Loading Now

ਨਨਕਾਣਾ ਸਾਹਿਬ ਤੋਂ ਕਰਤਾਰਪੁਰ: ਸਾਂਝੀਵਾਲਤਾ ਤੇ ਸ਼ਾਂਤੀ ਦਾ ਮਾਰਗ

ਨਨਕਾਣਾ ਸਾਹਿਬ ਤੋਂ ਕਰਤਾਰਪੁਰ: ਸਾਂਝੀਵਾਲਤਾ ਤੇ ਸ਼ਾਂਤੀ ਦਾ ਮਾਰਗ

ਨਵੀਂ ਦਿੱਲੀ ਵਿੱਚ 20 ਤੋਂ 22 ਨਵੰਬਰ ਤੱਕ ਭਾਰਤ ਵੱਲੋਂ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ ਪਲੇਠੇ ‘ਸੱਭਿਆਚਾਰਕ ਸੰਵਾਦ ਮੰਚ’ ਦੀ ਮੇਜ਼ਬਾਨੀ ਕਰਨਾ ਮੌਜੂਦਾ ਭੂ-ਸਿਆਸੀ ਉਥਲ-ਪੁਥਲ ਦੇ ਦੌਰ ਵਿੱਚ ਸੱਭਿਆਚਾਰਕ ਸਾਂਝ ਨੂੰ ਇੱਕ ਨਾਜ਼ੁਕ ਮੋੜ ’ਤੇ ਲਿਆ ਖੜ੍ਹਾ ਕਰਦਾ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਅਤੇ ਲੈਣ-ਦੇਣ ਵਾਲੀ ਕੂਟਨੀਤੀ ਤੋਂ ਅਗਾਂਹ ਵਧਣ ਦੇ ਮਕਸਦ ਨਾਲ ਸੱਦੇ ਗਏ ਇਸ ਮੰਚ ਦਾ ਉਦੇਸ਼ ਉਨ੍ਹਾਂ ਸਾਂਝੀਆਂ ਯੂਰੇਸ਼ੀਅਨ ਰਵਾਇਤਾਂ ਦੀ ਪਛਾਣ ਕਰਨਾ ਹੈ, ਜੋ ਯੂਨੈਸਕੋ ਦੀ ਵਿਸ਼ਵ ਵਿਰਾਸਤ ਅਤੇ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀਆਂ ਵਿੱਚ ਬਹੁ-ਰਾਸ਼ਟਰੀ ਨਾਮਜ਼ਦਗੀ ਦੇ ਯੋਗ ਹਨ। ਇਨ੍ਹਾਂ ਵਿੱਚੋਂ ਗੁਰੂ ਨਾਨਕ ਦੇਵ ਜੀ ਦਾ ਸਰਹੱਦਾਂ ਤੋਂ ਪਾਰ ਫੈਲਿਆ ਪਵਿੱਤਰ ਮਾਰਗ ਆਪਸੀ ਮੇਲ-ਮਿਲਾਪ, ਨੈਤਿਕ ਵਣਜ-ਵਪਾਰ ਅਤੇ ਬਹੁਲਵਾਦੀ ਸਦਭਾਵਨਾ ਦੀ ਜਿਊਂਦੀ-ਜਾਗਦੀ ਮਿਸਾਲ ਪੇਸ਼ ਕਰਦਾ ਹੈ। ਮਨੀਲਾ ਦੇ 125 ਸਾਲ ਪੁਰਾਣੇ ਗੁਰਦੁਆਰਾ ਖ਼ਾਲਸਾ ਦੀਵਾਨ ਨੂੰ ਭਾਰਤ-ਫਿਲਪੀਨਜ਼ ਦੇ ਲੋਕਾਂ ਵਿਚਾਲੇ ਆਪਸੀ ਸਬੰਧਾਂ ਦੇ ਇੱਕ ‘ਅਹਿਮ ਪੁਲ’ ਵਜੋਂ ਪੇਸ਼ ਕਰਕੇ ਅਤੇ 23ਵੇਂ ਆਸੀਆਨ-ਭਾਰਤ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦੇ ਮੁੜ-ਵਿਕਾਸ ਦਾ ਨੀਂਹ ਪੱਥਰ ਰੱਖੇ ਜਾਣ ਨਾਲ ਨਵੀਂ ਦਿੱਲੀ ਨੇ ‘ਸਿੱਖ ਵਿਰਾਸਤੀ ਕੂਟਨੀਤੀ’ ਦਾ ਇੱਕ ਨਵਾਂ ਖਾਕਾ ਉਲੀਕਿਆ ਹੈ। ਕਰਤਾਰਪੁਰ ਲਾਂਘੇ ਵੱਲੋਂ ਕਾਇਮ ਕੀਤੀ ਮਿਸਾਲ ਨੂੰ ਆਧਾਰ ਬਣਾਉਂਦਿਆਂ, ਇਸ ਪਹੁੰਚ ਨੂੰ ਆਸੀਆਨ ਤੋਂ ਦੱਖਣੀ ਏਸ਼ੀਆ ਤੱਕ ਵਧਾਉਣ ਨਾਲ ਜਿੱਥੇ ਭਾਰਤ ਦੀ ਵਿਦੇਸ਼ ਨੀਤੀ ਨੂੰ ਹੋਰ ਬਲ ਮਿਲੇਗਾ, ਉੱਥੇ ਹੀ ਇਹ ਐੱਸ ਸੀ ਓ ਦੇ ਮੈਂਬਰ ਦੇਸ਼ਾਂ ਲਈ ਵੀ ਇੱਕ ਅਪਣਾਉਣਯੋਗ ਮਾਡਲ ਪੇਸ਼ ਕਰੇਗਾ।

ਅਣਵੰਡੇ ਪੰਜਾਬ ਦੇ ਸਾਂਝੇ ਸੱਭਿਆਚਾਰਕ ਖਿੱਤੇ ਵਿੱਚ ਫੈਲਿਆ ਇਹ ਮਾਰਗ ਪਹਿਲੀ ਪਾਤਸ਼ਾਹੀ ਦੇ ਜੀਵਨ ਦੇ ਚਾਰ ਅਹਿਮ ਪੜਾਵਾਂ ਨੂੰ ਆਪਸ ਵਿੱਚ ਜੋੜਦਾ ਹੈ, ਉਨ੍ਹਾਂ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ ਵਿਖੇ ਰੂਹਾਨੀ ਗਿਆਨ ਪ੍ਰਾਪਤੀ ਦਾ ਅਸਥਾਨ, ਰਾਵੀ ਦੇ ਕੰਢੇ ਕਰਤਾਰਪੁਰ ਸਾਹਿਬ ਵਿਖੇ ਉਨ੍ਹਾਂ ਵੱਲੋਂ ਵਸਾਇਆ ਸਮਾਨਤਾਵਾਦੀ ਕਿਸਾਨੀ ਭਾਈਚਾਰਾ ਅਤੇ ਦਰਿਆ ਪਾਰ ਡੇਰਾ ਬਾਬਾ ਨਾਨਕ ਵਿਖੇ ਸਥਿਤ ਇਸ ਦਾ ਪਵਿੱਤਰ ਹਮਰੁਤਬਾ ਅਸਥਾਨ। ਸਰਹੱਦਾਂ ਨਾਲ ਵੰਡੇ ਇਸ ਖਿੱਤੇ ਅੰਦਰ ਚਾਰ ਅਹਿਮ ਪੜਾਵਾਂ ਵਾਲੇ ਇਸ ਵਿਰਾਸਤੀ ਮਾਰਗ ਨੂੰ ਯੂਨੈਸਕੋ ਦੀ ਬਹੁ-ਰਾਸ਼ਟਰੀ ਵਿਰਾਸਤ ਵਜੋਂ ਨਾਮਜ਼ਦ ਕਰਨਾ ਦੱਖਣੀ ਏਸ਼ੀਆ ਅਤੇ ਸਮੁੱਚੇ ਐੱਸ ਸੀ ਓ ਢਾਂਚੇ ਨੂੰ ਸ਼ਾਂਤੀ ਸਥਾਪਨਾ ਤੇ ਆਰਥਿਕ ਸੁਰਜੀਤੀ ਲਈ ਇੱਕ ਉਸਾਰੂ ਜ਼ਰੀਆ ਪ੍ਰਦਾਨ ਕਰਦਾ ਹੈ। ਮਹਿਜ਼ ਸ਼ਰਧਾ ਤੋਂ ਅਗਾਂਹ ਇਸ ਮਾਰਗ ਦਾ ਹਰ ਪੜਾਅ ਸਦੀਵੀ ਸੱਭਿਅਕ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦਾ ਹੈ। ਨਨਕਾਣਾ ਸਾਹਿਬ, ਜਿੱਥੇ 1469 ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਅਤੇ ਜਿੱਥੋਂ ਉਨ੍ਹਾਂ ਨੇ ਕੱਟੜ ਕਰਮ-ਕਾਂਡਾਂ ਤੇ ਸਮਾਜਿਕ ਊਚ-ਨੀਚ ’ਤੇ ਪਹਿਲੀ ਵਾਰ ਸਵਾਲ ਉਠਾਏ, ਉੱਥੇ ਸੁਸ਼ੋਭਿਤ ਗੁਰਦੁਆਰਾ ਜਨਮ ਅਸਥਾਨ ਅੱਜ ਵੀ ਪੰਜਾਬ ਦੀ ਸਾਂਝੀ ਵਿਰਾਸਤ ਦਾ ਧੁਰਾ ਬਣਿਆ ਹੋਇਆ ਹੈ। ਇਸ ਉਪਰੰਤ ਗੁਰੂ ਸਾਹਿਬ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦੀ ਕਾਲੀ ਵੇਈਂ ਦੇ ਕੰਢੇ ਵਸੇ ਸੁਲਤਾਨਪੁਰ ਲੋਧੀ ਵਿਖੇ ਆਏ। ਦੱਖਣੀ, ਪੱਛਮੀ ਅਤੇ ਮੱਧ ਏਸ਼ੀਆ ਦੀਆਂ ਉਦਾਸੀਆਂ ਤੋਂ ਪਹਿਲਾਂ ਉਨ੍ਹਾਂ ਨੇ ਨਵਾਬ ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਮੋਦੀ ਵਜੋਂ ਸੇਵਾ ਨਿਭਾਈ। ‘ਤੇਰਾ-ਤੇਰਾ’ ਆਖਦਿਆਂ ਰਸਦ ਤੋਲ ਕੇ ਗੁਰੂ ਸਾਹਿਬ ਨੇ ਵਣਜ-ਵਪਾਰ ਨੂੰ ਪਾਰਦਰਸ਼ਤਾ ਅਤੇ ਲੋਕ ਵਿਸ਼ਵਾਸ ਦੇ ਇੱਕ ਪਵਿੱਤਰ ਕਾਰਜ ਵਿੱਚ ਬਦਲ ਦਿੱਤਾ। ਇੱਥੇ ਹੀ, ਕਾਲੀ ਵੇਈਂ ਵਿੱਚੋਂ ਪ੍ਰਗਟ ਹੋ ਕੇ ਉਨ੍ਹਾਂ ਨੇ ‘ਨਾ ਕੋ ਹਿੰਦੂ, ਨਾ ਮੁਸਲਮਾਨ’ ਦਾ ਇਲਾਹੀ ਨਾਅਰਾ ਬੁਲੰਦ ਕਰਦਿਆਂ ਸਰਬ-ਸਾਂਝੀ ਮਨੁੱਖਤਾ ਦਾ ਹੋਕਾ ਦਿੱਤਾ।

ਤਿੱਬਤ ਤੇ ਸ੍ਰੀਲੰਕਾ ਤੋਂ ਲੈ ਕੇ ਮੱਕਾ, ਬਗ਼ਦਾਦ ਅਤੇ ਮੱਧ ਏਸ਼ੀਆ ਦੇ ਸ਼ਹਿਰਾਂ ਤੱਕ ਦੋ ਦਹਾਕਿਆਂ ਤੋਂ ਵੱਧ ਸਮਾਂ ਪੈਦਲ ਉਦਾਸੀਆਂ ਕਰਨ ਪਿੱਛੋਂ, ਗੁਰੂ ਨਾਨਕ ਦੇਵ ਜੀ 1519 ਦੇ ਕਰੀਬ ਰਾਵੀ ਦੇ ਕੰਢੇ ਆ ਵੱਸੇ ਅਤੇ ਮੌਜੂਦਾ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਵਸਾਇਆ। ਆਪਣੇ ਜੀਵਨ ਦੇ ਅੰਤਿਮ 18 ਵਰ੍ਹੇ ਇੱਕ ਕਿਸਾਨ ਵਜੋਂ ਬਤੀਤ ਕਰਦਿਆਂ, ਉਨ੍ਹਾਂ ਨੇ ਸਿੱਖ ਸਮਾਜਿਕ ਨੈਤਿਕਤਾ ਦੇ ਤਿੰਨ ਬੁਨਿਆਦੀ ਥੰਮ੍ਹਾਂ ਨੂੰ ਸੰਸਥਾਗਤ ਰੂਪ ਦਿੱਤਾ, ਕਿਰਤ ਕਰੋ (ਇਮਾਨਦਾਰੀ ਅਤੇ ਸਖ਼ਤ ਮਿਹਨਤ), ਵੰਡ ਛਕੋ (ਆਪਣੀ ਕਿਰਤ ਦੀ ਕਮਾਈ ਨੂੰ ਮਿਲ-ਵੰਡ ਕੇ ਛਕਣਾ, ਜਿਸ ਦੀ ਸਿਖਰ ਪੰਗਤ ਤੇ ਲੰਗਰ ਦੀ ਪ੍ਰਥਾ ਹੈ) ਅਤੇ ਨਾਮ ਜਪੋ (ਅਕਾਲ ਪੁਰਖ ਦਾ ਸਿਮਰਨ)। ਕੌਮਾਂਤਰੀ ਸਰਹੱਦ ਤੋਂ ਮਹਿਜ਼ 4 ਕੁ ਕਿਲੋਮੀਟਰ ਦੇ ਫ਼ਾਸਲੇ ’ਤੇ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਸਿਆ ਹੋਇਆ ਹੈ, ਜਿਸ ਦੀ ਨੀਂਹ ਰਾਵੀ ਦਰਿਆ ਦੇ ਵਹਿਣ ਵਿੱਚ ਆਈ ਤਬਦੀਲੀ ਕਾਰਨ ਇਲਾਕੇ ਦੀ ਭੂਗੋਲਿਕ ਬਣਤਰ ਬਦਲਣ ਪਿੱਛੋਂ ਗੁਰੂ ਸਾਹਿਬ ਦੇ ਵੰਸ਼ਜਾਂ ਵੱਲੋਂ ਰੱਖੀ ਗਈ ਸੀ। ਵੰਡ ਤੋਂ ਬਾਅਦ ਸੱਤ ਦਹਾਕਿਆਂ ਤੱਕ ਲੱਖਾਂ ਭਾਰਤੀ ਸ਼ਰਧਾਲੂ ਡੇਰਾ ਬਾਬਾ ਨਾਨਕ ਵਿਖੇ ਬਣੇ ‘ਦਰਸ਼ਨ ਸਥਲ’ ਉੱਤੇ ਖੜ੍ਹ ਕੇ ਦੂਰਬੀਨਾਂ ਰਾਹੀਂ ਸਰਹੱਦ ਪਾਰ ਕਰਤਾਰਪੁਰ ਸਾਹਿਬ ਦੇ ਚਿੱਟੇ ਗੁੰਬਦਾਂ ਦੇ ਦੀਦਾਰ ਕਰਦੇ ਰਹੇ। ਐੱਸ ਸੀ ਓ (ਸ਼ੰਘਾਈ ਸਹਿਯੋਗ ਸੰਗਠਨ) ਦੇ ‘ਸੱਭਿਆਚਾਰਕ ਸੰਵਾਦ ਮੰਚ’ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਇਸ ਸਰਹੱਦੋਂ ਪਾਰਲੇ ਪਵਿੱਤਰ ਮਾਰਗ ਨੂੰ ਯੂਨੈਸਕੋ ਕੋਲ ਪੇਸ਼ ਕਰਨਾ ਦੁਵੱਲੀ ਪਹਿਲਕਦਮੀ ਨੂੰ ਸਾਂਝੀ ਸਾਂਭ-ਸੰਭਾਲ ਦੇ ਬਹੁ-ਪੱਖੀ ਢਾਂਚੇ ਵਿੱਚ ਬਦਲ ਦੇਵੇਗਾ। ਯੂਨੈਸਕੋ ਦੀ ਵਿਸ਼ਵ ਵਿਰਾਸਤ ਸੰਧੀ ਤਹਿਤ ਲੜੀਵਾਰ ਬਹੁ-ਰਾਸ਼ਟਰੀ ਨਾਮਜ਼ਦਗੀਆਂ ਲਈ ਸਬੰਧਿਤ ਮੁਲਕਾਂ ਵੱਲੋਂ ਵਿਰਾਸਤ ਦੀ ਸੰਭਾਲ, ਵਾਤਾਵਰਨ ਸੁਰੱਖਿਆ ਅਤੇ ਇਨ੍ਹਾਂ ਅਸਥਾਨਾਂ ਦੇ ਪ੍ਰਬੰਧਨ ਲਈ ਆਪਸੀ ਸਹਿਯੋਗ ਕਰਨਾ ਲਾਜ਼ਮੀ ਹੁੰਦਾ ਹੈ। ਨਨਕਾਣਾ ਸਾਹਿਬ-ਸੁਲਤਾਨਪੁਰ ਲੋਧੀ-ਕਰਤਾਰਪੁਰ-ਡੇਰਾ ਬਾਬਾ ਨਾਨਕ ਦੀ ਇਸ ਵਿਰਾਸਤੀ ਲੜੀ ਨੂੰ ਇਸ ਰੂਪ ਵਿੱਚ ਉਲੀਕਣ ਨਾਲ ਤਿੰਨ ਅਹਿਮ ਰਣਨੀਤਕ ਲਾਭ ਹਾਸਲ ਹੋਣਗੇ:

ਪਹਿਲਾ, ਇਹ ਯਾਤਰਾ ਅਤੇ ਸ਼ਾਂਤਮਈ ਵਣਜ-ਵਪਾਰ ਵਿਚਾਲੇ ਇਤਿਹਾਸਕ ਯੂਰੇਸ਼ੀਅਨ ਸਾਂਝ ਨੂੰ ਮੁੜ ਸੁਰਜੀਤ ਕਰੇਗਾ। ਰੇਸ਼ਮ ਮਾਰਗ (ਸਿਲਕ ਰੋਡ) ਅਤੇ ਜਰਨੈਲੀ ਸੜਕ (ਜੀ ਟੀ ਰੋਡ) ਇਸੇ ਕਰਕੇ ਪ੍ਰਫੁੱਲਿਤ ਹੋਏ ਸਨ ਕਿਉਂਕਿ ਰੂਹਾਨੀ ਮਾਰਗ ਵਪਾਰ, ਪ੍ਰਾਹੁਣਚਾਰੀ ਅਤੇ ਦਸਤਕਾਰੀ ਦੇ ਅਦਾਨ-ਪ੍ਰਦਾਨ ਦੇ ਮੁੱਖ ਮਾਰਗਾਂ ਵਜੋਂ ਵੀ ਕੰਮ ਕਰਦੇ ਸਨ। ਯੂਨੈਸਕੋ ਵੱਲੋਂ ਮਾਨਤਾ ਪ੍ਰਾਪਤ ਇਹ ਵਿਰਾਸਤੀ ਮਾਰਗ ਯੋਜਨਾਬੱਧ ਵਿਰਾਸਤੀ ਸੈਰ-ਸਪਾਟੇ, ਵਿਰਾਸਤੀ ਬਾਜ਼ਾਰਾਂ ਅਤੇ ਖੇਤੀਬਾੜੀ ਤੇ ਦਸਤਕਾਰੀ ਵਸਤਾਂ ਦੇ ਵਟਾਂਦਰੇ ਲਈ ਇੱਕ ਸੰਸਥਾਗਤ ਆਧਾਰ ਤਿਆਰ ਕਰੇਗਾ। ਇਸ ਨਾਲ ਦੋਵਾਂ ਪੰਜਾਬਾਂ ਦੇ ਭਾਈਚਾਰਿਆਂ ਨੂੰ ਲਾਭ ਪੁੱਜੇਗਾ ਅਤੇ ਤਣਾਅਗ੍ਰਸਤ ਸਰਹੱਦੀ ਇਲਾਕੇ ਸਾਂਝੀ ਖ਼ੁਸ਼ਹਾਲੀ ਦੇ ਕੇਂਦਰਾਂ ਵਿੱਚ ਤਬਦੀਲ ਹੋ ਜਾਣਗੇ। ਦੂਜਾ, ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਸਿੰਧੂ ਘਾਟੀ ਲਈ ਖ਼ਤਰਾ ਬਣੇ ਵਾਤਾਵਰਨੀ ਸੰਕਟਾਂ ਨੂੰ ਸਿੱਧੇ ਤੌਰ ’ਤੇ ਮੁਖ਼ਾਤਿਬ ਹੁੰਦਾ ਹੈ। ਜਪੁਜੀ ਸਾਹਿਬ ਦੇ ਅੰਤਿਮ ਸਲੋਕ ਵਿੱਚ ਉਨ੍ਹਾਂ ਨੇ ਫ਼ੁਰਮਾਇਆ ਹੈ: ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥’ (ਅਰਥਾਤ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਵੱਡੀ ਮਾਂ ਦਾ ਦਰਜਾ ਦਿੱਤਾ ਹੈ)। ਅੱਜ ਜਦੋਂ ਉੱਤਰੀ ਭਾਰਤ ਅਤੇ ਪਾਕਿਸਤਾਨ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ, ਬੇਮੌਸਮੀ ਤੇ ਅਨਿਸ਼ਚਿਤ ਮੌਨਸੂਨ ਅਤੇ ਸਰਹੱਦੋਂ ਪਾਰ ਫੈਲਣ ਵਾਲੇ ਹਵਾ ਪ੍ਰਦੂਸ਼ਣ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਜੂਝ ਰਹੇ ਹਨ ਤਾਂ ਅਜਿਹੇ ਵੇਲੇ ਇੱਕ ਸੁਰੱਖਿਅਤ ਸੱਭਿਆਚਾਰਕ ਖਿੱਤੇ ਤਹਿਤ ਕਾਲੀ ਵੇਈਂ ਅਤੇ ਰਾਵੀ ਦਰਿਆ ਦੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ ਰੂਹਾਨੀ ਵਿਰਾਸਤ ਨੂੰ ਮੌਜੂਦਾ ਸਮੇਂ ਦੀ ਲੋੜੀਂਦੀ ਵਾਤਾਵਰਨ ਕੂਟਨੀਤੀ ਨਾਲ ਜੋੜਦਾ ਹੈ।

ਤੀਜਾ, ਐੱਸ ਸੀ ਓ (ਸ਼ੰਘਾਈ ਸਹਿਯੋਗ ਸੰਗਠਨ) ਦਾ ਕੈਲੰਡਰ ਇੱਕ ਦੁਰਲੱਭ ਕੂਟਨੀਤਕ ਮੌਕਾ ਪ੍ਰਦਾਨ ਕਰਦਾ ਹੈ। ਇਸ ਮਹੀਨੇ ਭਾਰਤ ਵੱਲੋਂ ‘ਸੱਭਿਆਚਾਰਕ ਸੰਵਾਦ ਮੰਚ’ ਦੀ ਮੇਜ਼ਬਾਨੀ ਕਰਨ ਅਤੇ ਅਗਲੇ ਸਾਲ ਇਸਲਾਮਾਬਾਦ ਵਿੱਚ ਹੋਣ ਵਾਲੇ ਸਿਖਰ ਸੰਮੇਲਨ ਤੋਂ ਪਹਿਲਾਂ 2026-27 ਲਈ ਪਾਕਿਸਤਾਨ ਕੋਲ ਐੱਸ ਸੀ ਓ ਦੀ ਵਾਰੀ ਸਿਰ ਪ੍ਰਧਾਨਗੀ ਹੋਣ ਸਦਕਾ ਦੋਵੇਂ ਮੁਲਕ ਇਸ ਸਮੂਹ ਦੇ ਸੱਭਿਆਚਾਰਕ ਏਜੰਡੇ ਦੇ ਕੇਂਦਰ ਵਿੱਚ ਹਨ। ਇਸ ਤੋਂ ਇਲਾਵਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਮੱਧ ਏਸ਼ੀਆ ਵਿੱਚੋਂ ਵੀ ਹੋ ਕੇ ਗੁਜ਼ਰੀਆਂ ਸਨ, ਇਸ ਲਈ ਉਜ਼ਬੇਕਿਸਤਾਨ ਅਤੇ ਕਜ਼ਾਖ਼ਸਤਾਨ ਵਰਗੇ ਮੈਂਬਰ ਦੇਸ਼ਾਂ ਦੀਆਂ ਵੀ ਉਨ੍ਹਾਂ ਦੀ ਵਿਰਾਸਤ ਨਾਲ ਇਤਿਹਾਸਕ ਤੰਦਾਂ ਜੁੜੀਆਂ ਹੋਈਆਂ ਹਨ। ਇਹ ਸਾਂਝ ਇਸ ਤਜਵੀਜ਼ ਨੂੰ ਮਹਿਜ਼ ਇੱਕ-ਦੂਜੇ ਨੂੰ ਮਾਤ ਦੇਣ ਵਾਲੀ ਦੁਵੱਲੀ ਬਹਿਸ ਤੱਕ ਸੀਮਤ ਰੱਖਣ ਦੀ ਬਜਾਏ ਅਸਲ ਬਹੁ-ਪੱਖੀ ਸਾਰਥਿਕਤਾ ਪ੍ਰਦਾਨ ਕਰਦੀ ਹੈ। ਸਦੀਆਂ ਪਹਿਲਾਂ ਬਾਬਾ ਨਾਨਕ ਨੇ ਸਰਹੱਦਾਂ ਇਸ ਲਈ ਨਹੀਂ ਸਨ ਪਾਰ ਕੀਤੀਆਂ ਕਿ ਉਹ ਕਿਸੇ ਇਲਾਕੇ ’ਤੇ ਜਿੱਤ ਹਾਸਲ ਕਰਨ ਸਗੋਂ ਉਨ੍ਹਾਂ ਦਾ ਮਕਸਦ ਸੰਵਾਦ (ਗੋਸ਼ਟਿ), ਹੱਕ-ਸੱਚ ਦੀ ਕਿਰਤ ਅਤੇ ਸਾਂਝੀ ਰੋਟੀ (ਪੰਗਤ) ਰਾਹੀਂ ਆਪਸੀ ਵਿਤਕਰਿਆਂ ਤੇ ਭਰਮ-ਭੁਲੇਖਿਆਂ ਨੂੰ ਮਿਟਾਉਣਾ ਸੀ।

Share this content:

Post Comment