ਵਿਸ਼ੇਸ਼ ਗਹਿਰੀ ਸੁਧਾਈ 2026 ਤਹਿਤ ਘਰ ਘਰ ਫਾਰਮ ਵੰਡਣ ਦੀ ਮੁਹਿੰਮ ਸ਼ੁਰੂ

*ਡਿਪਟੀ ਕਮਿਸ਼ਨਰ ਮੋਗਾ ਸਾਗਰ ਸੀਤੀਆ ਨੇ ਖੁਦ ਕੀਤੀ ਮੁਹਿੰਮ ਦੀ ਅਗਵਾਈ
*ਘਰ ਘਰ ਜਾ ਕੇ ਬਣਾਇਆ ਲੋਕਾਂ ਨਾਲ ਰਾਬਤਾ
*ਕਿਹਾ! ਵਿਸ਼ੇਸ਼ ਗਹਿਰੀ ਸੁਧਾਈ ਦੇ ਕੰਮ ਵਿੱਚ ਲੋਕ ਬੀਐਲਓਜ਼ ਨੂੰ ਸਹਿਯੋਗ ਦੇਣ
ਮੋਗਾ, 25 ਜੂਨ (ਗਿਆਨ ਸਿੰਘ/ਏ ਡੀ ਪੀ ਨਿਊਜ਼) – ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ‘ਚ ਚੱਲ ਰਹੀ “ਵਿਸ਼ੇਸ਼ ਗਹਿਰੀ ਸੁਧਾਈ “ 2026 ਤਹਿਤ ਬੀ ਐਲ ਓਜ ਵੱਲੋਂ ਘਰ ਘਰ ਜਾ ਕੇ ਇਨੁਮਰੇਸ਼ਨ ਫਾਰਮ ਵੰਡਣ ਦੀ ਮੁਹਿੰਮ ਮੋਗਾ ਵਿਖੇ ਵੀ ਸ਼ੁਰੂ ਹੋਈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਖ਼ੁਦ ਮੋਗਾ ਸ਼ਹਿਰ ਦੀ ਸਾਧਾਂ ਵਾਲੀ ਬਸਤੀ ਸਮੇਤ ਹੋਰ ਵੱਖ ਵੱਖ ਥਾਂਵਾਂ ਤੇ ਇਸ ਮੁਹਿੰਮ ਦੀ ਅਗਵਾਈ ਕਰਕੇ ਲੋਕਾਂ ਨਾਲ ਰਾਬਤਾ ਬਣਾਇਆ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਮੋਗਾ ਸ੍ਰ ਜਸਪਿੰਦਰ ਸਿੰਘ, ਐਸ ਡੀ ਐਮ ਸਤਵਿੰਦਰ ਪਾਲ ਸਿੰਘ, ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਮੋਗਾ ਵਿੱਚ 92 ਫੀਸਦੀ ਤੋਂ ਜਿਆਦਾ ਇਸ ਮੁਹਿੰਮ ਤਹਿਤ ਪ੍ਰੀ ਐਸਆਈ ਆਰ ਮੈਪਿੰਗ ਹੋਈ ਹੈ। ਉਹਨਾਂ ਕਿਹਾ ਕਿ ਪੂਰੇ ਜਿਲ੍ਹੇ ਵਿੱਚ 804 ਬੀਐਲਓ, 4 ਈ ਆਰ ਓ ਸਮੇਤ ਹੋਰ ਟੀਮਾਂ ਫੀਲਡ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਬੀਐਲਓਜ ਹਰ ਘਰ ਵਿੱਚ ਘੱਟੋ ਘੱਟ ਤਿੰਨ ਵਾਰ ਜਾਣਗੇ ਅਤੇ ਘਰ-ਘਰ ਫਾਰਮ ਵੰਡਣ ਦੀ ਇਹ ਮੁਹਿੰਮ 24 ਜੁਲਾਈ 2026 ਤੱਕ ਚੱਲੇਗੀ।ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਜੀਏਸ਼ਨ 24 ਜੁਲਾਈ 2026 ਤੱਕ ਕੀਤੀ ਜਾਵੇਗੀ।ਵੋਟਰ ਸੂਚੀ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03 ਅਗਸਤ 2026 ਤੋਂ 02 ਸਤੰਬਰ 2026 ਤੱਕ ਲਏ ਜਾਣਗੇ।ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03 ਅਗਸਤ 2026 ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ।ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 01 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਸ੍ਰੀ ਸੇਤੀਆ ਨੇ ਕਿਹਾ ਕਿ ਐਸ.ਆਈ.ਆਰ ਦਾ ਮੁੱਖ ਮਕਸਦ ਵੋਟਰ ਸੂਚੀ ਨੂੰ 100 ਫੀਸਦੀ ਸ਼ੁੱਧ, ਨਿਰੋਲ ਤੇ ਕਮੀ ਰਹਿਤ ਬਣਾਉਣਾ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਨਵੇਂ ਯੋਗ ਵੋਟਰਾਂ ਦੇ ਨਾਮ ਸ਼ਾਮਲ ਕੀਤੇ ਜਾ ਰਹੇ ਹਨ, ਮ੍ਰਿਤਕ ਜਾਂ ਸ਼ਿਫਟ ਹੋ ਚੁੱਕੇ ਵੋਟਰਾਂ ਦੇ ਨਾਮ ਕੱਟੇ ਜਾ ਰਹੇ ਹਨ ਅਤੇ ਦਰੁਸਤੀਆਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਬੀ.ਐਲ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਘਰ-ਘਰ ਜਾ ਕੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ। ਉਹਨਾਂ ਸਪੱਸ਼ਟ ਕੀਤਾ ਕਿ ਐਸ.ਆਈ.ਆਰ ਦੇ ਕੰਮ ‘ਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਉਦੇਸ਼ ‘ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਸੂਚੀ ਵਿੱਚੋਂ ਬਾਹਰ ਕਰਨਾ’ ਹੈ।
Share this content:



Post Comment