Loading Now

ਈ ਡੀ ਨੇ ਦੋ ‘ਆਪ’ ਵਿਧਾਇਕਾਂ ਸਣੇ ਦਸ ਜਣੇ ਤਲਬ ਕੀਤੇ

ਈ ਡੀ ਨੇ ਦੋ ‘ਆਪ’ ਵਿਧਾਇਕਾਂ ਸਣੇ ਦਸ ਜਣੇ ਤਲਬ ਕੀਤੇ

ਚੰਡੀਗੜ੍ਹ, 24 ਨਵੰਬਰ – ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅਤੇ ਹਲਕਾ ਧਰਮਕੋਟ ਤੋਂ ‘ਆਪ’ ਵਿਧਾਇਕ ਦਵਿੰਦਰਜੀਤ ਸਿੰਘ ਉਰਫ ਲਾਡੀ ਢੋਸ ਸਣੇ ਕਰੀਬ ਦਸ ਸਿਆਸੀ ਤੇ ਸਰਕਾਰੀ ਹਸਤੀਆਂ ਨੂੰ ਜ਼ਮੀਨੀ ਮੁਆਵਜ਼ੇ ਦੀ ਵੰਡ ਵਿੱਚ ਹੇਰਾਫੇਰੀ ਅਤੇ ਕਥਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ’ਚ ਤਲਬ ਕੀਤਾ ਹੈ। ਹਾਲੇ ਲੰਘੇ ਕੱਲ੍ਹ ਹੀ ਈ ਡੀ ਨੇ ਪੰਜਾਬ ਦੇ ਸੱਤ ਆਈ ਏ ਐੱਸ, ਆਈ ਪੀ ਐੱਸ ਅਤੇ ਪੀ ਸੀ ਐੱਸ ਅਧਿਕਾਰੀਆਂ ਨੂੰ ਇੱਕ ਹੋਰ ਮਾਮਲੇ ’ਚ ਤਲਬ ਕੀਤਾ ਹੈ। ਈ ਡੀ ਦੀ ਜਾਂਚ ਦੀ ਰਫ਼ਤਾਰ ਹੁਣ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।ਈ ਡੀ ਵੱਲੋਂ ਇਨ੍ਹਾਂ ਸਿਆਸੀ ਤੇ ਸਰਕਾਰੀ ਅਧਿਕਾਰੀਆਂ ਨੂੰ 23 ਨਵੰਬਰ ਤੋਂ 2 ਦਸੰਬਰ ਦਰਮਿਆਨ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ। ਈ ਡੀ ਨੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ‘ਆਪ’ ਦੇ ਸਥਾਪਨਾ ਦਿਵਸ (26 ਨਵੰਬਰ) ਮੌਕੇ ਮੋਗਾ ਵਿੱਚ ਹੋ ਰਹੀ ਸਿਆਸੀ ਰੈਲੀ ਵਾਲੇ ਦਿਨ ਹੀ ਸੰਮਨ ਕੀਤਾ ਹੈ। ਵਿਧਾਇਕਾ ਬਤੌਰ ਮੇਜ਼ਬਾਨ ਮੋਗਾ ਰੈਲੀ ’ਚੋਂ ਗ਼ੈਰ-ਹਾਜ਼ਰ ਰਹਿੰਦੀ ਹੈ ਤਾਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵੀ ਲੋਕਾਂ ਦਾ ਧਿਆਨ ਖਿੱਚੇਗੀ। ਅਮਨਦੀਪ ਕੌਰ ਅਰੋੜਾ ‘ਆਪ’ ਦੇ ਮਹਿਲਾ ਵਿੰਗ ਦੀ ਪ੍ਰਧਾਨ ਵੀ ਹੈ ਅਤੇ ਪਾਰਟੀ ਨੇ ਅਰੋੜਾ ਨੂੰ ਅਗਲੀਆਂ ਪੰਜਾਬ ਚੋਣਾਂ ਲਈ ਮੁੜ ਉਮੀਦਵਾਰ ਬਣਾਇਆ ਹੈ। ਮੋਗਾ ਰੈਲੀ ਵਿੱਚ ‘ਆਪ’ ਨੂੰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਬਾਰੇ ਭਾਜਪਾ ’ਤੇ ਸਿਆਸੀ ਨਿਸ਼ਾਨਾ ਲਾਉਣ ਦਾ ਮੌਕਾ ਮਿਲੇਗਾ।

ਈ ਡੀ ਵੱਲੋਂ ਉਪਰੋਕਤ ਸਿਆਸੀ ਹਸਤੀਆਂ ਨੂੰ ‘ਆਪ’ ਦੇ ਸਥਾਪਨਾ ਦਿਵਸ ਮੌਕੇ ਪੁੱਛ-ਪੜਤਾਲ ’ਚ ਸ਼ਾਮਲ ਹੋਣ ਲਈ ਤਲਬ ਕਰਨ ਦੇ ਸੱਤਾਧਾਰੀ ਧਿਰ ਸਿਆਸੀ ਮਾਅਨੇ ਵੀ ਕੱਢ ਰਹੀ ਹੈ। ਵਿਧਾਇਕਾ ਡਾ. ਅਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਤਲਬ ਕੀਤਾ ਗਿਆ ਹੈ। ਹਲਕਾ ਧਰਮਕੋਟ ਦੇ ‘ਆਪ’ ਵਿਧਾਇਕ ਲਾਡੀ ਢੋਸ ਨੂੰ 27 ਨਵੰਬਰ ਨੂੰ ਚੰਡੀਗੜ੍ਹ ਸਥਿਤ ਜ਼ੋਨਲ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਈ ਡੀ ਨੇ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੂੰ 26 ਨਵੰਬਰ ਅਤੇ ਉਨ੍ਹਾਂ ਦੇ ਪਤੀ ਰਾਕੇਸ਼ ਅਰੋੜਾ ਨੂੰ 25 ਨਵੰਬਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਸੇ ਤਰ੍ਹਾਂ ਈ ਡੀ ਨੇ ਵਿਧਾਇਕਾ ਅਰੋੜਾ ਦੇ ਪਿਤਾ ਜਸਪਾਲ ਸਿੰਘ ਨੂੰ 27 ਨਵੰਬਰ, ਵਿਧਾਇਕਾ ਦੇ ਭਰਾ ਬਲਜਿੰਦਰ ਸਿੰਘ ਨੂੰ 30 ਨਵੰਬਰ ਅਤੇ ਮਾਮਾ ਹਰਮਿੰਦਰ ਸਿੰਘ ਨੂੰ 2 ਦਸੰਬਰ ਲਈ ਸੰਮਨ ਭੇਜੇ ਹਨ। ਮੋਗਾ ਦੇ ਜ਼ਿਲ੍ਹਾ ਮਾਲ ਅਫਸਰ ਗੁਰਦੇਵ ਸਿੰਘ ਧਾਮ, ਪਟਵਾਰੀ ਨਿਰਵੈਰ ਸਿੰਘ ਅਤੇ ਮੋਗਾ ਦੇ ਸਾਬਕਾ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਵੀ ਈ ਡੀ ਵੱਲੋਂ ਤਲਬ ਕੀਤੇ ਗਏ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ। ਵਿਧਾਇਕਾ ਨਾਲ ਸਬੰਧਤ ਨਿੱਜੀ ਹਸਪਤਾਲ-ਕਮ-ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਲਖਵਿੰਦਰ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਈ ਡੀ ਨੇ ਮੋਗਾ ਪੁਲੀਸ ਵੱਲੋਂ ਥਾਣਾ ਧਰਮਕੋਟ ਵਿੱਚ ਦਰਜ ਕੀਤੀ ਗਈ ਇੱਕ ਐੱਫ ਆਈ ਆਰ ਦੇ ਆਧਾਰ ’ਤੇ ਸਰਕਾਰੀ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਕਥਿਤ ਛੇੜਛਾੜ ਕਰ ਕੇ ਇੱਕ ਕਰੋੜ ਤੋਂ ਵੱਧ ਰਾਸ਼ੀ ਦਾ ਗ਼ਲਤ ਮੁਆਵਜ਼ਾ ਵੰਡਣ ਦੇ ਦੋਸ਼ ਲਾਏ ਹਨ। ਈ ਡੀ ਨੇ ਵਿਧਾਇਕਾ ਡਾ. ਅਮਨਦੀਪ ਕੌਰ ਦੇ ਪਰਿਵਾਰ ਦੀਆਂ ਬੇਨਾਮੀ ਜਾਇਦਾਦਾਂ ਬਾਰੇ ਵੀ ਪਤਾ ਲੱਗਣ ਦੀ ਗੱਲ ਕਹੀ ਸੀ। ਈ ਡੀ ਨੇ ਪਹਿਲੇ ਪੜਾਅ ਵਿੱਚ ਵਿਧਾਇਕਾ ਦੇ ਟਿਕਾਣਿਆਂ ’ਤੇ ਨਵੰਬਰ ਦੇ ਸ਼ੁਰੂ ’ਚ ਛਾਪੇ ਮਾਰੇ ਸੀ। ਆਮ ਆਦਮੀ ਪਾਰਟੀ ਦੇ ਤਰਜਮਾਨ ਆਖ ਚੁੱਕੇ ਹਨ ਕਿ 48 ਘੰਟੇ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਈ ਡੀ ਦੇ ਹੱਥ ਕੁੱਝ ਨਹੀਂ ਲੱਗਿਆ ਅਤੇ ਇਹ ਛਾਪੇ ਸਿਰਫ ‘ਆਪ’ ਨੂੰ ਬਦਨਾਮ ਕਰਨ ਲਈ ਮਾਰੇ ਗਏ ਹਨ। ਵਿਧਾਇਕਾ ਨੇ ਦੋਸ਼ ਲਾਇਆ ਸੀ ਕਿ ਉਸ ’ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਗਿਆ।

Share this content:

Post Comment