ਸ਼ੁਰੂ ਹੋਵੇਗੀ ਦੁਨੀਆਂ ਦੀ ਸੱਭ ਤੋਂ ਲੰਬੀ 22 ਘੰਟੇ ਦੀ ਫ਼ਲਾਈਟ
ਸਿਡਨੀ, 20 ਜੂਨ – ਹਵਾਈ ਸਫ਼ਰ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਆਸਟਰੇਲੀਆਈ ਹਵਾਬਾਜ਼ੀ ਕੰਪਨੀ ਕੰਤਾਸ ਏਅਰਵੇਜ਼ ਅਪਣੇ ‘ਪ੍ਰੋਜੈਕਟ ਸਨਰਾਈਜ਼’ ਦੇ ਤਹਿਤ ਦੁਨੀਆਂ ਦੀ ਸੱਭ ਤੋਂ ਲੰਬੀ ਨਾਨ-ਸਟਾਪ ਫ਼ਲਾਈਟ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਉਡਾਣ ਸਿਡਨੀ ਤੋਂ ਲੰਡਨ ਤਕ ਦਾ ਸਫ਼ਰ ਬਿਨਾਂ ਰੁਕੇ ਤੈਅ ਕਰੇਗੀ, ਜਿਸ ਵਿਚ ਯਾਤਰੀ ਲਗਾਤਾਰ 20 ਤੋਂ 22 ਘੰਟੇ ਤਕ ਆਸਮਾਨ ਵਿਚ ਰਹਿਣਗੇ। ਇੰਨੇ ਲੰਬੇ ਸਫ਼ਰ ਦੌਰਾਨ ਇਹ ਜਹਾਜ਼ 9 ਟਾਈਮ ਜ਼ੋਨ ਨੂੰ ਪਾਰ ਕਰੇਗਾ, ਜੋ ਕਿ ਕਿਸੇ ਵੀ ਇਨਸਾਨੀ ਸਰੀਰ ਅਤੇ ਦਿਮਾਗ ਨੂੰ ਥਕਾ ਦੇਣ ਲਈ ਕਾਫੀ ਹੈ। ਪਰ ਵਿਗਿਆਨ ਦੀ ਮਦਦ ਨਾਲ ਇਸ ਸਫ਼ਰ ਨੂੰ ਆਰਾਮਦਾਇਕ ਬਣਾਇਆ ਜਾਵੇਗਾ। ਸਿਡਨੀ ਯੂਨੀਵਰਸਿਟੀ ਦੇ ਮਾਹਰਾਂ ਅਨੁਸਾਰ ਜਹਾਜ਼ ਦੇ ਅੰਦਰ ਕੁਦਰਤੀ ਦ੍ਰਿਸ਼ਾਂ ਤੋਂ ਪ੍ਰੇਰਿਤ 14 ਵੱਖ-ਵੱਖ ਲਾਈਟ ਪ੍ਰੋਗਰਾਮ ਚਲਾਏ ਜਾਣਗੇ, ਜੋ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਹੀ ਸੂਰਜ ਚੜ੍ਹਨ ਅਤੇ ਡੁੱਬਣ ਦਾ ਅਹਿਸਾਸ ਕਰਵਾਉਣਗੇ। ਜਹਾਜ਼ ਵਿਚ ਨੀਂਦ ਅਤੇ ਖਾਣ-ਪੀਣ ਲਈ ਵੀ ਵਿਸ਼ੇਸ਼ ‘ਪ੍ਰੋਟੈਕਟਿਵ ਸਲੀਪ ਵਿੰਡੋ’ ਤੈਅ ਕੀਤੀ ਜਾਵੇਗੀ। ਵਜ਼ਨ ਦੀਆਂ ਪਾਬੰਦੀਆਂ ਕਾਰਨ ਇਸ ਵਿਸ਼ਾਲ ਜਹਾਜ਼ ਵਿੱਚ ਸਿਰਫ਼ 238 ਯਾਤਰੀ ਹੀ ਸਫ਼ਰ ਕਰ ਸਕਣਗੇ।
Share this content:



Post Comment