Loading Now

ਵਿਕਾਸ ਦਾ ਰਾਹ ਕਿੱਥੇ ਖੁੰਝਿਆ?

ਵਿਕਾਸ ਦਾ ਰਾਹ ਕਿੱਥੇ ਖੁੰਝਿਆ?

ਬ੍ਰਿਕਸ ਸੰਮੇਲਨ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਈ ਮੀਟਿੰਗ ਦੋ ਨਾਬਰਾਬਰ ਧਿਰਾਂ ਵਿਚਕਾਰ ਹੋਈ ਸੀ। ਸਾਲ 2013 ਵਿੱਚ ਚੀਨ ਵਿੱਚ ਭਾਰਤ ਦੇ ਸਫ਼ੀਰ ਨੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਖ਼ਦਸ਼ਾ ਜਤਾਇਆ ਸੀ ਕਿ ਭਾਰਤ ਚੀਨ ਦੀ ਬਸਤੀ (ਕਾਲੋਨੀ) ਬਣਦਾ ਜਾ ਰਿਹਾ ਹੈ। ਸਾਲ 1990-91 ਵਿੱਚ ਭਾਰਤ ਅਤੇ ਚੀਨ ਵਿਚਕਾਰ ਵਪਾਰ 1 ਅਰਬ ਡਾਲਰ ਤੋਂ ਵੀ ਘੱਟ ਸੀ। ਉਸ ਸਮੇਂ ਚੀਨ ਨੂੰ ਭਾਰਤ ਦੀ ਬਰਾਮਦ ਜ਼ਿਆਦਾ ਸੀ ਅਤੇ ਉੱਥੋਂ ਮੰਗਵਾਇਆ ਜਾਣ ਵਾਲਾ ਮਾਲ ਘੱਟ ਸੀ, ਪਰ 2011-12 ਤੱਕ ਇਹ ਵਪਾਰ ਵਧ ਕੇ 76 ਅਰਬ ਡਾਲਰ ਤੱਕ ਪਹੁੰਚ ਗਿਆ।

ਭਾਰਤੀ ਸਫ਼ੀਰ ਨੇ ਦੱਸਿਆ ਕਿ ਭਾਰਤ-ਚੀਨ ਵਪਾਰ ਦਾ ਇਹ ਪੈਟਰਨ ਉਸ ਵਪਾਰ ਵਰਗਾ ਸੀ, ਜੋ ਕਿਸੇ ਆਰਥਿਕ ਮਹਾਸ਼ਕਤੀ ਅਤੇ ਉਸ ਦੀਆਂ ਬਸਤੀਆਂ ਵਿਚਕਾਰ ਹੁੰਦਾ ਹੈ। ਭਾਰਤ ਨੂੰ ਚੀਨ ਉਹ ਪੂੰਜੀਗਤ ਵਸਤਾਂ (ਕੈਪੀਟਲ ਗੁੱਡਜ਼) ਅਤੇ ਉਦਯੋਗਿਕ ਕੱਚਾ ਮਾਲ ਮੁਹੱਈਆ ਕਰਵਾ ਰਿਹਾ ਸੀ, ਜਿਨ੍ਹਾਂ ਦੀ ਦੇਸ਼ ਦੇ ਬੁਨਿਆਦੀ ਢਾਂਚੇ ਅਤੇ ਉਦਯੋਗਾਂ ਨੂੰ ਲੋੜ ਸੀ ਜਦੋਂਕਿ ਭਾਰਤ ਵੱਲੋਂ ਕੀਤੀ ਜਾਣ ਵਾਲੀ ਬਰਾਮਦ ਸਿਰਫ਼ ਮੁੱਢਲੇ ਉਤਪਾਦਾਂ ਜਿਵੇਂ ਧਾਤਾਂ, ਖਣਿਜਾਂ ਅਤੇ ਕਪਾਹ ਤੱਕ ਸੀਮਿਤ ਸੀ। ਸਾਲ 1990-91 ਵਿੱਚ ਚੀਨ ਨੂੰ ਭਾਰਤ ਤਿਆਰ ਮਾਲ ਜ਼ਿਆਦਾ ਭੇਜਦਾ ਸੀ ਜਦੋਂਕਿ 2013 ਤੱਕ ਚੀਨ ‘ਦੁਨੀਆ ਦਾ ਕਾਰਖ਼ਾਨਾ’ ਬਣ ਚੁੱਕਾ ਸੀ। 1991 ਤੋਂ ਲੈ ਕੇ ਹੁਣ ਤੱਕ ਚੀਨ ਦਾ ਨਿਰਮਾਣ (ਮੈਨੂਫੈਕਚਰਿੰਗ) ਖੇਤਰ ਭਾਰਤ ਨਾਲੋਂ ਅੱਠ ਗੁਣਾ ਵੱਡਾ ਹੋ ਚੁੱਕਾ ਹੈ ਅਤੇ ਇਸ ਦਾ ਉੱਚ-ਮੁੱਲ ਵਾਲੇ ਉਤਪਾਦਾਂ ਦਾ ਖੇਤਰ ਭਾਰਤ ਨਾਲੋਂ ਪੰਜਾਹ ਗੁਣਾ ਵੱਡਾ ਹੋ ਗਿਆ ਹੈ। ਸਾਬਕਾ ਸਫ਼ੀਰਾਂ, ਸੇਵਾਮੁਕਤ ਫ਼ੌਜੀ ਜਰਨੈਲਾਂ ਅਤੇ ਕੌਮਾਂਤਰੀ ਰਣਨੀਤੀ ਦੇ ਮਾਹਿਰਾਂ ਦੀ ਸ਼ਮੂਲੀਅਤ ਵਾਲਾ ਕੌਮੀ ਸੁਰੱਖਿਆ ਸਲਾਹਕਾਰ ਬੋਰਡ ਇਸ ਗੱਲੋਂ ਚਿੰਤਤ ਸੀ ਕਿ ਟੈਲੀਕੌਮ, ਬਿਜਲਈ ਉਪਕਰਣਾਂ ਅਤੇ ਇਲੈਕਟ੍ਰੌਨਿਕ ਹਾਰਡਵੇਅਰ ਲਈ ਚੀਨੀ ਸਾਮਾਨ ’ਤੇ ਭਾਰਤ ਦੀ ਨਿਰਭਰਤਾ ਹੁਣ ਸਿਰਫ਼ ਆਰਥਿਕ ਮੁੱਦਾ ਨਹੀਂ ਰਹੀ ਸਗੋਂ ਕੌਮੀ ਸੁਰੱਖਿਆ ਦਾ ਮੁੱਦਾ ਵੀ ਬਣ ਗਈ ਹੈ। ਬੋਰਡ ਇਹ ਜਾਣਨਾ ਚਾਹੁੰਦਾ ਸੀ ਕਿ 1991 ਤੋਂ ਬਾਅਦ ਭਾਰਤ ਦੀ ਉਦਯੋਗਿਕ ਨੀਤੀ ਕਿਉਂ ਨਾਕਾਮ ਰਹੀ ਅਤੇ ਕੀ ਭਾਰਤ ਕੋਲ ਕੋਈ ਉਦਯੋਗਿਕ ਨੀਤੀ ਹੈ ਵੀ ਜਾਂ ਨਹੀਂ?

ਸਾਲ 1991 ਵਿੱਚ ਉਦਯੋਗਿਕ ਨੀਤੀ ਨੂੰ ਤਿਲਾਂਜਲੀ ਦੇ ਦਿੱਤੀ ਗਈ। ਅਸਲ ਗੱਲ ਇਹ ਹੈ ਕਿ ਭਾਰਤ ਕੋਲ ਕੋਈ ਉਦਯੋਗਿਕ ਨੀਤੀ ਰਹੀ ਹੀ ਨਹੀਂ ਸੀ ਕਿਉਂਕਿ ਜਦੋਂ ਭਾਰਤ ਨੂੰ ਐਮਰਜੈਂਸੀ ਕਰਜ਼ੇ ਲਈ ਆਈ ਐੱਮ ਐੱਫ ਕੋਲ ਜਾਣਾ ਪਿਆ ਤਾਂ ਉਨ੍ਹਾਂ ਵੱਲੋਂ ਭਾਰਤ ’ਤੇ ਮੁਕਤ ਬਾਜ਼ਾਰ ਦੇ ਸੁਧਾਰ ਥੋਪ ਦਿੱਤੇ ਗਏ। ਇਨ੍ਹਾਂ ਸ਼ਰਤਾਂ ਤਹਿਤ ਭਾਰਤ ਨੂੰ ਵਪਾਰ ਲਈ ਆਪਣੀਆਂ ਸਰਹੱਦਾਂ ਖੋਲ੍ਹਣੀਆਂ ਪਈਆਂ ਅਤੇ ਆਪਣੀ ਉਦਯੋਗਿਕ ਨੀਤੀ ਨੂੰ ਤਿਆਗਣਾ ਪਿਆ। ਆਰਥਿਕ ਸਿਧਾਂਤ ਇਹ ਸੀ ਕਿ ਜਦੋਂ ਦੇਸ਼ ਆਪਸ ਵਿੱਚ ਮੁਕਤ ਵਪਾਰ ਕਰਦੇ ਹਨ ਤਾਂ ਆਲਮੀ ਵਿਕਾਸ ਦੀ ਲਹਿਰ ਵਿੱਚ ਸਭ ਦਾ ਵਿਕਾਸ ਹੁੰਦਾ ਹੈ। ਬੇਸ਼ੱਕ, ਭਾਰਤ ਦੀ ਜੀ ਡੀ ਪੀ ਵੀ ਤੇਜ਼ੀ ਨਾਲ ਵਧਣ ਲੱਗੀ, ਪਰ ਚੀਨ ਦੀ ਅਰਥਵਿਵਸਥਾ ਇਸ ਨਾਲੋਂ ਵੀ ਕਿਤੇ ਵੱਧ ਤੇਜ਼ੀ ਨਾਲ ਵਧੀ। ਸਾਲ 2009 ਤੱਕ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ‘ਖੁੱਲ੍ਹੀ ਮੰਡੀ ਵਾਲੀ ਜਮਹੂਰੀਅਤ’ ਬਣ ਗਿਆ ਸੀ। ਇਹ ‘ਖੁੱਲ੍ਹੀ ਮੰਡੀ ਅਤੇ ਜਮਹੂਰੀਅਤ’ ਵਾਲੇ ਸ਼ਬਦ ਖ਼ਾਸ ਤੌਰ ’ਤੇ ਜੋੜਨੇ ਪੈਂਦੇ ਸਨ ਕਿਉਂਕਿ ਚੀਨ ਦੀ ਅਰਥਵਿਵਸਥਾ ਭਾਰਤ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਤਰੱਕੀ ਕਰ ਰਹੀ ਸੀ।

ਸਾਲ 1991 ਮਗਰੋਂ ਭਾਰਤ ਅਤੇ ਚੀਨ ਦੀਆਂ ਵਿਕਾਸ ਰਣਨੀਤੀਆਂ ਬਿਲਕੁਲ ਵੱਖੋ-ਵੱਖਰੇ ਰਾਹਾਂ ਉੱਤੇ ਤੁਰ ਪਈਆਂ। ਉਸ ਸਮੇਂ ਭਾਰਤੀ ਨੀਤੀਘਾੜਿਆਂ ਵੱਲੋਂ ਲਏ ਗਏ ਫ਼ੈਸਲਿਆਂ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਤੇਜ਼ ਆਰਥਿਕ ਵਿਕਾਸ ਦੇ ਨਾਲ-ਨਾਲ ਚੀਨ ਨੇ ਆਪਣੀ ਉਦਯੋਗਿਕ ਸਮਰੱਥਾ ਨੂੰ ਮਜ਼ਬੂਤ ਕੀਤਾ ਅਤੇ ਅੱਜ ਉਹ ਅਮਰੀਕਾ ਦੇ ਬਰਾਬਰ ਖੜ੍ਹ ਕੇ ਦੁਨੀਆ ਦੀ ਮੋਹਰੀ ਆਰਥਿਕ ਮਹਾਸ਼ਕਤੀ ਬਣ ਚੁੱਕਾ ਹੈ। ਦੂਜੇ ਪਾਸੇ, ਭਾਰਤ ਨੂੰ ਆਪਣੇ ਵਿਕਾਸ ਲਈ ਅਮਰੀਕਾ ਅਤੇ ਚੀਨ ਦੋਵਾਂ ਉੱਤੇ ਨਿਰਭਰ ਰਹਿਣਾ ਪੈ ਰਿਹਾ ਹੈ। ਉਦਯੋਗਿਕ ਕੱਚੇ ਮਾਲ ਤੇ ਪੁਰਜ਼ਿਆਂ ਲਈ ਚੀਨ ਉੱਤੇ ਅਤੇ ਸੌਫਟਵੇਅਰ ਬਰਾਮਦ ਤੇ ਆਪਣੇ ਉਦਯੋਗਾਂ ਵਿੱਚ ਅਮਰੀਕੀ ਹਾਈਟੈੱਕ ਤਕਨੀਕ ਵਰਤਣ ਦੀ ਇਜਾਜ਼ਤ ਲੈਣ ਲਈ ਅਮਰੀਕਾ ਉੱਤੇ।

ਅਮਰੀਕਾ ਦੇ ਕੁਝ ਵਿਸ਼ਲੇਸ਼ਕਾਂ ਮੁਤਾਬਿਕ ਸਾਲ 1991 ਨੂੰ ਵਿਚਾਰਧਾਰਕ ਲੜਾਈਆਂ ਦਾ ‘ਅੰਤ’ ਮੰਨ ਲਿਆ ਗਿਆ ਸੀ ਅਤੇ ਸਮਾਜਵਾਦ ਨੂੰ ‘ਇਤਿਹਾਸ ਦੇ ਕੂੜੇਦਾਨ’ ਵਿੱਚ ਸੁੱਟ ਦਿੱਤਾ ਗਿਆ ਸੀ। ਸਵਾਲ ਇਹ ਉੱਠਦਾ ਹੈ ਕਿ ਜਦੋਂ ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਆਈ ਐੱਮ ਐੱਫ, ਵਿਸ਼ਵ ਬੈਂਕ ਅਤੇ ਅਮਰੀਕੀ ਸਿੱਖਿਆ ਪ੍ਰਾਪਤ ਅਰਥ-ਸ਼ਾਸਤਰੀਆਂ ਨੇ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਆਰਥਿਕ ਸੁਧਾਰ ਲਾਗੂ ਕੀਤੇ ਤਾਂ ਚੀਨ ਉਨ੍ਹਾਂ ਤੋਂ ਕਿਵੇਂ ਬਚ ਗਿਆ? ਇਸਾਬੈਲਾ ਐੱਮ. ਵੈਬਰ (Isabella M. Weber) ਨੇ ਆਪਣੀ ਕਿਤਾਬ ‘ਹਾਓ ਚੀਨ ਐਸਕੇਪਡ ਸ਼ੌਕ ਥੈਰੇਪੀ: ਦਿ ਮਾਰਕੀਟ ਰਿਫੌਰਮ ਡਿਬੇਟ’ ਵਿੱਚ ਇਸ ਦਾ ਜਵਾਬ ਦਿੱਤਾ ਹੈ।

ਉਹ ਲਿਖਦੀ ਹੈ: ‘ਪ੍ਰਸਿੱਧ ਹਾਰਵਰਡ ਅਰਥ-ਸ਼ਾਸਤਰੀ ਡੈਨੀ ਰੌਡਰਿਕ ਪੂਰੇ ਅਰਥ-ਸ਼ਾਸਤਰ ਜਗਤ ਦੀ ਤਰਫ਼ੋਂ ਗੱਲ ਕਰਦੇ ਹਨ, ਜਦੋਂ ਉਹ ਆਪਣੇ ਹੀ ਸਵਾਲ ਦਾ ਜਵਾਬ ਦਿੰਦੇ ਹਨ। ਉਨ੍ਹਾਂ ਦਾ ਸਵਾਲ ਸੀ ਕਿ ਕੀ ‘ਕੋਈ ਅਜਿਹੇ ਪੱਛਮੀ ਅਰਥ-ਸ਼ਾਸਤਰੀਆਂ ਜਾਂ ਉਨ੍ਹਾਂ ਦੀ ਖੋਜ ਦਾ ਨਾਮ ਦੱਸ ਸਕਦਾ ਹੈ, ਜਿਨ੍ਹਾਂ ਨੇ ਚੀਨ ਦੇ ਸੁਧਾਰਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੋਵੇ?’ ਇਸ ਦਾ ਜਵਾਬ ਦਿੰਦੇ ਹੋਏ ਉਹ ਦਾਅਵਾ ਕਰਦੇ ਹਨ ਕਿ ‘ਆਮ ਤੌਰ ’ਤੇ ਸਮਝੀ ਜਾਣ ਵਾਲੀ ਅਰਥ ਸ਼ਾਸਤਰੀ ਖੋਜ ਨੇ ਚੀਨ ਦੇ ਸੁਧਾਰਾਂ ਵਿੱਚ ਕੋਈ ਖ਼ਾਸ ਭੂਮਿਕਾ ਨਹੀਂ ਨਿਭਾਈ’।

1990ਵਿਆਂ ਤੋਂ ਲੈ ਕੇ ਕੇਂਦਰ ਵਿੱਚ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ, ਭਾਵੇਂ ਯੂ ਪੀ ਏ ਜਾਂ ਫਿਰ ਐੱਨ ਡੀ ਏ, ਭਾਰਤ ਦੀਆਂ ਆਰਥਿਕ ਨੀਤੀਆਂ ਹਮੇਸ਼ਾ ਅਮਰੀਕੀ ਪੂੰਜੀਵਾਦੀ ਸੋਚ ਵਾਲੇ ਅਰਥ-ਸ਼ਾਸਤਰੀਆਂ ਦੇ ਹੱਥਾਂ ਵਿੱਚ ਹੀ ਰਹੀਆਂ ਹਨ। ਯੋਜਨਾ ਕਮਿਸ਼ਨ ਦਾ ਨਾਂ ਬਦਲ ਕੇ ‘ਨੀਤੀ ਆਯੋਗ’ ਰੱਖ ਦਿੱਤਾ ਗਿਆ, ਜੋ ਪੁਰਾਣੀ ਸ਼ਰਾਬ ਨੂੰ ਨਵੀਂ ਬੋਤਲ ਵਿੱਚ ਪਾਉਣ ਵਾਲੀ ਗੱਲ ਸੀ। ਉਹੀ ਪੁਰਾਣੀ ਵਾਸ਼ਿੰਗਟਨ ਵਾਲੀ ਅਰਥ-ਸ਼ਾਸਤਰ ਦੀ ਸੋਚ ਉੱਥੇ ਵੀ ਹਾਵੀ ਰਹੀ।

ਸਾਲ 1991 ਦੇ ਇਸ ਬਦਲਾਅ ਨੇ ਭਾਰਤ ਦੀਆਂ ਆਰਥਿਕ ਨੀਤੀਆਂ ਦਾ ਮੋੜਾ ਇਉਂ ਕੱਟਿਆ ਕਿ ਘਰੇਲੂ ਉਦਯੋਗ ਪੱਛੜ ਗਏ ਅਤੇ ਦਰਾਮਦਕਾਰਾਂ (ਇੰਪੋਰਟਰਾਂ) ਤੇ ਵਪਾਰੀਆਂ ਨੂੰ ਵੱਧ ਫ਼ਾਇਦਾ ਮਿਲਣ ਲੱਗਾ। ਇਸ ਤੋਂ ਤੁਰੰਤ ਬਾਅਦ ਭਾਰਤ ਨੇ 1995 ਵਿੱਚ ਵਿਸ਼ਵ ਵਪਾਰ ਸੰਗਠਨ ਦੇ ‘ਸੇਵਾ ਖੇਤਰ ’ਚ ਵਪਾਰ ਬਾਰੇ ਸਮਝੌਤਾ- ਟੀਸਾ’ (Trade in Services Agreement) ’ਤੇ ਦਸਤਖ਼ਤ ਕਰ ਦਿੱਤੇ ਜਦੋਂਕਿ ਚੀਨ ਇਸ ਵਿੱਚ ਸਾਲ 2001 ਵਿੱਚ ਸ਼ਾਮਿਲ ਹੋਇਆ। ਇਸੇ ਤਰ੍ਹਾਂ ਭਾਰਤ 1996 ਵਿੱਚ ਸੂਚਨਾ ਤਕਨਾਲੋਜੀ ਸਮਝੌਤੇ ਦੇ ਮੋਢੀ ਦੇਸ਼ਾਂ ਵਿੱਚੋਂ ਸੀ, ਜਿਸ ਤਹਿਤ ਸਾਰੇ ਮੈਂਬਰਾਂ ਨੇ ਆਈ ਟੀ ਉਤਪਾਦਾਂ (ਕੰਪਿਊਟਰ, ਟੈਲੀਕੌਮ ਉਪਕਰਨ ਆਦਿ) ’ਤੇ ਕਸਟਮ ਡਿਊਟੀ ਖ਼ਤਮ ਕਰਨ ’ਤੇ ਸਹਿਮਤੀ ਦਿੱਤੀ। ਇਸ ਨਾਲ ਭਾਰਤ ਦੇ ਉੱਭਰ ਰਹੇ ਆਈ ਟੀ ਸੌਫਟਵੇਅਰ ਉਦਯੋਗ ਨੂੰ ਤਾਂ ਜ਼ਰੂਰ ਫ਼ਾਇਦਾ ਹੋਇਆ ਕਿਉਂਕਿ ਉਹ ਪੱਛਮੀ (ਅਤੇ ਬਾਅਦ ਵਿੱਚ ਚੀਨੀ) ਹਾਰਡਵੇਅਰ ਬਿਨਾਂ ਕਿਸੇ ਡਿਊਟੀ ਤੋਂ ਮੰਗਵਾ ਸਕਦਾ ਸੀ, ਪਰ ਇਸ ਨੇ ਭਾਰਤ ਦੇ ਆਪਣੇ ਛੋਟੇ ਘਰੇਲੂ ਉਤਪਾਦਕਾਂ ਦਾ ਵੱਡਾ ਨੁਕਸਾਨ ਕੀਤਾ। ਇਸ ਦੇ ਉਲਟ ਚੀਨ ਇਸ ਸਮਝੌਤੇ ਵਿੱਚ 2001 ਵਿੱਚ ਸ਼ਾਮਿਲ ਹੋਇਆ, ਪਰ ਨਾਲ ਹੀ ਉਹ ਆਪਣੇ ਦੇਸ਼ ਦੇ ਹਾਰਡਵੇਅਰ ਉਦਯੋਗਾਂ ਨੂੰ ਲਗਾਤਾਰ ਮਜ਼ਬੂਤ ਕਰਦਾ ਰਿਹਾ।

ਭਾਰਤ ਵੱਲੋਂ ਚੀਨ ਨਾਲੋਂ ਵੱਧ ਤੇਜ਼ੀ ਨਾਲ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਦੀ ਆਲਮੀ ਵਪਾਰ ਪ੍ਰਣਾਲੀ ਨਾਲ ਜੁੜਨ ਅਤੇ ਚੀਨ ਵੱਲੋਂ ਉਦਾਰਵਾਦੀ ਪੂੰਜੀਵਾਦੀ ਦੀ ਬਜਾਏ ਸਮਾਜਵਾਦੀ ਰਾਹ ’ਤੇ ਕਾਇਮ ਰਹਿਣ ਦੇ ਬਾਵਜੂਦ 1991 ਤੋਂ ਬਾਅਦ ਚੀਨ ਨੇ ਭਾਰਤ ਨਾਲੋਂ ਕਿਤੇ ਵੱਧ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਆਪਣੇ ਵੱਲ ਖਿੱਚਿਆ। ਸਾਲ 2000 ਵਿੱਚ ਚੀਨ ਵਿੱਚ ਐੱਫ ਡੀ ਆਈ 41 ਅਰਬ ਡਾਲਰ ਸੀ ਜਦੋਂਕਿ ਭਾਰਤ ਵਿੱਚ ਇਹ ਸਿਰਫ਼ 4 ਅਰਬ ਡਾਲਰ ਸੀ। ਭਾਵੇਂ ਅੱਜ ‘ਈਜ਼ ਔਫ ਡੂਇੰਗ ਬਿਜ਼ਨਸ’ (ਕਾਰੋਬਾਰ ਨੂੰ ਆਸਾਨ ਬਣਾਉਣ) ਦੀਆਂ ਨੀਤੀਆਂ ਕਾਰਨ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਵਧਿਆ ਹੈ, ਪਰ ਇਸ ਦੇ ਬਾਵਜੂਦ ਚੀਨ ਅੱਜ ਵੀ ਭਾਰਤ ਨਾਲੋਂ ਬਹੁਤ ਅੱਗੇ ਹੈ ਜਿਵੇਂ ਕਿ 2024 ਵਿੱਚ ਚੀਨ ਵਿੱਚ 116 ਅਰਬ ਡਾਲਰ ਦਾ ਨਿਵੇਸ਼ ਆਇਆ ਜਦੋਂਕਿ ਭਾਰਤ ਵਿੱਚ ਇਹ ਸਿਰਫ਼ 28 ਅਰਬ ਡਾਲਰ ਹੀ ਰਿਹਾ।

ਸਭ ਤੋਂ ਅਹਿਮ ਫ਼ਰਕ ਇਸ ਗੱਲ ਵਿੱਚ ਸੀ ਕਿ ਚੀਨ ਵਿਦੇਸ਼ੀ ਨਿਵੇਸ਼ ਵਿੱਚ ਕਰ ਕੀ ਰਿਹਾ ਸੀ? ਚੀਨ ਦਾ ਨਿਵੇਸ਼ ਮੁੱਖ ਤੌਰ ’ਤੇ ਉਦਯੋਗਾਂ (ਮੈਨੂਫੈਕਚਰਿੰਗ) ਅਤੇ ਬਰਾਮਦ ਨਾਲ ਜੁੜਿਆ ਹੋਇਆ ਸੀ। ਇਸ ਦੇ ਉਲਟ ਭਾਰਤ ਦਾ ਨਿਵੇਸ਼ ਜ਼ਿਆਦਾ ਕਰਕੇ ਆਈ ਟੀ ਸੇਵਾਵਾਂ, ਕਾਲ ਸੈਂਟਰਾਂ ਅਤੇ ਦਫ਼ਤਰੀ ਕੰਮਾਂ (ਬੈਕ-ਆਫ਼ਿਸ) ਵਿੱਚ ਮਜ਼ਬੂਤ ਹੋਇਆ। ਚੀਨ ਨੇ ਵਿਦੇਸ਼ੀ ਨਿਵੇਸ਼ ਨੂੰ ਉਦਯੋਗੀਕਰਨ ਦੇ ਹਥਿਆਰ ਵਜੋਂ ਵਰਤਿਆ ਜਦੋਂਕਿ ਭਾਰਤ ਨੇ ਇਸ ਨੂੰ ਜ਼ਿਆਦਾਤਰ ਸੇਵਾਵਾਂ ਅਤੇ ਬਾਜ਼ਾਰ ਦੇ ਵਿਕਾਸ ਲਈ ਵਰਤਿਆ। ਬਹੁ-ਕੌਮੀ ਕੰਪਨੀਆਂ ਚੀਨ ਵਿੱਚ ਚੀਜ਼ਾਂ ਬਣਾਉਣ ਆਈਆਂ, ਜਿਵੇਂ ਕਿ ਇਲੈਕਟ੍ਰੌਨਿਕਸ, ਮਸ਼ੀਨਰੀ, ਕਾਰਾਂ ਆਦਿ। ਇਸ ਨਾਲ ਚੀਨ ਹਾਰਡਵੇਅਰ ਡਿਜ਼ਾਈਨ ਅਤੇ ਨਿਰਮਾਣ ਦਾ ਕੇਂਦਰ ਬਣ ਗਿਆ। ਇਸ ਨਾਲ ਚੀਨ ਨੇ ਨਾ ਸਿਰਫ਼ ਨਵੇਂ ਉਤਪਾਦ ਤਿਆਰ ਕੀਤੇ ਸਗੋਂ ਹੌਲੀ-ਹੌਲੀ ਤਕਨਾਲੋਜੀ ਦੇ ਪੇਟੈਂਟ ਹਾਸਲ ਕਰਕੇ ਉਸ ਉੱਤੇ ਆਪਣੀ ਮਾਲਕੀ ਵੀ ਕਾਇਮ ਕਰਨੀ ਸ਼ੁਰੂ ਕਰ ਦਿੱਤੀ।

ਡੇਂਗ ਸ਼ਿਆਓਪਿੰਗ ਦਾ ਕਹਿਣਾ ਸੀ ਕਿ ਚੀਨ ਦੇ ਆਰਥਿਕ ਸੁਧਾਰਕਾਂ ਨੂੰ ‘ਪੈਰਾਂ ਹੇਠਾਂ ਪੱਥਰ ਮਹਿਸੂਸ ਕਰਕੇ ਨਦੀ ਪਾਰ ਕਰਨੀ ਚਾਹੀਦੀ ਹੈ’ (ਭਾਵ ਹਾਲਾਤ ਨੂੰ ਟੋਹ ਕੇ ਹੌਲੀ-ਹੌਲੀ ਅੱਗੇ ਵਧਣਾ ਚਾਹੀਦਾ ਹੈ)। ਆਰਥਿਕ ਨੀਤੀਆਂ ਕਾਗ਼ਜ਼ੀ ਅੰਕੜਿਆਂ ਦੀ ਬਜਾਏ ਜ਼ਮੀਨੀ ਹਕੀਕਤਾਂ ਉੱਤੇ ਆਧਾਰਿਤ ਹੋਣੀਆਂ ਚਾਹੀਦੀਆਂ ਹਨ, ਪਰ ਭਾਰਤ ਦੇ ਅਰਥ-ਸ਼ਾਸਤਰੀਆਂ ਨੇ ਅਜੇ ਤੱਕ ਆਪਣੀ ਜੀ ਡੀ ਪੀ ਦੇ ਅੰਕੜਿਆਂ ਨੂੰ ਆਮ ਭਾਰਤੀ ਦੀ ਅਸਲ ਜ਼ਿੰਦਗੀ ਨਾਲ ਨਹੀਂ ਜੋੜਿਆ ਹੈ। ਆਮ ਲੋਕਾਂ ਨੂੰ ਜੀ ਡੀ ਪੀ ਦੀਆਂ ਵੱਡੀਆਂ ਦਰਾਂ ਨਾਲ ਕੋਈ ਸਰੋਕਾਰ ਨਹੀਂ, ਉਨ੍ਹਾਂ ਨੂੰ ਤਾਂ ਸਿਰਫ਼ ਚੰਗੀਆਂ ਨੌਕਰੀਆਂ, ਵਧੀ ਹੋਈ ਆਮਦਨ ਅਤੇ ਬਿਹਤਰ ਸਮਾਜਿਕ ਸੁਰੱਖਿਆ ਚਾਹੀਦੀ ਹੈ। ਚੀਨ ਦੇ ਨੀਤੀਘਾੜੇ ਭਾਰਤ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਸਿੱਖਣ ਵਾਲੇ ਸਾਬਿਤ ਹੋਏ ਹਨ। ਭਾਰਤ ਸਿਰਫ਼ ਵਪਾਰ ਦੇ ਸਹਾਰੇ ਆਲਮੀ ਤਾਕਤ ਨਹੀਂ ਬਣ ਸਕਦਾ। ਇਸ ਲਈ ਦੇਸ਼ ਦੀ ਵਪਾਰਕ ਨੀਤੀ ਨੂੰ ਉਦਯੋਗਿਕ ਨੀਤੀ ਦੇ ਅਧੀਨ ਰੱਖਣਾ ਪਵੇਗਾ। ਵਪਾਰਕ ਰੁਕਾਵਟਾਂ ਘਟਾਉਣ ਨਾਲੋਂ ਆਪਣੇ ਦੇਸ਼ ਵਿੱਚ ਉਦਯੋਗਿਕ ਸਮਰੱਥਾ ਖੜ੍ਹੀ ਕਰਨਾ ਕਿਤੇ ਵੱਧ ਔਖਾ ਕੰਮ ਹੈ।

Share this content:

Post Comment