ਬੱਚਿਆਂ ਨੂੰ ਖ਼ੁਦਕੁਸ਼ੀਆਂ ਵੱਲ ਧੱਕਦੀ ਮੁਕਾਬਲੇਬਾਜ਼ੀ
ਆਈ ਅਤੇ ਅੱਪਾ (ਮੰਮੀ-ਪਾਪਾ) ਮੈਨੂੰ ਮੁਆਫ਼ ਕਰਨਾ, ਅਗਲੇ ਜਨਮ ਵਿੱਚ ਮੈਂ ਤੁਹਾਡੇ ਲਈ ਡਾਕਟਰ ਬਣਾਂਗਾ।” 19 ਸਾਲਾ ਸੂਰਜ ਸੁਭਾਸ਼ ਸ਼ਿੰਦੇ ਦੇ ਇਹ ਭਾਵੁਕ ਬੋਲ ਤੁਹਾਨੂੰ ਧੁਰ ਅੰਦਰ ਤੱਕ ਹਿਲਾ ਦਿੰਦੇ ਹਨ। ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਜ਼ਿਲ੍ਹੇ ਦੀ ਵੈਜਾਪੁਰ ਤਹਿਸੀਲ ਦੇ ਪਿੰਡ ਖੰਡਾਲਾ ਵਿੱਚ ‘ਨੀਟ’ ਦੀ ਤਿਆਰੀ ਕਰ ਰਹੇ ਇਸ ਵਿਦਿਆਰਥੀ ਦੀ ਆਪਣੇ ਘਰ ਵਿੱਚ ਮਿਲੀ ਲਾਸ਼ ਨਾਲ ਇਹ ਖ਼ੁਦਕੁਸ਼ੀ ਨੋਟ ਮਿਲਿਆ। ਭਾਰਤ ਵਿੱਚ ਇਹ ਸਮੱਸਿਆ ਗੁੰਝਲਦਾਰ ਤੇ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਦੇਸ਼ ਵਿੱਚ ਹਰ ਸਾਲ ਖ਼ੁਦਕੁਸ਼ੀ ਕਰਨ ਵਾਲੇ ਕੁੱਲ 1.32 ਲੱਖ ਲੋਕਾਂ ਵਿੱਚੋਂ 14 ਤੋਂ 30 ਸਾਲ ਦੀ ਉਮਰ ਵਰਗ ਦੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਸ ਵਿੱਚ ਵਿਦਿਆਰਥੀ ਵਰਗ ਮੁੱਖ ਰੂਪ ਵਿੱਚ ਪ੍ਰਭਾਵਿਤ ਹੋ ਰਿਹਾ ਹੈ।
ਦੇਸ਼ ਅੰਦਰ ਹੋਈਆਂ ਕੁੱਲ ਖ਼ੁਦਕੁਸ਼ੀਆਂ ਵਿੱਚੋਂ 12.1 ਫ਼ੀਸਦੀ ਵਿਦਿਆਰਥੀਆਂ ਦੀਆਂ ਹਨ। ਭਾਰਤੀ ਤਕਨਾਲੋਜੀ ਸੰਸਥਾਨਾਂ (ਆਈ ਆਈ ਟੀਜ਼) ਵੱਲੋਂ ਸਾਲ 2021 ਤੋਂ 2025 ਦਰਮਿਆਨ 65 ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਦੀ ਰਿਪੋਰਟ ਦਿੱਤੀ ਗਈ ਹੈ, ਜਿਸ ਨੇ ਲਗਾਤਾਰ ਵਧ ਰਹੇ ਅਕਾਦਮਿਕ ਮੁਕਾਬਲੇ ਅਤੇ ਹੋਰ ਸਮਾਜਿਕ ਕਾਰਨਾਂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2024 ਵਿੱਚ 14,488 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰਕੇ ਆਪਣੀ ਜਾਨ ਦਿੱਤੀ, ਜਿਸ ਦੀ ਰੋਜ਼ਾਨਾ ਔਸਤ ਲਗਪਗ 40 ਬਣਦੀ ਹੈ। ਪਿਛਲੇ ਦਸ ਸਾਲਾਂ ਵਿੱਚ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਵਿੱਚ 80 ਫ਼ੀਸਦੀ ਵਾਧਾ ਹੋਇਆ ਹੈ ਅਤੇ ਹਰ ਸਾਲ 2,000 ਤੋਂ ਵੱਧ ਵਿਦਿਆਰਥੀ ਇਮਤਿਹਾਨਾਂ ਵਿੱਚ ਫੇਲ੍ਹ ਹੋਣ ਕਾਰਨ ਮੌਤ ਨੂੰ ਗਲ਼ ਲਾ ਲੈਂਦੇ ਹਨ।
ਪਿਛਲੇ ਕੁਝ ਸਾਲਾਂ ਦੌਰਾਨ ਵਿਦਿਆਰਥੀਆਂ ਵੱਲੋਂ ਖ਼ੁਦਕੁਸ਼ੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ, ਜੋ ਸਾਡੇ ਸਿੱਖਿਆ ਪ੍ਰਬੰਧ ਦੀ ਅਸਲ ਤਸਵੀਰ ਬਿਆਨ ਕਰਦਾ ਹੈ। ਰਾਜਸਥਾਨ ਦੇ ਕੋਟਾ ਸ਼ਹਿਰ ਵਿੱਚ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਚਾਰ ਬੱਚਿਆਂ ਨੇ 24 ਘੰਟਿਆਂ ਦੇ ਅੰਦਰ ਖ਼ੁਦਕੁਸ਼ੀ ਕਰ ਲਈ ਸੀ। ਦਸੰਬਰ 2022 ਦੀ ਇਹ ਦੁਖਦਾਈ ਘਟਨਾ ਕੋਈ ਪਹਿਲੀ ਨਹੀਂ ਸੀ। ਇਸ ਤੋਂ ਪਹਿਲਾਂ 2020 ਵਿੱਚ ਮੱਧ ਪ੍ਰਦੇਸ਼ ’ਚ ਇੱਕ ਲੜਕੀ ਨੇ ‘ਨੀਟ-ਯੂਜੀ’ ਦਾ ਨਤੀਜਾ ਆਉਣ ਮਗਰੋਂ ਖ਼ੁਦਕੁਸ਼ੀ ਕਰ ਲਈ ਸੀ। ਉਸ ਨੇ ਬਹੁਤ ਮਿਹਨਤ ਕਰ ਕੇ ਇਹ ਇਮਤਿਹਾਨ ਦਿੱਤਾ ਸੀ, ਪਰ ਨਤੀਜੇ ਵਿੱਚ ਆਪਣੇ ਸਿਰਫ਼ 6 ਅੰਕ ਦੇਖ ਕੇ ਉਸ ਨੂੰ ਵੱਡਾ ਧੱਕਾ ਲੱਗਿਆ। ਉਸ ਦੀ ਮੌਤ ਤੋਂ ਬਾਅਦ ਜਦੋਂ ਮਾਪਿਆਂ ਨੇ ਨਤੀਜੇ ਦੀ ਪੜਤਾਲ ਕਰਵਾਈ ਤਾਂ ਉਸ ਦੇ ਅਸਲ ਅੰਕ 560 ਸਨ। ਇੱਕ ਤਕਨੀਕੀ ਗ਼ਲਤੀ ਦਾ ਖ਼ਮਿਆਜ਼ਾ ਉਸ ਲੜਕੀ ਨੇ ਆਪਣੀ ਜਾਨ ਦੇ ਕੇ ਚੁਕਾਇਆ। ਅਜਿਹੀਆਂ ਘਟਨਾਵਾਂ ਨੇ ਦਾਖ਼ਲਾ ਪ੍ਰੀਖਿਆਵਾਂ ਦੇ ਸਖ਼ਤ ਮੁਕਾਬਲੇ ਕਾਰਨ ਵਿਦਿਆਰਥੀਆਂ ਵਿੱਚ ਵਧ ਰਹੇ ਦਬਾਅ ਅਤੇ ਤਣਾਅ ਨੂੰ ਲੈ ਕੇ ਬੁੱਧੀਜੀਵੀਆਂ ਵਿੱਚ ਗੰਭੀਰ ਬਹਿਸ ਛੇੜ ਦਿੱਤੀ ਹੈ।
ਇਸ ਵਰਤਾਰੇ ਨੇ ਅਜੋਕੇ ਸਿੱਖਿਆ ਪ੍ਰਬੰਧਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਵਿਦਿਆਰਥੀਆਂ ਵਿੱਚ ਖ਼ੁਦਕੁਸ਼ੀ ਦਾ ਮੁੱਖ ਕਾਰਨ ਇਮਤਿਹਾਨਾਂ ਵਿੱਚ ਅਸਫ਼ਲ ਹੋਣਾ ਪਾਇਆ ਗਿਆ ਹੈ। ਦਾਖ਼ਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਕੋਚਿੰਗ ਸੈਂਟਰਾਂ ਵਿੱਚ ਵਿਦਿਆਰਥੀਆਂ ਦੀ ਭੀੜ ਲਗਾਤਾਰ ਵਧ ਰਹੀ ਹੈ ਜਦੋਂਕਿ ਕੋਰਸਾਂ ਦੀਆਂ ਸੀਟਾਂ ਬਹੁਤ ਸੀਮਿਤ ਹਨ। ਮੈਡੀਕਲ ਦੀਆਂ ਇੱਕ ਲੱਖ ਸੀਟਾਂ ਲਈ ਸਾਲ 2022 ਵਿੱਚ 18 ਲੱਖ ਅਤੇ ਸਾਲ 2026 ਵਿੱਚ 25 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਸੇ ਤਰ੍ਹਾਂ ਯੂ ਪੀ ਐੱਸ ਸੀ ਦੀਆਂ ਇੱਕ ਹਜ਼ਾਰ ਤੋਂ ਘੱਟ ਸੀਟਾਂ ਲਈ ਲੱਖਾਂ ਉਮੀਦਵਾਰ ਹਰ ਸਾਲ ਪ੍ਰੀਖਿਆ ਦਿੰਦੇ ਹਨ। ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚ ਗ਼ਰੀਬ ਪਰਿਵਾਰਾਂ ਨਾਲ ਸਬੰਧਿਤ ਬੱਚਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਜੁਲਾਈ 2021 ਦੇ ਅੰਕੜਿਆਂ ਮੁਤਾਬਿਕ ਸਾਡੇ ਦੇਸ਼ ਵਿੱਚ ਸਾਲ 2017 ਤੋਂ 2019 ਦੌਰਾਨ 14 ਤੋਂ 18 ਸਾਲ ਦੀ ਉਮਰ ਦੇ 24,588 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ਵਿੱਚੋਂ 13,325 ਲੜਕੀਆਂ ਸਨ। ਸਾਲ 2017 ਵਿੱਚ ਇਹ ਅੰਕੜਾ 8,029, ਸਾਲ 2018 ਵਿੱਚ 8,162 ਅਤੇ 2019 ਵਿੱਚ ਵਧ ਕੇ 8,377 ਹੋ ਗਿਆ। ਇਸ ਤੋਂ ਇਲਾਵਾ ਵਿਆਹ ਆਦਿ ਨਾਲ ਸਬੰਧਿਤ ਮਾਮਲਿਆਂ ਕਾਰਨ 3,954 ਬੱਚਿਆਂ ਨੇ ਅਤੇ ਕਿਸੇ ਬਿਮਾਰੀ, ਨਸ਼ਿਆਂ ਦੀ ਗ੍ਰਿਫ਼ਤ ਜਾਂ ਜਿਨਸੀ ਛੇੜਛਾੜ ਤੋਂ ਤੰਗ ਆ ਕੇ 2,648 ਬੱਚਿਆਂ ਨੇ ਖ਼ੁਦਕੁਸ਼ੀ ਕੀਤੀ।
ਕੌਮਾਂਤਰੀ ਲੇਬਰ ਖੋਜ ਸੰਗਠਨ ਦੀ ਖੋਜ ਅਨੁਸਾਰ ਆਲਮੀ ਪੱਧਰ ’ਤੇ ਹਰ ਦਸ ਵਿੱਚੋਂ ਇੱਕ ਵਿਦਿਆਰਥੀ ਗੰਭੀਰ ਰੂਪ ਵਿੱਚ ਤਣਾਅ ਦਾ ਸ਼ਿਕਾਰ ਹੈ ਅਤੇ ਅਕਸਰ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੀ ਬੱਚੇ ਖ਼ੁਦਕੁਸ਼ੀ ਦਾ ਰਾਹ ਚੁਣਦੇ ਹਨ। ‘ਲਾਂਸੇਟ’ ਮੈਡੀਕਲ ਰਸਾਲੇ ਵਿੱਚ ਛਪੀ ਰਿਪੋਰਟ ਦੱਸਦੀ ਹੈ ਕਿ ਦੁਨੀਆ ਭਰ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਲੋਕਾਂ ਵਿੱਚ ਆਤਮ-ਹੱਤਿਆ ਦੀ ਦਰ ਹੋਰਨਾਂ ਵਰਗਾਂ ਨਾਲੋਂ ਸਭ ਤੋਂ ਵੱਧ ਹੈ। ਵਿਸ਼ਵ ਸਿਹਤ ਸੰਗਠਨ ਦੇ ਸਹਾਇਕ ਨਿਰਦੇਸ਼ਕ ਅਨੁਸਾਰ ਦੁਨੀਆ ਭਰ ਵਿੱਚ ਜੰਗਾਂ ਅਤੇ ਮਹਾਮਾਰੀਆਂ ਦੇ ਮੁਕਾਬਲੇ ਆਤਮ-ਹੱਤਿਆ ਨਾਲ ਜ਼ਿਆਦਾ ਲੋਕ ਮਰਦੇ ਹਨ ਅਤੇ ਤਣਾਅ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਮੌਜੂਦਾ ਸਮੇਂ ਦੁਨੀਆ ਦੀ 69 ਫ਼ੀਸਦੀ ਆਬਾਦੀ ਤਣਾਅ ਦੀ ਸ਼ਿਕਾਰ ਹੈ ਅਤੇ ਵਿਸ਼ਵ ਪੱਧਰ ’ਤੇ ਡਾਕਟਰ ਕੋਲ ਜਾਣ ਵਾਲੇ ਪੰਜ ਵਿੱਚੋਂ ਤਿੰਨ ਮਰੀਜ਼ ਤਣਾਅ ਨਾਲ ਜੂਝਦੇ ਪਾਏ ਜਾਂਦੇ ਹਨ। ਖ਼ੁਦਕੁਸ਼ੀਆਂ ਦੀਆਂ ਇਹ ਮੰਦਭਾਗੀ ਘਟਨਾਵਾਂ ਬੇਰੋਕ ਵਧ ਰਹੀਆਂ ਹਨ, ਜੋ ਕਿਸੇ ਵੀ ਤਰ੍ਹਾਂ ਇੱਕ ਨਰੋਏ ਸਮਾਜ ਦੇ ਹਿੱਤ ਵਿੱਚ ਨਹੀਂ ਹੈ। ਹਰ ਇਨਸਾਨ ਦੀ ਇੱਛਾ ਕਾਮਯਾਬ ਹੋਣ ਦੀ ਹੁੰਦੀ ਹੈ। ਮਨੁੱਖੀ ਸੁਭਾਅ ਆਰਥਿਕ, ਸਮਾਜਿਕ ਅਤੇ ਧਾਰਮਿਕ ਸਮੇਤ ਹਰ ਤਰ੍ਹਾਂ ਦੀ ਆਜ਼ਾਦੀ ਦਾ ਆਸ਼ਕ ਹੈ।
ਆਜ਼ਾਦੀ ਦੀ ਇਹ ਤਾਂਘ ਹੀ ਉਸ ਨੂੰ ਦੁਨੀਆ ਤੋਂ ਕੁਝ ਵੱਖਰਾ ਕਰਨ ਲਈ ਪ੍ਰੇਰਦੀ ਹੈ। ਮੰਜ਼ਿਲ ਤੱਕ ਪਹੁੰਚਣ ਲਈ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਦਾਸੀ ਤੇ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਅਤੇ ਨਿਰਾਸ਼ਾ ਇਨਸਾਨ ਨੂੰ ਆਤਮ-ਹੱਤਿਆ ਲਈ ਉਕਸਾਉਂਦੀ ਹੈ। ਜਦੋਂ ਕਿਸੇ ਨਿਰਾਸ਼ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਲਈ ਸਾਰੇ ਰਾਹ ਬੰਦ ਹੋ ਗਏ ਹਨ ਤਾਂ ਉਹ ਮੌਤ ਨੂੰ ਗਲ਼ ਲਾ ਲੈਂਦਾ ਹੈ। ਅਜੋਕੇ ਅਗਾਂਹਵਧੂ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਖ਼ੁਦਕੁਸ਼ੀਆਂ ਦਾ ਇਹ ਰੁਝਾਨ ਆਲਮੀ ਪੱਧਰ ’ਤੇ ਵਧ ਰਿਹਾ ਹੈ। ਮੁਕਾਬਲੇ ਦੇ ਇਸ ਦੌਰ ਵਿੱਚ ਇੱਕ-ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਹੋੜ ਨੇ ਇਨਸਾਨ ਨੂੰ ਮਹਿਜ਼ ਇੱਕ ਮਸ਼ੀਨ ਬਣਾ ਦਿੱਤਾ ਹੈ। ਇਹ ਵਰਤਾਰਾ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ, ਜਿੱਥੇ ਮਾਪੇ ਆਪਣੇ ਬੱਚੇ ਦੀ ਰੁਚੀ ਪੁੱਛਣ ਦੀ ਬਜਾਏ ਪਹਿਲਾਂ ਹੀ ਤੈਅ ਕਰ ਲੈਂਦੇ ਹਨ ਕਿ ਉਸ ਲਈ ਕਮਾਈ ਦਾ ਕਿਹੜਾ ਖੇਤਰ ਵਧੀਆ ਰਹੇਗਾ। ਜ਼ਿਆਦਾਤਰ ਮਾਪਿਆਂ ਦਾ ਮਕਸਦ ਬੱਚੇ ਨੂੰ ਸਿਰਫ਼ ਪੈਸੇ ਕਮਾਉਣ ਵਾਲੀ ਮਸ਼ੀਨ ਬਣਾਉਣਾ ਹੀ ਬਣ ਗਿਆ ਹੈ ਅਤੇ ਜਦੋਂ ਮਾਪਿਆਂ ਦੀ ਆਸਾਂ ਦੇ ਬੋਝ ਹੇਠ ਦੱਬਿਆ ਕੋਈ ਬੱਚਾ ਇਸ ਦੁਨਿਆਵੀ ਦੌੜ ਵਿੱਚ ਪੱਛੜ ਜਾਂਦਾ ਹੈ ਤਾਂ ਉਹ ਮੌਤ ਦਾ ਰਾਹ ਚੁਣ ਲੈਂਦਾ ਹੈ।
ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਸਹਿਜਤਾ ਨਾਲ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣਾ ਹੀ ਸਭ ਤੋਂ ਵੱਡੀ ਬਹਾਦਰੀ ਹੈ। ਜੋ ਸੁੱਖ-ਸਾਧਨ ਮੌਜੂਦ ਹਨ, ਉਨ੍ਹਾਂ ਦਾ ਆਨੰਦ ਲਿਆ ਜਾਵੇ ਅਤੇ ਜੋ ਨਹੀਂ ਹਨ, ਉਨ੍ਹਾਂ ਦੀ ਪ੍ਰਾਪਤੀ ਲਈ ਮਿਹਨਤ ਕੀਤੀ ਜਾਵੇ। ਮਨੁੱਖ ਅਕਸਰ ਭਵਿੱਖ ਦੀ ਤਿਆਰੀ ਵਿੱਚ ਆਪਣਾ ਵਰਤਮਾਨ ਨਸ਼ਟ ਕਰ ਲੈਂਦਾ ਹੈ ਜਦੋਂਕਿ ਵਰਤਮਾਨ ਦਾ ਅਸਰ ਸਿੱਧਾ ਭਵਿੱਖ ’ਤੇ ਪੈਂਦਾ ਹੈ। ਮਨੁੱਖ ਦੂਜੇ ਸਫ਼ਲ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਰਾਤੋ-ਰਾਤ ਉਨ੍ਹਾਂ ਵਾਂਗ ਕਾਮਯਾਬ ਹੋਣਾ ਲੋਚਦਾ ਹੈ, ਪਰ ਉਹ ਉਨ੍ਹਾਂ ਦੇ ਲੰਮੇ ਸੰਘਰਸ਼ ਅਤੇ ਅਸਫ਼ਲਤਾ ਦੇ ਝਟਕਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ।
Share this content:



Post Comment