Loading Now

ਇਤਿਹਾਸ ਨੇ ਕੀਤਾ ਇਨਸਾਫ਼

ਇਤਿਹਾਸ ਨੇ ਕੀਤਾ ਇਨਸਾਫ਼

ਰਾਜਨੀਤੀ ਦਾ ਬਾਜ਼ਾਰ ਵੱਡਾ ਅਜੀਬ ਹੁੰਦਾ ਹੈ। ਇੱਥੇ ਕਈ ਵਾਰ ਕੱਚ ਦੇ ਮੋਤੀ ਹੀਰੇ ਬਣ ਕੇ ਵਿਕ ਜਾਂਦੇ ਹਨ ਤੇ ਅਸਲ ਹੀਰੇ ਧੂੜ ਫੱਕਦੇ ਰਹਿ ਜਾਂਦੇ ਹਨ ਪਰ ਸਮੇਂ ਦੀ ਇਕ ਖ਼ੂਬੀ ਹੈ, ਉਹ ਕਿਸੇ ਦਾ ਉਧਾਰ ਨਹੀਂ ਰੱਖਦਾ। ਉਹ ਦੇਰ ਕਰ ਸਕਦਾ ਹੈ, ਹਨੇਰਾ ਲੰਮਾ ਕਰ ਸਕਦਾ ਹੈ ਪਰ ਜਦੋਂ ਫ਼ੈਸਲਾ ਸੁਣਾਉਂਦਾ ਹੈ ਤਾਂ ਫਿਰ ਸ਼ੋਰ ਨਹੀਂ, ਸੱਚ ਬੋਲਦਾ ਹੈ। ਡਾ. ਮਨਮੋਹਨ ਸਿੰਘ ਨੇ ਆਪਣੇ ਜੀਵਨ ਦੇ ਸਭ ਤੋਂ ਔਖੇ ਦਿਨਾਂ ’ਚ ਕਿਹਾ ਸੀ, ‘ਇਤਿਹਾਸ ਮੇਰੇ ਨਾਲ ਇਨਸਾਫ਼ ਕਰੇਗਾ।’ ਉਸ ਵੇਲੇ ਇਹ ਗੱਲ ਬਹੁਤਿਆਂ ਨੂੰ ਇਕ ਬੇਵੱਸ ਇਨਸਾਨ ਦੀ ਦਿਲਾਸੇ ਵਾਲੀ ਗੱਲ ਲੱਗੀ ਸੀ। ਅੱਜ, ਜਦੋਂ ਸੁਪਰੀਮ ਕੋਰਟ ਨੇ ਕੋਲਾ ਅਲਾਟਮੈਂਟ ਮਾਮਲੇ ’ਚ ਉਨ੍ਹਾਂ ਦਾ ਨਾਂ ਸਾਫ਼ ਕਰ ਦਿੱਤਾ ਹੈ, ਤਾਂ ਲੱਗਦਾ ਹੈ ਕਿ ਇਤਿਹਾਸ ਨੇ ਸੱਚਮੁੱਚ ਉਨ੍ਹਾਂ ਨਾਲ ਇਨਸਾਫ਼ ਕਰ ਦਿੱਤਾ ਹੈ। ਡਾ. ਮਨਮੋਹਨ ਸਿੰਘ ਉਨ੍ਹਾਂ ਸਿਆਸਤਦਾਨਾਂ ’ਚੋਂ ਨਹੀਂ ਸਨ, ਜੋ ਹਰ ਰੋਜ਼ ਛਾਤੀ ਠੋਕ ਕੇ ਆਪਣੀ ਵਡਿਆਈ ਦੇ ਢੋਲ ਵਜਾਉਂਦੇ ਹਨ।

ਉਹ ਤਾਂ ਭਰੇ ਘੜੇ ਵਾਂਗ ਸਨ, ਜੋ ਛਲਕਦਾ ਨਹੀਂ ਪਰ ਤ੍ਰੇਹ ਬੁਝਾ ਦਿੰਦਾ ਹੈ। ਉਨ੍ਹਾਂ ਦੀ ਸਿਆਸਤ ਦੀ ਆਵਾਜ਼ ਸਪੀਕਰਾਂ ’ਚ ਨਹੀਂ, ਕੰਮਾਂ ’ਚੋਂ ਸੁਣਾਈ ਦਿੰਦੀ ਸੀ। ਉਨ੍ਹਾਂ ਨੇ ਕਦੇ ਸ਼ਬਦਾਂ ਨਾਲ ਧੂੰਆਂ ਨਹੀਂ ਕੀਤਾ; ਅੰਕੜਿਆਂ ਅਤੇ ਨੀਤੀਆਂ ਨਾਲ ਦੇਸ਼ ਦੀ ਤਸਵੀਰ ਬਦਲਣ ਦੀ ਕੋਸ਼ਿਸ਼ ਕੀਤੀ। ਇਹ ਵੀ ਸਾਡੇ ਲੋਕਤੰਤਰ ਦੀ ਵਿਡੰਬਨਾ ਹੀ ਹੈ ਕਿ ਜਿਹੜਾ ਇਨਸਾਨ ਆਪਣੀ ਨਿੱਜੀ ਇਮਾਨਦਾਰੀ ਲਈ ਦੁਨੀਆ ਭਰ ’ਚ ਮਿਸਾਲ ਮੰਨਿਆ ਜਾਂਦਾ ਸੀ, ਉਸ ਨੂੰ ਸਾਲਾਂ ਤੱਕ ਸ਼ੱਕ ਦੀ ਸੂਈ ’ਤੇ ਟੰਗੀ ਰੱਖਿਆ ਗਿਆ। ਰਾਜਨੀਤਿਕ ਗਰਮੀ ’ਚ ਇਲਜ਼ਾਮਾਂ ਦੀਆਂ ਇੱਟਾਂ ਤਾਂ ਬਹੁਤ ਸੁੱਟੀਆਂ ਗਈਆਂ ਪਰ ਅੱਜ ਸੱਚ ਨੇ ਇੱਕ-ਇੱਕ ਇੱਟ ਦਾ ਜਵਾਬ ਦੇ ਦਿੱਤਾ ਹੈ। ਝੂਠ ਦੀ ਦੌੜ ਭਾਵੇਂ ਤੇਜ਼ ਹੋਵੇ, ਮੰਜ਼ਿਲ ’ਤੇ ਪਹਿਲਾਂ ਸੱਚ ਹੀ ਪਹੁੰਚਦਾ ਹੈ। ਪੰਜਾਬ ਲਈ ਡਾ. ਮਨਮੋਹਨ ਸਿੰਘ ਦਾ ਦਹਾਕਾ ਸਿਰਫ਼ ਇਸ ਲਈ ਮਾਣ ਵਾਲਾ ਨਹੀਂ ਕਿ ਉਹ ਇਸ ਮਿੱਟੀ ਦੇ ਪੁੱਤਰ ਸਨ। ਮਾਣ ਇਸ ਗੱਲ ਦਾ ਹੈ ਕਿ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ’ਤੇ ਬੈਠ ਕੇ ਵੀ ਉਨ੍ਹਾਂ ਦੇ ਸਿਰ ਦਾ ਤਾਜ ਕਦੇ ਸਿਰ ’ਤੇ ਨਹੀਂ ਚੜ੍ਹਿਆ। ਨਿਮਰਤਾ ਉਨ੍ਹਾਂ ਦੀ ਪਛਾਣ ਰਹੀ। ਉਨ੍ਹਾਂ ਨੇ ਪੰਜਾਬ ਨੂੰ ਕਦੇ ਨਾਅਰਿਆਂ ਨਾਲ ਨਹੀਂ, ਸਗੋਂ ਯੋਜਨਾਵਾਂ, ਸੰਸਥਾਵਾਂ ਅਤੇ ਵਿਕਾਸ ਦੀ ਸੋਚ ਨਾਲ ਜੋੜਿਆ।

ਮੋਹਾਲੀ ਨੂੰ ਨਾਲੇਜ ਸਿਟੀ ਵਜੋਂ ਸਥਾਪਤ ਕਰਨ, ਰੋਪੜ ’ਚ ਆਈਆਈਟੀ ਵਰਗੇ ਸੰਸਥਾਨ ਤੇ ਮਾਲਵੇ ’ਚ 2500 ਕਰੋੜ ਦਾ ਸੇਮ ਖ਼ਤਮ ਕਰਨ ਅਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਵਰਗੇ ਪ੍ਰਾਜੈਕਟਾਂ ਲਈ ਉਹ ਹਮੇਸ਼ਾ ਯਾਦ ਕੀਤੇ ਜਾਣਗੇ। ਅੱਜ ਵੀ ਪੰਜਾਬ ਦਾ ਪੜ੍ਹਿਆ-ਲਿਖਿਆ ਵਰਗ ਉਨ੍ਹਾਂ ਨੂੰ ਸਿਰਫ਼ ਇਕ ਪ੍ਰਧਾਨ ਮੰਤਰੀ ਨਹੀਂ, ਸਗੋਂ ਗਿਆਨ, ਸੰਯਮ ਅਤੇ ਸਲੀਕੇ ਦੀ ਮਿਸਾਲ ਵਜੋਂ ਯਾਦ ਕਰਦਾ ਹੈ। ਸਿਆਸਤ ’ਚ ਅਕਸਰ ਉੱਚੀ ਆਵਾਜ਼ ਨੂੰ ਤਾਕਤ ਸਮਝ ਲਿਆ ਜਾਂਦਾ ਹੈ। ਡਾ. ਮਨਮੋਹਨ ਸਿੰਘ ਨੇ ਸਾਬਤ ਕੀਤਾ ਕਿ ਦਰਿਆ ਕਦੇ ਰੌਲਾ ਨਹੀਂ ਪਾਉਂਦੇ, ਰੌਲਾ ਤਾਂ ਨਾਲੇ ਪਾਉਂਦੇ ਹਨ। ਉਹ ਘੱਟ ਬੋਲਦੇ ਸਨ ਪਰ ਜਦੋਂ ਬੋਲਦੇ ਸਨ ਤਾਂ ਸ਼ਬਦਾਂ ’ਚ ਵਜ਼ਨ ਹੁੰਦਾ ਸੀ। ਉਨ੍ਹਾਂ ਦੀ ਚੁੱਪ ਨੂੰ ਕਈਆਂ ਨੇ ਕਮਜ਼ੋਰੀ ਸਮਝਿਆ, ਪਰ ਸਮੇਂ ਨੇ ਦੱਸ ਦਿੱਤਾ ਕਿ ਉਹ ਚੁੱਪ ਇਕ ਸੰਤੁਲਿਤ ਮਨ ਅਤੇ ਸੰਜੀਦਾ ਸ਼ਖ਼ਸੀਅਤ ਦੀ ਨਿਸ਼ਾਨੀ ਸੀ। ਅੱਜ ਦਾ ਫ਼ੈਸਲਾ ਸਿਰਫ਼ ਇਕ ਕਾਨੂੰਨੀ ਕਾਰਵਾਈ ਦਾ ਅੰਤ ਨਹੀਂ। ਇਹ ਉਸ ਸਿਆਸਤ ਲਈ ਵੀ ਆਇਨਾ ਹੈ, ਜੋ ਕਈ ਵਾਰ ਦੋਸ਼ਾਂ ਨੂੰ ਹੀ ਫ਼ੈਸਲਾ ਮੰਨ ਬੈਠਦੀ ਹੈ। ਡਾ. ਮਨਮੋਹਨ ਸਿੰਘ ਅੱਜ ਇਸ ਦੁਨੀਆ ’ਚ ਨਹੀਂ ਹਨ ਪਰ ਉਨ੍ਹਾਂ ਦੇ ਉਹ ਸ਼ਬਦ ਹਵਾ ’ਚ ਅਜੇ ਵੀ ਗੂੰਜਦੇ ਹਨ- ਕਿ ਮੇਰੇ ਨਾਲ ਇਤਿਹਾਤ ਇਨਸਾਫ਼ ਕਰੇਗਾ। ਅੱਜ ਲੱਗਦਾ ਹੈ ਕਿ ਇਤਿਹਾਸ ਨੇ ਸਿਰਫ਼ ਇਨਸਾਫ ਹੀ ਨਹੀਂ ਕੀਤਾ, ਸਗੋਂ ਦੇਰ ਨਾਲ ਸਹੀ, ਉਨ੍ਹਾਂ ਦੀ ਸ਼ਖ਼ਸੀਅਤ ’ਤੇ ਪਈ ਧੂੜ ਵੀ ਝਾੜ ਦਿੱਤੀ ਹੈ। ਕੁਝ ਲੋਕ ਆਪਣੇ ਸਮੇਂ ਦੇ ਨਹੀਂ ਹੁੰਦੇ; ਉਹ ਇਤਿਹਾਸ ਦੇ ਹੁੰਦੇ ਹਨ। ਡਾ. ਮਨਮੋਹਨ ਸਿੰਘ ਅਜਿਹੇ ਹੀ ਲੋਕਾਂ ਵਿੱਚੋਂ ਇਕ ਸਨ।

Share this content:

Post Comment