Loading Now

ਵਿਸਾਖੀ ਮੌਕੇ ਕਿਸਾਨ ਦੀ ਦਰਦਨਾਕ ਹਾਦਸੇ ’ਚ ਮੌਤ

ਵਿਸਾਖੀ ਮੌਕੇ ਕਿਸਾਨ ਦੀ ਦਰਦਨਾਕ ਹਾਦਸੇ ’ਚ ਮੌਤ

ਬਰਨਾਲਾ, 14 ਅਪ੍ਰੈਲ – ਜ਼ਿਲ੍ਹਾ ਬਰਨਾਲਾ ਦੇ ਪਿੰਡ ਵਿਧਾਤਾ ਵਿੱਚ ਬਿਜਲੀ ਵਿਭਾਗ ਦੀ ਵੱਡੀ ਲਾਪਰਵਾਹੀ ਕਾਰਨ ਇੱਕ 38 ਸਾਲਾ ਕਿਸਾਨ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਗਾਗਰ ਸਿੰਘ ਵਜੋਂ ਹੋਈ ਹੈ, ਜੋ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਕਟਾਈ ਕਰ ਰਿਹਾ ਸੀ ਕਿ ਅਚਾਨਕ ਉੱਪਰੋਂ ਲੰਘਦੀਆਂ 11 ਹਜ਼ਾਰ ਵੋਲਟ ਦੀਆਂ ਨੀਵੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਪਿੰਡ ਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ, “ਮ੍ਰਿਤਕ ਜਸਵਿੰਦਰ ਸਿੰਘ ਆਪਣੀ 6 ਏਕੜ ਜ਼ਮੀਨ ਵਿੱਚ ਕਣਕ ਦੀ ਵਾਢੀ ਕਰ ਰਿਹਾ ਸੀ। ਖੇਤਾਂ ਵਿੱਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਾਫੀ ਨੀਵੀਆਂ ਲਮਕ ਰਹੀਆਂ ਸਨ। ਕਟਾਈ ਦੌਰਾਨ ਕੰਬਾਈਨ ਮਸ਼ੀਨ ਇਨ੍ਹਾਂ ਹਾਈ-ਵੋਲਟੇਜ ਤਾਰਾਂ ਨਾਲ ਛੂਹ ਗਈ। ਕਰੰਟ ਇੰਨਾ ਜ਼ਬਰਦਸਤ ਸੀ ਕਿ ਪੂਰੀ ਮਸ਼ੀਨ ਵਿੱਚ ਫੈਲ ਗਿਆ, ਜਿਸ ਕਾਰਨ ਜਸਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਸ਼ੀਨਰੀ ਦੇ ਨਾਲ-ਨਾਲ ਕੰਬਾਈਨ ਦੇ ਟਾਇਰ ਤੱਕ ਫਟ ਗਏ।”

ਪਾਵਰਕਾਮ ਜ਼ਿੰਮੇਵਾਰ

ਪਿੰਡ ਦੇ ਨੰਬਰਦਾਰ ਸੁਰਜੀਤ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ, “ਇਹ ਹਾਦਸਾ ਸਿੱਧੇ ਤੌਰ ‘ਤੇ ਪਾਵਰਕਾਮ ਦੀ ਨਾਕਾਮੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਕਿਸਾਨਾਂ ਵੱਲੋਂ ਕਈ ਵਾਰ ਪਾਵਰਕਾਮ ਵਾਲਿਆਂ ਨੂੰ ਇਨ੍ਹਾਂ ਲਮਕਦੀਆਂ ਤਾਰਾਂ ਨੂੰ ਉੱਚਾ ਕਰਨ ਲਈ ਲਿਖਤੀ ਅਤੇ ਜ਼ਬਾਨੀ ਬੇਨਤੀਆਂ ਕੀਤੀਆਂ ਗਈਆਂ ਸਨ, ਪਰ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ। ਜੇਕਰ ਸਮਾਂ ਰਹਿੰਦੇ ਤਾਰਾਂ ਠੀਕ ਕਰ ਦਿੱਤੀਆਂ ਜਾਂਦੀਆਂ, ਤਾਂ ਅੱਜ ਇਹ ਕੀਮਤੀ ਜਾਨ ਬਚ ਸਕਦੀ ਸੀ।.

ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ ਇੱਕ ਪੁੱਤਰ ਛੱਡ ਗਿਆ

ਪਿੰਡ ਵਾਸੀ ਨੇ ਦੱਸਿਆ ਕਿ, ਮ੍ਰਿਤਕ ਜਸਵਿੰਦਰ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਉਹ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ ਇੱਕ 14 ਸਾਲ ਦਾ ਪੁੱਤਰ ਛੱਡ ਗਿਆ ਹੈ। ਸਿਰਫ਼ 6 ਏਕੜ ਖੇਤੀ ‘ਤੇ ਨਿਰਭਰ ਇਸ ਪਰਿਵਾਰ ਲਈ ਹੁਣ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ, “ਪੀੜਤ ਪਰਿਵਾਰ ਨੂੰ ਤੁਰੰਤ ਆਰਥਿਕ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਜਲੀ ਦੀਆਂ ਨੀਵੀਆਂ ਤਾਰਾਂ ਦਾ ਸਥਾਈ ਹੱਲ ਕੀਤਾ ਜਾਵੇ।

Share this content:

Post Comment