Loading Now

ਅਜ਼ਾਦ ਦੇਸ਼ ਦੀ ਗੁਲਾਮ ਨਾਰੀ

ਅਜ਼ਾਦ ਦੇਸ਼ ਦੀ ਗੁਲਾਮ ਨਾਰੀ

ਸਭ ਤੋਂ ਪਹਿਲਾਂ 1853 ਵਿਚ ਅਮਰੀਕਾ ਤੋਂ ਔਰਤਾਂ ਦੇ ਹੱਕਾਂ ਦੀ ਲੜਾਈ ਸ਼ੁਰੂ ਹੋਈ ਸੀ। ਇਸ ਤੋਂ ਬਾਅਦ 1890 ਵਿਚ ਹੀ ਅਮਰੀਕਾ ਵਿਚ ਨੈਸ਼ਨਲ ਅਮਰੀਕਨ ਵੁਮੈੱਨ ਸਫਰੇਜ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਇਸ ਤੋਂ ਬਾਅਦ 1971 ਵਿਚ ਅਮਰੀਕੀ ਸੰਸਦ ਨੇ ਹਰ ਸਾਲ 26 ਅਗਸਤ ਨੂੰ ਮਹਿਲਾ ਸਮਾਨਤਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਅਮਰੀਕਾ ਤੋਂ ਸ਼ੁਰੂ ਹੋਇਆ ਇਹ ਦਿਵਸ ਅੱਜ ਪੂਰੀ ਦੁਨੀਆ ਵਿਚ ਮਹਿਲਾ ਸਮਾਨਤਾ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਅਮਰੀਕਾ ਸਮੇਤ ਪੂਰੀ ਦੁਨੀਆ ਵਿਚ ਔਰਤਾਂ ਦੇ ਅਧਿਕਾਰਾਂ ਅਤੇ ਸਮਾਨਤਾ ਦੀ ਗੱਲ ਕੀਤੀ ਜਾਂਦੀ ਹੈ। ਥਾਂ-ਥਾਂ ਕਾਨਫਰੰਸਾਂ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ। ਔਰਤਾਂ ਦੇ ਅਧਿਕਾਰਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਔਰਤਾਂ ਦੀਆਂ ਜਥੇਬੰਦੀਆਂ ਮੁਹਿੰਮਾਂ ਚਲਾਉਂਦੀਆਂ ਹਨ। ਇੱਕੀਵੀਂ ਸਦੀ ਵਿਚ ਪੂਰੀ ਦੁਨੀਆ ਵਿਚ ਔਰਤਾਂ ਨੂੰ ਅਜੇ ਵੀ ਆਪਣੇ ਹੱਕਾਂ ਲਈ ਲੜਨਾ ਪੈ ਰਿਹਾ ਹੈ। ਇਤਿਹਾਸ ਦੇ ਕਿਸੇ ਵੀ ਅਧਿਆਏ ਨੂੰ ਖੋਲ੍ਹੋ ਤਾਂ ਤੁਹਾਨੂੰ ਔਰਤਾਂ ਆਪਣੇ ਅਧਿਕਾਰਾਂ, ਕਾਨੂੰਨ ਵਿਵਸਥਾ ਅਤੇ ਸਮਾਜਿਕ ਉੱਨਤੀ ਲਈ ਲੜਦੀਆਂ ਨਜ਼ਰ ਆਉਣਗੀਆਂ।

ਹਾਲਾਂਕਿ ਔਰਤਾਂ ਨੇ ਸਮੇਂ-ਸਮੇਂ ’ਤੇ ਸਾਬਿਤ ਕੀਤਾ ਹੈ ਕਿ ਉਹ ਕਿਸੇ ਵੀ ਖੇਤਰ ’ਚ ਮਰਦਾਂ ਤੋਂ ਘੱਟ ਨਹੀਂ ਹਨ। ਅਜਿਹਾ ਲੱਗਦਾ ਹੈ ਕਿ ਭਾਰਤ ਵਿਚ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ ਦੀ ਸਿਰਫ਼ ਗੱਲ ਹੀ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਬਰਾਬਰੀ ਦੇ ਹੱਕ ਮਿਲਣ, ਇਸ ਦੀ ਕੋਸ਼ਿਸ਼ ਨਾ ਸਰਕਾਰ ਦੇ ਪੱਧਰ ’ਤੇ ਹੋ ਰਹੀ ਹੈ ਅਤੇ ਨਾ ਹੀ ਸਮਾਜਿਕ ਪੱਧਰ ’ਤੇ। ਅਜਿਹਾ ਇਸ ਲਈ ਕਿਉਂਕਿ ਜੇ ਕਿਸੇ ਵੀ ਪੱਧਰ ’ਤੇ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਗਈ ਹੁੰਦੀ ਤਾਂ ਵਰਲਡ ਇਕੋਨੋਮਿਕ ਫੋਰਮ ਦੀ ਰਿਪੋਰਟ ਮੁਤਾਬਕ ਅੱਜ ਸਾਡਾ ਦੇਸ਼ ਭੂਟਾਨ ਅਤੇ ਸ੍ਰੀਲੰਕਾ ਜਿਹੇ ਮੁਲਕਾਂ ਤੋਂ ਵੀ ਨਾ ਪੱਛੜਦਾ ਅਤੇ 148 ਦੇਸ਼ਾਂ ਵਿੱਚੋਂ 131ਵੇਂ ਨੰਬਰ ’ਤੇ ਨਾ ਆਉਂਦਾ। ਹਾਲਾਤ ਇਹ ਹਨ ਕਿ ਭਾਰਤ ਆਪਣੇ ਗੁਆਂਢੀ ਮੁਲਕਾਂ ਬੰਗਲਾਦੇਸ਼, ਨੇਪਾਲ, ਭੂਟਾਨ, ਸ੍ਰੀਲੰਕਾ ਤੇ ਮਿਆਂਮਾਰ ਤੋਂ ਵੀ ਪੱਛੜ ਗਿਆ ਹੈ । ਜੇ ਭਾਰਤੀ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਲਗਪਗ 200 ਈਸਵੀ ਵਿਚ ਬਣਾਈ ਗਈ ਵਰਣ ਵਿਵਸਥਾ ਵਿਚ ਔਰਤ ਨੂੰ ਮਰਦ ਸਮਾਜ ਦੀ ਗੁਲਾਮ ਦੱਸਿਆ ਗਿਆ ਸੀ। ਔਰਤਾਂ ਨੂੰ ਪੜ੍ਹਨ-ਲਿਖਣ ਤੇ ਘੁੰਮਣ-ਫਿਰਨ ਦੀ ਮਨਾਹੀ ਸੀ। ਉਸ ਵੇਲੇ ਸਤੀ ਪ੍ਰਥਾ ਵਰਗੀਆਂ ਕੁਰੀਤੀਆਂ ਦਾ ਬੋਲਬਾਲਾ ਸੀ। ਹੌਲੀ-ਹੌਲੀ ਔਰਤਾਂ ਰੂੜੀਵਾਦੀ ਕੁਰੀਤੀਆਂ ਤੋਂ ਨਿਜਾਤ ਪਾਉਂਦੀਆਂ ਨਜ਼ਰ ਆ ਰਹੀਆਂ ਹਨ ਜਿਵੇਂ ਕਿ ਸਤੀ ਪ੍ਰਥਾ, ਪਰਦਾ ਪ੍ਰਥਾ ਆਦਿ ਪਰ ਅਜੇ ਵੀ ਔਰਤ ਜੋ ਆਜ਼ਾਦੀ ਵਿਕਾਸਸ਼ੀਲ ਦੇਸ਼ਾਂ ਵਿਚ ਮਾਣ ਰਹੀ ਹੈ, ਭਾਰਤੀ ਔਰਤ ਉਸ ਤੋਂ ਕੋਹਾਂ ਦੂਰ ਹੈ ਜਿਸ ਦੀ ਤਾਜ਼ਾ ਉਦਾਹਰਨ ਇਹ ਹੈ ਕਿ ਔਰਤਾਂ ਲਈ ਰਾਖਵਾਂਕਰਨ ਹੋਣ ਕਰਕੇ ਸਰਪੰਚ, ਐੱਮਸੀ ਤੇ ਐੱਮਐੱਲਏ ਤਾਂ ਬਣ ਜਾਂਦੀਆਂ ਹਨ ਪਰ ਉਨ੍ਹਾਂ ਦੀ ਥਾਂ ਕੰਮ ਪਰਿਵਾਰ ਦੇ ਮਰਦ ਹੀ ਕਰਦੇ ਹਨ।

Share this content:

Post Comment