Loading Now

“ਲਾਈ ਬੇਕਦਰਾਂ ਨਾਲ ਯਾਰੀ ਟੁੱਟ ਗਈ ਤੜੱਕ ਕਰਕੇ” ਗੀਤ ਦਾ ਸਿਰਜਕ ਸੀ ਚਾਨਣ ਗੋਬਿੰਦਪੁਰੀ/ਗੁਰਭਜਨ ਗਿੱਲ

“ਲਾਈ ਬੇਕਦਰਾਂ ਨਾਲ ਯਾਰੀ ਟੁੱਟ ਗਈ ਤੜੱਕ ਕਰਕੇ” ਗੀਤ ਦਾ ਸਿਰਜਕ ਸੀ ਚਾਨਣ ਗੋਬਿੰਦਪੁਰੀ/ਗੁਰਭਜਨ ਗਿੱਲ

*ਸ਼ਾਮ ਚੁਰਾਸੀ(ਹੋਸ਼ਿਆਰਪੁਰ) ਤੋਂ 1947 ਵਿੱਚ ਉੱਜੜ ਕੇ ਜਾ ਵੱਸੇ ਲੋਕ ਸੰਗੀਤ ਮਾਰਤੰਡ ਤੁਫ਼ੈਲ ਨਿਆਜ਼ੀ ਸਾਹਿਬ ਦਾ ਗਾਇਆ ਜਗਤ ਪ੍ਰਸਿੱਧ ਗੀਤ

“ਲਾਈ ਬੇਕਦਰਾਂ ਨਾਲ ਯਾਰੀ,
ਟੁੱਟ ਗਈ ਤੜੱਕ ਕਰਕੇ”

ਚਾਨਣ ਗੋਬਿੰਦਪੁਰੀ ਜੀ ਦਾ ਲਿਖਿਆ ਹੋਇਆ ਹੈ, ਮੈਨੂੰ ਸਪਸ਼ਟ ਨਹੀਂ ਸੀ। ਮੈਂ ਕਿਸੇ ਹੋਰ ਦੀ ਲਿਖਤ ਸਮਝਦਾ ਸਾਂ। ਮੇਰਾ ਇਹ ਭਰਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੇਵਾ ਮੁਕਤ ਵਿਦਵਾਨ ਪ੍ਰੋਫੈਸਰ ਡਾ. ਹ. ਸ ਸਿੰਘ ਭਾਟੀਆ ਨੇ ਕੱਲ੍ਰ ਦੂਰ ਕੀਤਾ। ਅੱਜ ਕੱਲ੍ਹ ਉਹ ਤਸਮਾਨੀਆ(ਆਸਟਰੇਲੀਆਂ ਵਿੱਚ ਹਨ ਆਪਣੇ ਪੁੱਤਰ ਪਰਿਵਾਰ ਨਾਲ। ਉਨ੍ਹਾਂ ਦੱਸਿਆ ਕਿ ਇਹ ਗੀਤ ਚਾਨਣ ਗੋਬਿੰਦਪੁਰੀ ਜੀ ਦੀ ਸ਼ਾਹਮੁਖੀ ਅੱਖਰਾਂ ਵਿੱਚ 1958 ਅੰਦਰ ਛਪੀ ਕਾਵਿ ਕਿਤਾਬ “ਮਿੱਠੀਆਂ ਪੀੜਾਂ”ਵਿੱਚ ਸ਼ਾਮਲ ਹੈ।

ਚਾਨਣ ਗੋਬਿੰਦਪੁਰੀ 5 ਫ਼ਰਵਰੀ 1924 ਨੂੰ ਦੋਆਬੇ ਵਿੱਚ ਪੈਦਾ ਹੋਇਆ ਤੇ 29 ਜਨਵਰੀ 2006 ਨੂੰ ਦਿੱਲੀ ਵਿੱਚ ਸਦੀਵੀ ਅਲਵਿਦਾ ਕਹਿ ਗਏ।
ਉਹ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਅਤੇ ਗੀਤਕਾਰ ਸਨ । ਉਨ੍ਹਾਂ ਦਾ ਪੂਰਾ ਨਾਂ ਚਾਨਣ ਰਾਮ ਕਲੇਰ ਸੀ। ਉਨ੍ਹਾਂ ਦਾ ਜਨਮ ਪਿੰਡ ਗੋਬਿੰਦਪੁਰਾ, ਨੇੜੇ ਬੰਗਾ ਜ਼ਿਲਾ ਜਲੰਧਰ ਵਿਚ ਹੋਇਆ । ਉਨ੍ਹਾਂ ਨੂੰ ਸ਼ਾਇਰੀ ਦਾ ਸ਼ੌਕ ਬਚਪਨ ਤੋਂ ਹੀ ਸੀ ।

ਚੌਦਾਂ ਸਾਲਾਂ ਦੀ ਉਮਰ ਵਿਚ ਉਨ੍ਹਾਂ ਪਹਿਲੀ ਰਚਨਾ ਲਿਖੀ । ਕਿੱਤੇ ਵਜੋਂ ਉਹ ਦਿੱਲੀ ਵਿਖੇ ਮਨਿਸਟਰੀ ਆਫ਼ ਕੈਮੀਕਲ ਤੇ ਫ਼ਰਟੇਲਾਈਜ਼ਰਜ਼ ਵਿਚ ਕੰਮ ਕਰਦੇ ਸਨ ਅਤੇ ਅੰਡਰ ਸੈਕਟਰੀ ਦੇ ਉੱਚ ਅਹੁਦੇ ਤੋਂ ਰਿਟਾਇਰ ਹੋਏ ਸਨ।

ਉਹ ਗ਼ਜ਼ਲ ਦੀ ਤਕਨੀਕ ਦੇ ਉਸਤਾਦ ਸਨ। ਉਹ ਹਿੰਦੀ ਦੇ ਵੀ ਲੇਖਕ ਸਨ ਅਤੇ ਜੋਸ਼ ਮਲਸਿਆਨੀ ਦੇ ਸ਼ਾਗਿਰਦ। ਉਨ੍ਹਾ ਦਾ ਕਲਾਮ ਗਾਉਣ ਵਾਲੇ ਫ਼ਨਕਾਰਾਂ ਵਿਚ ਪਾਕਿਸਤਾਨ ਵਾਸੀ ਸਵਰਗੀ ਤੁਫ਼ੈਲ ਨਿਆਜ਼ੀ, ਸੁਰਿੰਦਰ ਕੌਰ, ਗੁਰਦਾਸ ਮਾਨ ਤੇ ਆਸਾ ਸਿੰਘ ਮਸਤਾਨਾ ਤੋਂ ਇਲਾਵਾ ਕਈ ਗਾਇਕ ਹਨ । ਉਨ੍ਹਾਂ ਦੀਆਂ ਕੁਝ ਕੁ ਰਚਨਾਵਾਂ ਇਹ ਹਨ: ਸਾਡਾ ਲੋਕ ਵਿਰਸਾ (2011), ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ, ਪੰਜਾਬੀ ਗ਼ਜ਼ਲ, ਗ਼ਜ਼ਲ ਤੇ ਅਰੂਜ਼ (1994), ਗਜ਼ਲ ਦੀਪ, ਗੁਲਜਾਰ ਚਾਨਣ (1955), ਮਿਠੀਆਂ ਪੀੜਾਂ (1958), ਗੀਤ ਮੰਜਰੀ (ਹਿੰਦੀ ਗੀਤ, 1978), ਗਜ਼ਲ ਇੱਕ ਅਧਿਅਨ (1980) ਅਤੇ ਗਜ਼ਲ ਦੀ ਮਹਿਕ (2002)।

“ਪੰਜਾਬੀ ਗ਼ਜ਼ਲ” ਨਾਮ ਹੇਠ ਉਹ ਕਈ ਸਾਲ ਲੜੀਵਾਰ ਸਮੁੱਚੀ ਗ਼ਜ਼ਲ ਛਾਪਦੇ ਰਹੇ। ਮੇਰਾ ਸੁਭਾਗ ਹੈ ਕਿ ਇੱਕ ਐਡੀਸ਼ਨ ਵਿੱਚ ਮੇਰੀ ਗ਼ਜ਼ਲ ਛਾਪ ਕੇ ਮੇਰਾ ਯਕੀਨ ਪੱਕਾ ਕੀਤਾ ਕਿ ਮੈਂ ਵੀ ਗ਼ਜ਼ਲ ਲਿਖ ਸਕਦਾ ਹਾਂ। ਇਹ ਗੱਲ 1980-90 ਵਿਚਕਾਰ ਦੀ ਹੈ ਕਿਤੇ। ਮੇਰੀ ਜਾਣਕਾਰੀ ਵਿੱਚ ਸਪਸ਼ਟਤਾ ਲਿਆਉਣ ਲਈ ਡਾ. ਭਾਟੀਆ ਦਾ ਧੰਨਵਾਦ। ਪੰਜਾਬੀ ਉਰਦੂ ਤੇ ਫ਼ਾਰਸੀ ਸਾਹਿੱਤ ਤੇ ਬੋਲੀ ਦੀ ਤੱਥ ਮੂਲਕ ਜਾਣਕਾਰੀ, ਵਿਸ਼ਲੇਸ਼ਣ ਤੇ ਅਧਿਐਨ ਦਾ ਵਰਤਮਾਨ ਸਮੇਂ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਕਈ ਵਾਰ ਅਜਿਹੀ ਮੇਰੇ ਨਾਲ ਵਾਪਰਨ ਕਰਕੇ ਮੈਂ ਇਹ ਗੱਲ ਲਿਖ ਰਿਹਾਂ ਤਾਂ ਕਿ ਸਨਦ ਰਹੇ। ਪੇਸ਼ ਹਨ ਚਾਨਣ ਗੋਬਿੰਦਪੁਰੀ ਜੀ ਦੀਆਂ ਦੇ ਗ਼ਜ਼ਲਾਂ ਜੇ ਕਦੇ ਆਸ਼ਾ ਸਿੰਘ ਮਸਤਾਨਾ ਜੀ ਨੇ ਗਾਈਆਂ ਸਨ। ਯੂ ਟਿਊਬ ਵਿੱਚੋਂ ਸੁਣ ਸਕਦੇ ਹੋ।

1.
ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ

ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ।
ਜ਼ਿੰਦਗਾਨੀ ਦਾ ਮਜ਼ਾ ਜਾਂਦਾ ਰਿਹਾ।

ਛਾਪ ਤੂੰ ਦਿੱਤੀ, ਇਹ ਨਿਕਲ਼ੀ ਗ਼ੈਰ ਦੀ,
ਹਾਇ ! ਨਿਸ਼ਾਨੀ ਦਾ ਮਜ਼ਾ ਜਾਂਦਾ ਰਿਹਾ।

ਤੂੰ ਨਹੀਂ, ਬਰਸਾਤ ਨੂੰ ਮੈਂ ਕੀ ਕਰਾਂ,
ਰੁੱਤ ਸੁਹਾਣੀ ਦਾ ਮਜ਼ਾ ਜਾਂਦਾ ਰਿਹਾ।

ਜੀ ਰਹੇ ਹਾਂ ਪੀ ਕੇ ਹੰਝੂ, ਖਾ ਕੇ ਗ਼ਮ,
ਅੰਨ-ਪਾਣੀ ਦਾ ਮਜ਼ਾ ਜਾਂਦਾ ਰਿਹਾ।

ਮਿਲ਼ ਕੇ ਸਾਨੂੰ ਗ਼ੈਰ ਦੇ ਘਰ ਟੁਰ ਗਿਉਂ,
ਮਿਹਰਬਾਨੀ ਦਾ ਮਜ਼ਾ ਜਾਂਦਾ ਰਿਹਾ।

ਹੁਣ ਕਿਸੇ ਗੱਲ ਦਾ ਨਾ ਤੂੰ ਗ਼ੁੱਸਾ ਕਰੇਂ,
ਛੇੜਖਾਨੀ ਦਾ ਮਜ਼ਾ ਜਾਂਦਾ ਰਿਹਾ।

ਟੁਰ ਗਿਆ ਦਿਲਬਰ ਉਦਾਸੀ
ਲਾਇ ਕੇ,
ਮੌਜ ਮਾਣੀ ਦਾ ਮਜ਼ਾ ਜਾਂਦਾ ਰਿਹਾ।

ਫਸ ਕੇ ਪੂਜਾ-ਪਾਠ ਅੰਦਰ ਪੰਡਿਤਾ!
ਇਸ ਜੁਆਨੀ ਦਾ ਮਜ਼ਾ ਜਾਂਦਾ ਰਿਹਾ।

ਆ ਗਈ ਸਰਦੀ, ਤੇ ਸਾਕ਼ੀ ਇਹ ਸ਼ਰਾਬ,
ਠੰਢੇ ਪਾਣੀ ਦਾ ਮਜ਼ਾ ਜਾਂਦਾ ਰਿਹਾ।

2.
ਉਹ ਬੜਾ ਬੇਲਿਹਾਜ਼, ਕੀ ਕਰੀਏ

ਉਹ ਬੜਾ ਬੇਲਿਹਾਜ਼, ਕੀ ਕਰੀਏ ।
ਬੇਵਫ਼ਾ ਦਾ ਇਲਾਜ, ਕੀ ਕਰੀਏ ।

ਤੇਰੇ ਗ਼ਮ ਦਾ ਵੀ ਕੀ ਭਰੋਸਾ ਏ,
ਸ਼ੈਅ ਬੇਗਾਨੀ, ਮਜ਼ਾਜ ਕੀ ਕਰੀਏ ।

ਡਾਢੇ ਬਿਖੜੇ ਨੇ ਪਿਆਰ ਦੇ ਪੈਂਡੇ,
ਦਿਲ ਜੇ ਆਵੇ ਨਾ ਬਾਜ, ਕੀ ਕਰੀਏ ।

ਕੱਚੇ ਘੜਿਆਂ ਨੇ ਪਾਰ ਕੀ ਲਾਉਣੈ,
ਲੱਗੇ ਇਸ਼ਕ਼ੇ ਨੂੰ ਲਾਜ, ਕੀ ਕਰੀਏ ।

ਜਾਨ ਲੈ ਕੇ ਹੀ, ਉਸ ਜੇ ਖ਼ੁਸ਼ ਹੋਣੈ,
ਐਨੀ ਗੱਲ ‘ਤੇ ਨਰਾਜ਼ ਕੀ ਕਰੀਏ ।

ਆਸ ਰੱਖ ਕੇ ਵਫ਼ਾ ਦੀ ਸੱਜਣਾਂ ਤੋਂ,
ਜੱਗ ਤੋਂ ਉਲਟਾ ਰਵਾਜ਼ ਕੀ ਕਰੀਏ ।

ਤੈਨੂੰ ਭੁੱਲਣਾ ਤਾਂ ਕੁਛ ਨਹੀਂ ਮੁਸ਼ਕਿਲ,
ਝੱਲੇ ਦਿਲ ਦਾ ਇਲਾਜ ਕੀ ਕਰੀਏ।

Gurbhajan-Gill-1-171x300 “ਲਾਈ ਬੇਕਦਰਾਂ ਨਾਲ ਯਾਰੀ ਟੁੱਟ ਗਈ ਤੜੱਕ ਕਰਕੇ” ਗੀਤ ਦਾ ਸਿਰਜਕ ਸੀ ਚਾਨਣ ਗੋਬਿੰਦਪੁਰੀ/ਗੁਰਭਜਨ ਗਿੱਲ

-ਗੁਰਭਜਨ ਗਿੱਲ

Share this content:

Post Comment