Loading Now

ਬੰਗਲੁਰੂ ਦੇ 5 ਤਾਰਾ ਹੋਟਲ ਦੇ ਸਵੀਮਿੰਗ ਪੂਲ ’ਚ ਆਇਆ ਕਰੰਟ

ਬੰਗਲੁਰੂ ਦੇ 5 ਤਾਰਾ ਹੋਟਲ ਦੇ ਸਵੀਮਿੰਗ ਪੂਲ ’ਚ ਆਇਆ ਕਰੰਟ

ਬੰਗਲੁਰੂ, 31 ਅਕਤੂਬਰ – ਬੰਗਲੁਰੂ ਦੇ 5 ਤਾਰਾ ਕੌਨਰਾਡ ਹੋਟਲ ਦੇ ਸਵਿਮਿੰਗ ਪੂਲ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਕਰੰਟ ਲੱਗਣ ਕਾਰਨ ਦੋ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ । ਇਹ ਘਟਨਾ ਹੋਟਲ ਦੀ ਤੀਜੀ ਮੰਜ਼ਿਲ ’ਤੇ ਬਣੇ ਸਵਿਮਿੰਗ ਪੂਲ ਵਿੱਚ ਵਾਪਰੀ।  ਮ੍ਰਿਤਕਾਂ ਦੀ ਪਛਾਣ 57 ਸਾਲਾ ਜਰਮਨ ਨਾਗਰਿਕ ਅਲੈਗਜ਼ੈਂਡਰ ਮੈਕਸਿਮਿਲੀਅਨ ਥਾਈਸ ਅਤੇ 45 ਸਾਲਾ ਸਲੋਵਾਕੀਆਈ ਨਾਗਰਿਕ ਜੁਰਾਜ ਹੋਰਵਾਟ ਵਜੋਂ ਹੋਈ ਹੈ। ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇੱਕ ਅਮਰੀਕੀ ਨਾਗਰਿਕ ਅਤੇ ਹੋਟਲ ਦਾ ਪੂਲ ਅਟੈਂਡੈਂਟ ਵੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਮਣੀਪਾਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਰਮਨ ਨਾਗਰਿਕ ਅਲੈਗਜ਼ੈਂਡਰ ਮੈਕਸਿਮਿਲੀਅਨ ਥਾਈਸ ਲੁਫਥਾਂਸਾ ਏਅਰਲਾਈਨਜ਼ ਵਿੱਚ ਕਰੂ ਮੈਂਬਰ ਵਜੋਂ ਕੰਮ ਕਰਦੇ ਸਨ।

ਜਦਕਿ ਸਲੋਵਾਕੀਆਈ ਨਾਗਰਿਕ ਜੁਰਾਜ ਹੋਰਵਾਟ ਟੈਕ ਕੰਪਨੀ ਆਈ.ਬੀ.ਐਮ. ਵਿੱਚ ਪ੍ਰੋਜੈਕਟ ਮੈਨੇਜਰ ਸਨ। ਪੁਲਿਸ ਮੁਤਾਬਕ ਦੋਵੇਂ ਤੈਰਾਕੀ ਕਰਨ ਲਈ ਹੋਟਲ ਦੀ ਤੀਜੀ ਮੰਜ਼ਿਲ ’ਤੇ ਬਣੇ ਸਵਿਮਿੰਗ ਪੂਲ ਵਿੱਚ ਗਏ ਸਨ। ਇਸੇ ਦੌਰਾਨ ਕਥਿਤ ਤੌਰ ’ਤੇ ਉਨ੍ਹਾਂ ਨੂੰ ਕਰੰਟ ਲੱਗ ਗਿਆ। ਹੋਟਲ ਵਿੱਚ ਠਹਿਰੇ 41 ਸਾਲਾ ਅਮਰੀਕੀ ਨਾਗਰਿਕ ਮੈਥਿਊ ਡੀਸੈਂਟਿਸ ਅਤੇ ਭਾਰਤੀ ਪੂਲ ਅਟੈਂਡੈਂਟ 28 ਸਾਲਾ ਰਾਹੁਲ ਤਿਵਾੜੀ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਦੋਵੇਂ ਵੀ ਜ਼ਖ਼ਮੀ ਹੋ ਗਏ। ਮੈਥਿਊ ਡੀਸੈਂਟਿਸ ਅਤੇ ਰਾਹੁਲ ਤਿਵਾੜੀ ਨੂੰ ਮਣੀਪਾਲ ਹਸਪਤਾਲ ਲਿਜਾਇਆ ਗਿਆ। ਦੋਵਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਟਲ ਪ੍ਰਬੰਧਨ ਵੱਲੋਂ ਅਜੇ ਤੱਕ ਇਸ ਘਟਨਾ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਸ਼ਨੀਵਾਰ ਸਵੇਰੇ ਹੋਟਲ ਦੀ ਵੈੱਬਸਾਈਟ ’ਤੇ ਜਾਣਕਾਰੀ ਦਿੱਤੀ ਗਈ ਕਿ ਸਵਿਮਿੰਗ ਪੂਲ ਨੂੰ 31 ਅਕਤੂਬਰ ਤੋਂ 30 ਨਵੰਬਰ ਤੱਕ ਰੱਖ-ਰਖਾਅ ਦੇ ਕੰਮ (ਮੈਂਟੀਨੈਂਸ) ਲਈ ਬੰਦ ਰੱਖਿਆ ਜਾਵੇਗਾ।

Share this content:

Post Comment