ਮੁੜ ਨਾ ਛਿੜੇ ਪਰਮਾਣੂ ਹਥਿਆਰਾਂ ਦੀ ਦੌੜ
ਭਾਰਤ ’ਚ ਤਾਂ ਐਟਮ ਬੰਬ ਤੇ ਹਾਈਡ੍ਰੋਜਨ ਬੰਬ ਚਲਾਉਣ ਦੀਆਂ ਗੱਲਾਂ ਹੀ ਹੁੰਦੀਆਂ ਹਨ, ਪਰ ਅਸਲੀ ਬੰਬ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ ’ਚ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਚਲਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਟਰਨੈਟ ਮੀਡੀਆ ਅਕਾਊਂਟ ’ਤੇ ਲਿਖਿਆ, ‘ਕਿਉਂਕਿ ਕਈ ਦੂਜੇ ਦੇਸ਼ ਪਰਮਾਣੂ ਪ੍ਰੀਖਣ ਕਰ ਰਹੇ ਹਨ, ਇਸ ਲਈ ਉਨ੍ਹਾਂ ਨੇ ਆਪਣੇ ਜੰਗੀ ਵਿਭਾਗ ਨੂੰ ਵੀ ਤਤਕਾਲ ਦੂਜੇ ਦੇਸ਼ਾਂ ਦੇ ਪੱਧਰ ਦੇ ਪਰਮਾਣੂ ਪ੍ਰੀਖਣ ਸ਼ੁਰੂ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਪ੍ਰੀਖਣ ਕਰਨ ਵਾਲੇ ਦੇਸ਼ਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਸੀਬੀਐੱਸ ਨਿਊਜ਼ ਨੂੰ ਦਿੱਤੀ ਇੰਟਰਵਿਊ ’ਚ ਰੂਸ, ਚੀਨ ਤੇ ਉੱਤਰ ਕੋਰੀਆ ਦੇ ਨਾਲ ਪਾਕਿਸਤਾਨ ਦਾ ਨਾਂ ਵੀ ਲਿਆ। ਨਵੰਬਰ 1996 ’ਚ ਪਾਸ ਹੋਈ ਪਰਮਾਣੂ ਪ੍ਰੀਖਣ ਪਾਬੰਦੀ ਸੰਧੀ ਭਾਵ ਸੀਟੀਬੀਟੀ ਦੇ ਤਹਿਤ ਨਾਗਰਿਕ ਜਾਂ ਫ਼ੌਜੀ ਕਿਸੇ ਵੀ ਟੀਚੇ ਨਾਲ ਪਰਮਾਣੂ ਪ੍ਰੀਖਣ ਕਰਨ ’ਤੇ ਪਾਬੰਦੀ ਹੈ। ਹਾਲਾਂਕਿ ਇਸ ਸੰਧੀ ਦਾ ਅਮਰੀਕਾ ਨੇ ਅਜੇ ਤੱਕ ਸਮਰਥਨ ਨਹੀਂ ਕੀਤਾ ਹੈ, ਪਰ ਉਹੀ ਇਸ ਦਾ ਸਭ ਤੋਂ ਮੁੱਖ ਸਪਾਂਸਰ-ਪੈਰੋਕਾਰ ਰਿਹਾ ਹੈ। ਇਸ ਲਈ ਟਰੰਪ ਦੇ ਐਲਾਨ ਨਾਲ ਪਰਮਾਣੂ ਪ੍ਰੀਖਣ ਇੰਸਪੈਕਟਰਾਂ, ਹਥਿਆਰਬੰਦੀ ਮਾਹਰਾਂ ਤੇ ਦੂਜੀਆਂ ਪਰਮਾਣੂ ਤਾਕਤਾਂ ’ਚ ਹੈਰਾਨੀ ਤੇ ਪਰੇਸ਼ਾਨੀ ਦੀ ਲਹਿਰ ਦੌੜਣਾ ਸੁਭਾਵਿਕ ਸੀ।
ਟਰੰਪ ਨੇ ਜਿਨ੍ਹਾਂ ਚਾਰ ਦੇਸ਼ਾਂ ’ਤੇ ਲੁਕ ਕੇ ਪ੍ਰੀਖਣ ਕਰਨ ਦੇ ਦੋਸ਼ ਲਾਏ ਉਨ੍ਹਾਂ ’ਚ ਉੱਤਰ ਕੋਰੀਆ ਨੇ ਤਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਚੀਨ ਤੇ ਰੂਸ ਨੇ ਟਰੰਪ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਪਰਮਾਣੂ ਪ੍ਰੀਖਣ ਪਾਬੰਦੀ ਦੀ ਪਾਲਣਾ ਕਰਨ ਦੇ ਦਾਅਵੇ ਕੀਤੇ। ਹੋਰ ਤਾਂ ਹੋਰ ਪਾਕਿਸਤਾਨ ਨੇ ਵੀ ਖੰਡਨ ਕਰਨ ’ਚ ਢਿੱਲ ਨਹੀਂ ਦਿਖਾਈ। ਪਾਕਿਸਤਾਨ ਫ਼ੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਕਿਹਾ, ‘ਪਾਕਿਸਤਾਨ 1998 ਤੋਂ ਬਾਅਦ ਤੋਂ ਪ੍ਰੀਖਣਾਂ ’ਤੇ ਲਾਈ ਮਰਜ਼ੀ ਮੁਤਾਬਕ ਰੋਕ ਦੀ ਪਾਲਣਾ ਕਰ ਰਿਹਾ ਹੈ। ਪਾਕਿਸਤਾਨ ਨੇ ਨਾ ਤਾਂ ਪਰਮਾਣੂ ਪ੍ਰੀਖਣ ਕਰਨ ’ਚ ਪਹਿਲ ਕੀਤੀ ਸੀ ਤੇ ਨਾ ਉਹ ਉਨ੍ਹਾਂ ਨੂੰ ਦੁਬਾਰਾ ਸ਼ੁਰੂ ਕਰਨ ’ਚ ਪਹਿਲ ਕਰੇਗਾ।
ਪਾਕਿਸਤਾਨ ਦੇ ਪਰਮਾਣੂ ਅਪਸਾਰ ਦੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪਰਮਾਣੂ ਬੰਬ ਬਣਾਉਣ ਤੇ ਉਸ ਦੀ ਤਕਨੀਕ ਈਰਾਨ, ਲੀਬੀਆ ਤੇ ਉੱਤਰੀ ਕੋਰੀਆ ਵਰਗੇ ਦੇਸ਼ਾਂ ਨੂੰ ਵੇਚਣ ਦੇ ਵਿਵਾਦਤ ਇਤਿਹਾਸ ਨੂੰ ਦੇਖਦੇ ਹੋਏ ਉਸ ਦੀ ਇਸ
ਗੱਲ ’ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਹ ਪ੍ਰੀਖਣਾਂ ’ਤੇ ਲੱਗੀ ਪਾਬੰਦੀ ਦੀ ਮਰਜ਼ੀ ਨਾਲ ਪਾਲਣਾ ਕਰ ਰਿਹਾ ਹੈ। ਪਰਮਾਣੂ ਹਥਿਆਰਾਂ ਦੀ ਵਰਤੋਂ ’ਚ ਪਹਿਲ ਨਾ ਕਰਨ ਦੀ ਭਾਰਤ ਦੀ ਨੀਤੀ ਦੇ ਉਲਟ ਪਹਿਲਾਂ ਵਰਤੋਂ ਕਰਨ ਦੀ ਨੀਤੀ ’ਤੇ ਚੱਲਣਾ ਤੇ ਤਰ੍ਹਾਂ-ਤਰ੍ਹਾਂ ਦੇ ਪਰਮਾਣੂ ਬੰਬਾਂ ਦੀ ਵਰਤੋਂ ਦੀ ਧਮਕੀ ਦਿੰਦੇ ਰਹਿਣਾ ਵੀ ਪਾਕਿਸਤਾਨ ਦੀ ਨੀਅਤ ’ਤੇ ਸ਼ੱਕ ਪੈਦਾ ਕਰਦਾ ਹੈ।
ਫਿਰ ਵੀ, ਪਰਮਾਣੂ ਪ੍ਰੀਖਣਾਂ ’ਤੇ ਨਜ਼ਰ ਰੱਖਣ ਲਈ ਬਣੇ ਸੀਟੀਬੀਟੀ ਸੰਗਠਨ ਦੀ ਅੰਤਰਰਾਸ਼ਟਰੀ ਨਿਰੀਖਣ ਪ੍ਰਣਾਲੀ ਆਈਐੱਮਐੱਸ ਨੇ ਅਜੇ ਤੱਕ ਅਜਿਹੀ ਕੋਈ ਰਿਪੋਰਟ ਨਹੀਂ ਦਿੱਤੀ ਹੈ ਕਿ ਪਾਕਿਸਤਾਨ ਨੇ ਪਰਮਾਣੂ ਪ੍ਰੀਖਣ ਕੀਤਾ ਹੈ। ਰੂਸ ਨੇ ਆਖ਼ਰੀ ਪਰਮਾਣੂ ਪ੍ਰੀਖਣ ਸੋਵੀਅਤ ਸੰਘ ਦੇ ਪਤਨ ਤੋਂ ਇਕ ਸਾਲ ਪਹਿਲਾਂ 1991 ’ਚ ਕੀਤਾ ਸੀ ਤੇ ਚੀਨ ਨੇ 1996 ’ਚ। ਉਸ ਤੋਂ ਬਾਅਦ ਇਸ ਸਦੀ ’ਚ ਉੱਤਰੀ ਕੋਰੀਆ ਨੂੰ ਛੱਡ ਕੇ ਕਿਸੇ ਦੇਸ਼ ਨੇ ਕੋਈ ਪਰਮਾਣੂ ਪ੍ਰੀਖਣ ਨਹੀਂ ਕੀਤਾ ਹੈ।
ਟਰੰਪ ਦਾ ਐਲਾਨ ਕਈ ਸਵਾਲ ਖੜ੍ਹੇ ਕਰਦਾ ਹੈ। ਮਿਸਾਲ ਦੇ ਤੌਰ ’ਤੇ ਕੀ ਰੂਸ, ਚੀਨ ਤੇ ਪਾਕਿਸਤਾਨ ਅਸਲ ’ਚ ਅਜਿਹੇ ਪਰਮਾਣੂ ਪ੍ਰੀਖਣ ਕਰ ਰਹੇ ਹਨ, ਜਿਨ੍ਹਾਂ ਦਾ ਪਤਾ ਆਈਐੱਮਐੱਸ ਨੂੰ ਵੀ ਨਹੀਂ ਹੈ? ਜੇ ਅਜਿਹਾ ਹੈ ਤਾਂ ਫਿਰ ਉਸ ਦੀ ਉਪਯੋਗਿਤਾ ਕੀ ਹੈ? ਅਮਰੀਕਾ ਦੇ ਪਰਮਾਣੂ ਪ੍ਰੀਖਣ ਸ਼ੁਰੂ ਕਰਨ ਨਾਲ ਵਿਸ਼ਵ ’ਚ ਪਰਮਾਣੂ ਹਥਿਆਰਾਂ ਦੀ ਜੋ ਦੌੜ ਸ਼ੁਰੂ ਹੋਵੇਗੀ ਉਸ ਨੂੰ ਕਿਵੇਂ ਰੋਕਿਆ ਜਾ ਸਕੇਗਾ? ਇਸ ਦਾ ਸਪੱਸ਼ਟੀਕਰਨ ਦੇਣ ਦਾ ਕੰਮ ਟਰੰਪ ਨੇ ਅਮਰੀਕਾ ਦੇ ਊਰਜਾ ਮੰਤਰੀ ਕ੍ਰਿਸ ਰਾਈਟ ਨੂੰ ਸੌਂਪਿਆ। ਉਨ੍ਹਾਂ ਨੇ ਕਿਹਾ, ‘ਰਾਸ਼ਟਰਪਤੀ ਟਰੰਪ ਨੇ ਜਿਨ੍ਹਾਂ ਪਰਮਾਣੂ ਪ੍ਰੀਖਣਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਉਹ ਸਬ-ਕ੍ਰਿਟੀਕਲ ਜਾਂ ਠੰਢੇ ਪਰਮਾਣੂ ਪ੍ਰੀਖਣ ਹਨ ਜਿਨ੍ਹਾਂ ਨਾਲ ਰੇਡੀਓਐਕਟੀਵਿਟੀ ਨਹੀਂ ਫੈਲਦੀ।’
ਰਾਈਟ ਦਾ ਟੀਚਾ ਦੁਨੀਆ ਦੀ ਚਿੰਤਾ ਦੂਰ ਕਰਨ ਤੋਂ ਵੱਧ ਅਮਰੀਕੀ ਰਾਜ ਨੇਵਾਡਾ ਦੇ ਨਿਵਾਸੀਆਂ ਦੀ ਚਿੰਤਾ ਦੂਰ ਕਰਨਾ ਸੀ, ਜੋ ਅਮਰੀਕਾ ਦੇ ਪਰਮਾਣੂ ਪ੍ਰੀਖਣ ਵਾਲੀ ਥਾਂ ਦੇ ਕੋਲ ਰਹਿੰਦੇ ਹਨ। ਇੱਥੇ 1992 ਤੋਂ ਬਾਅਦ ਤੋਂ ਕੋਈ ਪਰਮਾਣੂ ਪ੍ਰੀਖਣ ਨਹੀਂ ਹੋਇਆ ਹੈ ਤੇ ਹੁਣ ਲੋਕ ਪ੍ਰੀਖਣਾਂ ਦਾ ਸਖ਼ਤ ਵਿਰੋਧ ਕਰਦੇ ਹਨ। ਹਾਲਾਂਕਿ ਟਰੰਪ ਨੇ ਆਪ ਇਸ ਦਾ ਸਪੱਸ਼ਟੀਕਰਨ ਨਹੀਂ ਦਿੱਤਾ ਹੈ ਕਿ ਉਹ ਧਮਾਕੇ ਵਾਲੇ ਪ੍ਰੀਖਣ ਦੀ ਨਹੀਂ, ਬਲਕਿ ਸਬ-ਕ੍ਰਿਟੀਕਲ ਭਾਵ ਠੰਢੇ ਪ੍ਰਯੋਗਾਤਮਕ ਪ੍ਰੀਖਣ ਦੀ ਗੱਲ ਕਰ ਰਹੇ ਸਨ। ਗੱਲ ਤੋਂ ਪਲਟ ਜਾਣਾ ਤੇ ਮੰਤਰੀਆਂ ਦੀ ਗੱਲ ਕੱਟ ਦੇਣਾ ਉਨ੍ਹਾਂ ਲਈ ਆਮ ਗੱਲ ਹੈ। ਇਸ ਲਈ ਉਹ ਕੀ ਕਹਿਣਾ ਚਾਹੁੰਦੇ ਸਨ ਤੇ ਕਿਉਂ, ਇਹ ਉਹੀ ਦੱਸ ਸਕਦੇ ਹਨ। ਫਿਰ ਵੀ, ਜੇ ਕ੍ਰਿਸ ਰਾਈਟ ਦੀ ਗੱਲ ਸਹੀ ਮੰਨ ਲਈ ਜਾਵੇ ਤਦ ਵੀ ਇਹ ਸਮਝ ਨਹੀਂ ਆਉਂਦੀ ਕਿ ਇਸ ਲਈ ਜਨਤਕ ਐਲਾਨ ਕਰਨ ਦੀ ਕੀ ਲੋੜ ਸੀ ਤੇ ਉਹ ਵੀ ਚੀਨੀ ਰਾਸ਼ਟਰਪਤੀ ਦੇ ਨਾਲ ਹੋਣ ਵਾਲੀ ਮੁਲਾਕਾਤ ਤੋਂ ਠੀਕ ਪਹਿਲਾਂ।
ਕੰਪਿਊਟਰਾਂ ’ਤੇ ਅਤੇ ਲੈਬਾਰਟਰੀਆਂ ’ਚ ਵਰਚੂਅਲ ਠੰਢੇ ਪ੍ਰੀਖਣਾਂ ਦਾ ਅਮਰੀਕਾ ਦੇ ਕੋਲ ਸਭ ਤੋਂ ਪੁਰਾਣਾ ਤਜਰਬਾ ਤੇ ਤਕਨੀਕੀ ਮੁਹਾਰਤ ਹੈ। ਅੱਜਕੱਲ੍ਹ ਉਸੇ ਦੇ ਸਹਾਰੇ ਪਰਮਾਣੂ ਹਥਿਆਰਾਂ ਦਾ ਵਿਕਾਸ ਤੇ ਨਵੀਨੀਕਰਨ ਕੀਤਾ ਜਾਂਦਾ ਹੈ। ਅਮਰੀਕਾ, ਰੂਸ ਤੇ ਚੀਨ ਦੇ ਕੋਲ ਕੁੱਲ ਮਿਲਾ ਕੇ 12 ਹਜ਼ਾਰ ਦੇ ਲਗਪਗ ਪਰਮਾਣੂ ਬੰਬ ਹਨ ਜਿਨ੍ਹਾਂ ਨਾਲ ਦੁਨੀਆ ਨੂੰ ਕਈ ਵਾਰ ਤਬਾਹ ਕੀਤਾ ਜਾ ਸਕਦਾ ਹੈ। ਇਸ ਲਈ ਹੁਣ ਦੌੜ ਪਰਮਾਣੂ ਬੰਬ ਬਣਾਉਣ ਦੀ ਨਹੀਂ, ਬਲਕਿ ਉਨ੍ਹਾਂ ਨੂੰ ਦੁਸ਼ਮਣ ਦੇ ਰੱਖਿਆ ਕਵਚ ਨੂੰ ਤੋੜ ਕੇ ਟੀਚੇ ਤੱਕ ਪਹੁੰਚਾਉਣ ਵਾਲੀਆਂ ਮਿਜ਼ਾਈਲਾਂ ਦੇ ਵਿਕਾਸ ਦੀ ਹੈ, ਜਿਸ ’ਚ ਰੂਸ ਤੇ ਚੀਨ ਦੋਵੇਂ ਲੱਗੇ ਹਨ।
ਕੁਝ ਰਣਨੀਤੀਕਾਰਾਂ ਦਾ ਮੰਨਣਾ ਹੈ ਕਿ ਪ੍ਰੀਖਣ ਸ਼ੁਰੂ ਕਰਨ ਦਾ ਐਲਾਨ ਧਮਕੀ ਦੇ ਕੇ ਸੌਦਾ ਕਰਨ ਦੀ ਟਰੰਪ ਦੀ ਰਣਨੀਤੀ ਦਾ ਹਿੱਸਾ ਵੀ ਹੋ ਸਕਦਾ ਹੈ। ਦੱਖਣੀ ਕੋਰੀਆ ’ਚ ਚੀਨੀ ਰਾਸ਼ਟਰਪਤੀ ਨਾਲ ਹੋਈ ਮੁਲਾਕਾਤ ਤੋਂ ਕੁਝ ਹੀ ਦਿਨ ਪਹਿਲਾਂ ਰੂਸ ਨੇ ਪੋਸਾਈਡਨ ਪਰਮਾਣੂ ਤਾਰਪੀਡੋ ਤੇ ਬੁਰੇਵੇਸਤਨਿਕ ਪਰਮਾਣੂ ਕਰੂਜ਼ ਮਿਜ਼ਾਈਲ ਦੇ ਪ੍ਰੀਖਣ ਕੀਤੇ ਸਨ ਤੇ ਦਾਅਵਾ ਕੀਤਾ ਸੀ ਕਿ ਇਹ ਦੋਵੇਂ ਅਮਰੀਕਾ ਦੇ ਰੱਖਿਆ ਕਵਚ ਨੂੰ ਤੋੜ ਕੇ ਪਰਮਾਣੂ ਬੰਬਾਂ ਨਾਲ ਟੀਚੇ ’ਤੇ ਵਾਰ ਕਰ ਸਕਦੇ ਹਨ।
ਇਸ ਲਈ ਸ਼ਾਇਦ ਟਰੰਪ ਪਰਮਾਣੂ ਪ੍ਰੀਖਣ ਸ਼ੁਰੂ ਕਰਨ ਦਾ ਨਾਟਕੀ ਐਲਾਨ ਕਰ ਕੇ ਰੂਸ ਤੇ ਚੀਨ ਦੋਵਾਂ ਨੂੰ ਹਥਿਆਰਬੰਦੀ ਸਬੰਧੀ ਗੱਲਬਾਤ ਦੀ ਮੇਜ਼ ’ਤੇ ਲਿਆਉਣਾ ਚਾਹੁੰਦੇ ਹਨ, ਤਾਂ ਜੋ ਆਪਣੀਆਂ ਸ਼ਰਤਾਂ ’ਤੇ ਕੋਈ ਸੌਦਾ ਕਰ ਸਕਣ। ਹਾਲਾਂਕਿ ਬੇਅਸਰ ਹੁੰਦੀ ਵਿਸ਼ਵ ਪੱਧਰੀ ਵਿਵਸਥਾ, ਧੜਿਆਂ ’ਚ ਵੰਡੀ ਦੁਨੀਆ ਤੇ ਵਧਦੀ ਅਸੁਰੱਖਿਆ ਦੇ ਮਾਹੌਲ ’ਚ ਅਜਿਹੇ ਐਲਾਨਾਂ ਨਾਲ ਤਿੰਨ ਦਹਾਕੇ ਪੁਰਾਣੀ ਪਰਮਾਣੂ ਅਪਸਾਰ ਦੀ ਵਿਵਸਥਾ ਟੁੱਟ ਕੇ ਪਰਮਾਣੂ ਹਥਿਆਰਾਂ ਦੀ ਦੌੜ ਵੀ ਸ਼ੁਰੂ ਹੋ ਸਕਦੀ ਹੈ।
Share this content:



Post Comment