Loading Now

ਇਮਾਨਦਾਰੀ

ਇਮਾਨਦਾਰੀ

ਵੇਦਾਂ ਗ੍ਰੰਥਾਂ ਵਿੱਚ ਭਾਰਤ ਨੂੰ ਰਿਸ਼ੀਆਂ, ਮੁਨੀਆਂ, ਪੀਰਾਂ, ਫ਼ਕੀਰਾਂ ਦੀ ਧਰਤ ਆਖਿਆ ਗਿਆ ਹੈ। ਧਾਰਮਿਕ ਸਹਿਣਸ਼ੀਲਤਾ, ਚੰਗਾ ਆਚਰਣ, ਆਪਸੀ ਭਾਈਚਾਰਾ ਇੱਥੋਂ ਦੇ ਗੁਣ ਹਨ। ਸਾਡੀ ਸੰਸਕ੍ਰਿਤੀ ਅਨੁਸਾਰ ਇਮਾਨਦਾਰੀ ਉੱਚੇ ਪਾਏਦਾਨ ’ਤੇ ਸੁਸ਼ੋਭਿਤ ਹੈ ਅਤੇ ਇਸ ਦੀ ਗੁੜ੍ਹਤੀ ਬਚਪਨ ਤੋਂ ਹੀ ਮਿਲਣੀ ਸ਼ੁਰੂ ਹੋ ਜਾਂਦੀ ਹੈ; ਘਰ ਹੋਵੇ ਭਾਵੇਂ ਸਕੂਲ। ਮੈਨੂੰ 1982 ਵਿੱਚ ਬੈਂਕ ਦੀ ਨੌਕਰੀ ਮਿਲੀ। ਹਰੇਕ ਨਵੇਂ ਆਏ ਮੁਲਾਜ਼ਮ ਵਾਂਗ ਮੈਨੂੰ ਵੀ ਸਰਕਾਰੀ ਅੰਕੜੇ ਗੁਪਤ ਰੱਖਣ ਦੀ ਪ੍ਰਤਿੱਗਿਆ ਲੈਣੀ ਪਈ। ਮੈਂ ਬੈਂਕ ਦੀ ‘ਸੀਕਰੇਸੀ ਕਲਾਜ਼’ ਦੇ ਨਾਲ-ਨਾਲ ਆਪਣੇ ਵੱਲੋਂ ਮਨ ਵਿੱਚ ਕਰਮ ਪ੍ਰਤੀ ਸਚਿਆਰਾ ਰਹਿਣ ਦੀ ਸਹੁੰ ਵੀ ਚੁੱਕ ਲਈ ਸੀ। ਸਮਾਂ ਵਧੀਆ ਲੰਘਦਾ ਰਿਹਾ। 1985 ’ਚ ਸਤੰਬਰ ਮਹੀਨੇ ਦੀ ਇੱਕ ਸ਼ਾਮ ਮੈਂ ਤੇ ਸੁਖਮਿੰਦਰ ਸ਼ਹਿਰੋਂ ਕੁਝ ਖ਼ਰੀਦਾਰੀ ਕਰਨ ਲਈ ਪਿੰਡ ਦੇ ਅੱਡੇ ’ਤੇ ਬੱਸ ਦੀ ਉਡੀਕ ਵਿੱਚ ਖੜ੍ਹੇ ਸਾਂ। ਹਲਕੀ ਜਿਹੀ ਕਿਣਮਿਣ ਹੋ ਕੇ ਹਟੀ ਸੀ ਅਤੇ ਮਿੱਟੀ ਦੀ ਸੁਗੰਧ ਹਵਾ ਵਿੱਚ ਘੁਲ਼ੀ ਹੋਈ ਸੀ। ਅਚਾਨਕ ਗੱਲਾਂ ਕਰਦਿਆਂ ਮੇਰੇ ਪੈਰਾਂ ਕੋਲ ਪਿਆ ਪੰਜਾਹ ਰੁਪਏ ਦਾ ਨੋਟ ਦੇਖ ਕੇ ਮੈਂ ਹੈਰਾਨ ਰਹਿ ਗਿਆ। ‘ਸ਼ਾਇਦ ਕਿਸੇ ਯਾਤਰੀ ਦਾ ਡਿੱਗ ਪਿਆ ਹੋਵੇਗਾ।’ ਅਜੇ ਇੱਕ ਮਿੰਟ ਵੀ ਨਹੀਂ ਸੀ ਹੋਇਆ ਕਿ ਸੁਖਮਿੰਦਰ ਨੂੰ ਵੀ ਪੰਜਾਹ ਦਾ ਇੱਕ ਨੋਟ ਧਰਤੀ ’ਤੇ ਪਿਆ ਮਿਲ ਗਿਆ। ਫਿਰ ਅਸੀਂ ਆਲੇ-ਦੁਆਲੇ ਹੋਰ ਨੋਟ ਹੋਣ ਦੀ ਜੰਗੀ ਪੱਧਰ ’ਤੇ ਖੋਜ ਸ਼ੁਰੂ ਕਰ ਦਿੱਤੀ।

ਆਲਾ-ਦੁਆਲਾ ਛਾਣ ਮਾਰਿਆ ਪਰ ਸਭ ਵਿਅਰਥ! ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਨੇੜੇ ਕਪਾਹ ਦੇ ਖੇਤ ਵਿੱਚ ਇੱਕ ਹੋਰ ਨੋਟ ਨਜ਼ਰੀਂ ਪਿਆ- ਉਹ ਵੀ ਪੰਜਾਹ ਦਾ! ਅਸੀਂ ਡਰ ਅਤੇ ਸ਼ੰਕਾ ਦੇ ਮਾਹੌਲ ਵਿੱਚ ਇਸ ਨੂੰ ਕੋਈ ਛਲਾਵਾ ਸਮਝਣ ਲੱਗੇ, ਜਿਵੇਂ ਕਿਸੇ ਨੇ ਮਾਇਆ ਜਾਲ ਵਿਛਾਇਆ ਹੋਵੇ। ਪਰ ਨਜ਼ਰ ਹੋਰ ਨੋਟ ਭਾਲਦੀ ਰਹੀ। ਆਖ਼ਿਰ ਮੇਰੇ ਖਜ਼ਾਨੇ ਵਿੱਚ ਪੰਜਾਹ ਦੇ ਦੋ ਨੋਟਾਂ ਅਤੇ ਸੁਖਮਿੰਦਰ ਕੋਲ ਤਿੰਨ ਨੋਟਾਂ ਦਾ ਇਜ਼ਾਫ਼ਾ ਹੋ ਗਿਆ। ਇਮਾਨਦਾਰੀ ਤੁਣਕਾ ਮਾਰਦੀ ਰਹੀ ਪਰ ਨਾਲ ਹੀ ਇਹ ਖਿਆਲ ਵੀ ਮਨ ਵਿੱਚ ਆਇਆ ਕਿ ਇਹ ਮਾਇਆ ਤਾਂ ਅਚਾਨਕ ਮਿਲੀ ਹੈ। ਕਿਸੇ ਨਾਲ ਬੇਈਮਾਨੀ ਨਹੀਂ ਕੀਤੀ, ਨਾ ਹੀ ਕਿਸੇ ਦਾ ਹੱਕ ਮਾਰਿਆ ਹੈ। ਪਰ ਰਾਤੀਂ ਆਤਮਾ ਜ਼ਰੂਰ ਝੰਜੋੜਦੀ ਰਹੀ। ਅਗਲੀ ਸਵੇਰ ਲੁਧਿਆਣੇ ਡਿਊਟੀ ’ਤੇ ਹਾਜ਼ਰ ਹੋਣਾ ਸੀ। ਸਕੂਟਰ ਉਠਾਇਆ ਤੇ ਮੰਜ਼ਿਲ ਵੱਲ ਚਾਲੇ ਪਾ ਦਿੱਤੇ। ਵੀਹ ਕੁ ਕਿਲੋਮੀਟਰ ਪੈਂਡਾ ਤੈਅ ਕਰਨ ਪਿੱਛੋਂ ਜੇਬ ਵਿੱਚ ਹੱਥ ਮਾਰਿਆ ਤਾਂ ਬਟੂਆ ਗਾਇਬ! ਇੱਕਦਮ ਝਟਕਾ ਜਿਹਾ ਲੱਗਿਆ। ਪਰਸ ਵਿੱਚ ਲੱਭੇ ਹੋਏ ਸੌ ਰੁਪਏ ਅਤੇ ਆਪਣੀ ਤਨਖ਼ਾਹ ਦੇ ਦੋ ਸੌ ਰੁਪਏ ਪਾਏ ਸਨ।

ਪੈਸਿਆਂ ਨਾਲੋਂ ਵੱਧ ਚਿੰਤਾ ਗੁੰਮ ਹੋਏ ਜ਼ਰੂਰੀ ਕਾਗਜ਼ਾਂ ਦੀ ਸੀ- ਖਾਸ ਕਰਕੇ ਇੰਪਰੂਵਮੈਂਟ ਟਰੱਸਟ ਦੇ ਪਲਾਟ ਦੀ ਬੁਕਿੰਗ ਰਸੀਦ ਦੀ, ਜਿਸ ਦਾ ਮੇਰੇ ਕੋਲ ਕੋਈ ਰਿਕਾਰਡ ਵੀ ਨਹੀਂ ਸੀ। ਮਨ ਵਿੱਚ ਫਿਰ ਉਹੀ ਖਿਆਲ ਘੁੰਮਣ ਲੱਗਿਆ ਕਿ ਗ਼ਲਤ ਢੰਗ ਨਾਲ ਆਏ ਪੈਸੇ ਨੇ ਆਪਣਾ ਰੰਗ ਦਿਖਾ ਦਿੱਤਾ। ਫਿਰ ਤੋਂ ਇਮਾਨਦਾਰੀ ਨੇ ਚੇਤਿਆਂ ਵਿੱਚ ਦਸਤਕ ਦਿੱਤੀ। ਕਰੀਬ ਇੱਕ ਦਹਾਕੇ ਪਿੱਛੋਂ ਪਲਾਟਾਂ ਦੇ ਡਰਾਅ ਦੀ ਲਿਸਟ ਅਖ਼ਬਾਰਾਂ ਵਿੱਚ ਨਜ਼ਰੀਂ ਪਈ ਤਾਂ ਆਪਣਾ ਨਾਮ ਦੇਖ ਕੇ ਖ਼ੁਸ਼ੀ ਹੋਈ ਪਰ ਨਾਲ ਹੀ ਗੁੰਮ ਹੋਈ ਰਸੀਦ ਦਾ ਚੇਤਾ ਮਨ ਨੂੰ ਉਦਾਸ ਕਰ ਗਿਆ। ਇੱਕ ਜਾਣਕਾਰ ਪ੍ਰਾਪਰਟੀ ਡੀਲਰ ਦਾ ਪਲਾਟ ਖ਼ਰੀਦਣ ਬਾਰੇ ਫੋਨ ਆਇਆ ਤਾਂ ਮੈਂ ਨਾਂਹ ਕਰ ਦਿੱਤੀ। ਮਸਾਂ ਤਾਂ ਕਿਸਮਤ ਖੁੱਲ੍ਹੀ ਸੀ। ਦੋ-ਚਾਰ ਦਿਨ ਹੀ ਲੰਘੇ ਸਨ ਕਿ ਫਿਰ ਉਸੇ ਡੀਲਰ ਦਾ ਫੋਨ ਆਇਆ ਅਤੇ ਉਸ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਤੁਸੀਂ ਪਲਾਟ ਕਿਸੇ ਹੋਰ ਡੀਲਰ ਰਾਹੀਂ ਕਿਉਂ ‘ਵੇਚ’ ਦਿੱਤਾ। ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਸੋਚਿਆ ਕਿ ਗੁੰਮ ਹੋਈ ਰਸੀਦ ਕਰਕੇ ਇਹ ਭਾਣਾ ਵਾਪਰਿਆ ਹੈ। ਪੈਰਵੀ ਕੀਤੀ ਤਾਂ ਉੱਘ-ਸੁੱਘ ਮਿਲੀ ਕਿ ਮੇਰੇ ਹੀ ਨਾਮ ਵਾਲਾ ਕੋਈ ਸ਼ਖ਼ਸ ਪੇਸ਼ ਕਰਕੇ ਪਲਾਟ ਦਾ ਬਿਆਨਾ ਕਰਵਾਇਆ ਗਿਆ ਸੀ। ਜਾਣਕਾਰ ਡੀਲਰ ਦੀ ਮਦਦ ਨਾਲ ਚੋਰ ਤਾਂ ਫੜਿਆ ਗਿਆ ਅਤੇ ਉਹ ਮੰਨ ਵੀ ਗਿਆ ਕਿ ਉਸ ਨੇ ਨਗਰ ਸੁਧਾਰ ਟਰੱਸਟ ਵਿਚਲੀ ਮੇਰੀ ਫਾਈਲ ਵਿੱਚੋਂ ਸਾਰੀ ਜਾਣਕਾਰੀ ਚੁਰਾ ਲਈ ਸੀ ਪਰ ਗੁੰਮ ਹੋਈ ਰਸੀਦ ਉਸ ਕੋਲ ਵੀ ਨਹੀਂ ਸੀ! ਅੰਤ ਪਰਵਰਦਿਗਾਰ ਦਾ ਸ਼ੁਕਰੀਆ ਅਦਾ ਕੀਤਾ ਕਿ ਠੱਗੀ ਤੋਂ ਬਚਾਅ ਹੋ ਗਿਆ। ਨਾਲ ਹੀ ਇਮਾਨਦਾਰੀ ਦੀ ਗੰਢ ਹੋਰ ਮਜ਼ਬੂਤ ਹੋ ਗਈ ਅਤੇ 36 ਸਾਲ ਦੀ ਸਰਕਾਰੀ ਨੌਕਰੀ ਬੇਦਾਗ਼ ਰਹਿ ਕੇ ਬਿਨਾਂ ਕਿਸੇ ਲਾਲ ਪੈੱਨ ਦੇ ‘ਬਿੰਦੂ’ ਲੱਗਣ ਤੋਂ ਪੂਰੀ ਕਰ ਲਈ।

Share this content:

Post Comment