ਐਨ ਚੰਦਰਸ਼ੇਖਰਨ ਅਗਲੇ 5 ਸਾਲਾਂ ਲਈ ਬਣੇ ਰਹਿਣਗੇ ਟਾਟਾ ਸੰਨਜ਼ ਦੇ ਚੇਅਰਮੈਨ
ਮੁੰਬਈ, 18 ਸਤੰਬਰ – ਟਾਟਾ ਸੰਨਜ਼ ਦੇ ਡਾਇਰੈਕਟਰ ਬੋਰਡ ਨੇ ਵੀਰਵਾਰ ਨੂੰ ਐੱਨ ਚੰਦਰਸ਼ੇਖਰਨ ਨੂੰ ਕਾਰਜਕਾਰੀ ਚੇਅਰਮੈਨ ਵਜੋਂ ਪੰਜ ਸਾਲਾਂ ਦੇ ਇੱਕ ਹੋਰ ਕਾਰਜਕਾਲ ਲਈ ਮੁੜ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਅਤੇ ਕੰਪਨੀ ਨੂੰ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ (ਲਿਸਟ) ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਣ ਦਾ ਫ਼ੈਸਲਾ ਕੀਤਾ। ਹਾਲਾਂਕਿ, ਟਾਟਾ ਸੰਨਜ਼ ਵਿੱਚ ਨਿਰਣਾਇਕ ਹਿੱਸੇਦਾਰੀ ਰੱਖਣ ਵਾਲੇ ਟਾਟਾ ਟਰੱਸਟ ਨੇ ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਦੇ ਪ੍ਰਸਤਾਵ ‘ਤੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ‘ਗੈਰ-ਕਾਨੂੰਨੀ’ ਦੱਸਿਆ। ਟਾਟਾ ਗਰੁੱਪ ਦੇ ਮੁੱਖ ਦਫ਼ਤਰ ‘ਬੰਮਬੇ ਹਾਊਸ’ ਵਿੱਚ ਡਾਇਰੈਕਟਰ ਬੋਰਡ ਦੀ ਲਗਪਗ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਇਹ ਫ਼ੈਸਲੇ ਲਏ ਗਏ। ਇਹ ਮੀਟਿੰਗ ਚੰਦਰਸ਼ੇਖਰਨ ਵੱਲੋਂ ਅਗਸਤ ਵਿੱਚ ਡਾਇਰੈਕਟਰ ਬੋਰਡ ਨੂੰ ਇਹ ਦੱਸਣ ਦੇ ਕੁਝ ਹਫ਼ਤਿਆਂ ਬਾਅਦ ਹੋਈ ਕਿ 20 ਫਰਵਰੀ 2027 ਨੂੰ ਮੌਜੂਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਉਹ ਮੁੜ ਨਿਯੁਕਤੀ ਨਹੀਂ ਚਾਹੁੰਦੇ।
ਟਾਟਾ ਸੰਨਜ਼ ਨੇ ਇੱਕ ਬਿਆਨ ਵਿੱਚ ਕਿਹਾ, “ਡਾਇਰੈਕਟਰ ਬੋਰਡ ਦੀ 17 ਸਤੰਬਰ 2026 ਨੂੰ ਹੋਈ ਮੀਟਿੰਗ ਵਿੱਚ ਚੰਦਰਸ਼ੇਖਰਨ ਨੇ ਬੋਰਡ ਦੀ ਬੇਨਤੀ ‘ਤੇ ਆਪਣੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨ ਲਈ ਸਹਿਮਤੀ ਜਤਾਈ। ਇਸ ਤੋਂ ਬਾਅਦ ਬੋਰਡ ਨੇ ਮੌਜੂਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਪੰਜ ਸਾਲਾਂ ਦੇ ਇੱਕ ਹੋਰ ਕਾਰਜਕਾਲ ਲਈ ਉਨ੍ਹਾਂ ਨੂੰ ਕਾਰਜਕਾਰੀ ਚੇਅਰਮੈਨ ਵਜੋਂ ਮੁੜ ਨਿਯੁਕਤ ਕਰਨ ਦਾ ਬਹੁਮਤ ਨਾਲ ਫ਼ੈਸਲਾ ਕੀਤਾ। ਇਸ ਦੇ ਨਾਲ ਹੀ, ਡਾਇਰੈਕਟਰ ਬੋਰਡ ਨੇ ਟਾਟਾ ਸੰਨਜ਼ ਦੇ ਸੂਚੀਬੱਧ ਹੋਣ ਸਬੰਧੀ ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਣ ਦਾ ਫ਼ੈਸਲਾ ਕੀਤਾ। ਕੰਪਨੀ ਨੇ ਕਿਹਾ ਕਿ ਉਹ ਪਾਲਣਾ ਸੰਬੰਧੀ ਸ਼ਰਤਾਂ ‘ਤੇ ਆਰ ਬੀ ਆਈ, ਟਾਟਾ ਟਰੱਸਟ ਅਤੇ ਹੋਰ ਹਿੱਸੇਦਾਰਾਂ ਤੋਂ ਮਾਰਗਦਰਸ਼ਨ ਲਵੇਗੀ।
ਡਾਇਰੈਕਟਰ ਬੋਰਡ ਦੇ ਦੋਵਾਂ ਫ਼ੈਸਲਿਆਂ ਨੂੰ ਟਾਟਾ ਸੰਨਜ਼ ਦੀ ਆਗਾਮੀ ਸਾਲਾਨਾ ਆਮ ਮੀਟਿੰਗ (ਏ ਜੀ ਐੱਮ) ਵਿੱਚ ਮਨਜ਼ੂਰੀ ਦਿਵਾਉਣੀ ਹੋਵੇਗੀ। ਟਾਟਾ ਟਰੱਸਟ ਦੇ ਚੇਅਰਮੈਨ ਨੋਇਲ ਐੱਨ ਟਾਟਾ ਨੇ ਡਾਇਰੈਕਟਰ ਬੋਰਡ ਦੀ ਮੀਟਿੰਗ ਵਿੱਚ ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਦਾ ਵਿਰੋਧ ਕੀਤਾ। ਟਰੱਸਟ ਨੇ ਕਿਹਾ ਕਿ ਚੰਦਰਸ਼ੇਖਰਨ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਵਜੋਂ ਮੁੜ ਨਿਯੁਕਤ ਕਰਨ ਦਾ ਪ੍ਰਸਤਾਵ ‘ਗੈਰ-ਕਾਨੂੰਨੀ’ ਹੈ ਅਤੇ ਚੋਣ ਕਮੇਟੀ ਨੂੰ ਕੰਪਨੀ ਦੇ ਅੰਦਰੂਨੀ ਨਿਯਮਾਂ (ਆਰਟੀਕਲਜ਼ ਆਫ਼ ਐਸੋਸੀਏਸ਼ਨ) ਅਨੁਸਾਰ ਆਪਣੀ ਪ੍ਰਕਿਰਿਆ ਅੱਗੇ ਵਧਾਉਣੀ ਚਾਹੀਦੀ ਹੈ। ਸੂਤਰਾਂ ਅਨੁਸਾਰ, ਨੋਇਲ ਟਾਟਾ ਨੇ ਚੰਦਰਸ਼ੇਖਰਨ ਦੀ ਮੁੜ ਨਿਯੁਕਤੀ ਦੇ ਖ਼ਿਲਾਫ਼ ਵੋਟ ਪਾਈ, ਪਰ ਪ੍ਰਸਤਾਵ ਬੋਰਡ ਵਿੱਚ ਬਹੁਮਤ ਨਾਲ ਪਾਸ ਹੋ ਗਿਆ। ਸੂਤਰਾਂ ਨੇ ਕਿਹਾ ਕਿ ਟਾਟਾ ਟਰੱਸਟ ਇਸ ਫ਼ੈਸਲੇ ਨੂੰ ਅੱਗੇ ਚੁਣੌਤੀ ਦੇ ਸਕਦਾ ਹੈ। ਡਾਇਰੈਕਟਰ ਬੋਰਡ ਦਾ ਇਹ ਫ਼ੈਸਲਾ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ.ਬੀ.ਐੱਫ.ਸੀ.) ਵਜੋਂ ਰਜਿਸਟ੍ਰੇਸ਼ਨ ਰੱਦ ਕਰਨ ਦੀ ਟਾਟਾ ਸੰਨਜ਼ ਦੀ ਅਰਜ਼ੀ ਆਰ ਬੀ ਆਈ ਵੱਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਆਇਆ ਹੈ। ਇਸ ਫ਼ੈਸਲੇ ਨਾਲ ਕੰਪਨੀ ਦੇ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹੋਣ ਦੀ ਸੰਭਾਵਨਾ ਮੁੜ ਵਧ ਗਈ ਹੈ।
Share this content:



Post Comment