ਅੰਧ-ਵਿਸ਼ਵਾਸ ਤੋਂ ਪਰ੍ਹੇ ਸੱਭਿਆਚਾਰਕ ਸਾਂਝ
ਕਈ ਵਾਰ ਜਿਨ੍ਹਾਂ ਰਵਾਇਤਾਂ ਨੂੰ ਅਸੀਂ ਵਹਿਮ ਸਮਝ ਕੇ ਨਕਾਰ ਦਿੰਦੇ ਹਾਂ, ਉਨ੍ਹਾਂ ਦੇ ਅੰਦਰ ਰਿਸ਼ਤਿਆਂ ਦੀ ਸਾਂਝ ਅਤੇ ਸੱਭਿਆਚਾਰ ਦੀਆਂ ਡੂੰਘੀਆਂ ਜੜ੍ਹਾਂ ਲੁਕੀਆਂ ਹੁੰਦੀਆਂ ਹਨ। ਮੈਂ ਵਹਿਮਾਂ-ਭਰਮਾਂ ਅਤੇ ਕਰਮ ਕਾਂਡਾਂ ਤੋਂ ਕੋਹਾਂ ਦੂਰ ਰਹਿਣ ਅਤੇ ਤਰਕਸ਼ੀਲ ਸੋਚ ਰੱਖਣ ਵਾਲਾ ਇਨਸਾਨ ਹਾਂ। ਮੇਰੇ ਲਈ ਸ਼ਰਾਧ ਇੱਕ ਅਜਿਹੀ ਰਵਾਇਤ ਰਹੀ ਹੈ, ਜਿਸ ਦੇ ਪਿੱਛੇ ਲੁਕੇ ਵਿਸ਼ਵਾਸ ਨੂੰ ਮੈਂ ਕਦੇ ਸਵੀਕਾਰ ਨਹੀਂ ਕਰ ਸਕਿਆ ਪਰ ਬੀਤੇ ਦਿਨੀਂ ਵਾਪਰੀ ਇੱਕ ਘਟਨਾ ਨੇ ਮੈਨੂੰ ਆਪਣੇ ਹੀ ਤਰਕਾਂ ਉੱਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ।
ਮੈਂ ਆਪਣੇ ਪਰਿਵਾਰ ਤੋਂ ਵੱਖਰੇ ਘਰ ਵਿੱਚ ਰਹਿੰਦਾ ਹਾਂ। ਉਸ ਦਿਨ ਜਦੋਂ ਮੈਂ ਆਪਣੇ ਪਿਤਾ ਅਤੇ ਭਰਾਵਾਂ ਦੇ ਘਰ ਗਿਆ ਤਾਂ ਪਤਾ ਲੱਗਿਆ ਕਿ ਉੱਥੇ ਪਿੱਤਰਾਂ ਦਾ ਸ਼ਰਾਧ ਕੀਤਾ ਜਾ ਰਿਹਾ ਹੈ। ਮੈਂ ਵੀ ਸ਼ਰਾਧ ਦੀ ਖੀਰ ਛਕਣ ਲਈ ਪੰਗਤ ਵਿੱਚ ਜਾ ਬੈਠਾ। ਮੇਰੇ ਨਾਲ ਪਿਤਾ, ਚਾਚੇ ਅਤੇ ਹੋਰ ਪਰਿਵਾਰਕ ਮੈਂਬਰ ਬੈਠੇ ਸਨ। ਹੋਸ਼ ਸੰਭਾਲਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਮੈਂ ਪਰਿਵਾਰ ਦੀਆਂ ਸਾਰੀਆਂ ਪੀੜ੍ਹੀਆਂ ਨੂੰ ਇਸ ਤਰ੍ਹਾਂ ਇੱਕੋ ਪੰਗਤ ਵਿੱਚ ਭੋਜਨ ਕਰਦਿਆਂ ਦੇਖ ਰਿਹਾ ਸੀ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਵਿਆਹ-ਸ਼ਾਦੀਆਂ ਦੇ ਮੌਕੇ ਤਾਂ ਬਹੁਤ ਆਉਂਦੇ ਹਨ, ਪਰ ਪਰਿਵਾਰ ਦਾ ਇਸ ਤਰ੍ਹਾਂ ਇਕੱਠੇ ਬੈਠ ਕੇ ਦੁੱਖ-ਸੁੱਖ ਸਾਂਝਾ ਕਰਨਾ ਅੱਜਕੱਲ੍ਹ ਲੋਪ ਹੁੰਦਾ ਜਾ ਰਿਹਾ ਹੈ। ਉਸ ਦਿਨ ਸ਼ਰਾਧ ਦੀ ਪੰਗਤ ਵਿੱਚ ਬੈਠਿਆਂ ਘਰ ਦੇ ਮੈਂਬਰਾਂ ਨੇ ਇੱਕ-ਦੂਜੇ ਦਾ ਹਾਲ-ਚਾਲ ਪੁੱਛਿਆ ਅਤੇ ਕਈ ਐਸੇ ਵਿਸ਼ਿਆਂ ’ਤੇ ਗੱਲਾਂ ਹੋਈਆਂ, ਜਿਨ੍ਹਾਂ ਲਈ ਰੋਜ਼ਾਨਾ ਦੀ ਭੱਜ-ਦੌੜ ਵਿੱਚ ਕਦੇ ਸਮਾਂ ਨਹੀਂ ਮਿਲਦਾ।
ਮੈਨੂੰ ਅਹਿਸਾਸ ਹੋਇਆ ਕਿ ਅਸੀਂ ਉਸ ਵੇਲੇ ਸਿਰਫ਼ ਖੀਰ ਨਹੀਂ ਸੀ ਖਾ ਰਹੇ ਸਗੋਂ ਆਪਣੇ ਰਿਸ਼ਤਿਆਂ ਦੀ ਸਾਂਝ ਨੂੰ ਮੁੜ ਜੀਅ ਰਹੇ ਸਾਂ। ਭਾਵੇਂ ਸ਼ਰਾਧ ਨਾਲ ਪਿੱਤਰਾਂ ਤੱਕ ਭੋਜਨ ਪਹੁੰਚਣ ਜਾਂ ਕਿਸੇ ਅਲੌਕਿਕ ਸ਼ਕਤੀ ਦੀ ਹੋਂਦ ਬਾਰੇ ਮੇਰੀ ਸੋਚ ਅੱਜ ਵੀ ਵੱਖਰੀ ਹੈ, ਪਰ ਇਸ ਰਵਾਇਤ ਦਾ ਸਮਾਜਿਕ ਅਤੇ ਸੱਭਿਆਚਾਰਕ ਪੱਖ ਅਜਿਹਾ ਹੈ, ਜਿਸ ਨੂੰ ਅਸੀਂ ਅਕਸਰ ਅਣਗੌਲਿਆ ਕਰ ਦਿੰਦੇ ਹਾਂ। ਉਸ ਦਿਨ ਸਾਹਮਣੇ ਆਈ ਇਸ ਹਕੀਕਤ ਨੇ ਮੈਨੂੰ ਸੋਚਣ ਲਾ ਦਿੱਤਾ ਕਿ ਅਜਿਹੀਆਂ ਰਸਮਾਂ ਰਿਸ਼ਤਿਆਂ ਨੂੰ ਜੋੜਨ ਦਾ ਇੱਕ ਵੱਡਾ ਜ਼ਰੀਆ ਵੀ ਬਣ ਸਕਦੀਆਂ ਹਨ।
ਮੇਰਾ ਤਰਕ ਆਪਣੀ ਥਾਂ ਸੀ, ਪਰ ਉਸ ਦਿਨ ਉਸ ਤਰਕ ਵਿੱਚ ਇੱਕ ਨਵਾਂ ਅਹਿਸਾਸ ਸ਼ਾਮਿਲ ਹੋ ਗਿਆ। ਮੈਨੂੰ ਸਮਝ ਆਈ ਕਿ ਅੰਧ-ਵਿਸ਼ਵਾਸ ਦਾ ਵਿਰੋਧ ਕਰਨਾ ਜ਼ਰੂਰੀ ਹੈ, ਪਰ ਸੱਭਿਆਚਾਰ ਦੀਆਂ ਉਨ੍ਹਾਂ ਪਰਤਾਂ ਨੂੰ ਸਮਝਣਾ ਵੀ ਓਨਾ ਹੀ ਜ਼ਰੂਰੀ ਹੈ, ਜਿਨ੍ਹਾਂ ਵਿੱਚ ਪਰਿਵਾਰਕ ਸਾਂਝ ਅਤੇ ਸਮਾਜਿਕ ਸਦਭਾਵਨਾ ਦੇ ਬੀਜ ਪਏ ਹੋਣ। ਅੱਜ ਜਦੋਂ ਪੀੜ੍ਹੀਆਂ ਵਿਚਕਾਰ ਸੰਵਾਦ ਘਟ ਰਿਹਾ ਹੈ, ਨਵੀਂ ਪੀੜ੍ਹੀ ਦੀਆਂ ਤਰਜੀਹਾਂ ਬਦਲ ਰਹੀਆਂ ਹਨ ਅਤੇ ਸਾਂਝੇ ਪਰਿਵਾਰਾਂ ਦੀ ਹੋਂਦ ਲਗਾਤਾਰ ਸੁੰਗੜ ਰਹੀ ਹੈ, ਉਦੋਂ ਸਾਨੂੰ ਅਜਿਹੇ ਮੌਕਿਆਂ ਦੀ ਲੋੜ ਹੈ, ਜੋ ਪਰਿਵਾਰਾਂ ਨੂੰ ਮੁੜ ਇਕੱਠਿਆਂ ਬੈਠਣ ਲਈ ਪ੍ਰੇਰਿਤ ਕਰਨ। ਇਹ ਮੌਕੇ ਸ਼ਰਾਧ, ਤਿਉਹਾਰ, ਵਰ੍ਹੇਗੰਢਾਂ ਜਾਂ ਕੋਈ ਹੋਰ ਪਰਿਵਾਰਕ ਮਿਲਣੀ ਵੀ ਹੋ ਸਕਦੇ ਹਨ। ਮਹੱਤਵ ਇਸ ਗੱਲ ਦਾ ਨਹੀਂ ਕਿ ਅਸੀਂ ਕਿਸ ਮੌਕੇ ਇਕੱਠੇ ਹੋਏ ਹਾਂ ਸਗੋਂ ਇਸ ਗੱਲ ਦਾ ਹੈ ਕਿ ਇਕੱਠੇ ਹੋ ਕੇ ਅਸੀਂ ਆਪਣੇ ਰਿਸ਼ਤਿਆਂ ਲਈ ਕਿੰਨਾ ਸਮਾਂ ਕੱਢਦੇ ਹਾਂ। ਸ਼ਰਾਧ ਦੀ ਪੰਗਤ ਵਿੱਚੋਂ ਉੱਠਦਿਆਂ ਨਾ ਤਾਂ ਮੇਰੇ ਮਨ ਵਿੱਚ ਕਰਮਕਾਂਡ ਪ੍ਰਤੀ ਅੰਨ੍ਹੀ ਸ਼ਰਧਾ ਪੈਦਾ ਹੋਈ ਅਤੇ ਨਾ ਹੀ ਮੇਰੇ ਤਰਕ ਨੇ ਮੇਰਾ ਸਾਥ ਛੱਡਿਆ। ਹਾਂ, ਮੇਰੀ ਸੋਚ ਵਿੱਚ ਨਿਮਰਤਾ ਜ਼ਰੂਰ ਆ ਗਈ। ਮੈਂ ਸਮਝ ਗਿਆ ਕਿ ਗਿਆਨ ਦਾ ਅਰਥ ਹਰ ਪੁਰਾਣੀ ਰਵਾਇਤ ਨੂੰ ਰੱਦ ਕਰ ਦੇਣਾ ਨਹੀਂ ਸਗੋਂ ਉਸ ਦੇ ਚੰਗੇ-ਮਾੜੇ ਪੱਖਾਂ ਨੂੰ ਸਮਝਣ ਦੀ ਸਮਰੱਥਾ ਹਾਸਲ ਕਰਨਾ ਹੈ।
Share this content:



Post Comment