ਕਵਿਤਾ/ਇਹ ਵਕ਼ਤ ਹੈ-ਮੁਨੀਸ਼ ਆਜ਼ਾਦ/ਯਸ਼ ਪਾਲ
ਇਹ ਵਕ਼ਤ ਹੈ ਕਿਤਾਬਾਂ ਨੂੰ
ਜ਼ੁਬਾਨੀ-ਯਾਦ ਕਰਨ ਦਾ
ਕਿਉਂਕਿ ਕਦੇ ਵੀ
ਆ ਸਕਦਾ ਹੈ ਫੁਰਮਾਨ
ਕਿਤਾਬਾਂ ਨੂੰ ਸਾੜਨ ਦਾ
ਤਾਨਾਸ਼ਾਹ ਨੂੰ ਪਤਾ ਹੈ
ਕਿ ਤੁਹਾਡੇ ਭਵਿੱਖ ਸਾੜਨ ਲਈ
ਬਹੁਤ ਜਰੂਰੀ ਹੈ
ਕਿਤਾਬਾਂ ਨੂੰ ਸਾੜਨਾ
ਇਹ ਵਕ਼ਤ ਹੈ ਗੀਤਾਂ ਨੂੰ
ਜ਼ਬਾਨੀ ਯਾਦ ਰੱਖਣ ਦਾ
ਤੇ ਉਨ੍ਹਾਂ ਦੇ ਸਮੂਹ-ਗਾਣ ਦਾ
ਕਿਉਂਕਿ ਗੀਤ ਹੀ
ਉਹ ਆਵਾਜ਼ ਹਨ
ਜਿੰਨ੍ਹਾਂ ‘ਚ ਅਸੀਂ ਦਿੰਦੇ ਹਾਂ ਹੋਕਾ
ਭਵਿੱਖ ਦੇ ਹਾਣ ਦਾ
ਤਾਨਾਸ਼ਾਹ ਨੂੰ ਇਹ ਸਭ ਪਤਾ ਹੈ
ਇਸ ਕਰਕੇ ਉਹ ਚਾਹੁੰਦਾ ਹੈ
ਰਗੜ ਦੇਣਾ ਗੀਤਾਂ ਨੂੰ
ਸਾਡੀਆਂ ਯਾਦ ਸ਼ਕਤੀਆਂ ‘ਚੋਂ
ਇਹ ਵਕ਼ਤ ਹੈ ਪਿਆਰ ਕਰਨ ਦਾ
ਕਿਉਂਕਿ
ਪਿਆਰ ਕਰਨਾ ਸਦਾ ਹੀ ਰਿਹਾ ਹੈ
ਬਗ਼ਾਵਤ ਕਰਨਾ
ਰਵਾਇਤਾਂ ਦੇ ਖ਼ਿਲਾਫ਼
ਇਸ ਕਰਕੇ
ਹਰ ਤਾਨਾਸ਼ਾਹ ਤ੍ਰਹਿੰਦਾ ਹੈ ਪਿਆਰ ਤੋਂ
ਇਹ ਵਕ਼ਤ ਹੈ ਖ਼ਬਰ ਨੂੰ
ਦੇਖਣ ਦਾ ਪਰਖਣ ਦਾ
ਪਿਛਵਾੜੇ ਤੋਂ
ਨਾ ਕਿ ਅਗਾੜੀ ਤੋਂ
ਕਿਉਂਕਿ
ਤਾਨਾਸ਼ਾਹ ਹੁਣ
ਖ਼ਬਰਾਂ ‘ਤੇ ਪਾਬੰਦੀ ਨਹੀਂ ਲਾਉਂਦਾ
ਸਗੋਂ ਉਨ੍ਹਾਂ ‘ਚ
ਤੇਜ਼ਾਬ ਭਰਵਾਉਂਦਾ ਹੈ।
ਇਹ ਵਕ਼ਤ ਹੈ
ਸੁਆਲਾਂ ਨੂੰ ਬਚਾਉਣ ਤੇ
ਖੜ੍ਹੇ ਕਰਨ ਦਾ
ਤੇ ਉਨ੍ਹਾਂ ਨੂੰ ਟੁਣਕਾਉਣ ਦਾ
ਕਿਉਂਕਿ
ਤਾਨਾਸ਼ਾਹ ਜਾਣਦਾ ਹੈ
ਕਿ ਇਹ ਸੁਆਲ
ਉਡਾ ਦੇਣਗੇ ਧੱਜੀਆਂ
ਉਸ ਦੇ
ਕੁਫ਼ਰ ਦੀ ਮਹਾਂਗਾਥਾ ਦੀਆਂ
ਇਹ ਵਕ਼ਤ ਹੈ
ਯੁੱਧ ਕਰਦੇ ਹੋਏ ਯੁੱਧ ਸਿੱਖਣ ਦਾ
ਕਿਉਂਕਿ
ਤਾਨਾਸ਼ਾਹ ਜਾਣਦਾ ਹੈ
ਕਿ ਉਹ ਸੁਰੱਖਿਅਤ ਹੈ
ਉਦੋਂ ਤੱਕ
ਜਦੋਂ ਤੱਕ ਭਾਰੂ ਹੈ ਯੁੱਧ ‘ਤੇ
ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
Share this content:



Post Comment