ਮਾਸੂਮਾਂ ਦੀ ਬਲੀ ਲੈਂਦੇ ਬੋਰਵੈੱਲ
ਇਹ ਹੋਣੀ ਸੀ, ਇਸ ਨੂੰ ਰੋਕਿਆ ਨਹੀਂ ਜਾ ਸਕਦਾ ਸੀ। ਕਿਸੇ ਤ੍ਰਾਸਦੀ ਮਗਰੋਂ ਮਨ ਪਰਚਾਵੇ ਲਈ ਅਕਸਰ ਇਹੀ ਸ਼ਬਦ ਬਚਦੇ ਹਨ। ਇਸ ਤੋਂ ਇਲਾਵਾ ਇਕ ਹੋਰ ਸ਼ਬਦ ਹੈ, ਜੋ ਪਿੱਛੇ ਰਹਿ ਜਾਂਦਾ ਹੈ। ਉਹ ਹੈ ‘ਜੇ’ (ਅਫ਼ਸੋਸ)। ਕੋਈ ਵੱਡਾ ਨੁਕਸਾਨ ਹੋਣ ਮਗਰੋਂ ਅਸੀਂ ਅਕਸਰ ਆਖਦੇ ਹਾਂ ‘ਜੇ ਇੰਝ ਕਰ ਲੈਂਦੇ, ਜੇ ਉੰਝ ਕਰ ਲੈਂਜੇ, ਜੇ ਇੰਝ ਨਾ ਹੁੰਦਾ, ਜੇ ਮੈਂ ਉੱਥੇ ਨਾ ਗਿਆ ਹੁੰਦਾ, ਜੇ ਉਹ ਉੱਥੇ ਨਾ ਹੁੰਦਾ, ਆਦਿ।’ ਮਨੋਵਿਗਿਆਨ ਇਸ ‘ਜੇ’ ਸ਼ਬਦ ਨੂੰ ਖਾਰਜ ਕਰਦਾ ਹੈ। ਮਨੋਵਿਗਿਆਨੀ ਆਖਦੇ ਹਨ ਕਿ ਤੁਹਾਡੇ ਚੁੱਕੇ ਕਦਮਾਂ ਦਾ ਹੀ ਨਤੀਜਾ ਤੁਹਾਨੂੰ ਮਿਲਦਾ ਹੈ ਜਾਂ ਕਈ ਵਾਰ ਭੁਗਤਣਾ ਪੈਂਦਾ ਹੈ। ਹਾਲ ਹੀ ’ਚ ਅੰਬਾਲਾ ਦੇ ਚਾਰ ਸਾਲਾ ਨਿਰਵੈਰ ਸਿੰਘ ਦੀ ਬੋਰਵੈੱਲ ’ਚ ਡਿੱਗਣ ਕਾਰਨ ਮੌਤ ਨਾ ਹੁੰਦੀ ਜੇ ਅਸੀਂ ‘ਕੁਝ’ ਠੀਕ ਕੀਤਾ ਹੁੰਦਾ। ਇੱਥੇ ਵੀ ‘ਜੇ’ ਹੀ ਬਚਿਆ ਹੈ। ਇਸ ‘ਜੇ’ ਤੋਂ ਮੁਕਤੀ ਉਦੋਂ ਹੀ ਮਿਲ ਸਕਦੀ ਹੈ, ਜਦੋਂ ‘ਕੁਝ’ ਨੂੰ ਠੀਕ ਕੀਤਾ ਜਾਵੇਗਾ। ਭਾਵੇਂ ਸਾਡੇ ਹੱਥ ਸਭ ਕੁਝ ਨਹੀਂ, ਪਰ ‘ਕੁਝ’ ਤਾਂ ਹੈ।
‘ਜੇ’ ਸ਼ਬਦ ਤੋਂ ਬਚਣ ਲਈ ਇਸ ‘ਕੁਝ’ ਨੂੰ ਹੀ ਸਹੀ ਦਿਸ਼ਾ ਦਿਖਾਉਣੀ ਪਵੇਗੀ। ਭਾਰਤ ’ਚ ਖੁੱਲ੍ਹੇ ਛੱਡੇ ਗਏ ਬੋਰਵੈੱਲਾਂ ’ਚ ਬੱਚਿਆਂ ਦੇ ਡਿੱਗਣ ਦਾ ਸਿਲਸਿਲਾ ਪਿਛਲੇ ਦੋ-ਤਿੰਨ ਦਹਾਕਿਆਂ ਤੋਂ ਬਹੁਤ ਤੇਜ਼ੀ ਨਾਲ ਵਧਿਆ ਹੈ। ਸਾਲ 1980 ਦੇ ਦਹਾਕੇ ਮਗਰੋਂ ਦੇਸ਼ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣਾ ਸ਼ੁਰੂ ਹੋ ਗਿਆ। ਟਿਊਬਵੈੱਲ ਅਤੇ ਬੋਰਵੈੱਲ ਪੁੱਟਣ ਦੀ ਹੋੜ ਲੱਗ ਗਈ। ਅਜੋਕੇ ਸਮੇਂ ’ਚ ਇਹ ਹੋੜ ਲੋੜ ’ਚ ਤਬਦੀਲ ਹੋ ਗਈ ਹੈ। ਇਨ੍ਹਾਂ ਬੋਰਵੈੱਲਾਂ ਨੂੰ ਖੁੱਲ੍ਹਾ ਛੱਡਣ ਦੀ ਲਾਪਰਵਾਹੀ ਹੀ ਇਨ੍ਹਾਂ ਨੂੰ ਮੌਤ ਦਾ ਖੂਹ ਬਣਾ ਦਿੰਦੀ ਹੈ। ਬੋਰਵੈੱਲ ਹਾਦਸਿਆਂ ਦਾ ਸ਼ਿਕਾਰ ਹੋਏ ਮਾਸੂਮਾਂ ਦਾ ਕੋਈ ਸਰਕਾਰੀ ਅੰਕੜਾ ਤਾਂ ਨਹੀਂ ਹੈ ਪਰ ਭਾਰਤ ’ਚ ਔਸਤਨ ਸਾਲਾਨਾ 40 ਤੋਂ 50 ਬੱਚੇ ਖੁੱਲ੍ਹੇ ਬੋਰਵੈੱਲਾਂ ’ਚ ਡਿੱਗਦੇ ਹਨ। ਇਨ੍ਹਾਂ ’ਚੋਂ ਕੇਵਲ 20 ਫ਼ੀਸਦੀ ਮਾਮਲਿਆਂ ’ਚ ਹੀ ਮਾਸੂਮਾਂ ਦੀਆਂ ਜਾਨਾਂ ਬਚਾਈਆਂ ਜਾਂਦੀਆਂ ਹਨ। ਜ਼ਿਆਦਾਤਾਰ ਮਾਮਲਿਆਂ ’ਚ ਮਾਸੂਮਾਂ ਦੀ ਮੌਤ ਦਮ ਘੁਟਣ, ਸੱਟਾਂ ਲੱਗਣ ਜਾਂ ਬਚਾਅ ਕਾਰਜਾਂ ’ਚ ਦੇਰੀ ਹੋਣ ਕਾਰਨ ਹੋ ਜਾਂਦੀ ਹੈ।
ਅਜਿਹੇ ਮਾਮਲਿਆਂ ’ਚ ਐੱਨਡੀਆਰਐੱਫ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਹੈ। ਐੱਨਡੀਆਰਐੱਫ ਦੀਆਂ ਟੀਮਾਂ ਖ਼ੁਦ ਮੰਨਦੀਆਂ ਹਨ ਕਿ ਬੱਚਿਆਂ ਨੂੰ ਬੋਰਵੈੱਲਾਂ ’ਚੋਂ ਕੱਢਣ ਦੇ ਬਚਾਅ ਕਾਰਜ ਸਭ ਤੋਂ ਗੁੰਝਲਦਾਰ ਹੁੰਦੇ ਹਨ। ਅਜਿਹੇ ਮਾਮਲਿਆਂ ’ਚ ਸਫ਼ਲਤਾ ਦਰ ਬਹੁਤ ਘੱਟ ਹੁੰਦੀ ਹੈ। ਮਾਸੂਮਾਂ ਦੇ ਬੋਰਵੈੱਲਾਂ ’ਚ ਡਿੱਗਣ ਦਾ ਸਿਲਸਿਲਾ ਕੋਈ ਨਵਾਂ ਨਹੀਂ ਹੈ। ਇਹ ਦਹਾਕਿਆਂ ਤੋਂ ਹੀ ਚੱਲਦਾ ਆ ਰਿਹਾ ਹੈ। ਸਾਲ 2006 ’ਚ ਹਰਿਆਣਾ ਦੇ ਕੁਰੂਕਸ਼ੇਤਰ ਦੇ ਹਲਕਾ ਹਲਦਹੇੜੀ ’ਚ 5 ਸਾਲਾ ਪ੍ਰਿੰਸ ਬੋਰਵੈੱਲ ਵਿੱਚ ਡਿੱਗਿਆ ਸੀ। ਉਸ ਨੂੰ ਲਗਭਗ 50 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਇਹ ਭਾਰਤ ਦਾ ਪਹਿਲਾ ਅਜਿਹਾ ਹਾਦਸਾ ਸੀ, ਜਿਸ ਦਾ ਟੀਵੀ ਚੈਨਲਾਂ ’ਤੇ ਲਾਈਵ ਪ੍ਰਸਾਰਨ ਕੀਤਾ ਗਿਆ। ਸਾਲ 2019 ’ਚ ਤਾਮਿਲਨਾਡੂ ਦੇ ਦੋ ਸਾਲਾ ਸੁਜੀਤ ਵਿਲਸਨ ਦੀ ਬੋਰਵੈੱਲ ’ਚ ਡਿੱਗਣ ਕਾਰਨ ਮੌਤ ਹੋ ਗਈ। 80 ਘੰਟਿਆਂ ਦੀ ਕੋਸ਼ਿਸ਼ ਨਾਕਾਮ ਰਹੀ। ਇਸੇ ਸਾਲ ਸੁਨਾਮ ਦਾ ਦੋ ਸਾਲਾ ਫਤਿਹਵੀਰ ਸਿੰਘ ਆਪਣੇ ਘਰ ਦੇ ਬਾਹਰ ਹੀ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ। ਪੰਜ ਦਿਨਾਂ ਤੱਕ ਬਚਾਅ ਕਾਰਜ ਚੱਲਦਾ ਰਿਹਾ।
ਮੁਸ਼ੱਕਤ ਤੋਂ ਬਾਅਦ ਪੰਜਵੇਂ ਦਿਨ ਉਸ ਦੀ ਲਾਸ਼ ਹੀ ਬਾਹਰ ਕੱਢੀ ਜਾ ਸਕੀ। ਇਸੇ ਤਰ੍ਹਾਂ ਹਾਲ ਹੀ ਦੀ ਦੁਖਦਾਈ ਘਟਨਾ ਅੰਬਾਲਾ ਵਿੱਚ ਚਾਰ ਸਾਲਾ ਨਿਰਵੈਰ ਸਿੰਘ ਦੀ ਮੌਤ ਦਰਸਾਉਂਦੀ ਹੈ ਕਿ 2006 ਤੋਂ ਲੈ ਕੇ ਹੁਣ ਤੱਕ ਸਥਿਤੀ ’ਚ ਕੋਈ ਵੱਡਾ ਸੁਧਾਰ ਨਹੀਂ ਹੋਇਆ। ਨਾ ਤਾਂ ਲੋਕ ਜਾਗਰੂਕ ਹੋਏ ਨਾ ਪ੍ਰਸ਼ਾਸਨ ਬਚਾਅ ਕਾਰਜਾਂ ਨੂੰ ਲੈ ਕੇ ਸਮਰੱਥ ਹੋਇਆ। ਚੇਤੇ ਰੱਖੋ, ਅਜਿਹੇ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਸਾਲ 2010 ’ਚ ਭਾਰਤੀ ਸੁਪਰੀਮ ਕੋਰਟ ਨੇ ਬੋਰਵੈੱਲਾਂ ਸਬੰਧੀ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਬੋਰਵੈੱਲ ਪੁੱਟਣ ਤੋਂ 15 ਦਿਨ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ/ਸਰਪੰਚ ਨੂੰ ਲਿਖਤੀ ਸੂਚਨਾ ਦੇਣੀ ਜ਼ਰੂਰੀ ਹੁੰਦੀ ਹੈ। ਬੋਰਵੈੱਲ ਪੁੱਟਣ ਵਾਲੀ ਸਾਰੀ ਮਸ਼ੀਨਰੀ ਅਤੇ ਏਜੰਸੀ ਦਾ ਰਜਿਸਟਰਡ ਹੋਣਾ ਲਾਜ਼ਮੀ ਹੈ। ਬੋਰਵੈੱਲ ਦੇ ਆਲੇ-ਦੁਆਲੇ ਕੰਕਰੀਟ ਦੀ ਕੰਧ ਬਣਾਉਣੀ ਅਤੇ ਉਸ ਨੂੰ ਲੋਹੇ ਦੇ ਮਜ਼ਬੂਤ ਢੱਕਣ ਨਾਲ ਨਟ-ਬੋਲਟ ਲਗਾ ਕੇ ਬੰਦ ਕਰਨਾ ਲਾਜ਼ਮੀ ਹੈ। ਜਦੋਂ ਤੱਕ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਮੁਕੱਦਮਾ ਦਰਜ ਕਰਕੇ ਮਿਸਾਲੀ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਇਹ ‘ਮੌਤ ਦੇ ਖੂਹ’ ਬੰਦ ਨਹੀਂ ਹੋਣਗੇ। ਹਮੇਸ਼ਾ ਬੋਰਵੈੱਲਾਂ ਨੂੰ ਕੰਕਰੀਟ ਜਾਂ ਮਿੱਟੀ ਪਾ ਕੇ ਹੀ ਬੰਦ ਕਰੀਏ। ਜੇ ਕਿਸੇ ਥਾਂ ਬੋਰਵੈੱਲ ਦਾ ਕੰਮ ਚੱਲ ਰਿਹਾ ਹੈ ਉੱਥੇ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ। ਖੁੱਲ੍ਹੇ ਬੋਰਵੈੱਲ, ਟਿਊਬਵੈੱਲ ਜਾਂ ਕਿਸੇ ਵੀ ਤਰ੍ਹਾਂ ਦੇ ਟੋਏ ਨੂੰ ਬੰਦ ਕਰਨਾ ਹਰ ਨਾਗਰਿਕ ਦੀ ਨੈਤਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।
Share this content:



Post Comment