ਕਵਿਤਾਵਾਂ ਦੀ ਕਮਾਈ
ਉਹ ਦਿਨ ਅੱਜ ਵੀ ਮੇਰੇ ਚੇਤਿਆਂ ਵਿੱਚ ਤਾਜ਼ਾ ਹਨ। ਇਹ ਉਹ ਦੌਰ ਸੀ ਜਦੋਂ ਮੈਂ ਸਿਰਫ਼ ਕਵਿਤਾਵਾਂ ਲਿਖਦਾ ਹੁੰਦਾ ਸੀ। ਹਰ ਰੋਜ਼ ਨਵੀਆਂ ਨਜ਼ਮਾਂ ਸਿਰਜ ਕੇ ਵੱਖ-ਵੱਖ ਅਖ਼ਬਾਰਾਂ ਤੇ ਰਸਾਲਿਆਂ ਨੂੰ ਭੇਜਦਾ ਸੀ। ਘਰ ਦੀ ਮਾਲੀ ਹਾਲਤ ਬਹੁਤ ਨਾਜ਼ੁਕ ਸੀ। ਹਾਈ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਮੈਂ ਕਈ ਥਾਵਾਂ ’ਤੇ ਹੱਥ-ਪੈਰ ਮਾਰੇ ਪਰ ਕਿਤੇ ਵੀ ਕੋਈ ਢੰਗ ਦਾ ਰੁਜ਼ਗਾਰ ਨਾ ਮਿਲਿਆ। ਪਰ ਮੈਂ ਕਦੇ ਹੌਸਲਾ ਨਹੀਂ ਹਾਰਿਆ। ਦਿਹਾੜੀ ਹੋਵੇ ਜਾਂ ਕੋਈ ਹੋਰ ਮੁਸ਼ੱਕਤ, ਜੋ ਵੀ ਕੰਮ ਮਿਲਦਾ ਮੈਂ ਬਿਨਾਂ ਕਿਸੇ ਝਿਜਕ ਦੇ ਕਰ ਲੈਂਦਾ। ਇਸ ਦੇ ਬਾਵਜੂਦ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ। ਕਈ ਵਾਰ ਤਾਂ ਹਾਲਤ ਇਹ ਹੁੰਦੀ ਕਿ ਜੇ ਘਰ ਵਿੱਚ ਕੋਈ ਅਣਕਿਆਸਾ ਖ਼ਰਚਾ ਆ ਜਾਂਦਾ ਤਾਂ ਸਾਰੇ ਪਰਿਵਾਰ ਦੀ ਨੀਂਦ ਉੱਡ ਜਾਂਦੀ। ਇੱਕ ਸਵੇਰ ਅਜੇ ਸੂਰਜ ਦੀ ਪਹਿਲੀ ਕਿਰਨ ਵੀ ਪੂਰੀ ਤਰ੍ਹਾਂ ਨਹੀਂ ਫੁੱਟੀ ਸੀ ਕਿ ਘਰ ਦੇ ਫ਼ੋਨ ਦੀ ਘੰਟੀ ਵੱਜੀ। ਮਾਂ ਨੇ ਰਿਸੀਵਰ ਚੁੱਕਿਆ ਤਾਂ ਅਗਲਿਆਂ ਦੀ ਗੱਲ ਸੁਣ ਕੇ ਉਸ ਦੇ ਚਿਹਰੇ ਦੀ ਰੌਣਕ ਗਾਇਬ ਹੋ ਗਈ। ਸਾਡੇ ਭੂਆ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।
ਘਰ ਵਿੱਚ ਸੋਗ ਦੀ ਲਹਿਰ ਦੌੜ ਗਈ। ਮਾਂ ਨੇ ਭਰੇ ਮਨ ਨਾਲ ਹੌਲੀ ਆਵਾਜ਼ ਵਿੱਚ ਕਿਹਾ, “ਪੁੱਤ, ਕਫ਼ਨ ਤੇ ਸਸਕਾਰ ਦੇ ਸਾਮਾਨ ਦਾ ਪ੍ਰਬੰਧ ਕਰਨਾ ਪੈਣਾ ਹੈ, ਘੱਟੋ-ਘੱਟ ਹਜ਼ਾਰ ਰੁਪਏ ਦੀ ਲੋੜ ਪਵੇਗੀ। ਮੈਂ ਆਂਢ-ਗੁਆਂਢ ਤੋਂ ਫ਼ੜ-ਫੁੜ ਲਿਆਉਂਦੀ ਹਾਂ।” ਮਾਂ ਸਵੇਰੇ ਹੀ ਮਦਦ ਦੀ ਆਸ ਵਿੱਚ ਘਰ-ਘਰ ਜਾ ਆਈ। ਉਹ ਉਨ੍ਹਾਂ ਲੋਕਾਂ ਦੇ ਬੂਹੇ ’ਤੇ ਵੀ ਗਈ ਜਿਨ੍ਹਾਂ ਦੇ ਘਰਾਂ ਵਿੱਚ ਕਿਸੇ ਚੀਜ਼ ਦੀ ਤੋਟ ਨਹੀਂ ਸੀ। ਪਰ ਹਰ ਜਗ੍ਹਾ ਤੋਂ ਨਿਰਾਸ਼ਾ ਹੀ ਪੱਲੇ ਪਈ। ਕੋਈ ਆਰਥਿਕ ਮੰਦੀ ਦਾ ਰੋਣਾ ਰੋਣ ਲੱਗ ਪਿਆ ਤੇ ਕਿਸੇ ਨੇ ਕੋਈ ਹੋਰ ਬਹਾਨਾ ਘੜ ਲਿਆ। ਜਦੋਂ ਮਾਂ ਪਰਤੀ ਤਾਂ ਉਸ ਦੇ ਚਿਹਰੇ ’ਤੇ ਉਦਾਸੀ ਅਤੇ ਬੇਵਸੀ ਦਾ ਦਰਦ ਸਾਫ਼ ਝਲਕ ਰਿਹਾ ਸੀ। ਮੈਂ ਪੁੱਛਿਆ, “ਮਾਤਾ ਜੀ, ਕੁਝ ਬਣਿਆ?” ਉਸ ਨੇ ਹਉਕਾ ਭਰਦਿਆਂ ਸਿਰ ਹਿਲਾ ਦਿੱਤਾ, “ਪੁੱਤ ਕਿਸੇ ਨੇ ਧੇਲਾ ਵੀ ਨਹੀਂ ਬਹੁੜਾਇਆ… ਜਿਨ੍ਹਾਂ ਦੇ ਵੇਹੜਿਆਂ ਵਿੱਚ ਤਿੰਨ-ਤਿੰਨ ਗੱਡੀਆਂ ਖੜ੍ਹੀਆਂ ਨੇ, ਉਹ ਵੀ ਹਜ਼ਾਰ ਰੁਪਏ ਦੇਣ ਤੋਂ ਕੰਨੀ ਕਤਰਾ ਗਏ।” ਮੇਰੇ ਦਿਲ ’ਤੇ ਇਹ ਗੱਲ ਚੋਟ ਵਾਂਗ ਲੱਗੀ। ਮੈਂ ਚੁੱਪਚਾਪ ਆਪਣਾ ਸਾਈਕਲ ਚੁੱਕਿਆ।
ਟਾਇਰਾਂ ਵਿੱਚ ਹਵਾ ਘੱਟ ਸੀ, ਸੋ ਮੈਂ ਪੰਪ ਲੈ ਕੇ ਹਵਾ ਭਰਨ ਲੱਗ ਪਿਆ। ਐਨ ਉਸੇ ਵੇਲੇ ਬੂਹੇ ’ਤੇ ਦਸਤਕ ਹੋਈ। ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪਿੰਡ ਦਾ ਡਾਕੀਆ ਖੜ੍ਹਾ ਸੀ। ਉਹ ਬੋਲਿਆ, “ਚਾਚੀ ਜੀ, ਭਾਅ ਜੀ ਨੂੰ ਬੁਲਾਇਓ, ਉਨ੍ਹਾਂ ਦਾ ਮਨੀਆਰਡਰ ਆਇਆ ਹੈ।” ਮੈਂ ਤੁਰੰਤ ਬਾਹਰ ਗਿਆ। ਡਾਕੀਏ ਨੇ ਆਖਿਆ, “ਦੋ ਦਿਨਾਂ ਤੋਂ ਤੁਹਾਡਾ ਮਨੀਆਰਡਰ ਪਿਆ ਸੀ, ਸ਼ਾਇਦ ਤੁਹਾਨੂੰ ਮੇਰਾ ਸੁਨੇਹਾ ਨਹੀਂ ਮਿਲਿਆ।” ਉਸ ਨੇ ਫ਼ਾਰਮ ਕੱਢਿਆ ਮੇਰੇ ਦਸਤਖ਼ਤ ਕਰਵਾਏ ਅਤੇ ਮੇਰੀ ਤਲੀ ’ਤੇ ਲਗਭਗ 1100 ਰੁਪਏ ਰੱਖ ਦਿੱਤੇ। ਉਸ ਪਲ ਮੇਰੇ ਮਨ ਨੂੰ ਇੱਕ ਅਜੀਬ ਜਿਹਾ ਸੁਕੂਨ ਮਿਲਿਆ, ਜਿਵੇਂ ਕੁਦਰਤ ਨੇ ਖ਼ੁਦ ਸਾਡੀ ਬਾਂਹ ਫੜ ਲਈ ਹੋਵੇ। ਮੈਂ ਦੌੜ ਕੇ ਅੰਦਰ ਗਿਆ ਅਤੇ ਉਹ ਪੈਸੇ ਮਾਂ ਦੀ ਹਥੇਲੀ ’ਤੇ ਧਰ ਦਿੱਤੇ, “ਲੈ ਮਾਂ, ਸਵੇਰ ਤੋਂ ਜਿਸ ਹਜ਼ਾਰ ਰੁਪਏ ਲਈ ਭਟਕ ਰਹੇ ਸੀ, ਆਹ 1100 ਰੁਪਏ ਆ ਗਏ ਨੇ।”
Share this content:



Post Comment