Loading Now

ਸਰਕਾਰ ਨੇ 100% ਈਥਾਨੌਲ ਵਾਲੇ ਈਂਧਨ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ

ਸਰਕਾਰ ਨੇ 100% ਈਥਾਨੌਲ ਵਾਲੇ ਈਂਧਨ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ

ਨਵੀਂ ਦਿੱਲੀ -27 ਅਕਤੂਬਰ ਕੇਂਦਰ ਸਰਕਾਰ ਨੇ ਫਲੈਕਸ-ਫਿਊਲ ਤਕਨੀਕ ਨਾਲ ਲੈਸ ਵਾਹਨਾਂ ਵਿੱਚ 100 ਫ਼ੀਸਦੀ ਈਥਾਨੌਲ ਵਾਲੇ ਈ100 ਬਾਲਣ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਵਿੱਚ ਸੋਧ ਕਰਦਿਆਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨਾਲ ਲਗਪਗ ਸ਼ੁੱਧ ਈਥਾਨੌਲ ਨਾਲ ਚੱਲਣ ਵਾਲੇ ਵਾਹਨਾਂ ਲਈ ਰਾਹ ਪੱਧਰਾ ਹੋ ਗਿਆ ਹੈ।

ਸਰਕਾਰ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਅਨੁਸਾਰ ਵਾਹਨਾਂ ਦੇ ਪ੍ਰਦੂਸ਼ਣ ਮਿਆਰਾਂ ਵਿੱਚ ਈ85 ਦੇ ਨਾਲ ਈ100 ਬਾਲਣ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਈ85 ਜਾਂ ਈ100 ਦੀ ਵਰਤੋਂ ਸਿਰਫ਼ ਉਨ੍ਹਾਂ ਵਾਹਨਾਂ ਵਿੱਚ ਕੀਤੀ ਜਾਵੇਗੀ, ਜਿਨ੍ਹਾਂ ਨੂੰ ਵਾਹਨ ਨਿਰਮਾਤਾ ਕੰਪਨੀਆਂ ਨੇ ਫਲੈਕਸ-ਫਿਊਲ ਵਾਹਨਾਂ ਵਜੋਂ ਤਿਆਰ ਕੀਤਾ ਹੋਵੇ।

ਈ100 ਵਿੱਚ 100 ਫ਼ੀਸਦੀ ਈਥਾਨੌਲ ਹੁੰਦਾ ਹੈ, ਜਦਕਿ ਈ85 ਵਿੱਚ 85 ਫ਼ੀਸਦੀ ਈਥਾਨੌਲ ਹੁੰਦਾ ਹੈ। ਫਲੈਕਸ-ਫਿਊਲ ਵਾਹਨਾਂ ਨੂੰ ਪੈਟਰੋਲ ਅਤੇ ਈਥਾਨੌਲ ਦੇ ਵੱਖ-ਵੱਖ ਅਨੁਪਾਤਾਂ ਵਾਲੇ ਮਿਸ਼ਰਣ ਨਾਲ ਚੱਲਣ ਲਈ ਤਿਆਰ ਕੀਤਾ ਜਾਂਦਾ ਹੈ।

ਪੈਟਰੋਲ ’ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼

ਇਹ ਸੋਧ ਭਾਰਤ ਵੱਲੋਂ ਆਵਾਜਾਈ ਖੇਤਰ ਵਿੱਚ ਈਥਾਨੌਲ ਦੀ ਵਰਤੋਂ ਵਧਾਉਣ ਅਤੇ ਰਵਾਇਤੀ ਪੈਟਰੋਲ ’ਤੇ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਅਹਿਮ ਹੈ। ਹਾਲਾਂਕਿ, ਨਵੇਂ ਨਿਯਮ ਸਿਰਫ਼ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਵਾਹਨਾਂ ’ਤੇ ਲਾਗੂ ਹੋਣਗੇ। ਇਸ ਦਾ ਮਤਲਬ ਇਹ ਨਹੀਂ ਹੈ ਕਿ ਆਮ ਪੈਟਰੋਲ ਨਾਲ ਚੱਲਣ ਵਾਲੇ ਸਾਰੇ ਵਾਹਨਾਂ ਵਿੱਚ ਵੀ ਈ100 ਬਾਲਣ ਪਾਇਆ ਜਾ ਸਕੇਗਾ।

ਸੋਧੇ ਨਿਯਮਾਂ ਤਹਿਤ ਵਾਹਨਾਂ ਦੇ ਪ੍ਰਦੂਸ਼ਣ ਮਿਆਰਾਂ ਨਾਲ ਸਬੰਧਤ ਨਿਯਮ 115 ਦੀਆਂ ਕਈ ਵਿਵਸਥਾਵਾਂ ਵਿੱਚ ‘ਈ85’ ਦੀ ਥਾਂ ‘ਈ85 ਜਾਂ ਈ100’ ਸ਼ਬਦ ਸ਼ਾਮਲ ਕੀਤੇ ਗਏ ਹਨ।

ਸਰਕਾਰ ਨੇ ਸਬੰਧਤ ਪ੍ਰਦੂਸ਼ਣ ਮਿਆਰਾਂ ਵਿੱਚ ਵਾਹਨ ਦੇ ਕੁੱਲ ਭਾਰ ਦੀ ਹੱਦ ਵੀ 3,000 ਕਿਲੋਗ੍ਰਾਮ ਤੋਂ ਵਧਾ ਕੇ 3,500 ਕਿਲੋਗ੍ਰਾਮ ਕਰ ਦਿੱਤੀ ਹੈ। ਇਹ ਸੋਧਾਂ 27 ਅਪਰੈਲ 2026 ਨੂੰ ਜਾਰੀ ਕੀਤੇ ਗਏ ਖਰੜਾ ਨਿਯਮਾਂ ਤੋਂ ਬਾਅਦ ਕੀਤੀਆਂ ਗਈਆਂ ਹਨ। ਉਸ ਸਮੇਂ ਲੋਕਾਂ ਅਤੇ ਸਬੰਧਤ ਧਿਰਾਂ ਤੋਂ ਇਤਰਾਜ਼ ਤੇ ਸੁਝਾਅ ਮੰਗੇ ਗਏ ਸਨ। ਮੰਤਰਾਲੇ ਅਨੁਸਾਰ ਪ੍ਰਾਪਤ ਇਤਰਾਜ਼ਾਂ ਅਤੇ ਸੁਝਾਵਾਂ ’ਤੇ ਕੇਂਦਰ ਸਰਕਾਰ ਨੇ ਵਿਚਾਰ ਕੀਤਾ ਹੈ। ਨੋਟੀਫਿਕੇਸ਼ਨ ਮੁਤਾਬਕ ਸੋਧੇ ਨਿਯਮ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਦੀ ਤਰੀਕ ਤੋਂ ਲਾਗੂ ਹੋਣਗੇ। ਹਾਲਾਂਕਿ, ਦੇਸ਼ ਭਰ ਵਿੱਚ ਈ100 ਬਾਲਣ ਦੀ ਵਪਾਰਕ ਉਪਲਬਧਤਾ ਬਾਰੇ ਕੋਈ ਸਮਾਂ-ਸੀਮਾ ਨਹੀਂ ਐਲਾਨੀ ਗਈ ਹੈ।

ਕੀ ਹੈ ਈਥਾਨੌਲ ਬਾਲਣ; ਗੰਨੇ ਤੇ ਮੱਕੀ ਤੋਂ ਬਣਦਾ ਹੈ ਈਥਾਨੌਲ

ਈਥਾਨੌਲ ਇੱਕ ਕਿਸਮ ਦਾ ਅਲਕੋਹਲ-ਆਧਾਰਿਤ ਬਾਲਣ ਹੈ, ਜੋ ਮੁੱਖ ਤੌਰ ’ਤੇ ਗੰਨੇ, ਮੱਕੀ ਅਤੇ ਹੋਰ ਪੌਦਿਆਂ ਤੋਂ ਪ੍ਰਾਪਤ ਖੰਡ ਜਾਂ ਸਟਾਰਚ ਨੂੰ ਖਮੀਰ ਕਰਨ ਦੀ ਪ੍ਰਕਿਰਿਆ ਰਾਹੀਂ ਤਿਆਰ ਕੀਤਾ ਜਾਂਦਾ ਹੈ। ਇਸ ਦੀ ਵਰਤੋਂ ਪੈਟਰੋਲ ਵਿੱਚ ਮਿਲਾ ਕੇ ਵੀ ਕੀਤੀ ਜਾਂਦੀ ਹੈ। ਭਾਰਤ ਵਿੱਚ ਈ20 ਪੈਟਰੋਲ ਵਿੱਚ 20 ਫ਼ੀਸਦੀ ਤੱਕ ਈਥਾਨੌਲ ਮਿਲਾਇਆ ਜਾਂਦਾ ਹੈ, ਜਦਕਿ ਈ85 ਵਿੱਚ 85 ਫ਼ੀਸਦੀ ਅਤੇ ਈ100 ਵਿੱਚ 100 ਫ਼ੀਸਦੀ ਈਥਾਨੌਲ ਹੁੰਦਾ ਹੈ।

ਈਥਾਨੌਲ ਦੀ ਵਰਤੋਂ ਵਧਾਉਣ ਦਾ ਮੁੱਖ ਮਕਸਦ ਪੈਟਰੋਲ ਦੀ ਖ਼ਪਤ ਅਤੇ ਵਿਦੇਸ਼ਾਂ ਤੋਂ ਕੱਚਾ ਤੇਲ ਮੰਗਵਾਉਣ ’ਤੇ ਨਿਰਭਰਤਾ ਘਟਾਉਣਾ ਹੈ। ਇਸ ਨਾਲ ਖੇਤੀਬਾੜੀ ਉਤਪਾਦਾਂ ਦੀ ਮੰਗ ਵਧਣ ਅਤੇ ਕਿਸਾਨਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਵੀ ਹੈ। ਹਾਲਾਂਕਿ, ਈਥਾਨੌਲ ਤਿਆਰ ਕਰਨ ਲਈ ਪਾਣੀ, ਖੇਤੀਬਾੜੀ ਜ਼ਮੀਨ ਅਤੇ ਫ਼ਸਲਾਂ ਦੀ ਵਰਤੋਂ ਨਾਲ ਜੁੜੇ ਵਾਤਾਵਰਨ ਤੇ ਆਰਥਿਕ ਪਹਿਲੂਆਂ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।

ਆਮ ਲੋਕਾਂ ਲਈ ਇਹ ਜਾਣਨਾ ਅਹਿਮ ਹੈ ਕਿ ਈ100 ਬਾਲਣ ਹਰ ਪੈਟਰੋਲ ਕਾਰ ਵਿੱਚ ਨਹੀਂ ਪਾਇਆ ਜਾ ਸਕਦਾ। ਇਸ ਲਈ ਇੰਜਣ ਅਤੇ ਬਾਲਣ ਪ੍ਰਣਾਲੀ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕਰਨਾ ਪੈਂਦਾ ਹੈ। ਫਲੈਕਸ-ਫਿਊਲ ਵਾਹਨ ਪੈਟਰੋਲ ਅਤੇ ਈਥਾਨੌਲ ਦੇ ਵੱਖ-ਵੱਖ ਮਿਸ਼ਰਣਾਂ ਨਾਲ ਚੱਲਣ ਲਈ ਬਣਾਏ ਜਾਂਦੇ ਹਨ। ਇਸ ਲਈ ਮੌਜੂਦਾ ਕਾਰ ਮਾਲਕ ਕੰਪਨੀ ਦੀ ਮਨਜ਼ੂਰੀ ਅਤੇ ਵਾਹਨ ਦੀ ਅਨੁਕੂਲਤਾ ਦੀ ਪੁਸ਼ਟੀ ਕੀਤੇ ਬਿਨਾਂ ਆਪਣੀ ਗੱਡੀ ਵਿੱਚ ਈ85 ਜਾਂ ਈ100 ਬਾਲਣ ਦੀ ਵਰਤੋਂ ਨਾ ਕਰਨ।

ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਈਥਾਨੌਲ ਦੀ ਮਾਤਰਾ ਵਧਣ ਨਾਲ ਬਾਲਣ ਦੀ ਪ੍ਰਤੀ ਲਿਟਰ ਊਰਜਾ ਘੱਟ ਹੋ ਸਕਦੀ ਹੈ, ਜਿਸ ਕਾਰਨ ਕੁਝ ਵਾਹਨਾਂ ਦੀ ਔਸਤ ਪ੍ਰਭਾਵਿਤ ਹੋ ਸਕਦੀ ਹੈ। ਦੇਸ਼ ਵਿੱਚ ਈ100 ਬਾਲਣ ਦੀ ਵਿਆਪਕ ਉਪਲਬਧਤਾ ਬਾਰੇ ਹਾਲੇ ਕੋਈ ਸਮਾਂ-ਸੀਮਾ ਐਲਾਨੀ ਨਹੀਂ ਗਈ ਹੈ।

Share this content:

Post Comment