ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲਾ ਭਾਰਤੀ ਟੀਮ ਦਾ ਦੌਰਾ ਨਿਊਜ਼ੀਲੈਂਡ ਲਈ ਵਿੱਤੀ ਸੰਕਟ ’ਚੋਂ ਨਿਕਲਣ ਦੀ ਵੱਡੀ ਉਮੀਦ
*ਕ੍ਰਿਕਟ ਦੀ ਜੰਗ ਅਤੇ ਕਮਾਈ ਦਾ ਰੰਗ
*ਭਾਰਤ ਦਾ ਇਹ ਦੌਰਾ ਨਿਊਜ਼ੀਲੈਂਡ ਕ੍ਰਿਕਟ ਨੂੰ ਤਿੰਨ ਸਾਲਾਂ ਲਈ ਵਿੱਤੀ ਸਹਾਰਾ ਦੇ ਸਕਦਾ ਹੈ
ਆਕਲੈਂਡ, 18 ਸਤੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਕ੍ਰਿਕਟ ਬੋਰਡ ਲਈ ਭਾਰਤੀ ਕ੍ਰਿਕਟ ਟੀਮ ਦਾ ਦੌਰਾ ਸਿਰਫ਼ ਖੇਡ ਤੱਕ ਸੀਮਤ ਨਹੀਂ ਹੈ, ਸਗੋਂ ਇਹ ਦੇਸ਼ ਦੀ ਕ੍ਰਿਕਟ ਲਈ ਆਰਥਿਕ ਜੀਵਨ-ਰੇਖਾ ਵਾਂਗ ਹੈ। ਨਿਊਜ਼ੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਫ ਅਲੋਟ ਅਨੁਸਾਰ ਭਾਰਤ ਦਾ ਇੱਕੋ ਦੌਰਾ ਦੇਸ਼ ਵਿੱਚ ਕ੍ਰਿਕਟ ਨੂੰ ਅਗਲੇ ਦੋ ਤੋਂ ਤਿੰਨ ਸਾਲਾਂ ਤੱਕ ਚਲਾਉਣ ਲਈ ਲੋੜੀਂਦਾ ਫੰਡ ਮੁਹੱਈਆ ਕਰਵਾ ਸਕਦਾ ਹੈ। ਆਕਲੈਂਡ ਵਿੱਚ ਦਿੱਤੀ ਇੱਕ ਇੰਟਰਵਿਊ ਦੌਰਾਨ ਅਲੋਟ ਨੇ ਸਪੱਸ਼ਟ ਕੀਤਾ ਕਿ ਜਦੋਂ ਭਾਰਤੀ ਟੀਮ ਨਿਊਜ਼ੀਲੈਂਡ ਦੇ ਦੌਰੇ ’ਤੇ ਨਹੀਂ ਆਉਂਦੀ, ਤਾਂ ਬੋਰਡ ਨੂੰ ਬਹੁਤ ਵੱਡਾ ਵਿੱਤੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਕਮਾਈ ਦਾ ਅਸਰ ਸਿਰਫ਼ ਰਾਸ਼ਟਰੀ ਟੀਮ ’ਤੇ ਹੀ ਨਹੀਂ, ਸਗੋਂ ਹੇਠਲੇ ਪੱਧਰ ਦੇ ਕਲੱਬਾਂ ਅਤੇ ਸਥਾਨਕ ਕ੍ਰਿਕਟ ਦੇ ਵਿਕਾਸ ’ਤੇ ਵੀ ਪੈਂਦਾ ਹੈ।
ਭਾਰਤ ਦੀ ਟੀਮ 22 ਅਕਤੂਬਰ ਤੋਂ 1 ਦਸੰਬਰ ਤੱਕ ਨਿਊਜ਼ੀਲੈਂਡ ਦੇ ਦੌਰੇ ’ਤੇ ਆ ਰਹੀ ਹੈ, ਜਿਸ ਵਿੱਚ 5 ਟੀ-20, 5 ਇੱਕਦਿਨਾਂ ਅਤੇ 2 ਟੈਸਟ ਮੈਚ ਖੇਡੇ ਜਾਣਗੇ। ਪ੍ਰਸ਼ੰਸਕਾਂ ਵਿੱਚ ਇਸ ਸੀਰੀਜ਼ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਸ਼ੁਰੂਆਤੀ ਕੁਝ ਦਿਨਾਂ ਵਿੱਚ ਹੀ 50,000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਇਹ ਦੌਰਾ ਨਿਊਜ਼ੀਲੈਂਡ ਕ੍ਰਿਕਟ ਲਈ ਬਹੁਤ ਮਹੱਤਵਪੂਰਨ ਸਮੇਂ ’ਤੇ ਹੋ ਰਿਹਾ ਹੈ, ਕਿਉਂਕਿ ਬੋਰਡ ਨੂੰ ਹਾਲ ਹੀ ਵਿੱਚ 7.3 ਮਿਲੀਅਨ ਡਾਲਰ ਦਾ ਵਿੱਤੀ ਘਾਟਾ ਹੋਇਆ ਹੈ। ਅਲੋਟ ਨੂੰ ਉਮੀਦ ਹੈ ਕਿ ਭਾਰਤੀ ਦੌਰੇ ਤੋਂ ਮਿਲਣ ਵਾਲੀ ਪ੍ਰਸਾਰਣ ਅਤੇ ਵਪਾਰਕ ਆਮਦਨ ਨਾਲ ਬੋਰਡ 10 ਮਿਲੀਅਨ ਡਾਲਰ ਤੋਂ ਵੱਧ ਦਾ ਮੁਨਾਫ਼ਾ ਕਮਾ ਲਵੇਗਾ। ਦੋਵਾਂ ਟੀਮਾਂ ਵਿਚਾਲੇ ਕ੍ਰਿਕਟ ਦੇ ਮੈਦਾਨ ’ਤੇ ਵੀ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੇਗੀ, ਕਿਉਂਕਿ ਨਿਊਜ਼ੀਲੈਂਡ ਨੇ ਹਾਲ ਹੀ ਵਿੱਚ ਭਾਰਤ ਨੂੰ ਉਸਦੇ ਘਰ ਵਿੱਚ ਹਰਾਇਆ ਸੀ, ਜਿਸ ਤੋਂ ਬਾਅਦ ਭਾਰਤੀ ਟੀਮ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।
ਟੀ-20 ਸੀਰੀਜ਼ ਦਾ ਪੂਰਾ ਵੇਰਵਾ:
ਪਹਿਲਾ ਟੀ-20: 22 ਅਕਤੂਬਰ (ਵੀਰਵਾਰ) – ਹੈਗਲੇ ਓਵਲ, ਕ੍ਰਾਈਸਟਚਰਚ (ਸ਼ਾਮ 8:00 ਵਜੇ ਨਿਊਜ਼ੀਲੈਂਡ ਸਮਾਂ / ਦੁਪਹਿਰ 1:30 ਵਜੇ ਭਾਰਤੀ ਸਮਾਂ)
ਦੂਜਾ ਟੀ-20: 24 ਅਕਤੂਬਰ (ਸ਼ਨਿੱਚਰਵਾਰ) – ਹੈਗਲੇ ਓਵਲ, ਕ੍ਰਾਈਸਟਚਰਚ (ਸ਼ਾਮ 8:00 ਵਜੇ ਨਿਊਜ਼ੀਲੈਂਡ ਸਮਾਂ / ਦੁਪਹਿਰ 1:30 ਵਜੇ ਭਾਰਤੀ ਸਮਾਂ)
ਤੀਜਾ ਟੀ-20: 27 ਅਕਤੂਬਰ (ਮੰਗਲਵਾਰ) – ਬੇਸਿਨ ਰਿਜ਼ਰਵ, ਵੈਲਿੰਗਟਨ (ਸ਼ਾਮ 8:00 ਵਜੇ ਨਿਊਜ਼ੀਲੈਂਡ ਸਮਾਂ / ਦੁਪਹਿਰ 1:30 ਵਜੇ ਭਾਰਤੀ ਸਮਾਂ)
ਚੌਥਾ ਟੀ-20: 30 ਅਕਤੂਬਰ (ਸ਼ੁੱਕਰਵਾਰ) – ਈਡਨ ਪਾਰਕ, ਆਕਲੈਂਡ (ਸ਼ਾਮ 8:00 ਵਜੇ ਨਿਊਜ਼ੀਲੈਂਡ ਸਮਾਂ / ਦੁਪਹਿਰ 1:30 ਵਜੇ ਭਾਰਤੀ ਸਮਾਂ)
ਪੰਜਵਾਂ ਟੀ-20: 1 ਨਵੰਬਰ (ਐਤਵਾਰ) – ਸੈਡਨ ਪਾਰਕ, ਹੈਮਿਲਟਨ (ਸ਼ਾਮ 8:00 ਵਜੇ ਨਿਊਜ਼ੀਲੈਂਡ ਸਮਾਂ / ਦੁਪਹਿਰ 1:30 ਵਜੇ ਭਾਰਤੀ ਸਮਾਂ)
ਇੱਕਦਿਨਾਂ ਸੀਰੀਜ਼ ਦਾ ਪੂਰਾ ਵੇਰਵਾ:
ਪਹਿਲਾ ਇੱਕਦਿਨਾਂ: 4 ਨਵੰਬਰ (ਬੁੱਧਵਾਰ) – ਈਡਨ ਪਾਰਕ, ਆਕਲੈਂਡ (ਦੁਪਹਿਰ 3:00 ਵਜੇ ਨਿਊਜ਼ੀਲੈਂਡ ਸਮਾਂ / ਸਵੇਰੇ 7:30 ਵਜੇ ਭਾਰਤੀ ਸਮਾਂ)
ਦੂਜਾ ਇੱਕਦਿਨਾਂ: 7 ਨਵੰਬਰ (ਸ਼ਨਿੱਚਰਵਾਰ) – ਬੇਸਿਨ ਰਿਜ਼ਰਵ, ਵੈਲਿੰਗਟਨ (ਦੁਪਹਿਰ 3:00 ਵਜੇ ਨਿਊਜ਼ੀਲੈਂਡ ਸਮਾਂ / ਸਵੇਰੇ 7:30 ਵਜੇ ਭਾਰਤੀ ਸਮਾਂ)
ਤੀਜਾ ਇੱਕਦਿਨਾਂ: 10 ਨਵੰਬਰ (ਮੰਗਲਵਾਰ) – ਸੈਡਨ ਪਾਰਕ, ਹੈਮਿਲਟਨ (ਦੁਪਹਿਰ 3:00 ਵਜੇ ਨਿਊਜ਼ੀਲੈਂਡ ਸਮਾਂ / ਸਵੇਰੇ 7:30 ਵਜੇ ਭਾਰਤੀ ਸਮਾਂ)
ਚੌਥਾ ਇੱਕਦਿਨਾਂ: 13 ਨਵੰਬਰ (ਸ਼ੁੱਕਰਵਾਰ) – ਬੇ ਓਵਲ, ਮਾਊਂਟ ਮੌਂਗਾਨੁਈ (ਦੁਪਹਿਰ 3:00 ਵਜੇ ਨਿਊਜ਼ੀਲੈਂਡ ਸਮਾਂ / ਸਵੇਰੇ 7:30 ਵਜੇ ਭਾਰਤੀ ਸਮਾਂ)
ਪੰਜਵਾਂ ਇੱਕਦਿਨਾਂ: 15 ਨਵੰਬਰ (ਐਤਵਾਰ) – ਬੇ ਓਵਲ, ਮਾਊਂਟ ਮੌਂਗਾਨੁਈ (ਦੁਪਹਿਰ 3:00 ਵਜੇ ਨਿਊਜ਼ੀਲੈਂਡ ਸਮਾਂ / ਸਵੇਰੇ 7:30 ਵਜੇ ਭਾਰਤੀ ਸਮਾਂ)
ਟੈਸਟ ਸੀਰੀਜ਼ ਦਾ ਪੂਰਾ ਵੇਰਵਾ:
ਪਹਿਲਾ ਟੈਸਟ: 19 ਨਵੰਬਰ ਤੋਂ 23 ਨਵੰਬਰ – ਬੇਸਿਨ ਰਿਜ਼ਰਵ, ਵੈਲਿੰਗਟਨ (ਸਵੇਰੇ 11:00 ਵਜੇ ਨਿਊਜ਼ੀਲੈਂਡ ਸਮਾਂ / ਤੜਕੇ 3:30 ਵਜੇ ਭਾਰਤੀ ਸਮਾਂ)
ਦੂਜਾ ਟੈਸਟ: 27 ਨਵੰਬਰ ਤੋਂ 1 ਦਸੰਬਰ – ਹੈਗਲੇ ਓਵਲ, ਕ੍ਰਾਈਸਟਚਰਚ (ਸਵੇਰੇ 11:00 ਵਜੇ ਨਿਊਜ਼ੀਲੈਂਡ ਸਮਾਂ / ਤੜਕੇ 3:30 ਵਜੇ ਭਾਰਤੀ ਸਮਾਂ)
50,000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਭਾਰਤੀ ਕ੍ਰਿਕਟ ਟੀਮ ਦੇ ਆਗਾਮੀ ਨਿਊਜ਼ੀਲੈਂਡ ਦੌਰੇ ਲਈ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਤੱਕ 50,000 ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਕ੍ਰਿਕਟ ਨੇਸ਼ਨ ਦੇ ਮੈਂਬਰਾਂ ਲਈ ਸ਼ੁਰੂ ਹੋਈ ਪ੍ਰੀ-ਸੇਲ ਦੇ ਪਹਿਲੇ 48 ਘੰਟਿਆਂ ਵਿੱਚ ਹੀ 26,000 ਟਿਕਟਾਂ ਵਿਕ ਗਈਆਂ ਸਨ, ਜਿਸ ਤੋਂ ਬਾਅਦ ਸਤੰਬਰ ਦੇ ਸ਼ੁਰੂ ਤੱਕ ਇਹ ਅੰਕੜਾ 50,000 ਨੂੰ ਪਾਰ ਕਰ ਗਿਆ। ਟਿਕਟਾਂ ਦੀ ਇਸ ਜ਼ਬਰਦਸਤ ਮੰਗ ਨੂੰ ਦੇਖਦੇ ਹੋਏ ਆਕਲੈਂਡ ਦੇ ਈਡਨ ਪਾਰਕ ਸਟੇਡੀਅਮ ਨੂੰ 30 ਅਕਤੂਬਰ ਦੇ ਟੀ-20 ਮੈਚ ਲਈ ਆਪਣਾ ਉਪਰਲਾ ਸਟੈਂਡ ਵੀ ਖੋਲ੍ਹਣਾ ਪਿਆ, ਜਦਕਿ ਕ੍ਰਾਈਸਟਚਰਚ ਵਿੱਚ ਹੋਣ ਵਾਲੇ ਮੈਚ ਲਈ ਵੀ 75 ਫੀਸਦੀ ਤੋਂ ਵੱਧ ਸੀਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ।
ਦੋਵਾਂ ਟੀਮਾਂ ਦੇ ਕਪਤਾਨ:
ਟੀ-20 ਸੀਰੀਜ਼: ਭਾਰਤ (ਸੂਰਯਾਕੁਮਾਰ ਯਾਦਵ) ਬਨਾਮ ਨਿਊਜ਼ੀਲੈਂਡ (ਮਿਸ਼ੇਲ ਸੈਂਟਨਰ)
ਇੱਕਦਿਨਾਂ ਸੀਰੀਜ਼: ਭਾਰਤ (ਸ਼ੁਭਮਨ ਗਿੱਲ) ਬਨਾਮ ਨਿਊਜ਼ੀਲੈਂਡ (ਮਿਸ਼ੇਲ ਸੈਂਟਨਰ)
ਟੈਸਟ ਸੀਰੀਜ਼: ਭਾਰਤ (ਰੋਹਿਤ ਸ਼ਰਮਾ) ਬਨਾਮ ਨਿਊਜ਼ੀਲੈਂਡ (ਟੌਮ ਲੈਥਮ)
Share this content:



Post Comment