ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀਆਂ ਟੀਮਾਂ ਦਾ ਮੁੱਖ ਮੰਤਰੀ ਮਾਨ ਨੇ ਕੀਤਾ ਸਵਾਗਤ
ਜਲੰਧਰ – 29 ਅਕਤੂਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਗ ਲੈ ਰਹੀਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸੂਬੇ ਦੀ ਮਹਿਮਾਨਨਿਵਾਜ਼ੀ, ਅਮੀਰ ਸੱਭਿਆਚਾਰਕ ਵਿਰਾਸਤ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਦਾ ਅਨੁਭਵ ਕਰਨ ਦਾ ਸੱਦਾ ਦਿੱਤਾ।
ਇੱਥੇ ਮੁੱਖ ਮੰਤਰੀ ਨਿਵਾਸ ਵਿਖੇ ਟੀਮਾਂ ਦੇ ਸਨਮਾਨ ਵਿੱਚ ਰਾਤ ਦੇ ਭੋਜਨ ਦੀ ਮੇਜ਼ਬਾਨੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਅਜਿਹੀ ਧਰਤੀ ਹੈ ਜਿੱਥੇ ਹਰ ਮਹਿਮਾਨ ਦਾ ਸਵਾਗਤ ਖੁੱਲ੍ਹੇ ਦਿਲ ਨਾਲ ਕੀਤਾ ਜਾਂਦਾ ਹੈ ਅਤੇ ਪਰਿਵਾਰ ਵਾਂਗ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਕੌਮਾਂਤਰੀ ਖੇਡ ਸਮਾਗਮ ਨੂੰ ਹਰੇਕ ਖਿਡਾਰੀ ਲਈ ਇੱਕ ਯਾਦਗਾਰੀ ਅਨੁਭਵ ਬਣਾਉਣ ਲਈ ਵਚਨਬੱਧ ਹੈ।
ਭਾਗ ਲੈ ਰਹੀਆਂ ਟੀਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਸਿਰਫ਼ ਇੱਕ ਭੂਗੋਲਿਕ ਖੇਤਰ ਨਹੀਂ ਹੈ ਬਲਕਿ ਇਹ ਕੁਰਬਾਨੀ, ਬਹਾਦਰੀ, ਮਿਹਨਤ, ਇਨਕਲਾਬੀ ਜਜ਼ਬੇ ਅਤੇ ਇਨਸਾਨੀਅਤ ਦੀ ਪ੍ਰਤੀਕ ਧਰਤੀ ਹੈ। ਜਦੋਂ ਵੀ ਦੇਸ਼ ਨੂੰ ਬਹਾਦਰੀ, ਵਚਨਬੱਧਤਾ ਅਤੇ ਨਿਸ਼ਕਾਮ ਸੇਵਾ ਦੀ ਲੋੜ ਪਈ ਹੈ, ਪੰਜਾਬ ਦੇ ਲੋਕਾਂ ਨੇ ਹਮੇਸ਼ਾ ਅੱਗੇ ਹੋ ਕੇ ਯੋਗਦਾਨ ਪਾਇਆ ਹੈ।”
ਇਸ ਕੌਮਾਂਤਰੀ ਖੇਡ ਸਮਾਗਮ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੂਰਨਾਮੈਂਟ ਨੂੰ ਸੁਚਾਰੂ, ਸੁਰੱਖਿਅਤ ਅਤੇ ਬਿਨਾਂ ਕਿਸੇ ਦਿੱਕਤ ਦੇ ਨੇਪਰੇ ਚਾੜ੍ਹਨ ਅਤੇ ਸਾਰੀਆਂ ਭਾਗੀਦਾਰ ਟੀਮਾਂ ਦੇ ਸੁਖਾਵੇਂ ਠਹਿਰਾਅ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ, “ਸਾਡੀ ਜ਼ਿੰਮੇਵਾਰੀ ਸਿਰਫ਼ ਵਿਸ਼ਵ ਪੱਧਰੀ ਖੇਡ ਸਮਾਗਮ ਦਾ ਆਯੋਜਨ ਕਰਨ ਨਾਲ ਹੀ ਖ਼ਤਮ ਨਹੀਂ ਹੁੰਦੀ। ਅਸੀਂ ਚਾਹੁੰਦੇ ਹਾਂ ਕਿ ਹਰ ਖਿਡਾਰੀ, ਅਧਿਕਾਰੀ ਅਤੇ ਮਹਿਮਾਨ ਪੰਜਾਬ ਤੋਂ ਇਹ ਮਹਿਸੂਸ ਕਰਕੇ ਜਾਵੇ ਕਿ ਉਨ੍ਹਾਂ ਨੇ ਕੁਝ ਬਹੁਤ ਖ਼ਾਸ ਅਨੁਭਵ ਕੀਤਾ ਹੈ। ਇੱਥੇ ਮਿਲਿਆ ਪਿਆਰ ਉਨ੍ਹਾਂ ਲਈ ਅਜਿਹੀ ਯਾਦ ਬਣਨਾ ਚਾਹੀਦਾ ਹੈ ਜਿਸ ਨੂੰ ਉਹ ਉਮਰ ਭਰ ਸੰਭਾਲ ਕੇ ਰੱਖਣ।”
ਉਨ੍ਹਾਂ ਕਿਹਾ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ ਸਿਰਫ਼ ਇੱਕ ਖੇਡ ਮੁਕਾਬਲਾ ਨਹੀਂ ਹੈ, ਸਗੋਂ ਪੰਜਾਬ ਦੀ ਸੱਭਿਆਚਾਰਕ ਅਮੀਰੀ, ਖੇਡ ਇੱਛਾਵਾਂ ਅਤੇ ਮਹਿਮਾਨਨਿਵਾਜ਼ੀ ਦੇ ਜਜ਼ਬੇ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਮੁੱਖ ਮੰਤਰੀ ਨੇ ਸਾਰੀਆਂ ਟੀਮਾਂ ਨੂੰ ਚੈਂਪੀਅਨਸ਼ਿਪ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਪੰਜਾਬ ਵਿੱਚ ਉਨ੍ਹਾਂ ਦਾ ਠਹਿਰਾਅ ਯਾਦਗਾਰੀ ਅਨੁਭਵਾਂ, ਖੇਡ ਉੱਤਮਤਾ ਅਤੇ ਸਦੀਵੀ ਦੋਸਤੀ ਨਾਲ ਭਰਪੂਰ ਹੋਵੇਗਾ।
Share this content:



Post Comment