ਕਵਿਤਾ/ਸੁਕਰਾਤ ਨੇ ਕਿਹਾ/ਯਸ਼ ਪਾਲ
ਜਦ ਤੁਹਾਡੇ ‘ਤੇ
ਗਲਤ ਦੋਸ਼ ਲਾਏ
ਲੋਕਤੰਤਰਿਕ ਵਿਵਸਥਾ ਨੇ
ਤਾਂ ਉਸ ਸਭਾ ‘ਚ
ਕਿਸੇ ਨੇ ਵੀ
ਕਿਸੇ ਇੱਕ ਨੇ ਵੀ
ਅੱਗੇ ਹੋ ਕੇ
ਵਿਰੋਧ ਕਿਉਂ ਨਹੀਂ ਕੀਤਾ?
ਜਦ ਤੁਸੀਂ
ਸਭਨਾਂ ਦੋਸ਼ਾਂ ਨੂੰ
ਗਲਤ ਸਾਬਤ ਕਰ ਦਿੱਤਾ
ਤਾਂ ਵੀ
ਜੋ ਜਾਣਦੇ ਸਨ
ਕਿ ਤੁਸੀਂ
ਸੱਚ ਦੇ ਰਾਹ ‘ਤੇ ਹੋ
ਉਹ ਕਿਉਂ ਚੁੱਪ ਰਹੇ?i
ਇੰਨੀ ਮਹਾਨ ਪਰੰਪਰਾ
ਤੇ ਉਦਾਰ ਸੰਸਕ੍ਰਿਤੀ ਦੇ
ਸਨਮਾਨਿਤ ਨਾਗਰਿਕ
ਕਿਉਂ ਨਹੀਂ ਖੜ੍ਹੇ ਹੋਏ
ਤੁਹਾਡੇ ਪੱਖ ‘ਚ?
ਕਿਸੇ ਇੱਕ ਨੇ ਵੀ
ਸੱਚ ਦਾ ਸਾਥ
ਕਿਉਂ ਨਹੀਂ ਦਿੱਤਾ
ਗੁਰੂ ਜੀ!
ਪਿਆਰੇ ਅਫਲਾਤੂਨ!
ਜਿਸ ਨੂੰ ਤੂੰ
ਲੋਕਤੰਤਰ ਕਹਿ ਰਿਹੈਂ
ਉਹ ਤਾਂ ਉਸਦੀ ਲਾਸ਼ ਹੈ
ਲੋਕਤੰਤਰ ਦੀ ਆਤਮਾ
ਹੁੰਦੀ ਹੈ ਸੱਚ
ਨਾਕਿ ਭੀੜ
ਉਸ ਦਿਨ
ਸਾਰੇ ਜਾਣਦੇ ਸਨ
ਕਿ ਮੈਂ
ਸੱਚ ਨਾਲ ਖੜ੍ਹਾ ਹਾਂ
ਭੀੜ-ਤੰਤਰ
ਜਦ ਲੋਕਤੰਤਰ ਦੀ
ਜਗ੍ਹਾ ਲੈ ਲੈਂਦਾ ਹੈ
ਤਾਂ ਉਸਦਾ ਸਭ ਤੋਂ ਵੱਡਾ
ਦੁਸ਼ਮਨ ਹੁੰਦਾ ਹੈ
ਸੱਚ
ਸੱਚ
ਬੇਚੈਨ ਕਰਦਾ ਹੈ
ਸੱਚ
ਉਤੇਜਿਤ ਕਰਦਾ ਹੈ
ਸੱਚ
ਤਪਾਉਂਦਾ ਹੈ
ਮਿੱਠੀਆਂ
ਲੋਕ-ਲੋਭਾਊ
ਮਸਖਰੀਆਂ
ਚੁਟਕਲੇ
ਸਹਿ ਨਹੀਂ ਸਕਦੇ
ਸੱਚ ਦਾ ਸੇਕ
ਝੂਠ ਤੇ ਅਨਿਆਂ ਨੂੰ
ਖ਼ਤਰਾ ਰਹਿੰਦਾ ਹੈ
ਸੱਚ ਤੋਂ
ਇਸੇ ਕਰਕੇ
ਮਰੀਆਂ ਸੜੀਆਂ
ਝੁਲਸੀਆਂ ਵਿਕੀਆਂ
ਆਤਮਾਵਾਂ ਦੀ ਭੀੜ
ਕਾਬਿਜ਼ ਹੋ ਜਾਂਦੀ ਹੈ
ਲੋਕਤੰਤਰ ‘ਚ ਸੰਨ੍ਹ ਲਾ ਕੇ
ਅੰਨ੍ਹਿਆਂ ਦੀ ਦੁਨੀਆਂ ‘ਚ
ਅੱਖ ਦਾ ਹੋਣਾ
ਬਗ਼ਾਵਤ ਮੰਨੀ ਜਾਂਦੀ ਹੈ
ਇਸੇ ਬਗ਼ਾਵਤ ਦੀ ਸਜਾ
ਦਿੱਤੀ ਗਈ ਹੈ ਮੈਨੂੰ
ਪਰ ਉਹ ਲੋਕ
ਭੁੱਲ ਗਏ ਸਨ
ਕਿ ਸੂਰਜ ਦੇ ਡੁੱਬਣ ਨਾਲ
ਰੌਸ਼ਨੀਆਂ ਨਹੀਂ ਮਰਦੀਆਂ
ਸੁਕਰਾਤ ਦੇ ਮਰਨ ਨਾਲ
ਨਹੀਂ ਮਰੇਏ ਸੱਚ
ਮਰਦੀ ਤਾਂ ਦੇਹ ਹੈ
ਵਿਚਾਰ ਨੂੰ ਮਾਰ ਸਕੇ ਜੋ
ਨਹੀਂ ਬਣਿਆ ਅਜੇ
ਅਜਿਹਾ ਕੋਈ ਸ਼ਸਤਰ
ਸਾਰਾ ਸੰਸਾਰ ਵੀ
ਇੱਕੱਠਾ ਮਿਲਕੇ
ਜੇ ਝੂਠ ਬੋਲ ਰਿਹਾ ਹੋਵੇ
ਤਾਂ ਉਹ ਝੂਠ
ਸੱਚ ਨਹੀਂ ਹੋ ਜਾਂਦਾ
ਹਨੇਰੇ ਦੇ
ਸਾਮਰਾਜ ਨੂੰ
ਚੁਣੌਤੀ ਦੇਣ ਲਈ
ਕਾਫੀ ਹੁੰਦਾ ਹੈ
ਇੱਕ ਜੁਗਨੂੰ ਹੀ
ਤੂੰ
ਮੇਰੀ ਨਹੀਂ
ਸੱਚ ਦੀ ਚਿੰਤਾ ਕਰ
ਸੱਚ ਦਾ ਸਾਥ ਦੇ
ਮੈਂ ਹਮੇਸ਼ਾ
ਤੇਰੇ ਨਾਲ ਹਾਂ
ਪੂਰਬ ‘ਚ ਇੱਕ
ਕਹਾਵਤ ਹੈ-
“ਸੱਤਯਾਮੇਵ ਜਯਤੇ!”
*# ਹੂਬਨਾਥ*
ਹਿੰਦੀ ਤੋਂ ਪੰਜਾਬੀ ਅਨੁ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment