Loading Now

ਵਿਦਿਆਰਥੀ ਖ਼ੁਦਕੁਸ਼ੀ ਮਾਮਲਾ : ਆਈ ਆਈ ਟੀ ਬੰਬੇ ਨੇ ਡੀਨ ਨੂੰ ਅਹੁਦੇ ਤੋਂ ਹਟਾਇਆ

ਵਿਦਿਆਰਥੀ ਖ਼ੁਦਕੁਸ਼ੀ ਮਾਮਲਾ : ਆਈ ਆਈ ਟੀ ਬੰਬੇ ਨੇ ਡੀਨ ਨੂੰ ਅਹੁਦੇ ਤੋਂ ਹਟਾਇਆ

 

ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ (ਆਈ ਆਈ ਟੀ) ਬੰਬੇ ਨੇ ਵਿਦਿਆਰਥੀ ਦੀ ਖ਼ੁਦਕੁਸ਼ੀ ਦੇ ਮਾਮਲੇ ’ਚ ਪ੍ਰਸ਼ਾਸਕੀ ਮਾਮਲਿਆਂ ਦੇ ਡੀਨ ਸੂਰਿਆਨਾਰਾਇਣ ਡੂਲਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਉਧਰ ਵਿਦਿਆਰਥੀਆਂ ਅਤੇ ਯੂਥ ਕਾਂਗਰਸ ਵਰਕਰਾਂ ਨੇ ਇਸ ਮਾਮਲੇ ’ਤੇ ਪ੍ਰਦਰਸ਼ਨ ਕੀਤਾ। ਕਈ ਯੂਥ ਕਾਂਗਰਸ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਡੂਲਾ ਦਾ ਨਾਮ ਐੱਫ ਆਈ ਆਰ ’ਚ ਵੀ ਦਰਜ ਹੈ ਅਤੇ ਉਸ ’ਤੇ ਜਾਤ ਆਧਾਰਿਤ ਵਿਤਕਰੇ ਦੇ ਆਧਾਰ ’ਤੇ ਵਿਦਿਆਰਥੀ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਇੰਸਟੀਚਿਊਟ ਨੇ ਵਿਦਿਆਰਥੀ ਸਾਹਿਲ ਵਾਕੋੜੇ ਨੂੰ ਬਦਨਾਮ ਕਰਨ ਦੇ ਦੋਸ਼ ਲੱਗਣ ਮਗਰੋਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਲਈ ਹੈ।

ਸਾਹਿਲ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਡੂਲਾ ਨੇ ਉਨ੍ਹਾਂ ਦੇ ਪੁੱਤਰ ਨਾਲ ਜਾਤ ਆਧਾਰਿਤ ਵਿਤਕਰਾ ਕੀਤਾ। ਪਿਤਾ ਰਵਿੰਦਰ ਵਾਕੋੜੇ ਨੇ ਕਿਹਾ, ‘‘ਸਾਹਿਲ ਸਾਡਾ ਇਕਲੌਤਾ ਪੁੱਤਰ ਸੀ। ਅਸੀਂ ਇਸ ਮੁਕਾਮ ’ਤੇ ਬਹੁਤ ਹੀ ਸੰਘਰਸ਼ ਮਗਰੋਂ ਪੁੱਜੇ ਹਾਂ ਅਤੇ ਹੁਣ ਉਨ੍ਹਾਂ ਸਾਡਾ ਪੁੱਤਰ ਖ਼ਤਮ ਕਰ ਦਿੱਤਾ। ਅਮਲੇ ਨੇ ਜਾਤ ਦੇ ਆਧਾਰ ’ਤੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ। ਸਾਨੂੰ ਇਨਸਾਫ਼ ਚਾਹੀਦਾ ਹੈ।’’ ਉਨ੍ਹਾਂ ਆਈ ਆਈ ਟੀ ਬੰਬੇ ਪ੍ਰਸ਼ਾਸਨ ਦੀ ਭੂਮਿਕਾ ਦੀ ਵੀ ਜਾਂਚ ਮੰਗੀ ਹੈ। ਆਈ ਆਈ ਟੀ ਬੰਬੇ ਦੇ ਡਾਇਰੈਕਟਰ ਸ਼ਿਰੀਸ਼ ਕੇਦਾਰੇ ਨੇ ਪਹਿਲਾਂ ਕਿਹਾ ਸੀ ਕਿ ਉਹ ਅਸਤੀਫ਼ਾ ਦੇਣਗੇ ਪਰ ਇੰਸਟੀਚਿਊਟ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਅਸਤੀਫ਼ਾ ਨਹੀਂ ਦਿੱਤਾ ਹੈ। ਡੂਲਾ ਨੂੰ ਹਟਾਉਣ ਦੇ ਵਿਰੋਧ ’ਚ ਇੰਸਟੀਚਿਊਟ ਦੇ ਫੈਕਲਟੀ ਮੈਂਬਰਾਂ ਨੇ ਮਾਰਚ ਵੀ ਕੀਤਾ।

Share this content:

Post Comment