ਹਵਾ ’ਚ ਘੁਲਦਾ ਜ਼ਹਿਰ
ਤਿਉਹਾਰਾਂ ਦੌਰਾਨ ਅਸਮਾਨ ਵਿਚ ਚਮਕਣ ਵਾਲੇ ਪਟਾਕੇ ਜਿੱਥੇ ਸਾਡਾ ਮਨੋਰੰਜਨ ਕਰਦੇ ਹਨ, ਉੱਥੇ ਹੀ ਉਨ੍ਹਾਂ ਦਾ ਧੂੰਆਂ, ਜ਼ਹਿਰੀਲੇ ਕਣ ਅਤੇ ਕੰਨ ਪਾੜਵੇਂ ਧਮਾਕੇ ਕੁਦਰਤੀ ਵਾਤਾਵਰਨ, ਪੰਛੀਆਂ ਤੇ ਜਾਨਵਰਾਂ ਲਈ ਵੱਡੀ ਮੁਸੀਬਤ ਬਣਦੇ ਹਨ। ਪਟਾਕੇ ਚਲਾਉਣ ਨਾਲ ਵਾਤਾਵਰਨ ਵਿਚ ਬਰੀਕ ਧੂੜ ਦੇ ਕਣ, ਧੂੰਆਂ ਅਤੇ ਕਈ ਤਰ੍ਹਾਂ ਦੀਆਂ ਹਾਨੀਕਾਰਕ ਗੈਸਾਂ ਫੈਲਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਕਣ ਸਾਹ ਰਾਹੀਂ ਸਰੀਰ ਅੰਦਰ ਜਾ ਕੇ ਸਾਡੇ ਫੇਫੜਿਆਂ ਅਤੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ। ਤਿਉਹਾਰਾਂ ਮੌਕੇ ਜਦੋਂ ਵੱਡੀ ਗਿਣਤੀ ਵਿਚ ਲੋਕ ਇਕੱਠੇ ਪਟਾਕੇ ਚਲਾਉਂਦੇ ਹਨ, ਤਾਂ ਹਵਾ ਦੀ ਅਸ਼ੁੱਧਤਾ ਇਕਦਮ ਵਧ ਜਾਂਦੀ ਹੈ। ਘਰਾਂ ਤੇ ਹਸਪਤਾਲਾਂ ਵਿਚ ਪਏ ਬਿਮਾਰ ਲੋਕਾਂ, ਖ਼ਾਸ ਕਰਕੇ ਬਜ਼ੁਰਗਾਂ ਦਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਕੰਨ ਪਾੜਵੀਆਂ ਅਵਾਜ਼ਾਂ ਉਨ੍ਹਾਂ ਅੰਦਰ ਘਬਰਾਹਟ ਪੈਦਾ ਕਰਦੀਆਂ ਹਨ। ਇਸ ਦਾ ਅਸਰ ਸਿਰਫ਼ ਮਨੁੱਖਾਂ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਪਸ਼ੂ-ਪੰਛੀ ਵੀ ਇਸੇ ਹਵਾ ਵਿਚ ਸਾਹ ਲੈਂਦੇ ਹਨ। ਜ਼ਰਾ ਸੋਚੋ, ਸੜਕਾਂ ਉੱਤੇ ਘੁੰਮਦੇ ਕੁੱਤੇ, ਗਲ਼ੀਆਂ ਵਿਚ ਬੈਠੇ ਪਸ਼ੂ ਅਤੇ ਦਰੱਖ਼ਤਾਂ ਉੱਤੇ ਰਹਿਣ ਵਾਲੇ ਪੰਛੀ ਕਿੱਥੇ ਜਾਣ? ਪਟਾਕਿਆਂ ਦਾ ਧੂੰਆਂ ਅਤੇ ਪ੍ਰਦੂਸ਼ਣ ਉਨ੍ਹਾਂ ਦੇ ਸਾਹ ਲੈਣ ਦੇ ਕੁਦਰਤੀ ਮਾਹੌਲ ਨੂੰ ਵਿਗਾੜਦੇ ਹਨ। ਮਨੁੱਖ ਪਟਾਕੇ ਦੀ ਆਵਾਜ਼ ਸੁਣ ਕੇ ਖ਼ੁਸ਼ ਹੋ ਸਕਦਾ ਹੈ, ਪਰ ਪੰਛੀ ਉਸੇ ਆਵਾਜ਼ ਤੋਂ ਡਰ ਕੇ ਘਬਰਾਉਂਦੇ ਹਨ। ਪੰਛੀਆਂ ਦੀ ਸੁਣਨ-ਸ਼ਕਤੀ ਅਤੇ ਉਨ੍ਹਾਂ ਦਾ ਵਿਹਾਰ ਵੱਖਰਾ ਹੁੰਦਾ ਹੈ। ਅਚਾਨਕ ਹੋਣ ਵਾਲੇ ਤੇਜ਼ ਧਮਾਕੇ ਉਨ੍ਹਾਂ ਵਿਚ ਡਰ ਅਤੇ ਤਣਾਅ ਪੈਦਾ ਕਰਦੇ ਹਨ। ਕਿਸੇ ਰੁੱਖ ਉੱਤੇ ਬੈਠੇ ਕਬੂਤਰਾਂ ਜਾਂ ਚਿੜੀਆਂ ਦੀਆਂ ਡਾਰਾਂ ਦੇ ਨੇੜੇ ਜਦੋਂ ਅਚਾਨਕ ਉੱਚੀ ਆਵਾਜ਼ ਵਾਲਾ ਪਟਾਕਾ ਚੱਲਦਾ ਹੈ ਤਾਂ ਸਾਰੇ ਪੰਛੀ ਘਬਰਾ ਕੇ ਇਕੱਠੇ ਉੱਡਦੇ ਹਨ। ਕਈ ਪੰਛੀ ਬਿਜਲੀ ਦੀਆਂ ਤਾਰਾਂ, ਇਮਾਰਤਾਂ ਜਾਂ ਰੁੱਖਾਂ ਨਾਲ ਟਕਰਾਉਣ ਕਾਰਨ ਜਾਨੋਂ ਹੱਥ ਧੋ ਬੈਠਦੇ ਹਨ।
ਇਸ ਸਭ ਦਾ ਜ਼ਿੰਮੇਵਾਰ ਸਿਰਫ਼ ਮਨੁੱਖ ਹੈ। ਪਟਾਕੇ ਚੱਲਣ ਤੋਂ ਬਾਅਦ ਸੜਕਾਂ, ਗਲੀਆਂ ਅਤੇ ਪਾਰਕਾਂ ਵਿਚ ਕਾਗਜ਼, ਗੱਤੇ, ਪਲਾਸਟਿਕ ਅਤੇ ਹੋਰ ਰਹਿੰਦ-ਖੂੰਹਦ ਖਿੱਲਰੀ ਪਈ ਮਿਲ਼ਦੀ ਹੈ। ਕੁਝ ਪਟਾਕਿਆਂ ਵਿਚ ਵਰਤੀਆਂ ਗਈਆਂ ਰਸਾਇਣਕ ਸਮੱਗਰੀਆਂ ਦੇ ਕਣ ਵੀ ਆਲੇ-ਦੁਆਲੇ ਫੈਲਦੇ ਹਨ। ਜੇਕਰ ਇਹ ਕੂੜਾ ਠੀਕ ਢੰਗ ਨਾਲ ਨਾ ਚੁੱਕਿਆ ਜਾਵੇ ਤਾਂ ਇਸ ਨਾਲ ਮਿੱਟੀ ਅਤੇ ਪਾਣੀ ਦਾ ਪ੍ਰਦੂਸ਼ਣ ਵੀ ਵਧਦਾ ਹੈ। ਜੇ ਹਵਾ ਗੰਦੀ ਹੋਵੇਗੀ, ਪਾਣੀ ਪ੍ਰਦੂਸ਼ਿਤ ਹੋਵੇਗਾ ਅਤੇ ਜੀਵਾਂ ਦੇ ਰਹਿਣ ਦੀਆਂ ਥਾਵਾਂ ਅਸੁਰੱਖਿਅਤ ਹੋਣਗੀਆਂ, ਤਾਂ ਇਸ ਦਾ ਅਸਰ ਮਨੁੱਖੀ ਜੀਵਨ ਉੱਤੇ ਪੈਣਾ ਸੁਭਾਵਿਕ ਹੈ। ਕੁਦਰਤ ਪ੍ਰਤੀ ਵਰਤੀ ਗਈ ਇਸ ਲਾਪਰਵਾਹੀ ਦਾ ਨੁਕਸਾਨ ਕਿਸੇ ਇਕ ਵਿਅਕਤੀ ਜਾਂ ਇਕ ਵਰਗ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਪਟਾਕੇ ਚਲਾਉਣ ਵਾਲ਼ਿਆਂ ਦੇ ਉੱਪਰ ਵੀ ਪੈਂਦਾ ਹੈ। ਪਟਾਕਿਆਂ ’ਚੋਂ ਨਿਕਲਣ ਵਾਲੀ ਤੇਜ਼ ਰੋਸ਼ਨੀ ਤੇ ਜ਼ਹਿਰੀਲੀ ਗੈਸ ਸਿੱਧੀ ਉਨ੍ਹਾਂ ਦੀਆਂ ਅੱਖਾਂ ’ਤੇ ਅਸਰ ਕਰਦੀ ਹੈ ਤੇ ਆਵਾਜ਼ ਕੰਨਾਂ ਉੱਪਰ ਅਸਰ ਕਰਦੀ ਹੈ। ਤਿਉਹਾਰਾਂ ਦੀ ਮਹੱਤਤਾ ਨੂੰ ਮਨੁੱਖ ਚਾਹੇ ਤਾਂ ਵਾਤਾਵਰਨ-ਪੱਖੀ ਵੀ ਬਣਾ ਸਕਦਾ ਹੈ। ਇਸ ਲਈ ਉਸ ਨੂੰ ਸਿਰਫ਼ ਆਪਣੀਆਂ ਆਦਤਾਂ ਬਦਲਣ ਦੀ ਲੋੜ ਹੈ। ਅਸਲ ਤਬਦੀਲੀ ਉਦੋਂ ਆ ਸਕਦੀ ਹੈ ਜਦੋਂ ਹਰ ਕੋਈ ਸਿਰਫ਼ ਆਪਣੇ ਘਰ ਦੀ ਰੋਸ਼ਨੀ ਦੀ ਨਹੀਂ, ਸਗੋਂ ਆਪਣੇ ਆਲੇ-ਦੁਆਲੇ ਦੇ ਜਨ-ਜੀਵਨ ਦੀ ਵੀ ਚਿੰਤਾ ਕਰੇਗਾ।
Share this content:



Post Comment