Loading Now

ਮਹਿੰਗਾਈ ਦੀ ਮਾਰ, ਜੇਬਾਂ ’ਤੇ ਭਾਰ ; ਨਿਊਜ਼ੀਲੈਂਡ ਵਿੱਚ ਹਵਾਈ ਸਫ਼ਰ, ਪੈਟਰੋਲ-ਡੀਜ਼ਲ ਅਤੇ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ: ਅਗਸਤ 2026 ਦੇ ਤਾਜ਼ਾ ਅੰਕੜੇ ਜਾਰੀ

ਮਹਿੰਗਾਈ ਦੀ ਮਾਰ, ਜੇਬਾਂ ’ਤੇ ਭਾਰ ; ਨਿਊਜ਼ੀਲੈਂਡ ਵਿੱਚ ਹਵਾਈ ਸਫ਼ਰ, ਪੈਟਰੋਲ-ਡੀਜ਼ਲ ਅਤੇ ਖਾਣ-ਪੀਣ ਦੀਆਂ ਵਸਤੂਆਂ ਮਹਿੰਗੀਆਂ: ਅਗਸਤ 2026 ਦੇ ਤਾਜ਼ਾ ਅੰਕੜੇ ਜਾਰੀ

*ਅੰਤਰਰਾਸ਼ਟਰੀ ਹਵਾਈ ਕਿਰਾਇਆਂ ਵਿੱਚ ਅਪ੍ਰੈਲ 2023 ਤੋਂ ਬਾਅਦ ਸਭ ਤੋਂ ਵੱਡਾ ਸਾਲਾਨਾ ਵਾਧਾ ਦਰਜ

*ਡੀਜ਼ਲ ਦੀਆਂ ਕੀਮਤਾਂ ਵਿੱਚ ਸਾਲਾਨਾ 45.8 ਫੀਸਦੀ ਦਾ ਭਾਰੀ ਉਛਾਲ

ਔਕਲੈਂਡ, 19 ਸਤੰਬਰ 2026 (ਹਰਜਿੰਦਰ ਸਿੰਘ ਬਸਿਆਲਾ) -ਸਟੈਟਸ ਨਿਊਜ਼ੀਲੈਂਡ (Stats NZ) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਅਗਸਤ 2026 ਦੌਰਾਨ ਦੇਸ਼ ਵਿੱਚ ਅੰਤਰਰਾਸ਼ਟਰੀ ਹਵਾਈ ਕਿਰਾਇਆਂ, ਬਾਲਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜੁਲਾਈ 2026 ਦੇ ਮੁਕਾਬਲੇ ਅਗਸਤ ਵਿੱਚ ਅੰਤਰਰਾਸ਼ਟਰੀ ਹਵਾਈ ਕਿਰਾਏ 4.3 ਫੀਸਦੀ ਵਧੇ ਹਨ, ਜਦੋਂ ਕਿ ਜੁਲਾਈ ਵਿੱਚ 10.9 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਸੀ। ਸਪੋਕਸਪਰਸਨ ਨਿਕੋਲਾ ਗ੍ਰੋਡਨ ਅਨੁਸਾਰ ਯੂਰਪ ਅਤੇ ਏਸ਼ੀਆ ਲਈ ਵੱਧ ਕਿਰਾਇਆਂ ਕਰਕੇ ਇਹ ਵਾਧਾ ਹੋਇਆ ਹੈ। ਅਗਸਤ 2026 ਤੱਕ ਦੇ ਸਾਲ ਵਿੱਚ ਸਾਲਾਨਾ ਆਧਾਰ ’ਤੇ ਅੰਤਰਰਾਸ਼ਟਰੀ ਹਵਾਈ ਕਿਰਾਏ 21.5 ਫੀਸਦੀ ਵਧੇ ਹਨ, ਜੋ ਅਪ੍ਰੈਲ 2023 ਤੋਂ ਬਾਅਦ ਦਾ ਸਭ ਤੋਂ ਵੱਡਾ ਵਾਧਾ ਹੈ।

ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਸਾਲਾਨਾ 1.9 ਫੀਸਦੀ ਵਾਧਾ ਹੋਇਆ ਹੈ। ਰੈਸਟੋਰੈਂਟਾਂ ਦੇ ਖਾਣੇ ਅਤੇ ‘ਰੈਡੀ-ਟੂ-ਈਟ’ ਫੂਡ ਸਮੂਹ ਵਿੱਚ 3.2 ਫੀਸਦੀ ਅਤੇ ਗ੍ਰੋਸਰੀ ਵਿੱਚ 1.7 ਫੀਸਦੀ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਸਾਲਾਨਾ 1.6 ਫੀਸਦੀ ਕਮੀ ਆਈ ਹੈ। ਅਗਸਤ ਵਿੱਚ ਆਲੂ, ਦੁੱਧ, ਦੁਪਹਿਰ ਦਾ ਖਾਣਾ, ਚਿਕਨ, ਪਿਆਜ਼, ਬਰਗਰ ਅਤੇ ਟਮਾਟਰ ਮਹਿੰਗੇ ਹੋਏ, ਜਦੋਂ ਕਿ ਸਟਰਾਬੇਰੀ, ਖੀਰੇ, ਕੋਲਡ ਡ੍ਰਿੰਕਸ ਅਤੇ ਐਵੋਕਾਡੋ ਦੇ ਭਾਅ ਘਟੇ ਹਨ। ਬਾਲਣ ਦੀਆਂ ਕੀਮਤਾਂ ਵਿੱਚ ਵੀ ਵੱਡਾ ਉਛਾਲ ਆਇਆ ਹੈ। ਅਗਸਤ 2026 ਵਿੱਚ ਜੁਲਾਈ ਦੇ ਮੁਕਾਬਲੇ ਪੈਟਰੋਲ 2.0 ਫੀਸਦੀ ਅਤੇ ਡੀਜ਼ਲ 8.6 ਫੀਸਦੀ ਮਹਿੰਗਾ ਹੋਇਆ। ਸਾਲਾਨਾ ਆਧਾਰ ’ਤੇ ਪੈਟਰੋਲ ਦੀਆਂ ਕੀਮਤਾਂ ਵਿੱਚ 17.9 ਫੀਸਦੀ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 45.8 ਫੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਜਲੀ 9.0 ਫੀਸਦੀ ਅਤੇ ਗੈਸ 11.0 ਫੀਸਦੀ ਸਾਲਾਨਾ ਆਧਾਰ ’ਤੇ ਮਹਿੰਗੀ ਹੋਈ ਹੈ।

Share this content:

Post Comment