ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਸੁਲਤਾਨਪੁਰ ਲੋਧੀ – 29 ਅਕਤੂਬਰ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਬੁੱਢੇ ਦਰਿਆ, ਕਾਲਾ ਸੰਘਿਆ ਡਰੇਨ, ਚਿੱਟੀ ਵੇਈਂ, ਧੁੱਸੀ ਬੰਨ੍ਹ ’ਤੇ ਸੜਕ ਅਤੇ ਲੁਧਿਆਣਾ ਵਿੱਚ ਡੇਅਰੀਆਂ ਦੇ ਗੋਹੇ ਦੀ ਸਮੱਸਿਆ ਸਬੰਧੀ ਮੁੱਦੇ ਚੁੱਕੇ। ਇਸ ਦੌਰਾਨ ਮੁੱਖ ਮੰਤਰੀ ਨੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ।
ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਲੁਧਿਆਣਾ ਵਿੱਚ ਡੇਅਰੀਆਂ ਦਾ ਗੋਹਾ ਚੁੱਕਣ ਲਈ ਨਗਰ ਨਿਗਮ ਵੱਲੋਂ ਤਿੰਨ ਸਾਲਾਂ ਦਾ 22 ਕਰੋੜ ਰੁਪਏ ਦਾ ਠੇਕਾ ਦਿੱਤਾ ਗਿਆ। ਪਹਿਲਾਂ ਡੇਅਰੀ ਮਾਲਕ ਪ੍ਰਤੀ ਪਸ਼ੂ 13 ਰੁਪਏ ਦੇ ਹਿਸਾਬ ਨਾਲ ਭੁਗਤਾਨ ਕਰਦੇ ਸਨ ਅਤੇ ਗੋਹਾ ਚੁੱਕਣ ਦਾ ਕੰਮ ਸੁਚਾਰੂ ਢੰਗ ਨਾਲ ਚੱਲਦਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਬੰਧਾਂ ਕਾਰਨ ਸਮੱਸਿਆ ਬਣੀ ਹੋਈ ਹੈ ਅਤੇ ਇਸ ਦਾ ਸਥਾਈ ਹੱਲ ਜ਼ਰੂਰੀ ਹੈ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕਾਲਾ ਸੰਘਿਆ ਡਰੇਨ ਦੇ 15 ਕਿਲੋਮੀਟਰ ਹਿੱਸੇ ’ਤੇ ਪੱਥਰ ਲਾਉਣ ਲਈ ਕਰੀਬ 28 ਕਰੋੜ ਰੁਪਏ ਖ਼ਰਚੇ ਗਏ, ਜਦਕਿ ਸਾਂਭ-ਸੰਭਾਲ ਲਈ ਪੰਜ ਕਰੋੜ ਰੁਪਏ ਵੱਖਰੇ ਰੱਖੇ ਗਏ ਹਨ।
ਇਸ ਦੇ ਬਾਵਜੂਦ ਗੰਦਾ ਪਾਣੀ ਡਰੇਨ ਵਿੱਚ ਪੈ ਰਿਹਾ ਹੈ। ਬਿਸਤ ਦੋਆਬ ਨਹਿਰ ’ਚੋਂ 100 ਕਿਊਸਿਕ ਪਾਣੀ ਛੱਡਣ ਦੀ ਯੋਜਨਾ ਵੀ ਅਜੇ ਲਾਗੂ ਨਹੀਂ ਹੋਈ। ਸੀਚੇਵਾਲ ਨੇ ਦੱਸਿਆ ਕਿ ਚਿੱਟੀ ਵੇਈਂ ਵਿੱਚ 200 ਕਿਊਸਿਕ ਪਾਣੀ ਛੱਡਣ ਲਈ 1.19 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਰੈਗੂਲੇਟਰ ਦੋ ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਸੁਚਾਰੂ ਢੰਗ ਨਾਲ ਚਾਲੂ ਨਹੀਂ ਹੋਇਆ। ਇਸ ਤੋਂ ਇਲਾਵਾ ਗਿੱਦੜਪਿੰਡੀ ਤੋਂ ਫਿਲੌਰ ਤੱਕ ਧੁੱਸੀ ਬੰਨ੍ਹ ’ਤੇ 16 ਫੁੱਟ ਚੌੜੀ ਸੜਕ ਬਣਾਉਣ ਵਿੱਚ ਵਿਭਾਗੀ ਤਾਲਮੇਲ ਦੀ ਘਾਟ ਕਾਰਨ ਮੁਸ਼ਕਲਾਂ ਆ ਰਹੀਆਂ ਹਨ। ਸੰਤ ਸੀਚੇਵਾਲ ਨੇ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਦੂਸ਼ਣ ਰੋਕਣ ਲਈ ਠੋਸ ਕਾਰਵਾਈ ਦੀ ਮੰਗ ਕੀਤੀ। ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਦੀ ਮੀਟਿੰਗ ਸੱਦਣ ਦੇ ਫ਼ੈਸਲੇ ਨਾਲ ਇਨ੍ਹਾਂ ਮਾਮਲਿਆਂ ਦੇ ਹੱਲ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
Share this content:



Post Comment