Loading Now

ਇਤਿਹਾਸ ਸਿਰਜਦੇ ਲੋਕ : ਗ੍ਰਾਂਟਾਂ ਅਤੇ ਦਾਨ ਨਾਲ ਬਣਾਇਆ ਹਵਾਬਾਜ਼ੀ ਦਾ ਅਜਾਇਬ ਘਰ

ਇਤਿਹਾਸ ਸਿਰਜਦੇ ਲੋਕ : ਗ੍ਰਾਂਟਾਂ ਅਤੇ ਦਾਨ ਨਾਲ ਬਣਾਇਆ ਹਵਾਬਾਜ਼ੀ ਦਾ ਅਜਾਇਬ ਘਰ

*2.1 ਮਿਲੀਅਨ ਡਾਲਰ ਦੇ ਵਿਸਥਾਰ ਨਾਲ ਐਸ਼ਬਰਟਨ ਏਵੀਏਸ਼ਨ ਮਿਊਜ਼ੀਅਮ ਭਰੇਗਾ ਨਵੀਂ ਉਡਾਣ
*ਭਾਰਤੀ ਹਵਾਈ ਸੈਨਾ ਦੀਆਂ ਯਾਦਾਂ ਮੁੱਖ ਆਕਰਸ਼ਣ
ਔਕਲੈਂਡ, 03 ਅਕਤੂਬਰ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਹਵਾਬਾਜ਼ੀ ਅਜਾਇਬ ਘਰਾਂ ਵਿੱਚੋਂ ਇੱਕ ਦਾ ਵਿਸਤਾਰ ਪੰਜ ਦਹਾਕਿਆਂ ਬਾਅਦ ਪੂਰਾ ਹੋ ਗਿਆ ਹੈ, ਇਹ ਸ਼ਾਨਦਾਰ ਜਗ੍ਹਾ ਔਕਲੈਂਡ ਤੋਂ 864 ਕਿਲੋਮੀਟਰ ਦੂਰ ਅਤੇ ਨੇੜਲੇ ਵੱਡੇ ਸ਼ਹਿਰ ਕ੍ਰਾਈਸਟਚਰਚ ਤੋਂ ਸਿਰਫ 85 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਐਸ਼ਬਰਟਨ ਏਵੀਏਸ਼ਨ ਮਿਊਜ਼ੀਅਮ ਦੀ ਨਵੀਂ ਇਮਾਰਤ ਇਸ ਹਫਤੇ ਦੇ ਅੰਤ ਵਿੱਚ ਅਧਿਕਾਰਤ ਤੌਰ ਉੱਤੇ ਖੁੱਲ੍ਹੇਗੀ ਜਿਸਦਾ ਪ੍ਰੋਜੈਕਟ ਪਹਿਲੀ ਵਾਰ 1970 ਦੇ ਦਹਾਕੇ ਵਿੱਚ ਸੋਚਿਆ ਗਿਆ ਸੀ ਜਦੋਂ ਹਵਾਬਾਜ਼ੀ ਦੇ ਸ਼ੌਕੀਨਾਂ ਦੇ ਇੱਕ ਸਮੂਹ ਨੇ ਦੇਸ਼ ਦੇ ਹਵਾਬਾਜ਼ੀ ਇਤਿਹਾਸ ਨੂੰ ਸੰਭਾਲਣ ਦਾ ਵਿਚਾਰ ਬਣਾਇਆ ਸੀ। ਉਨ੍ਹਾਂ ਵਿੱਚ ਵਲੰਟੀਅਰ ਅਲਿਸਟੇਅਰ ਪਰਕਿਨਸ ਵੀ ਸ਼ਾਮਲ ਸਨ ਜਿਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਕਿਸੇ ਨੇ ਨਹੀਂ ਸੋਚਿਆ ਸੀ ਕਿ ਇਹ ਇੰਨਾ ਵੱਡਾ ਬਣ ਜਾਵੇਗਾ। ਇਹ ਅਜਾਇਬ ਘਰ 90 ਦੇ ਦਹਾਕੇ ਤੋਂ ਲੋਕਾਂ ਲਈ ਖੁੱਲ੍ਹਾ ਸੀ ਪਰ ਇਸਨੂੰ ਵੱਡਾ ਕਰਨ ਦੀਆਂ ਯੋਜਨਾਵਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ। ਇਮਾਰਤ ਕਮੇਟੀ ਦੇ ਚੇਅਰਮੈਨ ਓਵੇਨ ਮੂਰ ਨੇ ਦੱਸਿਆ ਕਿ ਇਸ ਨਵੇਂ ਵਿਸਤਾਰ ਉੱਤੇ 2.1 ਮਿਲੀਅਨ ਡਾਲਰ ਦਾ ਖਰਚਾ ਆਇਆ ਹੈ ਜੋ ਮਿਡ ਕੈਂਟਰਬਰੀ ਭਾਈਚਾਰੇ ਦੀਆਂ ਗ੍ਰਾਂਟਾਂ ਅਤੇ ਦਾਨ ਰਾਹੀਂ ਇਕੱਠਾ ਕੀਤਾ ਗਿਆ ਹੈ। ਐਸ਼ਬਰਟਨ ਹਵਾਈ ਅੱਡੇ ਦਾ ਆਪਣਾ ਇੱਕ ਅਮੀਰ ਇਤਿਹਾਸ ਹੈ ਕਿਉਂਕਿ ਦੂਜੇ ਵਿਸ਼ਵ ਯੁੱਧ ਦੇ ਦਿਨਾਂ ਵਿੱਚ ਇਹ ਇੱਕ ਸਿਖਲਾਈ ਮੈਦਾਨ ਸੀ ਜਿੱਥੇ ਨੌਜਵਾਨ ਕੀਵੀਆਂ ਨੂੰ ਟਾਈਗਰ ਮੋਥਸ ਜਹਾਜ਼ ਉਡਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ।

ਅਜਾਇਬ ਘਰ ਵਿੱਚ ਮੌਜੂਦ ਜਹਾਜ਼ ਅਤੇ ਉਨ੍ਹਾਂ ਦਾ ਇਤਿਹਾਸ: ਇਸ ਪੂਰੇ ਹੋਏ ਅਜਾਇਬ ਘਰ ਵਿੱਚ ਹੁਣ 50 ਤੋਂ ਵੱਧ ਜਹਾਜ਼, ਕਾਕਪਿਟਸ, ਕੰਟਰੋਲ ਟਾਵਰ ਅਤੇ ਹਵਾਬਾਜ਼ੀ ਇਤਿਹਾਸ ਦੀਆਂ ਹੋਰ ਚੀਜ਼ਾਂ ਰੱਖੀਆਂ ਗਈਆਂ ਹਨ। ਇਸਦੀ ਸਭ ਤੋਂ ਵੱਡੀ ਖਿੱਚ ਇੱਕ ਪੁਰਾਣਾ ਬ੍ਰਿਟਿਸ਼ ਰਾਇਲ ਏਅਰ ਫੋਰਸ ਹੈਰੀਅਰ ਜੰਪ ਜੈੱਟ ਹੈ ਜੋ 1960 ਦੇ ਦਹਾਕੇ ਵਿੱਚ ਬ੍ਰਿਟਿਸ਼ ਏਅਰੋਸਪੇਸ ਦੁਆਰਾ ਬਣਾਇਆ ਗਿਆ ਸੀ ਅਤੇ ਦੱਖਣੀ ਗੋਲਾਰਧ ਵਿੱਚ ਇਹ ਇੱਕੋ-ਇੱਕ ਹੈ। ਇੱਥੇ ਡੀ ਹੈਵੀਲੈਂਡ ਵੈਂਪਾਇਰ ਐਫਬੀ 5 ਅਤੇ ਟੀ 11 ਮੌਜੂਦ ਹਨ ਜੋ 1940 ਦੇ ਦਹਾਕੇ ਵਿੱਚ ਡੀ ਹੈਵੀਲੈਂਡ ਕੰਪਨੀ ਦੁਆਰਾ ਬਣਾਏ ਗਏ ਸਨ ਅਤੇ ਇਹ ਬਰਤਾਨੀਆ ਦਾ ਪਹਿਲਾ ਜੈੱਟ ਲੜਾਕੂ ਜਹਾਜ਼ ਸੀ। ਗਲੋਸਟਰ ਮੀਟੀਓਰ ਐਫ 3 ਜੋ 1940 ਦੇ ਦਹਾਕੇ ਵਿੱਚ ਗਲੋਸਟਰ ਏਅਰਕ੍ਰਾਫਟ ਕੰਪਨੀ ਨੇ ਬਣਾਇਆ ਸੀ, ਦੂਜੇ ਵਿਸ਼ਵ ਯੁੱਧ ਦੌਰਾਨ ਮਿੱਤਰ ਦੇਸ਼ਾਂ ਦਾ ਇੱਕੋ-ਇੱਕ ਕਾਰਜਸ਼ੀਲ ਜੈੱਟ ਸੀ। ਇਸ ਤੋਂ ਇਲਾਵਾ ਇੱਥੇ 1930 ਦੇ ਦਹਾਕੇ ਦਾ ਡਗਲਸ ਡੀਸੀ 3 ਜਾਂ ਸੀ 47 ਮੌਜੂਦ ਹੈ ਜਿਸਨੇ ਆਵਾਜਾਈ ਵਿੱਚ ਕ੍ਰਾਂਤੀ ਲਿਆਂਦੀ ਸੀ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਵੱਡਾ ਯੋਗਦਾਨ ਪਾਇਆ। ਇੱਥੇ 1950 ਦੇ ਦਹਾਕੇ ਦਾ ਮਿਕੋਯਾਨ-ਗੁਰੇਵਿਚ ਮਿਗ 17 ਐਫ ਵੀ ਹੈ ਜੋ ਸੋਵੀਅਤ ਯੂਨੀਅਨ ਵੱਲੋਂ ਬਣਾਇਆ ਗਿਆ ਸੀ ਅਤੇ ਵੀਅਤਨਾਮ ਯੁੱਧ ਵਿੱਚ ਵਰਤਿਆ ਗਿਆ ਸੀ। ਖੇਤੀਬਾੜੀ ਲਈ ਵਰਤਿਆ ਜਾਣ ਵਾਲਾ 1960 ਦੇ ਦਹਾਕੇ ਦਾ ਜ਼ਲਿਨ ਜੈੱਡ 37 ਟੀ ਅਤੇ 1950 ਦੇ ਦਹਾਕੇ ਦਾ ਮਸ਼ਹੂਰ ਬੈੱਲ 47 ਜੀ ਹੈਲੀਕਾਪਟਰ ਵੀ ਇਸ ਸੰਗ੍ਰਹਿ ਦਾ ਹਿੱਸਾ ਹਨ। ਸਿਖਲਾਈ ਲਈ ਵਰਤੇ ਜਾਣ ਵਾਲੇ ਬ੍ਰਿਟਿਸ਼ ਜਹਾਜ਼ ਪਰਸੀਵਲ ਪ੍ਰੋਕਟਰ ਅਤੇ ਪ੍ਰੋਵੋਸਟ ਵੀ ਇੱਥੇ ਸ਼ੋਭਾ ਵਧਾ ਰਹੇ ਹਨ ਅਤੇ ਓਵੇਨ ਮੂਰ ਨੇ ਦੱਸਿਆ ਕਿ ਜਦੋਂ ਅੰਗਰੇਜ਼ ਲੋਕ ਇੱਥੇ ਆਉਂਦੇ ਹਨ ਤਾਂ ਉਹ ਹੈਰਾਨ ਹੋ ਕੇ ਪੁੱਛਦੇ ਹਨ ਕਿ ਤੁਸੀਂ ਇਹ ਕਿੱਥੋਂ ਲਿਆਉਂਦਾ ਹੈ।

ਭਾਰਤੀ ਹਵਾਈ ਸੈਨਾ ਦਾ ਇਥੇ ਰੱਖੇ ਗਏ ਜਹਾਜ਼ਾਂ ਦੀ ਸ਼੍ਰੇਣੀ ਨਾਲ ਜੁੜਦਾ ਸਬੰਧ: ਇਸ ਅਜਾਇਬ ਘਰ ਵਿੱਚ ਰੱਖੇ ਗਏ ਕਈ ਜਹਾਜ਼ਾਂ ਦੀ ਸ਼੍ਰੇੇਣੀ ਦਾ ਭਾਰਤ ਦੇ ਫੌਜੀ ਇਤਿਹਾਸ ਨਾਲ ਬਹੁਤ ਡੂੰਘਾ ਅਤੇ ਮਾਣਮੱਤਾ ਰਿਸ਼ਤਾ ਹੈ ਜਿਸ ਕਰਕੇ ਇਹ ਸਥਾਨ ਭਾਰਤੀ ਭਾਈਚਾਰੇ ਲਈ ਹੋਰ ਵੀ ਖਾਸ ਬਣ ਜਾਂਦਾ ਹੈ। ਇਹ ਗੱਲ ਭਾਵੇਂ ਸਪਸ਼ਟ ਹੈ ਕਿ ਐਸ਼ਬਰਟਨ ਏਵੀਏਸ਼ਨ ਮਿਊਜ਼ੀਅਮ ਵਿੱਚ ਮੌਜੂਦ ਕੋਈ ਵੀ ਜਹਾਜ਼ ਸਿੱਧੇ ਤੌਰ ਉੱਤੇ ਭਾਰਤ ਤੋਂ ਨਹੀਂ ਆਇਆ ਹੈ ਅਤੇ ਨਾ ਹੀ ਇੱਥੇ ਰੱਖਿਆ ਕੋਈ ਖਾਸ ਜਹਾਜ਼ ਕਦੇ ਭਾਰਤ ਵਿੱਚ ਉੱਡਿਆ ਹੈ। ਪਰ ਹਾਂ, ਇਸ ਅਜਾਇਬ ਘਰ ਵਿੱਚ ਮੌਜੂਦ ਕਈ ਜਹਾਜ਼ਾਂ ਦੇ ਬਿਲਕੁਲ ਉਹੀ ਮਾਡਲ ਭਾਰਤੀ ਹਵਾਈ ਸੈਨਾ ਵੱਲੋਂ ਵੱਡੇ ਪੱਧਰ ਉੱਤੇ ਵਰਤੇ ਗਏ ਸਨ, ਜਿਸ ਨਾਲ ਭਾਰਤੀ ਹਵਾਬਾਜ਼ੀ ਦੇ ਇਤਿਾਹਾਸ ਨਾਲ ਸਾਂਝ ਉਤਪੰਨ ਕੀਤੀ ਜਾ ਸਕਦੀ ਹੈ। ਇਸ ਲਈ ਭਾਰਤੀਆਂ ਲਈ ਇਹ ਮਾਡਲ ਭਾਰਤ ਦੇ ਫੌਜੀ ਤੇ ਹਵਾਬਾਜ਼ੀ ਇਤਿਹਾਸ ਨਾਲ ਡੂੰਘਾਈ ਨਾਲ ਜੁੜੇ ਹੋਏ ਪ੍ਰਤੀਤ ਹੋਣਗੇ। ਡੀ ਹੈਵੀਲੈਂਡ ਵੈਂਪਾਇਰ ਜਹਾਜ਼ ਉਹੀ ਮਾਡਲ ਹੈ ਜਿਸਨੇ 1949 ਵਿੱਚ ਭਾਰਤੀ ਹਵਾਈ ਸੈਨਾ ਦੇ ਪਹਿਲੇ ਜੈੱਟ ਲੜਾਕੂ ਜਹਾਜ਼ ਵਜੋਂ ਉਡਾਣ ਭਰੀ ਸੀ ਜਿਸਨੂੰ ਏਅਰ ਚੀਫ ਮਾਰਸ਼ਲ ਸੁਬਰੋਤੋ ਮੁਖਰਜੀ ਅਤੇ ਮਾਰਸ਼ਲ ਆਫ਼ ਦ ਏਅਰ ਫੋਰਸ ਸ. ਅਰਜਨ ਸਿੰਘ ਵਰਗੇ ਮਹਾਨ ਪਾਇਲਟਾਂ ਨੇ ਉਡਾਇਆ ਸੀ। ਸ. ਅਰਜਨ ਸਿੰਘ ਪਹਿਲੇ ਅਜਿਹੇ ਅਧਿਕਾਰੀ ਸਨ ਜਿਨ੍ਹਾਂ ਨੇ ਸੀਏਐਸ (31S) ਬਣਨ ਤੱਕ ਆਪਣਾ ਫਲਾਇੰਗ ਰੈਂਕ ਬਰਕਰਾਰ ਰੱਖਿਆ ਸੀ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੇ ਸਮੇਂ ਦੇ ਬਾਈਪਲੇਨਾਂ ਤੋਂ ਲੈ ਕੇ ਫੋਲੈਂਡ ਨੈਟਸ ਅਤੇ ਡੀ ਹੈਵੀਲੈਂਡ ਵੈਂਪਾਇਰਸ ਤੱਕ 60 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਜਹਾਜ਼ ਉਡਾਏ ਸਨ। ਉਨ੍ਹਾਂ ਨੇ ਲਾਕਹੀਡ ਐਲ-1049 ਸੁਪਰ ਕੰਸਟੈਲੇਸ਼ਨ ਵਰਗੇ ਟਰਾਂਸਪੋਰਟ ਜਹਾਜ਼ ਵੀ ਉਡਾਏ ਸਨ। ਉਹ ਹਮੇਸ਼ਾ ਸਰਗਰਮ ਰਹੇ ਅਤੇ ਉਨ੍ਹਾਂ ਨੇ ਹਵਾਈ ਸੈਨਾ ਦੇ ਸਾਬਕਾ ਫੌਜੀਆਂ ਦੀ ਭਲਾਈ ਲਈ ਕੰਮ ਕੀਤਾ, ਜਿਸਦੇ ਲਈ ਉਨ੍ਹਾਂ ਨੇ ਇੱਕ ਟਰੱਸਟ ਸਥਾਪਤ ਕਰਨ ਵਾਸਤੇ ਆਪਣੀ ਨਿੱਜੀ ਜਾਇਦਾਦ ਵਿੱਚੋਂ ਦੋ ਕਰੋੜ (20 ਮਿਲੀਅਨ) ਰੁਪਏ ਦਾ ਯੋਗਦਾਨ ਪਾਇਆ। ਉਨ੍ਹਾਂ ਨੂੰ ਇਸ ਸੈਨਾ ਵਿੱਚ ਇੱਕ ਪਿਤਾ-ਸਮਾਨ ਸ਼ਖਸੀਅਤ ਵਜੋਂ ਮੰਨਿਆ ਜਾਂਦਾ ਸੀ।

ਅਜਾਇਬ ਘਰ ਵਿੱਚ ਹਾਕਰ ਹੰਟਰ ਜਹਾਜ਼ ਦਾ ਕਾਕਪਿਟ ਵੀ ਮੌਜੂਦ ਹੈ। ਹਾਕਰ ਹੰਟਰ ਉਹੀ ਮਸ਼ਹੂਰ ਜਹਾਜ਼ ਹੈ ਜਿਸਨੇ 1965 ਅਤੇ 1971 ਦੀਆਂ ਭਾਰਤ-ਪਾਕਿਸਤਾਨ ਜੰਗਾਂ ਵਿੱਚ, ਖਾਸ ਕਰਕੇ ਲੌਂਗੇਵਾਲਾ ਦੀ ਲੜਾਈ ਵਿੱਚ ਭਾਰਤੀ ਹਵਾਈ ਸੈਨਾ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕੀਤਾ ਸੀ ਅਤੇ ਇਸਨੂੰ ਵਿੰਗ ਕਮਾਂਡਰ ਡੋਨਾਲਡ ਲਾਜ਼ਰਸ, ਫਲਾਈਟ ਲੈਫਟੀਨੈਂਟ ਆਰ.ਸੀ. ਗੋਸਾਈਂ, ਅਤੇ ਵਿੰਗ ਕਮਾਂਡਰ ਡਬਲਯੂ. ਐਮ. ਗੁੱਡਮੈਨ ਵਰਗੇ ਬਹਾਦਰਾਂ ਨੇ ਉਡਾਇਆ ਸੀ। ਇਸ ਤੋਂ ਇਲਾਵਾ ਇੱਥੇ ਕੈਨਬਰਾ ਬੰਬਰ ਦਾ ਕਾਕਪਿਟ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ ਜਿਸਨੂੰ ਵਿੰਗ ਕਮਾਂਡਰ ਜਗ ਮੋਹਨ ਨਾਥ ਵਰਗੇ ਮਹਾਂਵੀਰ ਚੱਕਰ ਜੇਤੂ ਪਾਇਲਟਾਂ ਨੇ ਉਡਾਇਆ ਸੀ। ਇੱਥੇ ਮੌਜੂਦ ਟਾਈਗਰ ਮੋਥਸ ਅਤੇ ਹਾਰਵਰਡ ਜਹਾਜ਼ਾਂ ਨੇ ਵੀ ਸ਼ੁਰੂਆਤੀ ਦੌਰ ਵਿੱਚ ਭਾਰਤੀ ਪਾਇਲਟਾਂ, ਜਿਵੇਂ ਕਿ ਏਅਰ ਚੀਫ ਮਾਰਸ਼ਲ ਪੀ.ਸੀ. ਲਾਲ ਨੂੰ ਉਡਾਣ ਦੀ ਸਿਖਲਾਈ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਅਜਾਇਬ ਘਰ ਦੀ ਸਭ ਤੋਂ ਵੱਡੀ ਖਿੱਚ ਹੈਰੀਅਰ ਜੰਪ ਜੈੱਟ ਵੀ ਭਾਰਤੀ ਇਤਿਹਾਸ ਨਾਲ ਜੁੜਦਾ ਹੈ ਕਿਉਂਕਿ ਭਾਰਤੀ ਜਲ ਸੈਨਾ ਨੇ ਲੰਮਾ ਸਮਾਂ ਸੀ ਹੈਰੀਅਰ ਵਰਤੇ ਜਿਨ੍ਹਾਂ ਨੂੰ ਐਡਮਿਰਲ ਅਰੁਣ ਪ੍ਰਕਾਸ਼ ਵਰਗੇ ਅਫਸਰਾਂ ਨੇ ਉਡਾਇਆ ਸੀ। ਦੂਜੇ ਅਜਾਇਬ ਘਰਾਂ ਵਾਂਗ ਇੱਥੇ ਜਹਾਜ਼ਾਂ ਅਤੇ ਪ੍ਰਦਰਸ਼ਨੀਆਂ ਨੂੰ ਰੱਸੀਆਂ ਪਿੱਛੇ ਨਹੀਂ ਰੱਖਿਆ ਗਿਆ ਹੈ ਜਿਸ ਨਾਲ ਸੈਲਾਨੀ ਇਨ੍ਹਾਂ ਇਤਿਹਾਸਕ ਜਹਾਜ਼ਾਂ ਦੇ ਬਿਲਕੁਲ ਨੇੜੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਛੂਹ ਸਕਦੇ ਹਨ। ਸੈਲਾਨੀ ਅਜਾਇਬ ਘਰ ਦੇ ਇੰਟਰਐਕਟਿਵ ਪ੍ਰਦਰਸ਼ਨਾਂ ਵਿੱਚੋਂ ਇੱਕ ਏਟੀਆਰ 72 ਸਿਮੂਲੇਟਰ ਨਾਲ ਉਡਾਣ ਭਰਨ ਦਾ ਆਪਣਾ ਹੱਥ ਵੀ ਅਜ਼ਮਾ ਸਕਦੇ ਹਨ ਅਤੇ ਨਵੀਂ ਇਮਾਰਤ ਇਸ ਹਫਤੇ ਦੇ ਅੰਤ ਵਿੱਚ ਲੋਕਾਂ ਲਈ ਅਧਿਕਾਰਤ ਤੌਰ ਉੱਤੇ ਖੁੱਲ੍ਹ ਜਾਵੇਗੀ। ਸੋ ਇਤਿਹਾਸਕ ਜਹਾਜ਼ਾਂ ਦਾ ਲਓ ਨਜ਼ਾਰਾ, ਤਾਂ ਕਿ ਭਾਰਤੀ ਹਵਾਈ ਸੈਨਾ ਦੇ ਮਹਾਨ ਪਾਇਲਟਾਂ ਦਾ ਇਤਿਹਾਸ ਲੱਗੇ ਬੜਾ ਪਿਆਰਾ!

Share this content:

Post Comment