ਆਂਧਰਾ ਪ੍ਰਦੇਸ਼ ਦੇ ਸਕੂਲ ’ਚ ਖ਼ੌਫ਼ਨਾਕ ਵਾਰਦਾਤ, 10ਵੀਂ ਦੀ ਵਿਦਿਆਰਥਣ ’ਤੇ ਆਰੀ ਨਾਲ ਜਾਨਲੇਵਾ ਹਮਲਾ
ਅਨੰਤਪੁਰ, 31 ਅਕਤੂਬਰ – ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਸਕੂਲ ਦੇ ਅੰਦਰ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ । ਰਾਪਟਾਡੂ ਮੰਡਲ ਹੈੱਡਕੁਆਰਟਰ ਸਥਿਤ ਜ਼ਿਲ੍ਹਾ ਪ੍ਰੀਸ਼ਦ ਹਾਈ ਸਕੂਲ ਵਿੱਚ ਇੱਕ ਨੌਜਵਾਨ ਦਰੱਖਤ ਕੱਟਣ ਵਾਲੀ ਆਰੀ ਲੈ ਕੇ 10ਵੀਂ ਜਮਾਤ ਦੇ ਕਲਾਸਰੂਮ ਵਿੱਚ ਦਾਖ਼ਲ ਹੋ ਗਿਆ ਅਤੇ ਇੱਕ ਵਿਦਿਆਰਥਣ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਮੁਲਜ਼ਮ ਨੇ ਵਿਦਿਆਰਥਣ ਦੇ ਚਿਹਰੇ ’ਤੇ ਬੁਰੀ ਤਰ੍ਹਾਂ ਵਾਰ ਕੀਤੇ। ਇਸ ਤੋਂ ਇਲਾਵਾ ਉਸ ਦੇ ਸਿਰ ਅਤੇ ਪਿੱਠ ’ਤੇ ਵੀ ਗੰਭੀਰ ਸੱਟਾਂ ਲੱਗੀਆਂ। ਜਦੋਂ ਇੱਕ ਹੋਰ ਵਿਦਿਆਰਥਣ ਨੇ ਆਪਣੀ ਸਹੇਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਕਾਰਨ ਕਲਾਸਰੂਮ ਵਿੱਚ ਮੌਜੂਦ ਹੋਰ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਉੱਧਰ, ਵਿਦਿਆਰਥਣ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਕਲਾਸਰੂਮ ਵਿੱਚ ਪਈ ਰਹੀ।
ਘਟਨਾ ਨੂੰ ਦੇਖਦਿਆਂ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਜ਼ਖ਼ਮੀ ਵਿਦਿਆਰਥਣ ਨੂੰ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਲਜ਼ਮ ਦੀ ਭਾਲ ਲਈ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੀੜਤ ਵਿਦਿਆਰਥਣ ਦਾ ਦੂਰ ਦਾ ਰਿਸ਼ਤੇਦਾਰ ਸੀ ਅਤੇ ਕਾਫ਼ੀ ਸਮੇਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਵਿਦਿਆਰਥਣ ਨੇ ਉਸ ਨੂੰ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਉਸ ਦੇ ਵਿਹਾਰ ਬਾਰੇ ਆਪਣੇ ਮਾਪਿਆਂ ਨੂੰ ਸ਼ਿਕਾਇਤ ਕਰੇਗੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਮੁਲਜ਼ਮ ਨੇ ਉਸ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਸਰਕਾਰੀ ਸਕੂਲ ਦੇ ਕਲਾਸਰੂਮ ਵਿੱਚ ਦਾਖ਼ਲ ਹੋ ਕੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ 10ਵੀਂ ਜਮਾਤ ਦੀ ਵਿਦਿਆਰਥਣ ’ਤੇ ਉਸ ਦੇ ਹੀ ਕਲਾਸਰੂਮ ਵਿੱਚ ਹੋਏ ਬੇਰਹਿਮ ਹਮਲੇ ਨੇ ਉਨ੍ਹਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।
Share this content:



Post Comment