ਮੁੱਖ ਮੰਤਰੀ ਵੱਲੋਂ ਪੰਜਾਬ ਵਾਸੀਆਂ ਨੂੰ 100 ਮਿੰਨੀ ਬੱਸਾਂ ਦਾ ਤੋਹਫ਼ਾ
ਪਟਿਆਲਾ – 27 ਅਕਤੂਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਪੀ ਆਰ ਟੀ ਸੀ ਦੀਆਂ 29 ਸੀਟਰ ਨਵੀਆਂ 100 ਮਿਨੀ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਸ ਤਰ੍ਹਾਂ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਇਆ ਗਿਆ ਹੈ, ਉਸੇ ਤਰ੍ਹਾਂ ਸੂਬੇ ਦੇ ਹਰ ਪਿੰਡ ਤੱਕ ਬੱਸਾਂ ਪਹੁੰਚਾਈਆਂ ਜਾਣਗੀਆਂ| ਉਨ੍ਹਾਂ ਪਿੰਡਾਂ ਤੋਂ ਸ਼ਹਿਰਾਂ ਤੱਕ ਬੱਸ ਸੇਵਾ ਬੰਦ ਕਰਨ ਲਈ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ’ਤੇ ਲਿਆ। ਨਵੀਆਂ ਬੱਸਾਂ ਪੇਂਡੂ ਸੰਪਰਕ ਨੂੰ ਮਜ਼ਬੂਤ ਕਰਨਗੀਆਂ ਤੇ ਲੋਕਾਂ ਦੇ ਰੋਜ਼ਾਨਾ ਸਫਰ ਨੂੰ ਸੁਖਾਲਾ ਬਣਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਮਹੀਨੇ ਪੀ ਆਰ ਟੀ ਸੀ ਦੇ ਬੇੜੇ ’ਚ 309 ਹੋਰ ਵੱਡੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ| ਮਿਨੀ ਬੱਸਾਂ ਸ਼ਾਮਲ ਕਰਨ ਨਾਲ ਲਗਪਗ 150 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਇਸ ਦੌਰਾਨ ਮੁੱਖ ਮੰਤਰੀ ਨੇ 15 ਨੌਜਵਾਨਾਂ ਨੂੰ ਟਰਾਂਸਪੋਰਟ ਵਿਭਾਗ ’ਚ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ|
ਬੱਸਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 100 ਨਵੀਆਂ ਮਿਨੀ ਬੱਸਾਂ ਪੀ ਆਰ ਟੀ ਸੀ ਦੇ ਨੌਂ ਡਿਪੂਆਂ ਰਾਹੀਂ ਪੇਂਡੂ ਅਤੇ ਛੋਟੇ ਕਸਬਿਆਂ ਦੇ ਰੂਟਾਂ ’ਤੇ ਚੱਲਣਗੀਆਂ, ਜਿਹੜੀਆਂ ਪਟਿਆਲਾ, ਬਠਿੰਡਾ, ਚੰਡੀਗੜ੍ਹ, ਸੰਗਰੂਰ, ਬਰਨਾਲਾ, ਬੁਢਲਾਡਾ, ਕਪੂਰਥਲਾ, ਫ਼ਰੀਦਕੋਟ ਅਤੇ ਲੁਧਿਆਣਾ ਸਮੇਤ ਵੱਖ-ਵੱਖ ਡਿਪੂਆਂ ਵਿੱਚ ਵੰਡੀਆਂ ਗਈਆਂ ਹਨ| ਸੂਬੇ ’ਚ ਲਗਪਗ 3,000 ਨਿੱਜੀ ਮਿਨੀ ਬੱਸਾਂ ਵੀ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਜੋੜ ਰਹੀਆਂ ਹਨ| ਇਸ ਮੌਕੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ‘ਆਪ’ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ, ਪੀ ਆਰ ਟੀ ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ, ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਅਦਾਕਾਰ ਬੀਨੂੰ ਢਿੱਲੋਂ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ ਐੱਸ ਪੀ ਹਰਮਨਦੀਪ ਹਾਂਸ ਮੌਜੂਦ ਸਨ| ਚੇਅਰਮੈਨ ਹਰਪਾਲ ਜੁਨੇਜਾ ਨੇ 100 ਜੂਨੀਅਰ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਲਈ ਮੁੱਖ ਮੰਤਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ|
Share this content:



Post Comment