Loading Now

ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ‘ਚ 15 ਰੁਪਏ ਕੀਤਾ ਵਾਧਾ, ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਨਾਖੁਸ਼

ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ‘ਚ 15 ਰੁਪਏ ਕੀਤਾ ਵਾਧਾ, ਸਰਕਾਰ ਦੇ ਇਸ ਫੈਸਲੇ ਤੋਂ ਕਿਸਾਨ ਨਾਖੁਸ਼

ਚੰਡੀਗੜ੍ਹ, 26 ਨਵੰਬਰ – ਆਮ ਆਦਮੀ ਪਾਰਟੀ ਦੀ ਮੋਗਾ ਵਿੱਚ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਗੰਨੇ ਦੇ ਭਾਅ ਵਿੱਚ 15 ਰੁਪਏ ਦਾ ਵਾਧੇ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ (ਟਵਿੱਟਰ) ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਹਾਲਾਂਕਿ, ਦੂਜੇ ਪਾਸੇ ਕਿਸਾਨਾਂ ਨੂੰ ਇਸ ਐਲਾਨ ਨਾਲ ਨਿਰਾਸ਼ਾ ਪੱਲੇ ਪਈ ਹੈ, ਕਿਸਾਨਾਂ ਨੇ ਇਸ ਨੂੰ ਮਾਮੂਲੀ ਵਾਧਾ ਕਰਾਰ ਦਿੰਦਿਆਂ ਨਕਾਰ ਦਿੱਤਾ ਹੈ।

ਪੰਜਾਬ ‘ਚ 25 ਨਵੰਬਰ ਤੋਂ ਸ਼ੁਰੂ ਹੋਣਗੀਆਂ ਖੰਡ ਮਿੱਲਾਂ

ਮੁੱਖ ਮੰਤਰੀ ਨੇ ਆਪਣੀ ਪੋਸਟ ‘ਚ ਦਾਅਵਾ ਕੀਤਾ ਹੈ ਕਿ ਇਹ ਗੰਨਾ ਕਾਸ਼ਤਕਾਰਾਂ ਲਈ ਵੱਡੀ ਖੁਸ਼ਖਬਰੀ ਹੈ, ਕਿ ਸਰਕਾਰ ਨੇ 2026-27 ਲਈ ਗੰਨੇ ਦੇ ਭਾਅ ਵਿੱਚ 15 ਰੁਪਏ ਦਾ ਵੱਡਾ ਵਾਧਾ ਕਰਕੇ 431 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਜਾਣਕਾਰੀ ਦਿੱਤੀ ਕਿ ਪੰਜਾਬ ‘ਚ ਖੰਡ ਮਿੱਲਾਂ ਵੀ 25 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ। ਮੁੱਖ ਮੰਤਰੀ ਵੱਲੋਂ ਨਾਲ ਹੀ ਇਹ ਵੀ ਦਮਗਜਾ ਮਾਰਿਆ ਗਿਆ ਹੈ ਕਿ ਇਹ 431 ਰੁਪਏ ਕੁਇੰਟਲ ਭਾਅ, ਹਰਿਆਣਾ ‘ਚ ਗੰਨੇ ਦੇ ਭਾਅ 430 ਰੁਪਏ ਪ੍ਰਤੀ ਕੁਇੰਟਲ ਤੋਂ 1 ਰੁਪਇਆ ਵੱਧ ਹੈ।

ਭਗਵੰਤ ਮਾਨ ਸਰਕਾਰ ਨੇ ਭੱਦਾ ਮਜ਼ਾਕ ਕੀਤਾ : ਕਿਸਾਨ ਆਗੂ

ਦੂਜੇ ਪਾਸੇ, ਕਿਸਾਨਾਂ ਨੇ ਮੁੱਖ ਮੰਤਰੀ ਮਾਨ ਵੱਲੋਂ ਐਲਾਨੇ 15 ਰੁਪਏ ਦੇ ਗੰਨੇ ਦੇ ਭਾਅ ਵਿੱਚ ਵਾਧੇ ਨੂੰ ਮਾਮੂਲੀ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਜੰਗਵੀਰ ਸਿੰਘ ਚੌਹਾਨ ਅਤੇ ਕਿਸਾਨ ਆਗੂ ਬਲਵਿੰਦਰ ਸਿੰਘ ਮੱਲੀਨੰਗਲ ਨੇ ਕਿਹਾ ਕਿ 15 ਪੈਸੇ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਗੰਨੇ ਦੇ ਭਾਅ ‘ਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੂੰ ਇਹ ਉਮੀਦ ਸੀ ਪੰਜਾਬ ਸਰਕਾਰ ਦਾ ਇਹ ਚੋਣਾਂ ਕਰਕੇ ਆਖਰੀ ਸਾਲ ਹੈ, ਜਿਸ ਨਾਲ ਉਮੀਦ ਸੀ ਕਿ 500 ਰੁਪਏ ਗੰਨੇ ਦਾ ਰੇਟ ਹੋ ਹੀ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮਹਿੰਗਾਈ ਇੰਨੀ ਵਧ ਗਈ ਹੈ ਕਿ ਖੰਡ 65 ਤੋਂ 70 ਰੁਪਏ ਕਿੱਲੋ ਵਿਕ ਰਹੀ ਹੈ, ਜੋ 45 ਰੁਪਏ ਹੁੰਦੀ ਸੀ ਕਦੇ, ਪਰ ਪੰਜਾਬ ਸਰਕਾਰ ਨੇ ਸਿਰਫ਼ ਤੁੱਛ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਈਥਾਨੌਲ ਤੋਂ ਲੈ ਕੇ ਗੰਨੇ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਵਾਧਾ ਖੱਟ ਰਹੀ ਹੈ, ਪਰ ਕਿਸਾਨਾਂ ਨੂੰ ਸਿਰਫ਼ 15 ਰੁਪਏ ਮਾਮੂਲੀ ਵਾਧਾ ਦਿੱਤਾ ਜਾ ਰਿਹਾ ਹੈ ਅਤੇ ਆਰਥਿਕ ਕੰਗਾਲੀ ਵੱਲ ਧੱਕਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨਾਲ ਇਹ 15 ਰੁਪਏ ਦਾ ਵਾਧਾ ਬਹੁਤ ਹੀ ਭੱਦਾ ਮਜ਼ਾਕ ਕੀਤਾ ਹੈ, ਕਿਉਂਕਿ ਗੰਨੇ ਦੀਆਂ ਲਾਗਤ ਕੀਮਤਾਂ ਨੂੰ ਧਿਆਨ ‘ਚ ਨਹੀਂ ਰੱਖਿਆ ਗਿਆ।

Share this content:

Post Comment