ਮੰਗੇਤਰ ਨੇ ਬੁਆਫ੍ਰੈਂਡ ਨਾਲ ਰਲ ਕੇ ਕਾਰੋਬਾਰੀ ਕੇਤਨ ਅਗਰਵਾਲ ਦੀ ਲਈ ਜਾਨ, ਕਿਲ੍ਹੇ ਤੋਂ ਦਿੱਤਾ ਧੱਕਾ
ਮਹਾਰਾਸ਼ਟਰ, 25 ਜੂਨ – ਪੁਣੇ ਦੇ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ ਦੇ ਕਤਲ ਦੀ ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦੀ ਮੰਗੇਤਰ, ਸੀਆ ਗੋਇਲ ਅਤੇ ਚੇਤਨ ਚੌਧਰੀ ਲੰਬੇ ਸਮੇਂ ਤੋਂ ਸੰਪਰਕ ਵਿੱਚ ਸਨ। ਉਨ੍ਹਾਂ ਨੇ ਕੇਤਨ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਉਸਨੂੰ ਲੋਨਾਵਾਲਾ ਕਿਲ੍ਹੇ ਵਿੱਚ ਲੈ ਜਾ ਕੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਜਾਂਚ ਵਿੱਚ ਕਈ ਮਹੱਤਵਪੂਰਨ ਤੱਥ ਸਾਹਮਣੇ ਆਏ ਹਨ। ਪੁਲਿਸ ਨੇ ਕਿਹਾ ਕਿ ‘ਪੁਣੇ ਦੇ ਬਿਲਡਰ ਕੇਤਨ ਅਗਰਵਾਲ ਦੀ ਮੰਗੇਤਰ ਸੀਆ ਗੋਇਲ ਅਤੇ ਉਸ ਦਾ ਪ੍ਰੇਮੀ ਚੇਤਨ ਚੌਧਰੀ ਲਗਭਗ ਛੇ ਮਹੀਨਿਆਂ ਤੋਂ ਲਗਾਤਾਰ ਸੰਪਰਕ ਵਿੱਚ ਸਨ। ਉਨ੍ਹਾਂ ਨੇ ਇਸ ਸਮੇਂ ਦੌਰਾਨ 2,004 ਫੋਨ ਕਾਲਾਂ ਕੀਤੀਆਂ ਅਤੇ 238 ਘੰਟੇ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਬਿਤਾਏ। ਬਾਅਦ ਵਿੱਚ, ਉਨ੍ਹਾਂ ਨੇ ਕਥਿਤ ਤੌਰ ‘ਤੇ ਲੋਹਗੜ੍ਹ ਕਿਲ੍ਹੇ ਤੋਂ ਕੇਤਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਹ ਵਿਆਪਕ ਸੰਚਾਰ ਇੱਕ ਸਾਜ਼ਿਸ਼ ਦਾ ਹਿੱਸਾ ਸੀ ਜਿਸਦਾ ਨਤੀਜਾ 18 ਜੂਨ ਨੂੰ ਕੇਤਨ ਅਗਰਵਾਲ ਦੇ ਕਤਲ ਵਿੱਚ ਹੋਇਆ।
ਪਿਆਰ ਦਾ ਖੌਫਨਾਕ ਅੰਤ
ਇੱਕ ਪੁਲਿਸ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਸੀਆ ਗੋਇਲ ਅਤੇ ਚੇਤਨ ਚੌਧਰੀ ਘਟਨਾ ਵਾਲੇ ਦਿਨ ਇੱਕ ਕੈਫੇ ਵਿੱਚ ਮਿਲੇ ਸਨ ਅਤੇ ਕੇਤਨ ਅਗਰਵਾਲ ਨੂੰ ਖਤਮ ਕਰਨ ਦੀ ਯੋਜਨਾ ‘ਤੇ ਚਰਚਾ ਕੀਤੀ ਸੀ। ਉਨ੍ਹਾਂ ਨੇ ਕਿਲ੍ਹੇ ‘ਤੇ ਇੱਕ ਜਗ੍ਹਾ ਵੀ ਚੁਣੀ ਜਿੱਥੋਂ ਕੇਤਨ ਅਗਰਵਾਲ ਨੂੰ ਧੱਕਾ ਦੇਣਾ ਸੀ। ਦੱਸਦਈਏ ਕਿ ਕੁਝ ਮਹੀਨੇ ਬਾਅਦ ਵਿਆਹ ਦੇ ਸੁਫਨੇ ਲੈਂਣ ਵਾਲੇ ਕੇਤਨ ਅਤੇ ਉਸ ਦੇ ਪਰਿਵਾਰ ਨੂੰ ਨਹੀਂ ਪਤਾ ਸੀ ਕਿ ਇਸ ਖੁਸ਼ੀ ਦਾ ਅੰਤ ਇਨਾਂ ਖੌਫਨਾਕ ਅਤੇ ਦਰਦਨਾਕ ਹੋਵੇਗਾ।
ਕੇਤਨ ਕਤਲ ਮਾਮਲੇ ‘ਚ ਕਾਬੂ ਮੰਗੇਤਰ ਸਬੰਧੀ ਪੁਲਿਸ ਨੇ ਵੱਡੇ ਖੁਲਾਸੇ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ’26 ਸਾਲਾ ਕੇਤਨ ਅਗਰਵਾਲ ਨੂੰ ਸੀਆ ਗੋਇਲ (20) ਅਤੇ ਚੇਤਨ ਚੌਧਰੀ (22) ਨੇ ਕਥਿਤ ਤੌਰ ‘ਤੇ ਖੱਡ ਵਿੱਚ ਧੱਕ ਦਿੱਤਾ ਸੀ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਲ ਰਿਕਾਰਡ ਅਤੇ ਸੀਸੀਟੀਵੀ ਫੁਟੇਜ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ, ਪੁਣੇ ਦਿਹਾਤੀ ਪੁਲਿਸ ਨੇ ਕਤਲ ਦੇ ਪਿੱਛੇ ਇੱਕ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ।’
ਕਤਲ ਤੋਂ ਪਹਿਲਾਂ ਕੈਫੇ ‘ਚ ਕੀਤੀ ਗੱਲ ਬਾਤ: ਪੁਲਿਸ
ਪੁਣੇ (ਦਿਹਾਤੀ) ਦੇ ਪੁਲਿਸ ਸੁਪਰਡੈਂਟ ਸੰਦੀਪ ਸਿੰਘ ਗਿੱਲ ਨੇ ਕਿਹਾ ਕਿ, “ਦੋਵਾਂ (ਗੋਇਲ ਅਤੇ ਚੌਧਰੀ) ਨੇ ਪਿਛਲੇ ਛੇ ਮਹੀਨਿਆਂ ਵਿੱਚ 2,004 ਫੋਨ ਕਾਲਾਂ ਕੀਤੀਆਂ ਅਤੇ ਲਗਭਗ 238 ਘੰਟੇ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਬਿਤਾਏ। ਕੁਝ ਕਾਲਾਂ ਦੋ ਤੋਂ ਤਿੰਨ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀਆਂ। ਇਹ ਸਾਰੀ ਗੱਲਬਾਤ ਇੱਕ ਸਾਜ਼ਿਸ਼ ਦਾ ਹਿੱਸਾ ਸੀ, ਜੋ ਅੰਤ ਵਿੱਚ ਕਤਲ ਦਾ ਕਾਰਨ ਬਣਿਆ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਘਟਨਾ ਵਾਲੇ ਦਿਨ, ਸੀਆ ਅਤੇ ਚੇਤਨ ਕਥਿਤ ਤੌਰ ‘ਤੇ ਲੋਹਗੜ੍ਹ ਕਿਲ੍ਹੇ ਜਾਣ ਤੋਂ ਪਹਿਲਾਂ ਇੱਕ ਕੈਫੇ ਵਿੱਚ ਮਿਲੇ ਸਨ ਅਤੇ ਕੇਤਨ ਅਗਰਵਾਲ ਨੂੰ ਖਤਮ ਕਰਨ ਦੀ ਯੋਜਨਾ ‘ਤੇ ਚਰਚਾ ਕੀਤੀ ਸੀ।’
ਪੁਲਿਸ ਮੁਤਾਬਕ ‘ਮੀਟਿੰਗ ਦੌਰਾਨ, ਦੋਵਾਂ ਨੇ ਕਥਿਤ ਤੌਰ ‘ਤੇ ਕਿਲ੍ਹੇ ‘ਤੇ ਇੱਕ ਜਗ੍ਹਾ ਚੁਣੀ ਜਿੱਥੋਂ ਕੇਤਨ ਅਗਰਵਾਲ ਨੂੰ ਘਾਟੀ ਵਿੱਚ ਧੱਕਿਆ ਜਾ ਸਕਦਾ ਸੀ ਅਤੇ ਯੋਜਨਾ ਨੂੰ ਅੰਜਾਮ ਦੇਣ ਲਈ ਪੂਰੀ ਤਿਆਰੀ ਕੀਤੀ”।
ਪਾਸਪੋਰਟ ਨੂੰ ਲੁਕਾਉਣ ਦੀ ਕੋਸ਼ਿਸ਼
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੀਆ ਗੋਇਲ ਨੇ 6 ਜੂਨ ਨੂੰ ਮੁੰਬਈ ਹਵਾਈ ਅੱਡੇ ‘ਤੇ ਜਾਂਦੇ ਸਮੇਂ ਕੇਤਨ ਦਾ ਪਾਸਪੋਰਟ ਚੋਰੀ ਕਰ ਲਿਆ ਸੀ, ਤਾਂ ਜੋ ਬਾਲੀ ਜਾਣ ਦੀਆਂ ਉਸ ਦੀਆਂ ਯੋਜਨਾਵਾਂ ਵਿੱਚ ਰੁਕਾਵਟ ਪਾਈ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਪਾਸਪੋਰਟ ਕਾਰ ਵਿੱਚੋਂ ਕੱਢ ਕੇ ਇੱਕ ਮਾਲ ਦੇ ਵਾਸ਼ਰੂਮ ਵਿੱਚ ਸੁੱਟ ਦਿੱਤਾ ਗਿਆ ਸੀ। ਇਸ ਨੂੰ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਮੁਤਾਬਕ, ਕੇਤਨ ਅਤੇ ਸੀਆ ਦੀ ਮੰਗਣੀ ਫਰਵਰੀ ਵਿੱਚ ਹੋਈ ਸੀ ਅਤੇ ਨਵੰਬਰ ਵਿੱਚ ਉਦੈਪੁਰ ਵਿੱਚ ਇੱਕ ਸ਼ਾਨਦਾਰ ਪੈਲੇਸ ਵਿੱਚ ਵਿਆਹ ਹੋਣਾ ਸੀ, ਜਿਸ ਦਾ ਖਰਚ 17 ਕਰੋੜ ਦੇ ਲੱਗਭਗ ਤੈਅ ਸੀ।
ਕੇਤਨ ਨੂੰ ਕਈ ਵਾਰ ਕਿਲ੍ਹੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ: ਪੁਲਿਸ
ਪਹਿਲਾਂ ਵੀ ਮਾਰਨ ਦੀ ਕੋਸ਼ਿਸ਼
ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਸੀਆ ਗੋਇਲ ਅਤੇ ਕੇਤਨ ਅਗਰਵਾਲ ਦੀ ਭੈਣ ਸੰਜਨਾ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਦੌਰਾਨ,ਪਤਾ ਲੱਗਾ ਕਿ ਸੀਆ ਗੋਇਲ ਨੇ ਇਸ ਘਟਨਾ ਤੋਂ ਪਹਿਲਾਂ ਕਈ ਵਾਰ ਕੇਤਨ ਨੂੰ ਲੋਹਗੜ੍ਹ ਕਿਲ੍ਹੇ ਵਿੱਚ ਆਪਣੇ ਨਾਲ ਜਾਣ ਲਈ ਮਨਾ ਲਿਆ ਸੀ। ਅਧਿਕਾਰੀ ਨੇ ਦੱਸਿਆ ਕਿ “31 ਮਈ ਨੂੰ ਵੀ ਕੇਤਨ ਅਗਰਵਾਲ ਨੂੰ ਲੋਹਗੜ੍ਹ ਕਿਲ੍ਹੇ ਲੈਕੇ ਗਈ ਸੀ। ਜਿੱਥੇ ਉਸ ਨੂੰ ਧੱਕਾ ਦੇਕੇ ਪਹਾੜੀ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ। ਮਗਰੋਂ ਸੀਆ ਨੇ ਕਿਹਾ ਕਿ ਸੱਪ ਤੋਂ ਬਚਾਉਂਦੇ ਹੋਏ ਧੱਕਾ ਵੱਜ ਗਿਆ ਸੀ। ਇਸ ਘਟਨਾ ਦਾ ਪਤਾ ਲੱਗਣ ‘ਤੇ ਕੇਤਨ ਦੀ ਮਾਤਾ ਨੇ ਦੁਜੀ ਵਾਰ ਕੇਤਨ ਨੂੰ ਲੋਹਗੜ੍ਹ ਜਾਣ ਤੋਂ ਇਨਕਾਰ ਕਰ ਦਿੱਤਾ, ਪਰ ਸੀਆ ਨੇ ਮਿੰਨਤਾਂ ਕਰ ਕੇ ਮਨਾ ਲਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ, ਜਾਂਚਕਰਤਾਵਾਂ ਨੇ ਜਾਂਚ ਦਾ ਵਿਸਤਾਰ ਕੀਤਾ ਅਤੇ ਤਕਨੀਕੀ ਸਬੂਤਾਂ ਦਾ ਵਿਸ਼ਲੇਸ਼ਣ ਕੀਤਾ, ਜਿਸ ਵਿੱਚ ਕਾਲ ਡਿਟੇਲ ਰਿਕਾਰਡ ਅਤੇ ਡਿਜੀਟਲ ਗੱਲਬਾਤ ਡੇਟਾ ਸ਼ਾਮਲ ਹਨ। ਪੁਲਿਸ ਸੁਪਰਡੈਂਟ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜਾਂਚ ਸਬੰਧੀ ਡਿਟੇਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਚੇਤਨ ਚੌਧਰੀ ਦੀ ਪਛਾਣ ਸੀਸੀਟੀਵੀ ਫੁਟੇਜ ਤੋਂ ਕੀਤੀ ਗਈ, ਜਿਸ ਵਿੱਚ ਉਸ ਨੇ ਹੂਡੀ ਪਾਈ ਹੋਈ ਸੀ ਅਤੇ ਲੋਹਾਗੜ੍ਹ ਕਿਲ੍ਹੇ ਵਿੱਚ ਕੇਤਨ ਅਗਰਵਾਲ ਅਤੇ ਸੀਆ ਗੋਇਲ ਦਾ ਪਿੱਛਾ ਕਰਦੇ ਦਿਖਿਆ।
‘ਸੀਸੀਟੀਵੀ ਫੁਟੇਜ ਰਾਹੀਂ ਪਛਾਣ ਹੋਈ’
ਪੁਲਿਸ ਨੇ ਇਹ ਵੀ ਕਿਹਾ ਕਿ ਚੇਤਨ ਚੌਧਰੀ ਦੀ ਪਛਾਣ ਸੀਸੀਟੀਵੀ ਫੁਟੇਜ ਰਾਹੀਂ ਕੀਤੀ ਗਈ ਸੀ, ਜਿਸ ਵਿੱਚ ਉਹ ਘਟਨਾ ਦੇ ਸਮੇਂ ਕਿਲ੍ਹੇ ਦੇ ਆਲੇ-ਦੁਆਲੇ ਸ਼ੱਕੀ ਢੰਗ ਨਾਲ ਘੁੰਮਦਾ ਦਿਖਾਈ ਦੇ ਰਿਹਾ ਸੀ। ਪੁਲਿਸ ਨੂੰ ਇਹ ਅਜੀਬ ਲੱਗਿਆ ਕਿ ਉਸ ਵਿਅਕਤੀ ਨੇ ਇੰਨੀ ਗਰਮੀ ਵਿੱਚ ਹੂਡੀ ਪਾਈ ਹੋਈ ਸੀ ਅਤੇ ਉਸ ਦੀਆਂ ਸ਼ੱਕੀ ਹਰਕਤਾਂ ਨੇ ਉਨ੍ਹਾਂ ਨੂੰ ਅਗਰਵਾਲ ਦੀ ਮੌਤ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਮਜਬੂਰ ਕੀਤਾ।
ਮੁਲਜ਼ਮ ਪ੍ਰੇਮੀ ਦੇ ਵਕੀਲ ਦਾ ਪੱਖ
ਹਾਲਾਂਕਿ ਇਸ ਦੌਰਾਨ, ਚੌਧਰੀ ਦੇ ਵਕੀਲ, ਰਾਮ ਸਹਾਣੇ, ਨੇ ਕਿਹਾ ਕਿ ਉਸ ਦੇ ਮੁਵੱਕਿਲ ਨੂੰ ਮਾਮਲੇ ਵਿੱਚ ਫਸਾਇਆ ਗਿਆ ਹੈ। ਉਨ੍ਹਾਂ ਕਿਹਾ, “ਐਫਆਈਆਰ ਵਿੱਚ ਕਥਿਤ ਅਪਰਾਧ ਵਿੱਚ ਉਸਦੀ ਭੂਮਿਕਾ ਦਾ ਖਾਸ ਤੌਰ ‘ਤੇ ਜ਼ਿਕਰ ਨਹੀਂ ਕੀਤਾ ਗਿਆ ਹੈ। ਐਫਆਈਆਰ ਮੁਤਾਬਕ ਮੁੱਖ ਮੁਲਜ਼ਮ ਸੀਆ ਦਾ ਬੁਆਏਫ੍ਰੈਂਡ ਹੈ ਅਤੇ ਇਸ ਅਧਾਰ ‘ਤੇ, ਉਸ ਨੂੰ ਮਾਮਲੇ ਵਿੱਚ ਫਸਾਇਆ ਗਿਆ ਹੈ। ਅਸੀਂ ਪਹਿਲੇ ਰਿਮਾਂਡ ਦੌਰਾਨ ਵੀ ਇਹੀ ਦਲੀਲ ਦਿੱਤੀ ਸੀ, ਜਦੋਂ ਉਸ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।”
ਪਿਤਾ ਨੇ ਪੁੱਤ ਨੂੰ ਦੱਸਿਆ ਬੇਕਸੂਰ
ਚੌਧਰੀ ਦੇ ਪਿਤਾ, ਬਾਬੂਲਾਲ ਚੌਧਰੀ ਨੇ ਵੀ ਆਪਣੇ ਪੁੱਤਰ ਦੇ ਬੇਕਸੂਰ ਹੋਣ ਦਾ ਦਾਅਵਾ ਕੀਤਾ ਅਤੇ ਇਲਜ਼ਾਮ ਲਗਾਇਆ ਕਿ ਸੀਆ ਗੋਇਲ ਆਪਣੇ ਆਪ ਨੂੰ ਬਚਾਉਣ ਲਈ ਉਸ ਨੂੰ ਇਸ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਸੀ। “ਸਾਨੂੰ ਦੱਸਿਆ ਗਿਆ ਹੈ ਕਿ ਘਟਨਾ ਸਮੇਂ ਚੇਤਨ ਸੀਆ ਅਤੇ ਕੇਤਨ ਤੋਂ ਬਹੁਤ ਦੂਰ ਖੜ੍ਹਾ ਸੀ। ਮੇਰਾ ਪੁੱਤਰ ਅਜਿਹਾ ਨਹੀਂ ਹੈ, ਸਾਨੂੰ ਨਹੀਂ ਪਤਾ ਕਿ ਚੇਤਨ ਉਸ ਦਿਨ ਲੋਹਗੜ੍ਹ ਕਿਲ੍ਹੇ ਵਿੱਚ ਕਿਉਂ ਮੌਜੂਦ ਸੀ। ਉਸ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਉਹ ਉੱਥੇ ਕਿਉਂ ਗਿਆ ਸੀ। ਮੇਰਾ ਪੁੱਤਰ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹੈ, ਉਹ ਬੇਕਸੂਰ ਹੈ। ਸਾਨੂੰ ਤਾਂ ਇਸ ਗੱਲ ਦੀ ਵੀ ਕੋਈ ਜਾਣਕਾਰੀ ਨਹੀਂ ਸੀ ਕਿ ਸਾਡੇ ਪੁੱਤਰ ਅਤੇ ਸੀਆ ਗੋਇਲ ਦਾ ਕੋਈ ਅਫੇਅਰ ਸੀ ਜਾਂ ਨਹੀਂ।’
ਜ਼ਿਕਰਯੋਗ ਹੈ ਕਿ ਪੁਣੇ ਜ਼ਿਲ੍ਹੇ ਦੇ ਗਹੁੰਜੇ ਦਾ ਰਹਿਣ ਵਾਲਾ ਕੇਤਨ ਅਗਰਵਾਲ ਦਾ ਪਰਿਵਾਰ ਰੀਅਲ ਅਸਟੇਟ ਦੇ ਕਾਰੋਬਾਰ ਦਾ ਇੱਕਲੌਤਾ ਵਾਰਿਸ ਸੀ,ਕੇਤਨ ਸਕਸੈੱਸ ਗਰੁੱਪ ਦਾ ਡਾਇਰੈਕਟਰ ਅਤੇ ਮੁੱਖ ਮਾਰਕੀਟਿੰਗ ਅਫਸਰ ਸੀ।
Share this content:



Post Comment