ਲੁਧਿਆਣਾ ‘ਚ ‘ਆਪ’ ਵਿਧਾਇਕ ’ਤੇ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਤੇ ਰਵਨੀਤ ਬਿੱਟੂ ਨੇ ਘੇਰੀ ਸਰਕਾਰ
ਲੁਧਿਆਣਾ, 16 ਸਤੰਬਰ – ਲੁਧਿਆਣਾ ਦੱਖਣ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦੇ ਦੋਸ਼ਾਂ ਤੋਂ ਬਾਅਦ ਵਿਵਾਦਾਂ ‘ਚ ਘਿਰ ਗਈ ਹੈ। ਡਾਬਾ-ਲੋਹਾਰਾ ਰੋਡ ’ਤੇ ਵਿਧਾਇਕ ਦੀ ਕਾਰ ਨੂੰ ਸਾਈਡ ਨਾ ਦੇਣ ’ਤੇ ਅੱਗੇ ਜਾ ਰਹੇ ਇੱਕ ਟਰੱਕ ਨੂੰ ਰੁਕਵਾਉਣ ਅਤੇ ਡਰਾਈਵਰ ਨੂੰ ਹੇਠਾਂ ਉਤਾਰਨ ਦੀ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ। ਵੀਡੀਓ ‘ਚ ਵਿਧਾਇਕ ਡਰਾਈਵਰ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਇਸੇ ਦੌਰਾਨ ਉਨ੍ਹਾਂ ਦਾ ਹੱਥ ਡਰਾਈਵਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਡਰਾਈਵਰ ਦਾ ਦੋਸ਼ ਹੈ ਕਿ ਵਿਧਾਇਕ ਛੀਨਾ ਨੇ ਉਸ ਨੂੰ ਥੱਪੜ ਮਾਰਿਆ। ਦੂਜੇ ਪਾਸੇ ਵਿਧਾਇਕ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਿਰਫ਼ ਡਰਾਈਵਰ ਦੇ ਹੱਥੋਂ ਚਾਬੀ ਲਈ ਸੀ। ਸਾਬਕਾ ਕੇਂਦਰੀ ਰੇਲ ਰਾਜ ਮੰਤਰੀ ਅਤੇ ਲੁਧਿਆਣਾ ਦੇ ਸਾਬਕਾ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਗਰੀਬ ਟਰੱਕ ਡਰਾਈਵਰ ’ਤੇ ਹੱਥ ਚੁੱਕਣਾ ਸੱਤਾ ਦੇ ਹੰਕਾਰ ਦਾ ਸਬੂਤ ਹੈ।
ਟਰੱਕ ਡਰਾਈਵਰ ਨੇ ਧਰਨਾ ਦੇ ਕੇ ਕੀਤਾ ਟ੍ਰੈਫਿਕ ਜਾਮ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਈਸ਼ਰ ਨਗਰ ਪੁਲ ’ਤੇ ਧਰਨਾ ਦੇ ਕੇ ਟ੍ਰੈਫਿਕ ਜਾਮ ਕਰ ਦਿੱਤਾ। ਉਨ੍ਹਾਂ ਨੇ ਵਿਧਾਇਕ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ। ਹਾਲਾਂਕਿ ਬਾਅਦ ‘ਚ ਦੋਵਾਂ ਧਿਰਾਂ ਵੱਲੋਂ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਸੋਮਵਾਰ ਨੂੰ ਵਾਪਰੀ ਘਟਨਾ ਸਬੰਧੀ ਡਾਬਾ ਥਾਣੇ ਦੇ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਦੋਵਾਂ ਧਿਰਾਂ ‘ਚੋਂ ਕਿਸੇ ਨੇ ਵੀ ਸ਼ਿਕਾਇਤ ਨਹੀਂ ਦਿੱਤੀ ਹੈ। ਮਾਮਲੇ ‘ਚ ਟ੍ਰੈਫਿਕ ‘ਚ ਰੁਕਾਵਟ ਪੈਦਾ ਕਰਨ ’ਤੇ ਟਰੱਕ ਡਰਾਈਵਰ ਦਾ ਚਲਾਨ ਕੀਤਾ ਗਿਆ ਹੈ।
ਡਰਾਈਵਰ ਨੇ ਲਗਾਏ ਇਹ ਦੋਸ਼
ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਸ ਦੇ ਪਿੱਛੇ ਵਿਧਾਇਕ ਦੀ ਗੱਡੀ ਆ ਰਹੀ ਹੈ। ਉਸ ਦਾ ਦੋਸ਼ ਹੈ ਕਿ ਵਿਧਾਇਕ ਨੇ ਗਨਮੈਨ ਦੇ ਨਾਲ ਮਿਲ ਕੇ ਟਰੱਕ ਰੁਕਵਾਇਆ, ਗੇਟ ਖੋਲ੍ਹ ਕੇ ਉਸ ਨੂੰ ਹੇਠਾਂ ਉਤਾਰਿਆ ਅਤੇ ਉਸ ਨਾਲ ਕਥਿਤ ਤੌਰ ’ਤੇ ਬਦਸਲੂਕੀ ਕਰਦਿਆਂ ਥੱਪੜ ਮਾਰਿਆ।
ਵਿਧਾਇਕ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ
ਦੂਜੇ ਪਾਸੇ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਡਰਾਈਵਰ ਨੂੰ ਥੱਪੜ ਨਹੀਂ ਮਾਰਿਆ। ਵਿਧਾਇਕ ਮੁਤਾਬਕ, ਟਰੱਕ ਡਰਾਈਵਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਟ੍ਰੈਫਿਕ ‘ਚ ਰੁਕਾਵਟ ਪੈਦਾ ਹੋਣ ਕਾਰਨ ਉਨ੍ਹਾਂ ਨੇ ਉਸ ਨੂੰ ਰੋਕਿਆ ਸੀ। ਬਾਅਦ ‘ਚ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਵਿਰੋਧੀ ਆਗੂਆਂ ਨੇ ਜਾਂਚ ਦੀ ਕੀਤੀ ਮੰਗ
ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਵਾਇਰਲ ਵੀਡੀਓ ਨੂੰ ਲੈ ਕੇ ਵਿਧਾਇਕ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਿਆ ਹੈ। ਲੁਧਿਆਣਾ ਦੱਖਣ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ।
Share this content:



Post Comment