Loading Now

ਸੁਜੀਤ ਨੇ ਸੋਨ ਤਗਮਾ ਜਿੱਤਿਆ

ਸੁਜੀਤ ਨੇ ਸੋਨ ਤਗਮਾ ਜਿੱਤਿਆ

3, ਅਕਤੂਬਰ – ਸੁਜੀਤ ਕਲਕਲ ਨੇ ਅੱਜ ਇੱਥੇ ਪੁਰਸ਼ਾਂ ਦੇ 65 ਕਿਲੋ ਭਾਰ ਵਰਗ ਵਿੱਚ ਏਸ਼ਿਆਈ ਖੇਡਾਂ ਦਾ ਸੋਨ ਤਗ਼ਮਾ ਜਿੱਤ ਕੇ ਆਪਣੇ ਵਧਦੇ ਦਬਦਬੇ ਨੂੰ ਹੋਰ ਮਜ਼ਬੂਤ ਕੀਤਾ ਹੈ। ਉਸ ਨੇ ਖ਼ਿਤਾਬੀ ਸਫ਼ਰ ਵਿੱਚ ਇੱਕ ਓਲੰਪਿਕ ਚੈਂਪੀਅਨ ਨੂੰ ਹਰਾਇਆ ਅਤੇ ਫਾਈਨਲ ਵਿੱਚ 2-9 ਦੇ ਭਾਰੀ ਘਾਟੇ ਤੋਂ ਉੱਭਰਦਿਆਂ ਇਸ ਸ਼ਾਨਦਾਰ ਸਾਲ ਵਿੱਚ ਆਪਣੇ ਤਗ਼ਮਿਆਂ ਵਿੱਚ ਇੱਕ ਹੋਰ ਤਾਜ ਜੋੜਿਆ ਹੈ। ਮੁਸ਼ਕਲ ਡਰਾਅ ਵਿੱਚ ਤਾਕਤਵਰ ਇਰਾਨੀ ਅਤੇ ਜਾਪਾਨੀ ਵਿਰੋਧੀਆਂ ਵੱਲੋਂ ਸੁਜੀਤ ਲਈ ਮੁਸ਼ਕਲਾਂ ਖੜ੍ਹੀਆਂ ਕੀਤੇ ਜਾਣ ਦੀ ਆਸ ਸੀ, ਪਰ ਤਾਜ਼ਿਕਿਸਤਾਨ ਦੇ ਅਬਦੁਲਮਾਜ਼ਿਦ ਕੁਦੀਵ ਨੇ 9-2 ਦੀ ਲੀਡ ਬਣਾ ਕੇ ਭਾਰਤੀ ਪਹਿਲਵਾਨ ਨੂੰ ਸਭ ਤੋਂ ਵੱਧ ਪ੍ਰੀਖਿਆ ਵਿੱਚ ਪਾਇਆ। ਆਪਣੀ ਜ਼ਬਰਦਸਤ ਰਫ਼ਤਾਰ ਅਤੇ ਤਕਨੀਕੀ ਹੁਨਰ ਦੀ ਵਰਤੋਂ ਕਰਦਿਆਂ ਸੁਜੀਤ ਨੇ ਪਲਟਵਾਰ ਕੀਤਾ ਅਤੇ 10-9 ਨਾਲ ਜਿੱਤ ਪ੍ਰਾਪਤ ਕੀਤੀ। ਉਸ ਨੇ ਲਗਾਤਾਰ ਅੱਠ ਅੰਕ ਬਣਾਏ ਅਤੇ ਆਪਣੇ ਵਿਰੋਧੀ ਨੂੰ ਕਾਬੂ ਵਿੱਚ ਰੱਖਿਆ। ਕੁਦੀਵ ਨੇ ਪਹਿਲੇ ਪੀਰੀਅਡ ਵਿੱਚ ਆਰਮ ਲੌਕ (ਹੱਥ ਫੜਨ ਦੀਆਂ ਤਕਨੀਕਾਂ) ਦੀ ਵਰਤੋਂ ਕਰ ਕੇ ਸੁਜੀਤ ਨੂੰ ਹਮਲਾ ਨਹੀਂ ਕਰਨ ਦਿੱਤਾ।

ਇੱਕ ਵਾਰ ਜਦੋਂ ਸੁਜੀਤ ਆਪਣੇ ਵਿਰੋਧੀ ਦੀ ਸ਼ੈਲੀ ਨੂੰ ਸਮਝ ਗਿਆ, ਤਾਂ ਉਸ ਨੇ ਉਸ ਨੂੰ ਕੋਈ ਵੀ ਹਮਲਾਵਰ ਚਾਲ ਨਹੀਂ ਚੱਲਣ ਦਿੱਤੀ। ਜਿੱਥੇ ਕੁਦੀਵ ਨੇ ਤਾਕਤ ਦੇ ਮਾਮਲੇ ਵਿੱਚ ਭਾਰਤੀ ਪਹਿਲਵਾਨ ਦਾ ਮੁਕਾਬਲਾ ਕੀਤਾ, ਉੱਥੇ ਸੁਜੀਤ ਨੇ ਰਫ਼ਤਾਰ ਵਿੱਚ ਆਪਣੇ ਵਿਰੋਧੀ ਨੂੰ ਮਾਤ ਦਿੱਤੀ ਕਿਉਂਕਿ ਉਸ ਨੇ ਟੇਕ-ਡਾਊਨ ਮੂਵ (ਵਿਰੋਧੀ ਨੂੰ ਜ਼ਮੀਨ ’ਤੇ ਸੁੱਟਣ) ਲਈ ਵਾਰ-ਵਾਰ ਵਿਰੋਧੀ ਦੇ ਪਿੱਛੇ ਜਾ ਕੇ ਹਮਲਾ ਕੀਤਾ। ਇੱਕ ਤੋਂ ਬਾਅਦ ਇੱਕ ਸਫਲ ਦਾਅ-ਪੇਚਾਂ ਨੇ ਅੰਤਰ ਨੂੰ ਘਟਾ ਕੇ 8-9 ਕਰ ਦਿੱਤਾ ਅਤੇ ਮੁਕਾਬਲੇ ਵਿੱਚ ਲਗਪਗ 20 ਸਕਿੰਟ ਬਾਕੀ ਰਹਿਣ ’ਤੇ, ਸੁਜੀਤ ਨੇ ਫ਼ੈਸਲਾਕੁਨ ਟੇਕ-ਡਾਊਨ ਕੀਤਾ ਅਤੇ ਜੇਤੂ ਬਣਨ ਲਈ ਆਪਣੀ ਇੱਕ ਅੰਕ ਦੀ ਲੀਡ ਦਾ ਬਚਾਅ ਕੀਤਾ। ਉਨ੍ਹਾਂ ਨੇ ਸੈਮੀ ਫਾਈਨਲ ਵਿੱਚ ਜਪਾਨੀ ਓਲੰਪਿਕ ਚੈਂਪੀਅਨ ਕੋਤਾਰੋ ਕਿਊਕਾ ਨੂੰ ਨਿਯਮਾਂ ਦੇ ਆਧਾਰ ’ਤੇ 3-3 ਨਾਲ ਹਰਾਇਆ। ਇਹ ਤਾਕਤ, ਰਣਨੀਤਕ ਸੂਝ ਅਤੇ ਸਹਿਣਸ਼ੀਲਤਾ ਦਾ ਲਗਪਗ ਸੰਪੂਰਨ ਪ੍ਰਦਰਸ਼ਨ ਸੀ।

Share this content:

Post Comment