ ਸੀ | ਜਦੋਂ ਸਾਨੂੰ ਕੁੱਟ ਹਾਰ ਕੇ ਬਾਪੂ ਥੱਕ ਜਾਂਦਾ ਸੀ ਤਾਂ ਸਾਨੂੰ ਦੋਹਾਂ ਨੂੰ ਅੰਦਰ ਤਾੜ ਕੇ ਘਰ ਦੇ ਖਿੜਕ ਨੂੰ ਬਾਹਰੋਂ ਜਿੰਦਰਾ ਜੜ ਕੇ ਪਤਾ ਨਹੀਂ ਕਿਧਰ ਅਲੋਪ ਹੋ ਜਾਂਦਾ ਸੀ | ਅਸੀਂ ਦੋਵੇਂ ਆਪਣੀਆਂ ਆਪਣੀਆਂ ਪੀੜਾਂ ਬਾਰੇ ਗੱਲਾਂ ਕਰ ਕੇ ਮਹਿਸੂਸ ਕਰਦੀਆਂ ਸੀ ਅਸੀਂ ਕਿਹੋ ਜਿਹੀ ਜ਼ਿੰਦਗੀ ਜੀ ਰਹੀਆਂ ਹਾਂ | ਸਾਡੇ ਕੋਲ ਕੋਈ ਸਮਾਂ ਨਹੀਂ ਸੀ ਕਿ ਅਸੀਂ ਕਿਸੇ ਬਾਹਰਲੀ ਦੁਨੀਆ ਨਾਲ ਸੰਪਰਕ ਕਰ ਸਕੀਏ ਕਿਉਂਜੋ ਨਾ ਸਾਡੇ ਕੋਲ ਕੋਈ ਮੋਬਾਈਲ ਸੀ ਅਤੇ ਘਰ ਦੇ ਅੰਦਰ ਫੋਨ ਲਗਵਾਉਣ ਦੀ ਸਾਡੇ ਕੋਲ ਕੋਈ ਪਰੋਖੇ ਹੀ ਨਹੀਂ ਸੀ | ਅਸੀਂ ਇੱਕਲਾਪਾ ਹੀ ਹੰਢਾਅ ਰਹੀਆਂ ਸੀ | ਸਾਡੇ ਅੰਦਰ ਇਕ ਡਰਾਉਣਾ ਅਹਿਸਾਸ ਸੀ ਕਿ ਸਾਡਾ ਕੋਈ ਸਹਾਰਾ ਨਹੀਂ ਹੈ | ਜਿਸ ਬਾਪ ਨੇ ਸਹਾਰਾ ਬਣਨਾ ਸੀ ਉਹ ਹੀ ਸਾਨੂੰ ਬੇਸਹਾਰਾ ਛੱਡ ਆਪਣੇ ਅਨੰਦ ਮਾਨਣ ਲਈ ਠੇਕੇ ਤੇ ਆਪਣੀ ਜੁੰਡਲੀ ਵਿਚ ਜਾ ਬੈਠਦਾ ਸੀ | ਅਸੀਂ ਨਿਰਾਸ਼ਾ ਦੀ ਹਾਲਤ ਵਿਚ ਤਣਾਅ ਭਰਿਆ ਜੀਵਨ ਗੁਜ਼ਾਰਨ ਲਈ ਮਜ਼ਬੂਰ ਸਾਂ | ਮੈਨੂੰ ਇਸ ਨਿਰਾਸ਼ਾ ਵਿਚੋਂ ਬਾਹਰ ਨਿਕਲਣ ਦਾ ਕੋਈ ਰਾਹ ਨਜ਼ਰ ਨਹੀਂ ਆਓਂਦਾ ਸੀ | ਜਦੋਂ ਵੀ ਮੈਂ ਆਪਣੀ ਮਾਂ ਨੂੰ ਇਸ ਨਿਰਾਸ਼ਾ ਮਈ ਜ਼ਿੰਦਗੀ ਬਾਰੇ ਕੋਈ ਗੱਲ ਕਰਦੀ ਤਾਂ ਮੇਰੀ ਮਾਂ ਮੈਨੂੰ ਉਦਾਸ ਨਾ ਹੋਣ ਦਿੰਦੀ ਅਤੇ ਆਸ ਬ੍ਨਾਓੰਦੀ ਕਿ ਬੱਚੀ! ਤੂੰ ਬੇਫਿਕਰ ਰਹਿ ਇਕ ਦਿਨ ਇਸ ਬੰਦੇ ਨੂੰ ਜ਼ਰੂਰ ਸੋਝੀ ਆਵੇਗੀ | ਸਾਡਾ  ਵੀ ਵਾਹਿਗੁਰੂ ਹੈ  ਜੋ ਇਹ ਸਭ ਵੇਖ  ਰਿਹਾ ਹੈ ਸਾਨੂੰ ਇਹਨਾਂ ਦੁਖਾਂ ਤੋਂ ਛੁਟਕਾਰਾ ਦਿਵਾਏਗਾ | ਪੁਤਰੀ ! ਹਰ ਕਾਲੀ ਬੋਲੀ ਰਾਤ ਤੋਂ ਪਿੱਛੋਂ ਚਿੱਟਾ ਦਿਨ ਚੜੇਗਾ | ਹੌਸਲਾ ਰੱਖ | ਮੈਂ ਇਹ ਗੱਲਾਂ ਸੁਣਦੀ ਸਾਂ ਅਤੇ ਆਪਣੀ ਮਾਂ ਦੇ ਚੇਹਰੇ ਤੇ ਚਿੰਤਾ ਦੀਆਂ ਲਕੀਰਾਂ ਨੂੰ ਵੀ ਪੜ੍ਹਨ ਦਾ ਯਤਨ ਕਰਦੀ ਸਾਂ | ਭਾਵੇਂ ਇਹ ਸਾਰਾ ਕੁਝ ਮੇਰੀ ਸਮਝ ਤੋਂ ਬਾਹਰ ਸੀ ਪਰੰਤੂ ਮੈਂ ਆਪਣੀ ਮਾਂ ਦਾ ਹੋਂਸਲਾ ਦੇਖ ਕੇ ਚੁੱਪ ਕਰ ਜਾਂਦੀ ਸਾਂ | ਮੈਂ ਵੀ ਇਹੋ ਹੀ ਸਮਝਦੀ ਸੀ ਕਾਲੀ ਬੋਲੀ ਰਾਤ ਦਾ ਅੰਤ ਛੇਤੀ ਹੀ ਹੋਵੇਗਾ ਅਤੇ ਮੈਂ ਵੀ ਚਿੱਟੇ ਦਿਨ ਨੂੰ ਦੇਖਾਂਗੀ | ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਨਦੀ ਅਤੇ ਨਾਰੀ ਇਕੋ ਜਿਹੀਆਂ ਹੁੰਦੀਆਂ ਹਨ ਜਦੋਂ ਇਹ ਕਿਸੇ ਵਿਚ ਸਮਾ ਜਾਂਦੀਆਂ ਹਨ ਤਾਂ ਫਿਰ ਵੱਖ ਨਹੀਂ ਹੁੰਦੀਆਂ | ਇਸ ਲਈ ਪੁੱਤਰ ਮੈਂ ਇਕ ਨਦੀ ਹਾਂ ਅਤੇ ਤੇਰਾ ਬਾਪ ਇਕ ਸਮੁੰਦਰ ਹੈ | ਹੁਣ ਮੈਂ ਇਸ ਸਮੁੰਦਰ ਵਿਚ ਸਮਾ ਚੁਕੀ ਹਾਂ | ਤੂੰ ਸਾਡੀ ਇਕੋ ਇਕ ਨਿਸ਼ਾਨੀ ਹੈਂ | ਅਸੀਂ ਤੇਰਾ ਪਾਲਣ ਪੋਸ਼ਣ ਕਰਨਾ ਹੈ |
ਮੇਰੇ ਬਾਪ ਤੋਂ ਇਤਨੇ ਦੁੱਖ ਅਤੇ ਮਾਰਾਂ ਸਹਿੰਦੀ ਹੋਈ ਮੇਰੀ ਮਾਂ ਮੈਨੂੰ ਪੜ੍ਹਾ ਰਹੀ ਸੀ | ਮੈਂ ਆਪਣੀ ਕਲਾਸ ਵਿਚ ਦਰਮਿਆਨੇ ਦਰਜੇ ਦੀ ਵਿਦਿਆਰਥਣ ਸਾਂ | ਮੇਰੀ ਮਾਂ ਲੋਕਾਂ ਦੇ ਘਰਾਂ ਅੰਦਰ ਕੰਮ ਕਰਕੇ ਆਓਂਦੀ ਸੀ ਅਤੇ ਕੁਝ ਰਕਮ ਦੀ ਉਹ ਬੱਚਤ ਕਰ ਰਹੀ ਸੀ | ਇਸ ਬੱਚਤ ਦਾ ਮੇਰੇ ਬਾਪ ਨੂੰ ਬਿਲਕੁਲ ਹੀ ਇਲਮ ਨਹੀਂ ਸੀ | ਇਕ ਦਿਨ ਮੈਂ ਤੇ ਮੇਰੀ ਮਾਂ ਇਸ ਬੱਚਤ ਵਾਲੀ ਰਕਮ ਨੂੰ ਗਿਣ ਕੇ ਸੰਭਾਲ ਹੀ ਰਹੀਆਂ ਸੀ ਕਿ ਉਤੋਂ ਸ਼ਰਾਬ ਦਾ ਡੱਕਿਆ ਮੇਰਾ ਬਾਪ ਘਰ ਵਿਚ ਆ ਗਿਆ ਸੀ ਅਸੀਂ ਵੀ ਬਾਹਰਲਾ ਦਰਵਾਜ਼ਾ ਖੁਲਾ ਛੱਡ ਕੇ ਬੈਠੀਆਂ ਸੀ| ਮੇਰਾ ਬਾਪ ਅੰਦਰ ਆ ਗਿਆ | ਮੈਂ ਤਾਂ ਇਕ  ਸਹਿਮੇ ਹੋਏ ਪੰਛੀ ਵਾਂਗ ਆਪਣੀ ਮਾਂ ਨਾਲ ਚਿੰਬੜ ਗਈ| ਦੂਰ ਦੁਰਾਡੇ ਕਿਤੇ ਬੱਦਲ  ਕੜਕਿਆ ਤੇ ਮੇਰੀ ਮਾਂ ਵੀ ਦਹਿਲ ਗਈ ਸੀ | ਉਸ ਨੇ ਜਦੋਂ ਮੇਰੇ ਹੱਥ ਵਿਚ ਰਕਮ ਡਿੱਠੀ ਤਾਂ ਉਸ ਨੇ ਇਕ ਦਮ ਝੱਪਟ ਕੇ ਰਕਮ ਮੈਥੋਂ ਖੋਹ ਲਈ | ਰਕਮ ਲੈ ਕੇ ਉਸ ਨੇ ਸੋਟੀ ਨਾਲ ਉਸ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਲਦੀ ਨਾਲ ਮੌਕਾ ਦੇਖ ਮੇਰੀ ਮਾਂ ਅੱਗੇ ਆ ਗਈ ਅਤੇ ਸੋਟੀ ਉਸ ਦੇ ਲੱਗ ਗਈ ਅਤੇ ਮੈਂ ਭੱਜ ਕੇ ਕਮਰੇ ਵਿਚ ਲੁਕ ਗਈ | ਮਾਂ ਨੇ ਉਸ ਦਿਨ ਬਹੁਤ ਮਾਰ ਖਾਧੀ ਅਤੇ ਇਹ ਨਾ ਦੱਸਿਆ ਕਿ ਇਤਨੇ ਪੈਸੇ ਕਿਥੋਂ ਆਏ ਹਨ | ਮੇਰੇ ਹੀ ਬਾਪ ਨੇ ਮੇਰੀ ਸਕੀ ਮਾਂ ਤੇ ਚਰਿੱਤਰ ਹੀਣ ਕੰਮ ਕਰਨ ਦੇ ਦੋਸ਼ ਵੀ ਲਗਾਏ ਜਿਨ੍ਹਾਂ ਦੋਸ਼ਾਂ ਦਾ ਕੋਈ ਵੀ ਅਧਾਰ ਨਹੀਂ ਸੀ | ਥੱਕ ਹਾਰ  ਕੇ ਮੇਰੇ ਬਾਪ ਸਾਰੀ ਰਕਮ ਲੈ  ਘਰੋਂ ਨਿਕਲ ਗਿਆ | ਕਦੋਂ ਵਾਪਿਸ ਆਇਆ ਸਾਨੂੰ ਦੋਹਾਂ ਨੂੰ ਕੋਈ ਪਤਾ ਹੀ ਨਾ ਲਗਾ ਕਿਓਂ ਜੋ ਮੈਂ ਆਪਣੀ ਮਾਂ ਦੀ ਸਿਕਾਈ  ਕਰ ਰਹੀ ਸੀ ਅਤੇ ਲੁਕ ਕੇ ਬੈਠੀਆਂ ਹੋਈਆਂ ਸੀ | ਬਾਪ ਨਸ਼ੇ ਵਿਚ ਚੂਰ ਸੀ ਉਸ ਨੇ ਆਪਣੇ ਮੰਜੇ ਤੇ ਡਿਗਣ ਦਾ ਯਤਨ ਕੀਤਾ ਪਰ ਉਹ ਥੱਲੇ ਡਿਗ ਪਿਆ ਸੀ | ਸਵੇਰੇ ਉਸ ਨੂੰ ਅਸੀਂ ਥੱਲੇ ਸੁਤੇ ਪਏ ਨੂੰ ਹੀ ਦੇਖਿਆ ਸੀ | ਮੈਂ ਅਤੇ ਮੇਰੀ ਮਾਂ ਨੇ ਮੇਰੇ ਬਾਪ ਨੂੰ ਅਸੀਂ ਸੁਤੇ ਹੋਏ ਨੂੰ ਉਠਾਇਆ ਅਤੇ ਮੰਜੇ ਉਪਰ ਪਾਉਣ ਦਾ ਯਤਨ ਕਰ ਰਹੀਆਂ ਸੀ ਕਿ ਉਸ ਦੀ ਜਾਗ ਖੁਲ ਗਈ | ਉਸ ਨੇ ਸਾਨੂੰ ਦੋਹਾ ਨੂੰ ਆਪਣੇ ਕੋਲ ਡਿੱਠਾ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇਹ ਮੇਰੀ ਸਹਾਇਤਾ ਕਰ ਰਹੀਆਂ ਹਨ ਕਿਓਂਕਿ ਜਦੋਂ ਉਹ ਡਿੱਗਾ ਸੀ ਤਾਂ ਉਸ ਦੇ ਹੱਥਾਂ ਉਪਰ ਸੱਟ ਲੱਗ  ਗਈ ਸੀ ਅਤੇ ਮੈਂ ਆਪਣੀ ਸੂਝ ਬੂਝ ਅਨੁਸਾਰ ਅਤੇ ਆਪਣੀ ਮਾਂ ਦੇ ਦੱਸੇ ਅਨੁਸਾਰ ਉਸ ਦੇ ਹੱਥ ਉਪਰ ਪੱਟੀ ਕਰ ਰਹੀ ਸੀ | ਉਸ ਨੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ | ਮੇਰੀ ਮਾਂ  ਬੋਲੀ ਕਿ ਰਾਤ ਜਦੋਂ ਤੁਸੀਂ ਘਰ ਆਏ ਸੀ ਤਾਂ ਤੁਸੀਂ ਮੰਜੇ ਤੇ ਪੈਣ ਦੀ ਬਜਾਏ ਭੁੰਜੇ ਡਿਗ ਪਏ ਸੀ ਜਦੋਂ ਅਸੀਂ ਤੁਹਾਨੂੰ ਦੇਖਿਆ ਤਾਂ ਤੁਹਾਡੇ ਹੱਥ ਵਿਚ ਖੂਨ ਨਿਕਲਿਆ ਹੋਇਆ ਸੀ ਤੇ ਕਾਫੀ ਵੱਡਾ ਜ਼ਖਮ ਸੀ ਜਿਸ ਨੂੰ ਸੀਤੋ ਨੇ ਸਾਫ ਕਰਕੇ ਤੇ ਉਸ ਉਪਰ ਪੱਟੀ ਕਰ ਦਿਤੀ ਹੈ |
ਮੇਰੇ ਬਾਪ ਨੇ ਗੁੱਸਾ ਕਰਨ ਦੀ ਥਾਂ ਮੇਰਾ ਹੱਥ ਚੁੰਮ ਲਿਆ ਸੀ | ਇਹ ਪਹਿਲਾ ਦਿਨ ਸੀ ਜਦੋਂ ਮੇਰੇ ਬਾਪ ਨੇ ਮੈਨੂੰ ਪਿਆਰ ਕੀਤਾ ਸੀ | ਮੇਰੀ ਮਾਂ ਵੀ ਨੇੜੇ ਹੀ ਸੀ ਅਤੇ ਉਹ ਉਸ ਦੀਆਂ ਲੱਤਾਂ ਘੁਟਣ ਲਗ ਪਈ  ਸੀ | ਇਸ ਅਰਾਮ ਮਿਲਣ ਨਾਲ ਉਹ ਫਿਰ ਸੌਂ ਗਿਆ ਸੀ |
ਮੇਰੀ ਮਾਂ ਤੇ ਮੈਂ ਉਥੋਂ ਉੱਠ ਨੇੜੇ ਪਏ ਮੰਜੇ ਉਤੇ ਗੱਲਾਂ ਕਰਨ ਲੱਗ ਪਈਆਂ ਸੀ | ਮੇਰੀ ਮਾਂ ਨੇ ਆਪਣੇ ਵਿਆਹ ਦੀ ਕਹਾਣੀ ਛੋਹ ਲਈ ਸੀ | ਉਸ ਨੇ ਦੱਸਿਆ ਕਿ ਅਸੀਂ ਆਪਣੇ ਬਾਪ ਦੀਆਂ ਚਾਰ ਧੀਆਂ ਸੀ | ਸਾਡੇ ਘਰ ਵਿਚ ਥੋੜੀ ਜਿਹੀ ਆਮਦਨ ਸੀ ਅਤੇ ਮੇਰਾ ਨਾਨਾ ਥੋੜੀ ਜਿਹੀ ਭੋਏਂ ਦਾ ਮਾਲਿਕ ਸੀ ਅਤੇ ਮੇਹਨਤ ਮੁਸ਼ੱਕਤ ਕਰ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ | ਮੇਰੀ ਮਾਂ ਨੇ ਦੱਸਿਆ ਕਿ ਜਦੋਂ ਮੈਂ ਦੱਸਵੀਂ ਕਰ ਲਈ ਤਾਂ ਮੇਰੇ ਮਾਮਿਆਂ ਦੀ ਮਦਦ ਨਾਲ ਮੇਰਾ ਵਿਆਹ ਤੇਰੇ ਪਿਓ ਨਾਲ ਕਰ ਦਿੱਤਾ ਸੀ | ਅਸੀਂ ਦੋਵੇਂ ਮੇਹਨਤ ਕਰਦੇ ਸਾਂ | ਘਰ ਦਾ ਗੁਜ਼ਾਰਾ ਚੰਗਾ ਚਲ ਰਿਹਾ ਸੀ | ਉਸ ਦੱਸਿਆ ਕਿ ਜਦੋਂ ਮੈਂ ਹਮਲਾ ਹੋ ਗਈ ਅਤੇ ਤੇਰਾ ਜਨਮ ਹੋਣ ਵਾਲਾ ਸੀ | ਤੇਰਾ ਬਾਪ ਆਪਣੇ ਸੰਗੀਆਂ ਨਾਲ ਰਲ ਕੇ ਸ਼ਰਾਬ ਪੀਣ ਲੱਗ  ਪਿਆ ਸੀ ਅਤੇ ਮੇਰੇ ਨਾਲ ਝਗੜਾ ਕਰਨ ਲੱਗ  ਪਿਆ ਸੀ | ਮੈਂ ਸਹਾਰ ਲੈਂਦੀ ਸੀ ਕਿ ਸਮਾਂ ਪਾ ਕੇ ਸਭ ਕੁਝ ਠੀਕ ਹੋ ਜਾਵੇਗਾ | ਪੈਸਿਆਂ ਦਾ ਖੂਹ ਵੀ ਮੁਕ ਜਾਇਆ ਕਰਦੇ ਹਨ | ਮੇਰੇ ਉਪਰ ਹੋਣ ਵਾਲੇ ਖਰਚਿਆਂ ਲਈ ਜਿਹੜੀ ਪੂੰਜੀ ਜੋੜ ਕੇ ਰੱਖੀ ਹੋਈ ਸੀ ਤੇਰੇ ਬਾਪ ਨੇ ਉਸ ਉਪਰ ਵਾਢਾ ਧਰ ਲਿਆ ਅਤੇ ਸ਼ਰਾਬ ਵਿਚ ਉਡਾਉਣ ਲੱਗਾ | ਤੇਰੇ ਨਾਨੇ ਨੂੰ ਜਦੋਂ ਪਤਾ ਲਗਾ ਉਨ੍ਹਾਂ ਨੇ ਰੋਕਣ ਦਾ ਯਤਨ ਕੀਤਾ ਪਰ ਉਨ੍ਹਾਂ ਦੇ ਸਾਹਮਣੇ ਨਹੀਂ ਪੀਂਦਾ ਸੀ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਫਿਰ ਸ਼ੁਰੂ ਕਰ ਲੈਂਦਾ ਸੀ | ਮੈਂ ਰੋਕਣ ਲਈ ਪਿਆਰ ਨਾਲ ਸਮਝਾਉਣ ਦਾ ਯਤਨ ਕੀਤਾ ਸੀ | ਇਕ ਦੋ ਵਾਰ ਤਾਂ ਉਹ ਮੇਰਾ ਕਿਹਾ ਮੰਨ ਗਿਆ ਪਰ ਉਸ ਦੇ ਦੋਸਤ ਉਸ ਨੂੰ ਵਰਗਲਾ ਕੇ ਲੈ ਜਾਂਦੇ ਸਨ ਅਤੇ ਉਹ ਪੀ ਕੇ ਘਰ ਆਓਂਦਾ ਸੀ | ਆ ਕੇ ਮੇਰੇ ਕੋਲ ਸਹੁੰ ਚੁੱਕ ਲਿਆ ਕਰਦੇ ਸੀ ਕਿ ਮੈਂ ਫਿਰ ਨਹੀਂ ਪੀਂਦਾ | ਮੈਂ ਭੋਲੀ ਭਾਲੀ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦੀ ਸੀ | ਫੇਰ ਉਹ ਕਿਸੇ ਨਾ ਕਿਸੇ ਬਹਾਨੇ ਮੇਰੇ ਕੋਲ ਪੈਸੇ ਲੈ ਜਾਂਦਾ ਸੀ ਅਤੇ ਨਸ਼ਾ ਕਰ ਕੇ ਆ ਜਾਂਦਾ ਸੀ | ਮੈਂ ਪੈਸੇ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿਤਾ ਤਾਂ ਮੇਰੇ ਉਪਰ ਹੱਥ ਚੁੱਕਿਆ ਦੋ ਚਾਰ ਥੱਪੜ ਵੀ ਜੜ੍ਹ ਦਿਤੇ ਅਤੇ ਮੇਰੇ ਕੋਲੋਂ ਪੈਸੇ ਜ਼ਬਰਦਸਤੀ ਲੈ  ਗਿਆ | ਜਦੋਂ ਜੋੜੀ ਹੋਈ ਰਕਮ ਮੁਕ ਗਈ ਤਾਂ ਘਰ ਦੀਆਂ ਵਸਤਾਂ ਵੇਚਣੀਆਂ ਸ਼ੁਰੂ ਕਰ ਦਿਤੀਆਂ | ਜਦੋਂ ਮੈਂ ਜਾਪੇ ਲਈ ਪੇਕੇ ਗਈ ਤਾਂ ਤੇਰੇ ਜਨਮ ਦੇ ਬਾਅਦ ਵਾਪਸ ਆਈ ਤਾਂ ਮੈਨੂੰ ਘਰ ਸੁਨਾ ਸੁਨਾ ਜਾਪਿਆ | ਪੁੱਛਣ ਤੇ ਮੇਰੇ ਉਪਰ ਗਾਲਾਂ ਦੀ ਬੁਛਾੜ ਕੀਤੀ ਗਈ ਅਤੇ ਮੈਨੂੰ ਮਾਰਿਆ ਗਿਆ | ਜਿਹੜਾ ਕੁਝ ਮੇਰੀ ਮਾਂ ਨੇ ਮੈਨੂੰ ਦਿਤਾ ਸੀ ਉਹ ਮੈਥੋਂ ਖੋਹ ਲਿਆ ਤੇ ਨਸ਼ੇ ਦੀ ਭੇਟ ਚੜ੍ਹਾ ਦਿਤਾ ਗਿਆ | ਮੈਨੂੰ ਜਦੋਂ ਮੇਰੀ ਮਾਂ ਨੇ ਸਾਰੀ ਵਿਥਿਆ ਸੁਣਾਈ ਤਾਂ ਮੇਰੇ ਅੰਦਰ ਮੇਰੇ ਬਾਪ ਲਈ ਨਫਰਤ ਭਰ ਗਈ |
ਜਦੋਂ ਮੇਰੇ ਬਾਪ ਨੇ ਮੇਰੇ ਹੱਥ ਨੂੰ ਚੁੰਮਿਆ ਸੀ ਤਾਂ ਮੇਰੇ ਅੰਦਰਲੀ ਨਫਰਤ ਨੂੰ ਇਕ ਝਟਕਾ ਲੱਗਿਆ | ਮੈਂ ਦਸਵੀਂ ਜਮਾਤ ਪਾਸ ਕਰ ਲਈ ਸੀ | ਮੈਨੂੰ ਇਹ ਸਮਝ ਲੱਗ  ਗਈ ਕਿ ਮੇਰਾ ਬਾਪ ਮਾੜਾ ਨਹੀਂ ਹੈ ਸਗੋਂ ਇਹ ਸਾਰਾ ਗੁੱਸਾ ਉਸ ਦੇ ਅੰਦਰ ਨਸ਼ੇ ਦੀ ਤੋੜ ਕਰਵਾ ਰਹੀ ਹੈ | ਮੈਂ ਉਸ ਦਾ ਨਸ਼ਾ ਘਟਾਉਣ ਬਾਰੇ ਸੋਚਣ ਲਗੀ | ਬਾਪ ਨੂੰ ਮੈਂ ਨਫਰਤ ਘਟ ਕਰਨ ਤੇ ਉਸ ਦੇ ਅੰਦਰ ਪਰਿਵਾਰ ਪ੍ਰਤੀ ਪਿਆਰ ਪੈਦਾ ਕਰਨ ਦਾ ਯਤਨ ਕਰਨ ਲੱਗੀ | ਮੈਂ ਹੋਰ ਅਗੇ ਪੜ੍ਹਨਾ ਚਾਹੁੰਦੀ ਸੀ | ਮੈਂ ਆਪਣੀ ਮਾਂ  ਨਾਲ ਗੱਲ ਕੀਤੀ ਉਸ ਨੇ ਕਿਹਾ ਕਿ ਪੁੱਤਰ ਤੈਨੂੰ ਘਰ ਦੇ ਹਾਲਾਤ ਦਿਸ ਰਹੇ ਹਨ | ਮੈਂ ਤਾਂ ਹੋਰ ਵਧੇਰੇ ਮੇਹਨਤ ਕਰ ਤੇਰੇ ਲਈ ਪੈਸੇ ਇਕੱਠੇ ਕਰਨ ਦਾ ਯਤਨ ਕਰਾਂਗੀ | ਤੇਰਾ ਬਾਪ ਜਦੋਂ ਨਸ਼ੇ ਦੀ ਘਾਟ ਮਹਿਸੂਸ ਕਰਦਾ ਹੈ ਤਾਂ ਉਸ ਨੂੰ ਸੁੱਧ ਬੁੱਧ ਨਹੀਂ ਰਹਿੰਦੀ | ਉਸ ਦਾ ਵਰਤਾਵ ਬਦਲ ਜਾਂਦਾ ਹੈ | ਸਾਨੂੰ ਮਿਲ ਕੇ ਇਸ ਦਾ ਹੱਲ  ਸੋਚਣਾ ਪਵੇਗਾ | ਮੈਂ ਮਾਂ ਨੂੰ ਦੱਸਿਆ ਕਿ ਮੈਂ ਬਾਪ ਦਾ ਇਲਾਜ ਕਰਨ ਬਾਰੇ ਗੱਲ ਕੀਤੀ ਹੈ | ਕੋਸ਼ਿਸ਼ ਕਰ ਕਰਕੇ ਦੇਖਦੇ ਹਾਂ |
ਜਦੋਂ ਮੇਰਾ ਬਾਪ ਘਰ ਆਇਆ ਤਾਂ ਉਸ ਨੇ ਨਸ਼ਾ ਕੀਤਾ ਹੋਇਆ ਸੀ | ਮੇਰੀ ਮਾਂ ਨੇ ਰਾਤ ਦੇ ਲਈ ਭੋਜਨ ਬਣਾਇਆ ਹੋਇਆ ਸੀ | ਮੈਂ ਆਪਣੇ ਬਾਪ ਨੂੰ ਥਾਲ ਵਿਚ ਭੋਜਨ ਪਾ ਕੇ ਦਿਤਾ | ਇਕ ਵਾਰ ਉਸ ਨੇ ਮੇਰੇ ਵਲ ਤੱਕਿਆ ਤੇ ਭੋਜਨ ਖਾਣ ਲਗ ਪਿਆ | ਜਦੋਂ ਉਹ ਖਾ ਬੈਠਾ ਤਾਂ ਮੈਂ ਖਾਲੀ ਭਾਂਡੇ ਲੈਣ ਆਈ ਤਾਂ ਬਾਪ ਨੇ ਪਹਿਲੀ ਵਾਰ ਮੈਨੂੰ ਪੁੱਛਿਆ ਕਿ ਪੁੱਤਰ ਤੇਰੀ ਪੜ੍ਹਾਈ ਕਿਵੇਂ ਚਲ ਰਹੀ ਹੈ | ਮੈਂ ਮੌਕਾ ਦੇਖ ਕੇ ਦੱਸਿਆ ਕਿ ਮੈਂ ਦਸਵੀਂ ਵਿਚੋਂ ਸਾਰੇ ਜ਼ਿਲੇ ਵਿਚੋਂ ਪਹਿਲੇ ਨੰਬਰ ਤੇ ਆਈ ਹਾਂ | ਉਹ ਖੁਸ਼ ਹੋਇਆ ਤੇ ਮੈਨੂੰ ਦੱਸਿਆ ਕਿ ਪਿੰਡ ਵਿਚੋਂ ਵੀ ਇਹੋ ਹੀ ਸੁਣ  ਕੇ ਆਇਆ ਹਾਂ | ਸਾਰੇ ਪਿੰਡ ਵਿਚ ਇਸ ਗੱਲ ਦੀ ਚਰਚਾ ਹੈ ਕਿ ਸੀਤੋ ਨੇ ਮੇਰਾ ਨਾਂ ਪਿੰਡ ਵਿਚ ਹੀ ਨਹੀਂ ਜ਼ਿਲੇ ਵਿਚ ਵੀ  ਉਚਾ ਕੀਤਾ ਹੈ | ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਉਸ ਦੀ ਕੋਈ ਵੀ ਮਦਦ ਨਹੀਂ ਕਰ ਰਿਹਾ ਸਗੋਂ ਜਿਹੜੇ ਪੈਸੇ ਤੇਰੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਲਿਆਉਂਦੀ ਹੈ ਉਹ ਵੀ ਆਪਣੇ ਨਸ਼ੇ ਲਈ ਵਰਤ ਰਿਹਾ ਹਾਂ | ਮੇਰਾ ਤੁਹਾਡੇ ਪ੍ਰਤੀ ਵਰਤਾਵ ਵੀ ਨਕਾਰਾਤਮਿਕ ਹੈ | ਜਦੋਂ ਮੈਂ ਉਸ ਦਾ ਮੂਡ ਅਜਿਹਾ ਦੇਖਿਆ ਤਾਂ ਕਿਹਾ ਕਿ ਬਾਪੂ ਜੇ ਤੁਸੀਂ ਵੀ ਨਸ਼ਾ ਛੱਡ ਦਿਓ ਤਾਂ ਆਪਣਾ ਘਰ ਵੀ ਸੁਧਰ ਸਕਦਾ ਹੈ | ਜੇ ਤੁਸੀਂ ਮੈਨੂੰ ਆਪਣੇ ਨਾਲ ਖੇਤ ਲੈ ਕੇ ਜਾਓਗੇ ਤਾਂ ਮੈਂ ਤੁਹਾਡੀ ਖੇਤਾਂ ਵਿਚ ਸਹਾਇਤਾ ਕਰ ਸਕਦੀ ਹਾਂ | ਨਹੀਂ ਪੁੱਤਰ ਮੇਰੇ ਬਾਪ ਨੇ ਕਿਹਾ ਕਿ ਤੂੰ ਖੇਤ ਵਿਚ ਨਹੀਂ ਕੰਮ ਕਰੇਂਗੀ | ਮੈਂ ਤੇ ਤੇਰੀ ਮਾਂ ਰਲ ਕੇ ਖੇਤਾਂ ਵਿਚ ਕੰਮ ਕਰਾਂਗੇ ਤੇ ਤੈਨੂੰ ਅਗੇ ਪੜ੍ਹਾਵਾਂਗੇ | ਮੈਨੂੰ ਸਰਪੰਚ ਨੇ ਸਮਝਾਇਆ ਹੈ ਕਿ ਮੈਂ ਨਸ਼ਾ ਛੱਡ ਕੇ ਖੇਤਾਂ ਵਿਚ ਕੰਮ ਕਰਾਂ | ਜੇ ਕਰ ਨਸ਼ੇ ਵਿਚ ਤੋੜ ਆਵੇ ਤਾਂ ਮੈਂ ਤੈਨੂੰ ਡਾਕਟਰ ਕੋਲ ਲਿਜਾ ਕੇ ਦਵਾਈ ਦਾ ਪ੍ਰਬੰਧ ਕਰ ਦੇਵਾਂਗਾ | ਜਿਤਨੇ ਖਰਚਾ ਦਵਾਈ ਤੇ ਆਵੇਗਾ ਮੈਂ ਆਪਣੇ ਕੋਲੋਂ ਦੇਵਾਂਗਾ | ਤੂੰ ਸੀਤੋ ਦੀ ਪੜ੍ਹਾਈ ਵਲ ਧਿਆਨ ਕਰ | ਉਸ ਨੇ ਕਿਹਾ ਸੀ ਕਿ ਜੇ ਤੂੰ ਮੇਰੇ ਕਹੇ ਲੱਗ ਕੇ ਸੀਤੋ ਨੂੰ ਸ਼ਹਿਰ ਦੇ ਕਾਲਿਜ ਵਿਚ ਦਾਖਲ ਕਰਵਾ ਦੇਵੇਂ ਤਾਂ ਉਸ ਦੀ ਫੀਸ ਮੁਆਫ ਕਰਵਾ ਦੇਵਾਂਗਾ | ਕਿਤਾਬਾਂ ਕਾਲਿਜ ਵਿਚੋਂ ਦਿਲਵਾ ਦੇਵਾਂਗਾ | ਮੇਰਾ ਲੜਕਾ ਉਸੇ ਕਾਲਿਜ ਵਿਚ ਪੜ੍ਹਾਉਂਦਾ ਹੈ ਉਹ ਉਸ ਦੀਆਂ ਮੁਸ਼ਕਿਲਾਂ ਨੂੰ ਹਲ ਕਰ ਦਿਆ ਕਰੇਗਾ | ਅੱਜ ਹੀ ਘਰੇ ਜਾ ਕੇ ਆਪਣੀ ਸੀਤੋ ਨਾਲ ਗੱਲ ਕਰ ਲੈ ਜੇ ਨਹੀਂ ਮੰਨਦੀ ਤਾਂ ਸਾਡੇ ਘਰੇ ਲੈ ਕੇ ਆ ਜਾਵੀਂ ਮੈਂ ਸਮਝਾ ਦੇਵਾਂਗਾ | ਮੈਨੂੰ ਪੂਰਨ ਉਮੀਦ ਕੇ ਉਹ ਜਰੂਰ ਕੋਈ ਅਫਸਰ ਬਣ ਜਾਵੇਗੀ ਤੇ ਆਪਣੇ ਸਾਰੇ ਪਿੰਡ ਦਾ ਨਾਂ ਰੋਸ਼ਨ ਕਰੇਗੀ |
ਇਹੋ ਹੀ ਤਾਂ ਮੈਂ ਚਾਹੁੰਦੀ ਸੀ | ਮੈਂ ਤਾਂ ਹਾਲੇ ਸੋਚਦੀ ਕਿ ਆਪਣੇ ਬਾਪੂ ਨੂੰ ਕਿਵੇਂ ਮੰਨਾਵਾਂ ਕਿ ਉਹ ਨਸ਼ੇ ਨੂੰ ਛੱਡੇ ਤੇ ਘਰ ਵਲ ਧਿਆਨ ਦੇਵੇ | ਇਹ ਕੰਮ ਤਾਂ ਸਰਪੰਚ ਨੇ ਹੀ ਕਰ ਦਿਤਾ ਸੀ | ਮੇਰੀ ਮਾਂ ਤਾਂ ਪਹਿਲਾਂ ਹੀ ਮੇਰੇ ਹੱਕ ਵਿਚ ਸੀ ਤੇ ਹੁਣ ਮੇਰਾ ਬਾਪੂ ਵੀ ਮੈਨੂੰ ਪੜ੍ਹਾਉਣਾ ਚਾਹੁੰਦਾ ਸੀ | ਮੈਂ ਵੀ ਬਾਪੂ ਨੂੰ ਆਪਣੀ ਰਜ਼ਾਮੰਦੀ ਜ਼ਾਹਿਰ ਕਰ ਦਿਤੀ | ਦਿਨੋ ਦਿਨ ਘਰ ਦਾ ਮਾਹੌਲ ਬਦਲਣ ਲੱਗਾ | ਅਗਲੇਰੇ ਦਿਨ ਮੈਨੂੰ ਕਾਲਿਜ ਭੇਜ ਦਿਤਾ ਗਿਆ | ਮੈਂ ਪੁੱਛ ਕੇ ਪ੍ਰੋਫੈਸਰ ਮਹਿੰਦਰ ਸਿੰਘ ਨੂੰ ਮਿਲੀ | ਮੈਨੂੰ ਸਰਪੰਚ ਦੇ ਲੜਕੇ ਦਾ ਨਾਂ ਦੱਸ ਦਿਤਾ ਸੀ | ਉਸ ਨਾਲ ਗੱਲ ਕੀਤੀ ਕਿ ਪਿੰਡ ਤੋਂ ਜਰਨੈਲ ਸਿੰਘ ਦੀ ਲੜਕੀ ਹਾਂ ਤੇ ਮੈਨੂੰ ਸਰਪੰਚ ਸਾਹਿਬ ਨੇ ਤੁਹਾਡੇ ਕੋਲ ਭੇਜਿਆ ਹੈ | ਉਨ੍ਹਾਂ ਨੇ ਪੁੱਛਿਆ ਕਿ ਦੱਸ ਕੀ ਕੰਮ ਹੈ ਜਦੋਂ ਮੈਂ ਕਾਲਿਜ ਵਿਚ ਦਾਖਲਾ ਲੈਣ ਬਾਰੇ ਆਖਿਆ ਤਾਂ ਉਨ੍ਹਾਂ ਨੇ ਮੇਰੇ ਪਿਛਲੀ ਕਲਾਸ ਦੇ ਨੰਬਰ ਪੁਛੇ ਤਾਂ ਮੈਂ ਦੱਸਿਆ ਕਿ ਮੈਂ ਤਾਂ ਜ਼ਿਲੇ ਵਿਚੋਂ ਪਹਿਲੇ ਨੰਬਰ ਤੇ ਆਈ ਹਾਂ | ਉਹ ਬਹੁਤ ਖੁਸ਼ ਹੋਏ ਕਿ ਤੂੰ ਸਾਡੇ ਪਿੰਡ ਦੀ ਲੜਕੀ ਹੈਂ ਜੋ ਪੜ੍ਹਨ ਵਿਚੋਂ ਹੁਸ਼ਿਆਰ ਨਿਕਲੀ ਹੈਂ ਤੇ ਹੁਣ ਹੋਰ ਮੇਹਨਤ ਕਰ ਪਿੰਡ ਦਾ ਨਾਂ ਰੋਸ਼ਨ ਕਰਨਾ ਹੈ | ਉਨ੍ਹਾਂ ਨੇ ਮੈਨੂੰ ਕਾਲਿਜ ਦਾ ਫਾਰਮ ਭਰਵਾਇਆ ਤੇ ਆਪ ਨਾਲ ਜਾ ਕੇ ਪ੍ਰਿੰਸੀਪਲ ਨੂੰ ਮੇਰੇ ਨੰਬਰ ਦੱਸ ਕੇ ਫੀਸ ਮੁਆਫ ਕਰਵਾਈ ਤੇ ਦਾਖਲ ਕਰਵਾਇਆ | ਪ੍ਰਿੰਸੀਪਲ ਸਾਹਿਬ ਨੇ ਕਿਹਾ ਕੇ ਬੇਟਾ ਕਿਤਾਬਾਂ ਵੀ ਤੈਨੂੰ ਕਾਲਿਜ ਵਿਚੋਂ ਮਿਲ ਜਾਣਗੀਆਂ ਤੂੰ ਤਾਂ ਕੇਵਲ ਮੇਹਨਤ ਹੀ ਕਰਨੀ ਹੈ ਤੇ ਕਾਲਿਜ ਵਿਚੋਂ ਵੀ ਚੰਗੇ ਅੰਕ ਪ੍ਰਾਪਤ ਕਰਨੇ ਹਨ | ਜਦੋਂ ਦਫਤਰ ਵਿਚੋਂ ਬਾਹਰ ਆਏ ਤਾਂ ਮੇਰੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ | ਹੁਣ ਮੇਰਾ ਅਗੇ ਪੜ੍ਹਨ ਦਾ ਸੁਪਨਾ ਪੂਰਾ ਕਰਨ ਵੱਲ ਕਦਮ ਅਗੇ ਵੱਲ ਵੱਧਣੇ ਸ਼ੁਰੂ ਹੋ ਚੁਕੇ ਸਨ | ਘਰ ਆ ਕੇ ਆਪਣੇ ਬਾਪੂ ਬੇਬੇ ਨੂੰ ਸਾਰਾ ਵਿਸਥਾਰ ਸਮੇਤ ਦੱਸਿਆ | ਉਹ ਬਹੁਤ ਖੁਸ਼ ਹੋਏ | ਮੈਂ ਆਪਣੇ ਬੇਬੇ ਅਤੇ ਬਾਪੂ ਨੂੰ ਪਿੰਡ ਦੇ ਗੁਰਦਵਾਰੇ ਲੈ ਕੇ ਗਈ | ਉਥੇ ਮੈਂ ਅਰਦਾਸ ਕਰਵਾਈ ਕਿ ਮੇਰੇ ਬਾਪੂ ਦਾ ਨਸ਼ਾ ਛੁਟ ਜਾਵੇ ਤੇ ਉਸ ਦੀ ਸਿਹਤ  ਠੀਕ ਰਹੇ | ਮੇਰੇ ਮਾਂ ਬਾਪ ਨੇ ਮੇਰੇ ਸਿਰ ਹੱਥ ਰੱਖ ਕੇ ਅਸੀਸ ਦਿਤੀ ਕੇ ਤੂੰ ਆਪਣੀ ਪੜ੍ਹਾਈ ਵਿਚ ਕਾਮਯਾਬੀ ਹਾਸਲ ਕਰੇਂ | 
ਸਮਾਂ ਆਪਣੀ ਚਾਲ ਨਾਲ ਅੱਗੇ ਵੱਧਣ ਲੱਗ ਪਿਆ ਸੀ | ਮੈਂ ਖੂਬ ਮੇਹਨਤ ਕਰ ਰਹੀ ਸੀ | ਕਦੇ ਕਦੇ ਪ੍ਰੋਫੈਸਰ ਸਾਹਿਬ ਨੂੰ ਮਿਲ ਕੇ ਆਪਣੇ ਬਾਰੇ ਸਲਾਹ ਲੈ ਲਿਆ ਕਰਦੀ ਸੀ | ਉਨ੍ਹਾਂ ਨੇ ਮੇਰੀ ਮਦਦ ਕਰ ਪ੍ਰਿੰਸੀਪਲ ਸਾਹਿਬ ਤੋਂ ਮੇਰਾ ਵਜ਼ੀਫਾ ਵੀ ਮਨਜ਼ੂਰ ਕਰਵਾ ਲਿਆ ਸੀ | ਮੈਂ ਜਦੋਂ ਘਰੇ ਜਾ ਕੇ ਵਜ਼ੀਫੇ ਬਾਰੇ ਦੱਸਿਆ ਤਾਂ ਮੇਰੇ ਮਾਤਾ-ਪਿਤਾ ਬਹੁਤ ਹੀ ਖੁਸ਼ ਹੋਏ | ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ | ਮੈਂ ਆਪਣੀ ਪੜ੍ਹਾਈ ਵਲ ਪੂਰਾ ਧਿਆਨ ਦੇ ਰਹੀ ਸੀ ਅਤੇ ਬੀ.ਏ. ਦਾ ਇਮਤਿਹਾਨ ਦਿਤਾ | ਨਤੀਜਾ ਆਇਆ ਤਾਂ ਮੈਂ ਕਾਲਿਜ ਵਿਚੋਂ ਪਹਿਲੇ ਨੰਬਰ ਤੇ ਸਾਂ | ਜਦੋਂ ਮੈਂ ਪ੍ਰੋਫੈਸਰ ਮਹਿੰਦਰ ਸਿੰਘ ਨੂੰ ਜਾ ਦੱਸਿਆ ਤਾਂ ਉਹ ਮੈਨੂੰ ਨਾਲ ਲੈ ਪ੍ਰਿੰਸੀਪਲ ਕੋਲ ਗਏ | ਪ੍ਰਿੰਸੀਪਲ ਨੇ ਮੈਨੂੰ ਵਧਾਈ ਦਿਤੀ ਤੇ ਬਹੁਤ ਹੀ ਖੁਸ਼ ਹੋਏ | ਉਨ੍ਹਾਂ ਨੇ ਸਲਾਹ ਦਿਤੀ ਕਿ ਮੈਂ ਲਗਦੇ ਹੱਥ ਐਮ.ਏ.ਵੀ ਕਰ ਲਵਾਂ | ਮੈਂ ਹਾਮੀ ਭਰ ਦਿਤੀ | ਕਿਤਾਬਾਂ ਲੈ ਕੇ ਦੇਣ ਵਾਸਤੇ ਅਤੇ ਫੀਸ ਮੁਆਫ ਕਰਨ ਦਾ ਵਾਅਦਾ ਕੀਤਾ | ਉਨ੍ਹਾਂ ਨੇ ਇਕ ਸਲਾਹ ਇਹ ਵੀ ਦਿਤੀ ਕਿ ਮੁਕਾਬਲੇ ਦੇ ਇਮਿਤਹਾਨ ਲਈ ਵੀ ਤਿਆਰੀ ਕਰਾਂ | ਜਦੋਂ ਸਮਾਂ ਆਵੇਗਾ ਮਹਿੰਦਰ ਸਿੰਘ ਜੀ ਤੁਹਾਡਾ ਫਾਰਮ ਭਰਵਾ ਦੇਣਗੇ | ਉਸ ਦੀ ਫੀਸ ਵੀ ਮੈਂ ਆਪਣੇ ਕੋਲੋਂ ਭਰਾਂਗਾ | ਮੈਨੂੰ ਪੂਰਾ ਹੋਂਸਲਾ ਮਿਲ ਗਿਆ | ਘਰ ਆ ਕੇ ਮੈਂ ਮੈਂ ਮਾਪਿਆਂ ਨੂੰ ਦੱਸਿਆ | ਉਹ ਵੀ ਖੁਸ਼ ਹੋਏ | ਮੈਂ ਅਤੇ ਮੇਰਾ ਬਾਪੂ ਸਰਪੰਚ ਸਾਹਿਬ ਦੇ ਘਰ ਉਨ੍ਹਾਂ ਦਾ ਮੂੰਹ ਮਿੱਠਾ  ਕਰਵਾਉਣ ਲਈ ਗਏ | ਸਰਪੰਚ ਸਾਹਿਬ ਤਾਂ ਬਹੁਤ ਹੀ ਖੁਸ਼ ਹੋਏ ਜਦੋਂ ਉਨ੍ਹਾਂ ਨੂੰ ਮੇਰੇ ਕਾਲਿਜ ਦੇ ਨਤੀਜੇ ਦਾ ਪਤਾ ਲੱਗਿਆ | ਉਨ੍ਹਾਂ ਨੇ ਮੇਰੇ ਬਾਪੂ ਨੂੰ ਪੁੱਛਿਆ ਕਿ ਇਸ ਖੁਸ਼ੀ ਵਿਚ ਨਸ਼ਾ ਕਰਨਾ ਹੈ | ਮੇਰੇ ਬਾਪੂ ਨੇ ਕਿਹਾ ਕਿ ਨਸ਼ੇ ਤੋਂ ਮੈਂ ਤੋਬਾ ਕਰ ਚੁੱਕਿਆ ਹਾਂ | ਹੁਣ ਤਾਂ ਸੀਤੋ ਤੇ ਬਹੁਤ ਸਾਰੀ ਉਮੀਦ ਲਾਈ ਬੈਠਾ ਹਾਂ | ਕਦੋਂ ਇਹ ਵੱਡੀ ਅਫਸਰਨੀ ਲਗਦੀ ਹੈ ਤੇ ਮੈਨੂੰ ਲੋਕ ਅੰਦਰ ਮਾਣ ਨਾਲ ਅਫਸਰਨੀ ਦਾ ਬਾਪ ਕਹਿ ਕੇ ਇੱਜਤ ਦੇਣਗੇ | ਜੇ ਕਰ ਤੁਸੀਂ ਆਪਣੀ ਨੇਕ ਸਲਾਹ ਨਾਲ ਸਾਨੂੰ ਸਿਧੇ ਰਾਹ ਨਾ ਪਾਉਂਦੇ ਸਾਡੇ ਘਰ ਨੇ ਤੇ ਮੇਰੇ ਪਰਿਵਾਰ ਨੇ ਮਿਟੀ ਵਿਚ ਹੀ ਰੁਲ ਜਾਣਾ ਸੀ | ਸਰਪੰਚ ਨੇ ਆਖਿਆ ਕਿ ਇਹ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਜਿਸ ਨੇ ਸੀਤੋ ਨੂੰ ਬਲ ਬੁਧੀ ਬਖਸ਼ੀ ਹੈ ਅਤੇ ਤੇਰੇ ਉਪਰ ਮੇਹਰ ਦਾ ਹੱਥ ਰੱਖਿਆ ਹੈ ਅਤੇ ਤੂੰ ਦ੍ਰਿੜ ਇਰਾਦੇ ਨਾਲ ਨਸ਼ਾ ਛੱਡ ਦਿਤਾ ਅਤੇ ਆਪਣੇ ਪਰਿਵਾਰ ਵਲ ਤਵੱਜੋਂ ਦੇਣੀ ਸ਼ੁਰੂ ਕਰ ਦਿਤੀ ਸੀ | ਵਾਹਿਗੁਰੂ ਹੋਰ ਵੀ ਮੇਹਰ ਕਰੇਗਾ ਸੀਤੋ ਆਪਣਾ ਸਾਰਿਆਂ  ਦਾ ਨਾਂ ਰੋਸ਼ਨ ਕਰੇਗੀ | ਮੈਂ ਆਖਿਆ ਕਿ ਮੈਂ ਪੂਰੀ ਮੇਹਨਤ ਕਰਾਂਗੀ ਅਤੇ ਨੇਕ ਰਸਤੇ ਤੇ ਚੱਲ ਕੇ ਕਾਮਯਾਬ ਹੋਵਾਂਗੀ | ਮੈਨੂੰ ਤੁਹਾਡੇ ਵਰਗੇ ਨੇਕ ਵੱਡਿਆਂ ਆਦਮੀਆਂ ਦੇ ਅਸ਼ੀਰਵਾਦ ਦੀ ਲੋੜ ਹੈ | ਸਰਪੰਚ ਸਾਹਿਬ ਨੇ ਕਿਹਾ ਕਿ ਬੇਟੀ ਫਿਕਰ ਨਾ ਕਰ ਮੈਂ ਤੇਰੀ ਹਰ ਕਿਸਮ ਦੀ ਸਹਾਇਤਾ ਲਈ ਤਿਆਰ ਹਾਂ |
ਮੈਂ ਮੁਕਾਬਲੇ ਦਾ ਇਮਿਤਿਹਾਨ ਦਿਤਾ | ਨਤੀਜਾ ਆਉਣ ਵਿਚ ਹਾਲੇ ਸਮਾਂ ਸੀ | ਮੈਂ ਆਪਣੀ ਐਮ.ਏ. ਦੀ ਪੜ੍ਹਾਈ ਵਿਚ ਜੁਟ ਗਈ | ਪੂਰੀ ਮੇਹਨਤ ਨਾਲ ਤਿਆਰੀ ਕੀਤੀ ਅਤੇ ਇਮਿਤਿਹਾਨ ਦਿਤਾ | ਮੈਂ ਕੁਝ ਸਮਾਂ ਆਪਣੇ ਨਤੀਜੇ ਦਾ ਇੰਤਜ਼ਾਰ ਕਰਨਾ ਸੀ | ਇਸ ਸਮੇਂ ਵਿਚ ਮੈਂ ਘਰ ਦੇ ਕੰਮ ਵਿਚ ਆਪਣੀ ਮਾਂ ਦਾ ਹੱਥ ਵਟਾਉਣ ਲੱਗੀ | ਸਵੇਰੇ ਸਵੇਰੇ ਮੈਂ ਆਪਣੇ ਮਾਪਿਆਂ ਨੂੰ ਨਾਲ ਲੈ ਗੁਰਦਵਾਰੇ ਜਾਣ ਲੱਗ  ਪਈ | ਕੁਝ ਦਿਨਾਂ  ਪਿੱਛੋਂ ਡਾਕੀਆਂ ਘਰ ਇਕ ਖਾਕੀ ਚਿੱਠੀ ਫੜਾ ਗਿਆ ਸੀ | ਉਸ ਵਕਤ ਮੈਂ ਘਰ ਨਹੀਂ ਸੀ ਆਪਣੀ ਸਹੇਲੀ ਦੇ ਘਰ ਗਈ ਹੋਈ ਸੀ | ਵਾਪਸ ਆਈ ਨੂੰ ਮੈਨੂੰ ਮੇਰੀ ਮਾਂ ਨੇ ਖਾਕੀ ਲਿਫ਼ਾਫ਼ਾ ਫੜਾਇਆ | ਉਸ ਨੂੰ ਵੇਖ ਮੈਂ ਜਾਣ ਗਈ ਕਿ ਇਹ ਤਾਂ ਮੇਰੇ ਮੁਕਾਬਲੇ ਦੇ ਇਮਿਤਿਹਾਨ ਦਾ ਨਤੀਜਾ ਹੋ ਸਕਦਾ ਹੈ | ਮੈਂ ਵਾਹਿਗੁਰੂ ਦਾ ਨਾਂ ਲੈ  ਕੇ ਲਿਫ਼ਾਫ਼ਾ ਖੋਲਿਆ | ਉਸ ਵਿਚ ਮੇਰੇ ਮੁਕਾਬਲੇ ਦੇ ਇਮਿਤਿਹਾਨ ਦਾ ਨਤੀਜਾ ਸੀ | ਨਤੀਜਾ ਵੇਖ ਕੇ ਮੈਂ ਖੁਸ਼ੀ ਨਾਲ ਨੱਚਣ ਲਗ ਪਈ | ਮੇਰੀ ਮਾਂ ਨੇ ਪੁੱਛਿਆ ਕਿ ਪੁੱਤਰ ਤੈਨੂੰ ਕੀ ਹੋਇਆ ਹੈ ਤੂੰ ਇਤਨੀ ਖੁਸ਼ ਕਿਓਂ ਹੈਂ | ਮੈਂ ਮਾਂ ਨੂੰ ਦੱਸਿਆ ਕਿ ਕਿ ਮੈਂ ਹੁਣ ਵਡੀ ਅਫਸਰ ਬਣਨ ਵਾਲੀ ਹਾਂ | ਉਹ ਵੀ ਖੁਸ਼ ਹੋ ਗਈ | ਉਧਰੋਂ ਬਾਹਰੋਂ ਮੇਰਾ ਬਾਪੂ ਵੀ ਆ ਗਿਆ | ਉਸ ਨੂੰ ਦੱਸਿਆ ਤਾਂ ਉਹ ਬਹੁਤ ਖੁਸ਼ ਹੋਇਆ ਅਤੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲੱਗ ਪਿਆ | ਮੈਨੂੰ ਅਸੀਸ ਦਿਤੀ | ਉਸ ਕਿਹਾ ਕਿ ਤੇਰੀ ਮੇਹਨਤ ਸਫਲ ਹੋਈ ਹੈ | ਮੈਂ ਕਿਹਾ ਕਿ ਬਾਪੂ ਇਹ ਤੁਹਾਡਾ ਦ੍ਰਿੜ ਇਰਾਦੇ ਕਾਰਨ ਹੀ ਹੋਇਆ ਹੈ | ਤੁਸੀਂ ਨਸ਼ੇ ਤੋਂ ਤੋਬਾ ਕੀਤੀ ਤਾਂ ਹੀ ਇਹ ਸੰਭਵ ਹੋ ਸਕਿਆ ਹੈ | ਇੰਟਰਵੀਊ ਹਾਲੇ ਪੰਦਰਾਂ ਦਿਨਾਂ ਨੂੰ ਹੋਣੀ ਸੀ | ਸਰਪੰਚ ਮੇਰਾ ਬਾਪੂ ਅਤੇ ਮੈਂ ਸਰਪੰਚ ਦੀ ਕਾਰ ਵਿਚ ਇੰਟਰਵੀਊ ਲਈ ਗਏ | ਸਭ ਸੁਖ ਸਾਂਦ ਨਾਲ ਨਿਬੜ ਗਿਆ | ਹੁਣ ਤਾਂ ਅਗਲੇਰੇ ਹੁਕਮਾਂ ਦੀ ਉਡੀਕ ਸੀ | ਚਾਰ ਕੁ ਦਿਨਾਂ ਪਿੱਛੋਂ ਮੈਨੂੰ ਹੁਕਮ ਮਿਲ ਗਏ | ਮੈਂ ਹਾਜ਼ਰ ਹੋਣ ਲਈ ਜਾਣਾ ਸੀ ਉਸ ਤੋਂ ਪਹਿਲਾਂ ਮੈਂ ਆਪਣੇ ਬਾਪੂ ਨੂੰ ਨਾਲ ਲੈ ਪ੍ਰਿੰਸੀਪਲ ਨੂੰ ਮਿਲਣ ਲਈ ਕਾਲਿਜ ਗਏ | ਪ੍ਰੋਫੈਸਰ ਮੋਹਿੰਦਰ ਸਿੰਘ ਨੂੰ ਵੀ ਦੱਸਿਆ ਤੇ ਨਾਲ ਲੈ ਲਿਆ | ਪ੍ਰੋਫੈਸਰ ਸਾਹਿਬ ਤਾਂ ਬਹੁਤ ਹੀ ਖੁਸ਼ ਹੋਏ ਜਦੋਂ ਪ੍ਰਿੰਸੀਪਲ ਸਾਹਿਬ ਨੂੰ ਦੱਸਿਆ ਗਿਆ ਤਾਂ ਉਹ ਕਹਿਣ ਲੱਗੇ ਤੂੰ ਤਾਂ ਕਮਾਲ ਹੀ ਕਰ ਦਿਤਾ  ਹੈ ਸਾਡੇ ਕਾਲਿਜ ਵਿਚੋਂ ਹਾਲੇ ਤਕ ਕੋਈ ਵੀ ਇਸ ਪੁਜ਼ੀਸ਼ਨ ਤੇ ਨਹੀਂ ਪੁਜਾ | ਮੇਰੇ ਵਲੋਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ | ਤੂੰ ਆਪਣੀ ਮੇਹਨਤ ਤੇ ਨੇਕ ਕੰਮ ਸਦਕਾ ਹੋਰ ਬੁਲੰਦੀਆਂ ਤਹਿ ਕਰੇਂ | ਅਗਲੇ ਦਿਨ ਸਰਪੰਚ ਸਾਹਿਬ ,ਪ੍ਰੋਫੈਸਰ ਮਹਿੰਦਰ ਸਿੰਘ ਜੀ,ਕਾਲਿਜ ਦੇ ਪ੍ਰਿੰਸੀਪਲ ਸਾਹਿਬ ਅਤੇ ਮੇਰੇ ਮਾਪੇ ਨਾਲ ਗਏ ਅਤੇ ਮੈਨੂੰ ਅਫਸਰ ਬਣਾ ਆਏ | ਉਸ ਕੁਰਸੀ ਤੇ ਮੈਂ ਪਹਿਲਾਂ ਆਪਣੇ ਬਾਪੂ ਨੂੰ ਬਿਠਾਇਆ | ਉਹ ਖੁਸ਼ੀ ਵਿਚ ਫੁਲਿਆ ਨਹੀਂ ਸਮਾਉਂਦਾ ਸੀ | ਮੇਰੀ ਮਾਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਮਨਾ ਰਹੀ ਸੀ | ਸਰਪੰਚ ਸਾਹਿਬ ਦੀ ਇਕ ਨੇਕ ਸਲਾਹ ਸਦਕਾ ਇਕ ਪਰਿਵਾਰ ਦੁੱਖ ਵਿਚੋਂ ਨਿਕਲ ਸੁਖੀ ਜੀਵਨ ਵਲ ਅੱਗੇ ਵੱਧਣ ਲਗਾ ਸੀ | ਜਦੋਂ ਮਹਿੰਦਰ ਸਿੰਘ ਅਤੇ ਪ੍ਰਿੰਸੀਪਲ ਨੂੰ ਮੇਰੇ ਬਾਪ ਦੇ ਨਸ਼ੇ ਵਿਚ ਡੁਬੇ ਰਹਿਣ ਬਾਰੇ ਪਤਾ ਲਗਾ ਅਤੇ ਹੁਣ ਸਰਪੰਚ ਸਾਹਿਬ ਦੀ ਮੇਹਨਤ ਸਦਕਾ ਸਿਧੇ ਰਾਹ ਪੈ ਰਿਹਾ ਸੀ | ਉਹ ਤਾਂ ਬਹੁਤ ਹੀ ਖੁਸ਼ ਹੋਏ ਕਿ ਇਕ ਨੇਕ ਸਲਾਹ ਜ਼ਿੰਦਗੀ ਨੂੰ ਹਨ੍ਹੇਰੇ ਵਿਚੋਂ ਕੱਢ ਕੇ ਚਾਨਣ ਵਲ ਲਿਜਾ ਸਕਦੀ ਹੈ | ਮੇਹਨਤ ਸਦਕਾ ਅਨ੍ਹੇਰੇ ਨੂੰ ਘਰ ਵਿਚੋਂ ਸਦਾ ਲਈ ਕੱਢ ਕੇ ਚਾਨਣ ਕੀਤਾ ਜਾ ਸਕਦਾ ਹੈ | ਦੁਖਾਂ ਤੋਂ ਛੁਟਕਾਰਾ ਪਾਉਣ ਲਈ ਦ੍ਰਿੜ ਇਰਾਦੇ ਅਤੇ ਸਖਤ ਮੇਹਨਤ ਦਾ ਪਲਾ ਫੜ ਕੇ ਸੁਖਾਂ ਨੂੰ ਪਾਇਆ ਜਾ ਸਕਦਾ ਹੈ |  
ajit-singh-kotakpura-1-227x300 ਕਹਾਣੀ/ਨੇਕ ਸਲਾਹ/ਡਾਕਟਰ ਅਜੀਤ ਸਿੰਘ ਕੋਟਕਪੂਰਾ 
-ਡਾਕਟਰ ਅਜੀਤ ਸਿੰਘ ਕੋਟਕਪੂਰਾ

Share this content:

Post Comment