Loading Now

ਸਿੱਖ ਸੁਸਾਇਟੀ ਆਫ਼ ਡੇਟਨ (ਅਮਰੀਕਾ) ਵਿੱਖੇ ਡਾ. ਜਸਬੀਰ ਸਿੰਘ ਸਰਨਾ ਵਲੋਂ ਪੁਸਤਕ‘ਮਟਕ ਹੁਲਾਰੇ’ ਦਾ ਅੰਗਰੇਜ਼ੀ ਰੂਪ ਰਲੀਜ਼

ਸਿੱਖ ਸੁਸਾਇਟੀ ਆਫ਼ ਡੇਟਨ (ਅਮਰੀਕਾ) ਵਿੱਖੇ ਡਾ. ਜਸਬੀਰ ਸਿੰਘ ਸਰਨਾ ਵਲੋਂ ਪੁਸਤਕ‘ਮਟਕ ਹੁਲਾਰੇ’ ਦਾ ਅੰਗਰੇਜ਼ੀ ਰੂਪ ਰਲੀਜ਼

ਡੇਟਨ ਅਮਰੀਕਾ,18 ਸਤੰਬਰ 2026 – ਸਿੱਖ ਸੁਸਾਇਟੀ ਆਫ਼ ਡੇਟਨ (ਅਮਰੀਕਾ) ਵਿੱਖੇ ਜੰਮੂ-ਕਸ਼ਮੀਰ ਦੇ ਪ੍ਰਸਿੱਧ ਇਤਿਹਾਸਕਾਰ, ਸਾਹਿਤਕਾਰ ਅਤੇ ਸਿੱਖ ਚਿੰਤਕ ਡਾ. ਜਸਬੀਰ ਸਿੰਘ ਸਰਨਾ ਵੱਲੋਂ ਤਿਆਰ ਕੀਤੀ ਗਈ ਮਹੱਤਵਪੂਰਨ ਪੁਸਤਕ ਦਾ ਰਸਮੀ ਤੌਰ ’ਤੇ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਅਮਰੀਕਾ ਵਿੱਚ ਵਸਦੇ ਸਿੱਖ ਵਿਦਵਾਨਾਂ, ਸਾਹਿਤਕਾਰਾਂ, ਚਿੰਤਕਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਪੁਸਤਕ ਦੀ ਸਾਹਿਤਕ ਅਤੇ ਵਿਚਾਰਧਾਰਕ ਮਹੱਤਤਾ ਬਾਰੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ।

ਇਹ ਪੁਸਤਕ ਪ੍ਰਸਿੱਧ ਸਿੱਖ ਕਵੀ, ਸਾਹਿਤਕਾਰ ਅਤੇ ਚਿੰਤਕ ਭਾਈ ਵੀਰ ਸਿੰਘ ਜੀ ਦੀ ਕਸ਼ਮੀਰ-ਯਾਤਰਾ ਅਤੇ ਕਸ਼ਮੀਰ ਦੀ ਕੁਦਰਤੀ, ਅਧਿਆਤਮਕ ਅਤੇ ਸੌਂਦਰਯਮਈ ਚੇਤਨਾ ਨਾਲ ਸੰਬੰਧਿਤ ਕਵਿਤਾਵਾਂ ਦੇ ਸੰਗ੍ਰਹਿ ‘ਮਟਕ ਹੁਲਾਰੇ’ ਵਿੱਚ ਦਰਜ ਕਵਿਤਾਵਾਂ ਦਾ ਅੰਗਰੇਜ਼ੀ ਰੂਪ ਹੈ। ਡਾ. ਸਰਨਾ ਨੇ ਭਾਈ ਵੀਰ ਸਿੰਘ ਜੀ ਦੀ ਕਾਵਿ-ਦ੍ਰਿਸ਼ਟੀ, ਕਸ਼ਮੀਰ ਦੀ ਕੁਦਰਤੀ ਸੁੰਦਰਤਾ ਅਤੇ ਉਸ ਨਾਲ ਜੁੜੇ ਅਧਿਆਤਮਕ ਅਨੁਭਵ ਨੂੰ ਅੰਗਰੇਜ਼ੀ ਪਾਠਕਾਂ ਤੱਕ ਪਹੁੰਚਾਉਣ ਲਈ ਇਸ ਕਾਰਜ ਨੂੰ ਬੜੀ ਮਿਹਨਤ, ਖੋਜ ਅਤੇ ਭਾਵਨਾਤਮਕ ਸੰਵੇਦਨਸ਼ੀਲਤਾ ਨਾਲ ਸੰਪਾਦਿਤ ਕੀਤਾ ਹੈ।

ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੇਵਲ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਹੀ ਪੇਸ਼ ਨਹੀਂ ਕੀਤਾ ਗਿਆ, ਸਗੋਂ ਹਰ ਕਵਿਤਾ ਨੂੰ ਸਮਝਣ ਲਈ ਇੱਕ ਸੁਚੱਜੀ ਅਤੇ ਵਿਦਵਤਾਪੂਰਨ ਵਿਧੀ ਅਪਣਾਈ ਗਈ ਹੈ। ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਦੀ ਮੂਲ ਪੰਜਾਬੀ ਕਵਿਤਾ, ਉਸ ਤੋਂ ਬਾਅਦ ਉਸ ਦੀ ਰੋਮਨ ਅਖਰਾਂ ਵਿਚ, ਫਿਰ ਅੰਗਰੇਜ਼ੀ ਅਨੁਵਾਦ ਅਤੇ ਅੰਤ ਵਿੱਚ ਕਵਿਤਾ ਦੀ ਭਾਵਪੂਰਤ ਅਤੇ ਵਿਆਖਿਆਤਮਕ ਟਿੱਪਣੀ ਦਿੱਤੀ ਗਈ ਹੈ। ਇਸ ਤਰ੍ਹਾਂ ਪਾਠਕ ਨੂੰ ਮੂਲ ਕਾਵਿ-ਰਸ ਨਾਲ ਜੋੜਦਿਆਂ ਉਸ ਦੇ ਅਰਥ, ਪ੍ਰਤੀਕਾਂ, ਅਧਿਆਤਮਕ ਸੰਕੇਤਾਂ ਅਤੇ ਕਸ਼ਮੀਰ ਦੀ ਕੁਦਰਤੀ ਪਿਛੋਕੜ ਨੂੰ ਸਮਝਣ ਦਾ ਮੌਕਾ ਮਿਲਦਾ ਹੈ।

ਡਾ. ਸਰਨਾ ਨੇ ਭਾਈ ਵੀਰ ਸਿੰਘ ਜੀ ਦੀਆਂ ਕਸ਼ਮੀਰ ਨਾਲ ਸੰਬੰਧਿਤ ਕਵਿਤਾਵਾਂ ਵਿੱਚ ਮੌਜੂਦ ਕੁਦਰਤ, ਅਧਿਆਤਮ, ਪ੍ਰੇਮ, ਵਿਸਮਾਦ ਅਤੇ ਰੂਹਾਨੀ ਅਨੁਭੂਤੀ ਨੂੰ ਅੰਗਰੇਜ਼ੀ ਭਾਸ਼ਾ ਰਾਹੀਂ ਵਿਸ਼ਵ ਪੱਧਰ ’ਤੇ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਦੀ ਕੋਸ਼ਿਸ਼ ਸਿਰਫ਼ ਭਾਸ਼ਾਈ ਅਨੁਵਾਦ ਤੱਕ ਸੀਮਿਤ ਨਹੀਂ ਰਹਿੰਦੀ, ਬਲਕਿ ਮੂਲ ਕਵਿਤਾ ਦੀ ਰੂਹ ਅਤੇ ਭਾਵ-ਸੰਵੇਦਨਾ ਨੂੰ ਦੂਜੀ ਭਾਸ਼ਾ ਵਿੱਚ ਸੰਭਵ ਤੌਰ ’ਤੇ ਜੀਵੰਤ ਰੱਖਣ ਦਾ ਯਤਨ ਹੈ।

ਰਿਲੀਜ਼ ਸਮਾਰੋਹ ਦੌਰਾਨ ਵੱਖ-ਵੱਖ ਵਿਦਵਾਨਾਂ ਅਤੇ ਸਿੱਖ ਚਿੰਤਕਾਂ ਨੇ ਕਿਹਾ ਕਿ ਭਾਈ ਵੀਰ ਸਿੰਘ ਜੀ ਦੀ ਕਵਿਤਾ ਵਿੱਚ ਕਸ਼ਮੀਰ ਕੇਵਲ ਇੱਕ ਭੂਗੋਲਿਕ ਖੇਤਰ ਵਜੋਂ ਨਹੀਂ ਆਉਂਦਾ, ਸਗੋਂ ਉਹ ਇੱਕ ਰੂਹਾਨੀ ਅਤੇ ਸੌਂਦਰਯਮਈ ਅਨੁਭਵ ਦਾ ਰੂਪ ਧਾਰ ਲੈਂਦਾ ਹੈ। ਡਾ. ਸਰਨਾ ਵੱਲੋਂ ਇਸ ਕਾਵਿ-ਵਿਰਾਸਤ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਪੇਸ਼ ਕਰਨਾ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ, ਕਿਉਂਕਿ ਇਸ ਰਾਹੀਂ ਪੰਜਾਬੀ ਅਤੇ ਸਿੱਖ ਸਾਹਿਤ ਦੀ ਇੱਕ ਅਮੁੱਲੀ ਧਰੋਹਰ ਵਿਸ਼ਵ ਦੇ ਵਿਆਪਕ ਪਾਠਕ ਵਰਗ ਤੱਕ ਪਹੁੰਚ ਸਕਦੀ ਹੈ।

ਵਿਦਵਾਨਾਂ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੀ ਨਵੀਂ ਸਿੱਖ ਅਤੇ ਪੰਜਾਬੀ ਪੀੜ੍ਹੀ ਲਈ ਇਹ ਪੁਸਤਕ ਇੱਕ ਸੱਭਿਆਚਾਰਕ ਪੁਲ ਦਾ ਕੰਮ ਕਰੇਗੀ। ਜਿਹੜੀ ਨੌਜਵਾਨ ਪੀੜ੍ਹੀ ਪੰਜਾਬੀ ਲਿਪੀ ਜਾਂ ਮੂਲ ਪੰਜਾਬੀ ਸਾਹਿਤ ਨਾਲ ਸਿੱਧੇ ਤੌਰ ’ਤੇ ਨਹੀਂ ਜੁੜ ਸਕਦੀ, ਉਹ ੍ਰੋਮੳਨ ਟਰੳਨਸਲਿਟੲਰੳਟਿੋਨ ਅਤੇ ਅੰਗਰੇਜ਼ੀ ਅਨੁਵਾਦ ਰਾਹੀਂ ਭਾਈ ਵੀਰ ਸਿੰਘ ਜੀ ਦੀ ਕਾਵਿ-ਦੁਨੀਆ ਨਾਲ ਆਸਾਨੀ ਨਾਲ ਜਾਣ-ਪਛਾਣ ਕਰ ਸਕੇਗੀ।

ਇਸ ਮੌਕੇ ਡਾ. ਜਸਬੀਰ ਸਿੰਘ ਸਰਨਾ ਦੀ ਲੰਬੀ ਸਾਹਿਤਕ ਅਤੇ ਇਤਿਹਾਸਕ ਸਾਧਨਾ ਦੀ ਵੀ ਸ਼ਲਾਘਾ ਕੀਤੀ ਗਈ। ਡਾ. ਸਰਨਾ ਹੁਣ ਤੱਕ 72 ਪੁਸਤਕਾਂ ਦੀ ਰਚਨਾ ਅਤੇ ਸੰਪਾਦਨਾ ਕਰ ਚੁੱਕੇ ਹਨ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਿੱਖ ਇਤਿਹਾਸ, ਜੰਮੂ-ਕਸ਼ਮੀਰ ਦਾ ਇਤਿਹਾਸ, ਸਿੱਖ ਸਾਹਿਤ, ਪੰਜਾਬੀ ਸਭਿਆਚਾਰ, ਧਾਰਮਿਕ ਚਿੰਤਨ ਅਤੇ ਕੁਦਰਤੀ ਵਿਰਾਸਤ ਨਾਲ ਸੰਬੰਧਿਤ ਵਿਭਿੰਨ ਵਿਸ਼ਿਆਂ ਨੂੰ ਸਥਾਨ ਮਿਲਿਆ ਹੈ।

ਸਮਾਗਮ ਵਿੱਚ ਬੁਲਾਰਿਆਂ ਨੇ ਕਿਹਾ ਕਿ ਡਾ. ਸਰਨਾ ਦੀ ਇਹ ਨਵੀਂ ਪੁਸਤਕ ਕੇਵਲ ਇੱਕ ਅਨੁਵਾਦਿਤ ਕਾਵਿ-ਸੰਗ੍ਰਹਿ ਨਹੀਂ, ਸਗੋਂ ਭਾਈ ਵੀਰ ਸਿੰਘ ਜੀ ਦੀ ਕਾਵਿ-ਵਿਰਾਸਤ, ਕਸ਼ਮੀਰ ਦੀ ਰੂਹਾਨੀ ਧਰਤੀ ਅਤੇ ਸਿੱਖ ਸਾਹਿਤਕ ਪਰੰਪਰਾ ਨੂੰ ਵਿਸ਼ਵ ਪੱਧਰ ’ਤੇ ਪੇਸ਼ ਕਰਨ ਵਾਲਾ ਇੱਕ ਮਹੱਤਵਪੂਰਨ ਉਪਰਾਲਾ ਹੈ। ਇਹ ਪੁਸਤਕ ਦੇਸ਼-ਵਿਦੇਸ਼ ਵਿੱਚ ਵਸਦੇ ਪੰਜਾਬੀ, ਸਿੱਖ ਅਤੇ ਸਾਹਿਤ-ਪ੍ਰੇਮੀ ਪਾਠਕਾਂ ਲਈ ਇੱਕ ਕੀਮਤੀ ਸਾਹਿਤਕ ਸਰਮਾਇਆ ਸਾਬਤ ਹੋਵੇਗੀ।

ਇਸ ਸਮਾਗਮ ਵਿਚ ਹੈੱਡ ਗਰੰਥੀ ਭਾਈ ਹੇਮ ਸਿੰਘ ਤੇ ਭਾਈ ਭਾਈ ਪ੍ਰੇਮ ਸਿੰਘ, ਕਰਤਾਰ ਸਿੰਘ ਤਾਰੀ, ਅਵਤਾਰ ਸਿੰਘ ਸਪਰਿੰਗਫੀਲਡ, ਡਾ. ਦਰਸ਼ਨ ਸਿੰਘ ਸਹਿਬੀ ,ਰਾਜਪਾਲ ਸਿੰਘ ਬਜਾਜ, ਬਲਜੀਤ ਸਿੰਘ ਮਾਹਾਂਰਾਜਾ ਰੂਸਟੁਰੈਂਟ ਵਾਲੇ,ਡਾ. ਚਰਨਜੀਤ ਸਿੰਘ ਗੁਮਟਾਲਾ ,ਪਰਮਿੰਦਰ ਸਿੰਘ ਬਾਸੀ ,ਜਸਵਿੰਦਰ ਸਿੰਘ ਵਿਰਦੀ, ਦਰਸ਼ਨ ਸਿੰਘ ਬੇਦਵਾਂਨ ,ਪਰਮਿੰਦਰ ਸਿੰਘ ਲੱਕੀ ,ਇਕਬਾਲ ਸਿੰਘ ਬਾਜਵਾ ,ਲਖਵਿੰਦਰ ਸਿੰਘ ਮੁਲਤਾਨੀ ਆਦਿ ਨੇ ਹਾਜ਼ਰੀ ਭਰੀ।

Share this content:

Post Comment