ਮਾਝੇ ਤੋਂ ਹਿਮਾਲਿਆ ਤੱਕ ਦਾ ਸਫ਼ਰ
ਪਿੰਡ ਜਲਾਲ ਉਸਮਾਨ, ਬਾਬਾ ਬਕਾਲਾ, ਜ਼ਿਲ੍ਹਾ ਅੰਮ੍ਰਿਤਸਰ (ਮਾਝਾ) ਦੀ ਉਸ ਪਵਿੱਤਰ ਮਿੱਟੀ ਵਿੱਚ ਮੇਰਾ ਜਨਮ ਹੋਇਆ, ਜਿੱਥੇ ਸਿੱਖ ਵਿਰਸਾ, ਗੁਰੂ ਘਰ ਨਾਲ ਜੁੜੀ ਜੀਵਨ-ਜਾਚ, ਮਿਹਨਤ, ਹੌਸਲਾ ਅਤੇ ਸੇਵਾ ਦੀ ਪਰੰਪਰਾ ਮਨੁੱਖ ਦੇ ਸੰਸਕਾਰਾਂ ਦਾ ਅਨਿੱਖੜਵਾਂ ਅੰਗ ਬਣ ਜਾਂਦੀ ਹੈ। ਅੱਜ ਜਦੋਂ ਮੈਂ ਉੱਤਰਾਖੰਡ ਦੇ ਰਾਜਪਾਲ ਵਜੋਂ ਆਪਣੇ ਪੰਜ ਸਾਲਾਂ ਦੇ ਸਫ਼ਰ ਵੱਲ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮੈਨੂੰ ਅਕਸਰ ਮਹਿਸੂਸ ਹੁੰਦਾ ਹੈ ਕਿ ਜੀਵਨ ਦੀ ਇਹ ਯਾਤਰਾ ਭਾਵੇਂ ਪੰਜਾਬ ਦੇ ਮਾਝੇ ਤੋਂ ਹਿਮਾਲਿਆ ਦੀ ਦੇਵਭੂਮੀ ਤੱਕ ਆ ਪਹੁੰਚੀ ਹੈ, ਪਰ ਇਸ ਦੇ ਮੂਲ ਸੰਸਕਾਰ ਉਹੀ ਰਹੇ ਹਨ: ਸੇਵਾ, ਨਿਮਰਤਾ, ਕਰਤੱਵ ਅਤੇ ਸ਼ੁਕਰਾਨਾ। ਜਲਾਲ ਉਸਮਾਨ ਦੀ ਉਸ ਛੋਟੀ ਜਿਹੀ ਧਰਤੀ ਤੋਂ ਰਾਜ ਭਵਨ, ਦੇਹਰਾਦੂਨ ਤੱਕ ਦਾ ਇਹ ਸਫ਼ਰ ਮੇਰੇ ਲਈ ਸਿਰਫ਼ ਇੱਕ ਸੰਵਿਧਾਨਕ ਅਹੁਦੇ ਦਾ ਸਫ਼ਰ ਨਹੀਂ ਰਿਹਾ ਸਗੋਂ ਉਨ੍ਹਾਂ ਮੂਲ ਕਦਰਾਂ-ਕੀਮਤਾਂ ਨੂੰ ਜੀਵਨ ਵਿੱਚ ਨਿਭਾਉਣ ਦੀ ਇੱਕ ਨਿਰੰਤਰ ਕੋਸ਼ਿਸ਼ ਰਿਹਾ ਹੈ, ਜੋ ਮੈਨੂੰ ਮੇਰੀ ਜਨਮ-ਭੂਮੀ ਤੋਂ ਮਿਲੀਆਂ।
ਫ਼ੌਜ ਵਿੱਚ ਲਗਪਗ ਚਾਰ ਦਹਾਕਿਆਂ ਦੀ ਸੇਵਾ ਨੇ ਮੈਨੂੰ ਅਨੁਸ਼ਾਸਨ, ਕਰਤੱਵ ਅਤੇ ਸੰਕਲਪ ਦਾ ਬੋਧ ਕਰਵਾਇਆ। ਸੰਵਿਧਾਨਕ ਜ਼ਿੰਮੇਵਾਰੀ ਨੇ ਇਸ ਬੋਧ ਨੂੰ ਇੱਕ ਹੋਰ ਆਯਾਮ ਦਿੱਤਾ ਕਿ ਜਮਹੂਰੀਅਤ ਦੀ ਤਾਕਤ ਸਿਰਫ਼ ਸੰਸਥਾਵਾਂ ਵਿੱਚ ਨਹੀਂ ਸਗੋਂ ਸੰਵਾਦ, ਸਨਮਾਨ, ਸਹਿਮਤੀ ਅਤੇ ਮਰਿਆਦਾ ਵਿੱਚ ਵੱਸਦੀ ਹੈ। ਇਸ ਲਈ ਸੰਵਿਧਾਨ, ਲੋਕਤੰਤਰ ਅਤੇ ਅਹੁਦੇ ਦੀ ਗਰਿਮਾ ਮੇਰੇ ਲਈ ਉਹ ਲਕਸ਼ਮਣ ਰੇਖਾ ਰਹੇ, ਜਿਨ੍ਹਾਂ ਦੇ ਦਾਇਰੇ ਵਿੱਚ ਰਹਿ ਕੇ ਹਰ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਉੱਤਰਾਖੰਡ ਨੂੰ ਰਾਜ ਭਵਨ ਦੀ ਚਾਰਦੀਵਾਰੀ ਵਿੱਚ ਬੈਠ ਕੇ ਸਮਝਣ ਦੀ ਬਜਾਏ ਇਸ ਦੇ ਸਰਹੱਦੀ ਇਲਾਕਿਆਂ, ਬਲਾਕਾਂ, ਜ਼ਿਲ੍ਹਿਆਂ ਅਤੇ ਪਿੰਡਾਂ ਤੱਕ ਜਾਣ ਨੂੰ ਤਰਜੀਹ ਦਿੱਤੀ। ਪਹਾੜਾਂ ਦੇ ਲੋਕਾਂ ਨਾਲ ਨੇੜਿਓਂ ਕੀਤੀ ਗੱਲਬਾਤ ਨੇ ਮੈਨੂੰ ਵਿਕਾਸ ਦੀ ਇੱਕ ਡੂੰਘੀ ਪਰਿਭਾਸ਼ਾ ਸਮਝਾਈ। ਸੜਕਾਂ, ਕੁਨੈਕਟੀਵਿਟੀ, ਬੁਨਿਆਦੀ ਢਾਂਚਾ, ਚਾਰ ਧਾਮ ਯਾਤਰਾ ਦਾ ਵਿਸਥਾਰ ਅਤੇ ਸੈਰ-ਸਪਾਟੇ ਦੀਆਂ ਨਵੀਆਂ ਸੰਭਾਵਨਾਵਾਂ ਬਹੁਤ ਮਹੱਤਵਪੂਰਨ ਹਨ, ਪਰ ਇਨ੍ਹਾਂ ਦੀ ਅਸਲ ਸਫ਼ਲਤਾ ਉਦੋਂ ਹੀ ਮੰਨੀ ਜਾਂਦੀ ਹੈ ਜਦੋਂ ਇਹ ਕਿਸੇ ਆਮ ਪਰਿਵਾਰ ਦੇ ਜੀਵਨ ਵਿੱਚ ਗੁਣਾਤਮਕ ਬਦਲਾਅ ਲਿਆਉਂਦੀਆਂ ਹਨ।
ਮੇਰੇ ਲਈ ਇਸ ਯਾਤਰਾ ਦਾ ਇੱਕ ਵਿਸ਼ੇਸ਼ ਅਧਿਆਤਮਿਕ ਪਹਿਲੂ ਸਿੱਖ ਵਿਰਸਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੂੰ ਯਾਦ ਕਰਦਿਆਂ, ਉੱਤਰਾਖੰਡ ਦੇ ਪਵਿੱਤਰ ਗੁਰਦੁਆਰਿਆਂ ਵਿੱਚ ਮੱਥਾ ਟੇਕਦਿਆਂ ਅਤੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਇਹ ਅਹਿਸਾਸ ਹੋਰ ਵੀ ਡੂੰਘਾ ਹੋ ਗਿਆ ਕਿ ਅਧਿਆਤਮ ਕਿਸੇ ਇੱਕ ਭੂਗੋਲ ਦੀ ਸੀਮਾ ਵਿੱਚ ਨਹੀਂ ਬੱਝਿਆ ਹੁੰਦਾ। ਗੁਰੂ ਸਾਹਿਬ ਦਾ ਸੰਦੇਸ਼ ਮਨੁੱਖਤਾ, ਸੱਚ, ਸੇਵਾ, ਨਿਮਰਤਾ ਅਤੇ ਸਰਬੱਤ ਦੇ ਭਲੇ ਦਾ ਹੈ। ਇਸੇ ਦ੍ਰਿਸ਼ਟੀਕੋਣ ਨਾਲ ਮੈਂ ਉੱਤਰਾਖੰਡ ਦੇ ਵਿਕਾਸ ਨੂੰ ਇੱਕ ਸਮੁੱਚੀ ਸੰਭਾਵਨਾ ਵਜੋਂ ਵੇਖਿਆ, ਜਿਸ ਵਿੱਚ ਅਧਿਆਤਮ, ਕੁਦਰਤੀ ਖੇਤੀ, ਬਾਗ਼ਬਾਨੀ, ਸੈਰ-ਸਪਾਟਾ ਅਤੇ ਸਥਾਨਕ ਅਰਥ-ਵਿਵਸਥਾ ਇੱਕ-ਦੂਜੇ ਤੋਂ ਵੱਖਰੀਆਂ ਨਹੀਂ ਹਨ। ਜੀ-20 ਦੀਆਂ ਬੈਠਕਾਂ, ਗਲੋਬਲ ਇਨਵੈਸਟਰਜ਼ ਸਮਿਟ ਅਤੇ ਰਾਸ਼ਟਰੀ ਪੱਧਰ ਦੇ ਆਫ਼ਤ-ਪ੍ਰਬੰਧਨ ਨਾਲ ਸੰਬੰਧਿਤ ਪ੍ਰੋਗਰਾਮਾਂ ਦੀ ਮੇਜ਼ਬਾਨੀ ਨੇ ਇਹ ਸਾਬਿਤ ਕਰ ਦਿੱਤਾ ਕਿ ਦੇਵਭੂਮੀ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਦੇ ਹੋਏ ਆਧੁਨਿਕ ਭਾਰਤ ਦੀ ਵਿਕਾਸ-ਯਾਤਰਾ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਸਕਦੀ ਹੈ। ਇਹ ਸੰਦੇਸ਼ ਕਿ “21ਵੀਂ ਸਦੀ ਉੱਤਰਾਖੰਡ ਦੀ ਹੈ” ਮੇਰੇ ਲਈ ਪ੍ਰੇਰਣਾ ਦੇ ਨਾਲ-ਨਾਲ ਇੱਕ ਵੱਡਾ ਫਰਜ਼ ਵੀ ਹੈ। ਸਾਲ ਭਰ ਚੱਲਣ ਵਾਲਾ ਸੈਰ-ਸਪਾਟਾ, ਬਿਹਤਰ ਤੀਰਥ ਕੁਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਇਸ ਨਜ਼ਰੀਏ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਦੇ ਹਨ।
ਦਸਤਾਵੇਜ਼ੀਕਰਨ ਨੂੰ ਵੀ ਸੰਸਥਾਗਤ ਜ਼ਿੰਮੇਵਾਰੀ ਸਮਝਿਆ ਗਿਆ, ਜਿਸ ਵਿੱਚ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੀਆਂ ਫੇਰੀਆਂ, ਮਹੱਤਵਪੂਰਨ ਸੰਵਿਧਾਨਕ ਘਟਨਾਵਾਂ ਅਤੇ ਰਾਜ ਭਵਨ ਦੀਆਂ ਪਹਿਲਕਦਮੀਆਂ ਨੂੰ ਦਰਜ ਕੀਤਾ ਗਿਆ ਤਾਂ ਜੋ ਵਰਤਮਾਨ ਭਵਿੱਖ ਦੀ ਸੰਸਥਾਗਤ ਯਾਦ ਬਣ ਸਕੇ। ਇਨ੍ਹਾਂ ਪੰਜ ਸਾਲਾਂ ਵਿੱਚ ਮੈਂ ਆਪਣੇ ਮਕਸਦ ’ਤੇ ਕੇਂਦਰਿਤ ਰਹਿਣ ਦੀ ਕੋਸ਼ਿਸ਼ ਕੀਤੀ, ਪਰ ਇਸ ਕੇਂਦਰਿਤ ਦ੍ਰਿਸ਼ਟੀ ਤੋਂ ਉੱਪਰ ਹਮੇਸ਼ਾ ਇੱਕ ਮਰਿਆਦਾ ਰਹੀ ਅਤੇ ਉਹ ਸੀ ਸੰਵਿਧਾਨ। ਅੱਜ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਇਸ ਸਫ਼ਰ ਨੇ ਮੈਨੂੰ ਮੇਰੇ ਵੱਲੋਂ ਕੀਤੇ ਕੰਮ ਤੋਂ ਕਿਤੇ ਵੱਧ ਦਿੱਤਾ ਹੈ। ਮੈਂ ਪਹਾੜਾਂ ਤੋਂ ਧੀਰਜ, ਧੀਆਂ ਤੋਂ ਹਿੰਮਤ, ਨੌਜਵਾਨਾਂ ਤੋਂ ਸੁਪਨੇ, ਸੈਨਿਕਾਂ ਤੋਂ ਹੌਸਲਾ ਅਤੇ ਪਿੰਡਾਂ ਤੋਂ ਜ਼ਮੀਨ ਨਾਲ ਜੁੜਿਆ ਵਿਕਾਸ ਸਿੱਖਿਆ। ਪੰਜਾਬ ਨੇ ਮੈਨੂੰ ਸੇਵਾ ਦਾ ਸੰਸਕਾਰ ਦਿੱਤਾ, ਫ਼ੌਜ ਨੇ ਕਰਤੱਵ ਦਾ ਬੋਧ ਅਤੇ ਉੱਤਰਾਖੰਡ ਨੇ ਲੋਕ-ਸੇਵਾ ਦੀ ਗਹਿਰਾਈ ਸਮਝਾਈ। ਇਸ ਲਈ ਪੰਜ ਸਾਲ ਬਾਅਦ ਸਵਾਲ ਇਹ ਨਹੀਂ ਕਿ ਮੈਂ ਕੀ ਕੀਤਾ। ਸਵਾਲ ਇਹ ਹੈ ਕਿ ਪਰਮਾਤਮਾ ਨੇ ਮੈਨੂੰ ਕੀ ਕਰਨ ਦਾ ਮੌਕਾ ਦਿੱਤਾ। ਇਹੀ ਸ਼ੁਕਰਾਨਾ ਹੈ। ਇਹੀ ਤਸੱਲੀ ਹੈ ਅਤੇ ਸ਼ਾਇਦ ਇਹੀ ਸੇਵਾ ਦਾ ਸੱਚਾ ਅਰਥ ਵੀ ਹੈ।
Share this content:



Post Comment