Loading Now

ਬੁੱਧ ਬਾਣ/ਸੰਭਾਲ਼ੋ ਪੰਜਾਬੀਓ! ਪੰਜਾਬ ਰੁੜ੍ਹ ਚੱਲਿਆ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਸੰਭਾਲ਼ੋ ਪੰਜਾਬੀਓ! ਪੰਜਾਬ ਰੁੜ੍ਹ ਚੱਲਿਆ/ਬੁੱਧ ਸਿੰਘ ਨੀਲੋਂ

ਪੰਜਾਬ ਦੀ ਤ੍ਰਾਸਦੀ ਸਿਰਫ਼ ਇਹ ਨਹੀਂ ਕਿ ਪੰਜਾਬ ਰੁੜ੍ਹ ਰਿਹਾ ਹੈ; ਵੱਡੀ ਤ੍ਰਾਸਦੀ ਇਹ ਹੈ ਕਿ ਪੰਜਾਬੀਆਂ ਨੂੰ ਆਪਣੇ ਹੀ ਰੁੜ੍ਹਦੇ ਘਰ ਦਾ ਪਤਾ ਨਹੀਂ ਲੱਗ ਰਿਹਾ। ਹੱਸਦੇ-ਵੱਸਦੇ ਪੰਜਾਬ ਨੂੰ ਵਾਰ-ਵਾਰ ਉਜਾੜਨ ਦੀ ਪ੍ਰਕਿਰਿਆ ਵੰਡ ਵੇਲੇ ਤੋਂ ਹੀ ਵੱਖ-ਵੱਖ ਰੂਪਾਂ ਵਿੱਚ ਚੱਲਦੀ ਆ ਰਹੀ ਹੈ। ਕਦੇ ਚੰਭਲਾਅ ਕੇ, ਕਦੇ ਲਾਲਚ ਦੇ ਕੇ, ਕਦੇ ਉਲਝਾਅ ਕੇ, ਕਦੇ ਵਿਕਾਸ ਦੇ ਨਾਂ ’ਤੇ ਅਤੇ ਕਦੇ ਕਾਨੂੰਨ ਦੇ ਜਾਲ ਵਿੱਚ ਫਸਾ ਕੇ। ਪਾਣੀ ਨਿਵਾਣ ਵੱਲ ਵਗਦਾ ਹੈ; ਅੱਜ ਪੰਜਾਬ ਦੀ ਹਾਲਤ ਵੀ ਕੁਝ ਅਜਿਹੀ ਹੀ ਬਣਦੀ ਜਾ ਰਹੀ ਹੈ। ਪਰ ਸਾਰਾ ਦੋਸ਼ ਦੂਜਿਆਂ ਦੇ ਸਿਰ ਮੜ੍ਹ ਕੇ ਅਸੀਂ ਬਰੀ ਨਹੀਂ ਹੋ ਸਕਦੇ। ਪੰਜਾਬ ਦੀ ਨਿੱਘਰੀ ਹਾਲਤ ਵਿੱਚ ਬਾਹਰੀ ਸਿਆਸੀ ਨੀਤੀਆਂ ਜਿੰਨਾ ਹਿੱਸਾ ਹਨ, ਸਾਡੀ ਆਪਣੀ ਫੁੱਟ, ਸਿਆਸੀ ਅੰਨ੍ਹੀ ਵਫ਼ਾਦਾਰੀ, ਨਿੱਜੀ ਲਾਲਚ ਅਤੇ ਮੌਕਾਪ੍ਰਸਤੀ ਦਾ ਹਿੱਸਾ ਵੀ ਘੱਟ ਨਹੀਂ। ਸਿਆਸੀ ਪਾਰਟੀਆਂ ਦੇ ਸ਼ਾਤਰ, ਭ੍ਰਿਸ਼ਟ, ਬੇਈਮਾਨ ਅਤੇ ਵਿਕਾਊ ਆਗੂਆਂ ਨੇ ਪੰਜਾਬੀਆਂ ਨੂੰ ਕਦੇ ਕਾਂਗਰਸ, ਕਦੇ ਅਕਾਲੀ ਦਲ, ਕਦੇ ਆਮ ਆਦਮੀ ਪਾਰਟੀ ਅਤੇ ਕਦੇ ਜਾਤ-ਪਾਤ ਦੇ ਟੋਲਿਆਂ ਵਿੱਚ ਵੰਡ ਕੇ ਆਪਣਾ ਉੱਲੂ ਸਿੱਧਾ ਕੀਤਾ। ਪੰਜਾਬੀ ਕਿਰਤ ਕਰਦਾ ਰਿਹਾ ਤੇ ਬਦਲੇ ਵਿੱਚ ਉਸ ਦੇ ਹੱਥ ਠੂਠਾ ਆਉਂਦਾ ਰਿਹਾ।

ਇਹ ਆਦਿ-ਜੁਗਾਦੀ ਸੱਚ ਹੈ ਕਿ ਜਦੋਂ ਹਾਕਮ ਆਪਣੇ ਨਿੱਜੀ ਮੁਫ਼ਾਦ ਲਈ ਧਰਮ ਦੀ ਆੜ ਲੈਂਦੇ ਹਨ ਤਾਂ ਆਮ ਲੋਕਾਂ ਦੇ ਘਰਾਂ ਵਿੱਚ ਉੱਲੂ ਬੋਲਣ ਲੱਗ ਪੈਂਦੇ ਹਨ। ਜਿਹੜੇ ਜ਼ਿੰਦਗੀ ਦਾ ਫ਼ਲਸਫ਼ਾ ਦੱਸਣ ਵਾਲੇ ਦਾਨੇ ਬਣੇ ਫਿਰਦੇ ਹਨ, ਉਹ ਉੱਚਿਆਂ ਚੁਬਾਰਿਆਂ ਨਾਲ ਆੜੀ ਪਾ ਕੇ ਆਪਣਿਆਂ ਦੀ ਹੀ ਮੰਜੀ ਠੋਕਣ ਲੱਗ ਪੈਂਦੇ ਹਨ। ਲੋਕ ਵੀ ਉੱਚੇ ਦੁਆਰੇ ਅਤੇ ਚੁਬਾਰੇ ਲੱਭਣ ਦੇ ਚੱਕਰ ਵਿੱਚ ਆਪਣੇ ਪੈਰਾਂ ਹੇਠਲੀ ਧਰਤੀ ਭੁੱਲ ਜਾਂਦੇ ਹਨ। ਸਿਆਸੀ ਆਗੂ ਜਦੋਂ ਊਟਪਟਾਂਗ ਗੱਲਾਂ ਮਾਰਨ ਲੱਗ ਪੈਣ ਤਾਂ ਲੋਕ ਵੀ ਉਜਾੜ ਮੱਲਣ ਤੁਰ ਪੈਂਦੇ ਹਨ। ਜਿਹੜੇ ਸਿਰਫ਼ ਉੱਚਾ ਝਾਕਦੇ ਹਨ, ਉਨ੍ਹਾਂ ਨੂੰ ਨੀਵਿਆਂ ਦੀਆਂ ਗੱਲਾਂ ਸੁਣਾਈ ਨਹੀਂ ਦਿੰਦੀਆਂ। ਫਿਰ ਉਡਦੇ ਸੱਪ ਕੀਲਣ ਵਾਲੀ ਸਿਆਸਤ ਵੀ ਕੰਮ ਨਹੀਂ ਆਉਂਦੀ। ਪਰ ਲੋਕਾਂ ਨੂੰ ਹਰ ਵੇਲੇ ਉੱਲੂ ਨਹੀਂ ਬਣਾਇਆ ਜਾ ਸਕਦਾ। ਜਿਹੜੇ ਲੋਕਾਂ ਦੇ ਸਵੈਮਾਣ ਨੂੰ ਰੋਲਦੇ ਹਨ, ਉਹ ਇੱਕ ਦਿਨ ਲੋਕਾਂ ਦੀ ਉਂਗਲ ਫੜਨ ਤੋਂ ਵੀ ਵਾਂਝੇ ਹੋ ਜਾਂਦੇ ਹਨ। ਜਿਹੜੇ ਹਰ ਕਿਸੇ ਨਾਲ ਉਸਤਾਦੀ ਘੋਟਦੇ ਹਨ, ਸਮਾਂ ਆਉਣ ’ਤੇ ਉਨ੍ਹਾਂ ਨੂੰ ਆਪਣੀਆਂ ਹੀ ਉਂਗਲਾਂ ਟੁੱਕਣੀਆਂ ਪੈਂਦੀਆਂ ਹਨ।

ਜਿਨ੍ਹਾਂ ਦੇ ਮਨਾਂ ਵਿੱਚ ਸੁਪਨੇ ਉਸਲਵੱਟੇ ਭੰਨਦੇ ਹਨ, ਉਨ੍ਹਾਂ ਨੂੰ ਸੁਪਨੇ ਪੂਰੇ ਕਰਨ ਲਈ ਉੱਖਲੀ ਵਿੱਚ ਸਿਰ ਵੀ ਦੇਣਾ ਪੈਂਦਾ ਹੈ। ਪਰ ਜਿਹੜੇ ਉਲਟੀ ਪੱਟੀ ਪੜ੍ਹਾ ਕੇ ਲੋਕਾਂ ਨੂੰ ਭਰਮਾਉਂਦੇ ਹਨ, ਉਨ੍ਹਾਂ ’ਤੇ ਇੱਕ ਦਿਨ ਲੋਕ ਉਂਗਲਾਂ ਚੁੱਕਣ ਲੱਗ ਪੈਂਦੇ ਹਨ। ਉਧਾਰ ਖਾਣ ਦੀ ਆਦਤ ਪੈ ਜਾਵੇ ਤਾਂ ਬੰਦਾ ਹਮੇਸ਼ਾ ਉਧੇੜ-ਬੁਣ ਵਿੱਚ ਰਹਿੰਦਾ ਹੈ। ਭੌਰੇ ਰਸ ਚੂਸ ਕੇ ਉੱਡ ਜਾਂਦੇ ਹਨ; ਪਿੱਛੇ ਫੁੱਲਾਂ ਨੂੰ ਕੋਈ ਨਹੀਂ ਪੁੱਛਦਾ ਕਿ ਰਸ ਕਿੱਥੇ ਗਿਆ? ਇਹੀ ਤਾਂ ਸਾਡੀ ਸਿਆਸਤ ਦਾ ਦੁਖਾਂਤ ਹੈ। ਕਿ ਹਰ ਸਿਆਸੀ ਪਾਰਟੀ ਦੇ ਆਗੂਆਂ ਨੇ ਪੰਜਾਬ ਨੂੰ ਪਹਿਲਾਂ ਲੁੱਟਿਆ ਹੈ, ਹੁਣ ਤਾਂ ਕੁੱਟਦੇ ਮਾਰਦੇ ਵੀ ਹਨ। ਜੇਕਰ ਕੋਈ ਬੋਲਦਾ ਹੈ, ਉਸਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ। ਹੁਣ ਸਮੇਂ ਨੇ ਸਾਨੂੰ ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕੀਤਾ ਹੋਇਆ ਹੈ ਤੇ ਅਸੀਂ ਉਲਟੇ ਪੈਰੀਂ ਵਾਪਸ ਭੱਜ ਰਹੇ ਹਾਂ। ਜਦੋਂ ਕੋਈ ਊਚ-ਨੀਚ ਵਿਚਾਰਨੀ ਭੁੱਲ ਜਾਵੇ ਤਾਂ ਉਸ ਦੇ ਆਲੇ-ਦੁਆਲੇ ਉਲਟੀ ਹਵਾ ਚੱਲ ਪੈਂਦੀ ਹੈ। ਹਰ ਕਿਸੇ ਨਾਲ ਉਲਝਣ ਵਾਲਾ ਆਖ਼ਰਕਾਰ ਸਿਆਸੀ ਕੈਨਵਸ ਤੋਂ ਗਾਇਬ ਹੋ ਜਾਂਦਾ ਹੈ। ਫਿਰ ਕਈ ਵਰ੍ਹੇ ਓਹੜ-ਪੋਹੜ ਵਿੱਚ ਲੰਘ ਜਾਂਦੇ ਹਨ।

ਹਾਲਤ ਉਸ ਊਠ ਵਰਗੀ ਹੋ ਜਾਂਦੀ ਹੈ ਜੋ ਲੋਕਾਂ ਵੱਲ ਮੂੰਹ ਚੁੱਕੀ ਖੜ੍ਹਾ ਰਹਿੰਦਾ ਹੈ, ਪਰ ਲੋਕ ਉਸ ਨੂੰ ਓਪਰੀ ਨਜ਼ਰੇ ਵੀ ਨਹੀਂ ਵੇਖਦੇ। ਜਦੋਂ ਊੜਾ-ਐੜਾ ਨਾ ਜਾਣਨ ਵਾਲੇ ਸਮਾਜ ਦੇ ਚੌਧਰੀ ਬਣ ਜਾਣ, ਤਾਂ ਉਡਦਾ ਛਾਪਾ ਵੀ ਗਲ਼ੇ ਆ ਲੱਗਦਾ ਹੈ। ਜਿਹੜੇ ਆਪਣੇ ਆਪ ਨੂੰ ਉਸਤਾਦ ਮੰਨਣ ਦਾ ਭਰਮ ਪਾਲ ਲੈਂਦੇ ਹਨ, ਉਹ ਉੱਚਾ-ਨੀਵਾਂ ਬੋਲਣ ਲੱਗਿਆਂ ਥਾਂ-ਕੁਥਾਂ ਨਹੀਂ ਵੇਖਦੇ। ਪਰ ਲੋਕ ਜਦੋਂ ਸਿਆਸੀ ਉਧਾਰ ਵਿਆਜ ਸਮੇਤ ਮੋੜਦੇ ਹਨ ਤਾਂ ਕਈ ਆਗੂ ਅੱਖਾਂ ਚੁੱਕ ਕੇ ਉਤਾਂਹ ਵੇਖਣ ਤੋਂ ਵੀ ਡਰਦੇ ਹਨ।

ਊੜੇ ਦੀ ਚੀਕ ਕੌਣ ਸੁਣੇ?

ਸਭ ਤੋਂ ਵੱਡਾ ਦੁਖਾਂਤ ਸਾਡੀ ਮਾਂ-ਬੋਲੀ ਦਾ ਹੈ। ਊੜਾ ਤੇ ਜੂੜਾ ਅਸੀਂ ਘਰਾਂ ਵਿੱਚੋਂ ਕੱਢ ਕੇ ਅੰਗਰੇਜ਼ੀ ਨੂੰ ਆਪਣੀ ਰਖੈਲ ਬਣਾ ਲਿਆ ਹੈ। ਸ਼ਬਦਾਂ ਦੇ ਲਿਖਾਰੀ ਵਪਾਰੀ ਬਣ ਰਹੇ ਹਨ ਅਤੇ ਮਾਂ-ਬੋਲੀ ਦੇ ਨਾਂ ’ਤੇ ਸੰਸਥਾਵਾਂ ਵੀ ਕਈ ਵਾਰ ਆਪਣੇ-ਆਪਣੇ ਚੁੱਲ੍ਹੇ ਤਪਾਉਂਦੀਆਂ ਹਨ। ਹੁਣ ਵਿਚਾਰਾ ਊੜਾ ਕਰੇ ਤਾਂ ਕੀ ਕਰੇ?
ਉਸ ਦੀਆਂ ਚੀਕਾਂ ਕਾਨਵੈਂਟ ਸਕੂਲਾਂ, ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰਾਂ ਵਿੱਚ ਸੁਣੀਆਂ ਜਾ ਸਕਦੀਆਂ ਹਨ। ਪਰ ਊੜੇ ਦਾ ਕੋਈ ਵਾਲੀ-ਵਾਰਸ ਨਹੀਂ। ਇਹ ਆਪਣੇ ਹੀ ਘਰ ਵਿੱਚ ਪਰਾਇਆ ਹੋ ਗਿਆ ਹੈ। ਸਵਾਲ ਇਹ ਨਹੀਂ ਕਿ ਊੜੇ ਨੂੰ ਘਰ ਕਦੋਂ ਮਿਲੇਗਾ। ਸਵਾਲ ਇਹ ਹੈ ਕਿ ਜਿਸ ਪੰਜਾਬੀ ਘਰ ਵਿੱਚ ਊੜਾ ਜੰਮਿਆ, ਉਸ ਘਰ ਵਿੱਚ ਪੰਜਾਬੀ ਕਦੋਂ ਆਪਣੀ ਭਾਸ਼ਾ ਨੂੰ ਮੁੜ ਸਨਮਾਨ ਦੇਵੇਗਾ?

ਇੱਕ ਪਾਸੇ ਗਰੀਬ ਲਈ ਮਕਾਨ ਬਣਾਉਣ ਦੀਆਂ ਯੋਜਨਾਵਾਂ ਹਨ, ਦੂਜੇ ਪਾਸੇ ਆਮ ਕਿਰਤੀ ਬੰਦਾ ਆਪਣੀ ਸਾਰੀ ਉਮਰ ਲਾ ਕੇ ਵੀ ਆਪਣਾ ਘਰ ਨਹੀਂ ਬਣਾ ਸਕਦਾ। ਸਾਡੇ ਆਲੇ-ਦੁਆਲੇ ਕੋਠੀਆਂ, ਮਹਿਲ, ਮੁਨਾਰੇ ਤੇ ਮਕਾਨ ਤਾਂ ਵਧ ਰਹੇ ਹਨ, ਪਰ ਘਰ ਘਟ ਰਹੇ ਹਨ। ਕੋਠੀਆਂ ਵਿੱਚੋਂ ਊੜਾ-ਜੂੜਾ ਹੀ ਨਹੀਂ, ਸਾਡੇ ਮਾਪੇ ਵੀ ਬੇਦਖ਼ਲ ਹੋ ਰਹੇ ਹਨ। ਮਕਾਨਾਂ ਵਿੱਚ ਪਾਲਤੂ ਜਾਨਵਰਾਂ ਲਈ ਥਾਂ ਹੈ, ਪਰ ਬਜ਼ੁਰਗ ਮਾਪਿਆਂ ਲਈ ਨਹੀਂ। ਇਸੇ ਕਰਕੇ ਬਿਰਧ ਆਸ਼ਰਮ ਵਧ ਰਹੇ ਹਨ। ਘਰ ਉਦਾਸ ਹਨ, ਮਕਾਨ ਜਸ਼ਨ ਮਨਾ ਰਹੇ ਹਨ। ਇਹ ਸਾਡੇ ਵਿਕਾਸ ਦਾ ਕਿਹੜਾ ਮਾਡਲ ਹੈ?
ਪੰਜਾਬ ਬਾਹਰ ਨਹੀਂ, ਅੰਦਰੋਂ ਉੱਜੜ ਰਿਹਾ ਹੈ
ਜਦੋਂ ਕੋਈ ਢਿੱਡ ਦੀ ਰੋਟੀ ਲਈ ਪਰਵਾਸ ਕਰਦਾ ਹੈ ਤਾਂ ਘਰ ਉਸ ਨੂੰ ਰੋਕਦੇ ਨਹੀਂ। ਪਰ ਜਦੋਂ ਪਰਦੇਸ ਤੋਂ ਮੋਹ-ਭਰੀਆਂ ਖ਼ਬਰਾਂ ਦੀ ਥਾਂ ਮਾੜੀਆਂ ਖ਼ਬਰਾਂ ਆਉਣ ਲੱਗਦੀਆਂ ਹਨ ਤਾਂ ਘਰਾਂ ਵਿੱਚ ਭੁੱਬਾਂ ਪੈਂਦੀਆਂ ਹਨ।
ਅੱਜ ਪੰਜਾਬ ਵਿੱਚ ਲੜਾਈ ਕਿਸੇ ਇੱਕ ਦੀ ਨਹੀਂ ਰਹੀ, ਸਭ ਦੀ ਬਣਦੀ ਜਾ ਰਹੀ ਹੈ। ਪਰ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਲੜਾਈ ਕਿਸ ਨਾਲ ਕਰਨੀ ਹੈ। ਅਸੀਂ ਆਪਸ ਵਿੱਚ ਹੀ ਲੜ ਰਹੇ ਹਾਂ। ਆਪਣਿਆਂ ਨੂੰ ਹੀ ਹਰਾਉਣ ਵਿੱਚ ਲੱਗੇ ਹਾਂ। ਆਪੋ-ਆਪਣੀ ਡੱਫਲੀ ਵਜਾ ਰਹੇ ਹਾਂ। ‘ਕੱਲੇ-‘ਕੱਲੇ ਕੁੱਟ ਖਾ ਰਹੇ ਹਾਂ।
ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਪਰ ਘਰ ਆਪਣੇ ਭਰਦੇ ਹਾਂ। ਬਰਾਬਰੀ ਦੀਆਂ ਗੱਲਾਂ ਕਰਦੇ ਹਾਂ, ਪਰ ਆਪਣੇ ਆਲੇ-ਦੁਆਲੇ ਅਸਮਾਨਤਾ ਦੀਆਂ ਕੰਧਾਂ ਖੜ੍ਹੀਆਂ ਕਰਦੇ ਹਾਂ।
ਸਾਡੀ ਫੁੱਟ ਹੀ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ।
ਸਿਆਸੀ ਲੋਕ ਇਸ ਫੁੱਟ ਦਾ ਮੌਕੇ ਮੁਤਾਬਕ ਫਾਇਦਾ ਚੁੱਕਦੇ ਹਨ ਅਤੇ ਅਸੀਂ ਲੁੱਟੇ ਜੁਆਰੀਏ ਵਾਂਗ ਹੱਥ ਮਲਦੇ ਰਹਿ ਜਾਂਦੇ ਹਾਂ। ਇਸ ਲਈ ਹੁਣ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਲੜਾਈ ਲੜਨੀ ਪਵੇਗੀ—ਫੁੱਟ, ਅੰਨ੍ਹੀ ਪਾਰਟੀਬਾਜ਼ੀ, ਜਾਤੀ ਹੰਕਾਰ, ਭ੍ਰਿਸ਼ਟਾਚਾਰ, ਨਸ਼ੇ, ਲਾਲਚ ਅਤੇ ਬੇਹਿਸੀ ਦੇ ਵਿਰੁੱਧ।
ਜੰਗ ਚਾਹੀਦੀ ਹੈ ਪਰ ਕਿਹੜੀ?
ਇੱਥੇ ‘ਜੰਗ’ ਦਾ ਅਰਥ ਹਿੰਸਾ ਨਹੀਂ; ਜਾਗਰੂਕਤਾ, ਲੋਕਤੰਤਰਕ ਸੰਘਰਸ਼ ਅਤੇ ਸਾਂਝੀ ਚੇਤਨਾ ਦੀ ਜੰਗ ਹੈ।
ਹੁਣ ਅਬਦਾਲੀ ਜਾਂ ਗੋਰੇ ਦੇ ਵਿਰੁੱਧ ਜੰਗ ਵਾਲਾ ਸਮਾਂ ਨਹੀਂ। ਅੱਜ ਦੀ ਲੜਾਈ ਆਪਣੇ ਅੰਦਰਲੇ ਡਰ, ਲਾਲਚ, ਫੁੱਟ ਅਤੇ ਉਨ੍ਹਾਂ ਪ੍ਰਬੰਧਕੀ ਤਾਕਤਾਂ ਦੇ ਵਿਰੁੱਧ ਹੈ ਜੋ ਲੋਕਾਂ ਨੂੰ ਵੰਡ ਕੇ ਆਪਣਾ ਰਾਜ ਚਲਾਉਂਦੀਆਂ ਹਨ।
ਲੜਾਈ ਇਕੱਲੇ ਨਾ ਲੜੋ। ਇਕੱਲੇ ਲੜੋਗੇ ਤਾਂ ਹਾਰੋਗੇ। ਜੇਕਰ ਤੁਸੀਂ ਹਾਰ ਗਏ ਤਾਂ ਤੁਸੀਂ ਇਕੱਲੇ ਇਕੱਲੇ ਉੱਜੜੋਗੇ। ਇਸ ਦਾ ਇਤਿਹਾਸ ਤੁਹਾਡੇ ਅਤੀਤ ਵਿੱਚ ਪਿਆ ਹੈ। ਪਰ ਅਸੀਂ ਅਤੀਤ ਵੱਲ ਪਿੱਠ ਕੀਤੀ ਹੋਈ ਹੈ। ਇਸੇ ਕਰਕੇ ਗਲਤੀਆਂ ਕਰਨ ਲੱਗੇ ਹੋਏ ਹਾਂ।
ਆਪਣੇ ਹੱਕਾਂ ਲਈ ਸੰਵਿਧਾਨਕ ਤੇ ਲੋਕਤੰਤਰਕ ਤਰੀਕੇ ਨਾਲ ਇਕੱਠੇ ਖੜ੍ਹੋ। ਸਵਾਲ ਪੁੱਛੋ। ਹਿਸਾਬ ਮੰਗੋ। ਵੋਟ ਦੀ ਕੀਮਤ ਸਮਝੋ। ਆਪਣੀ ਭਾਸ਼ਾ, ਪਾਣੀ, ਧਰਤੀ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਦੇ ਮਸਲਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਰੱਖੋ। ਕਿਉਂਕਿ ਪੰਜਾਬ ਨੂੰ ਸਿਰਫ਼ ਨਾਅਰਿਆਂ ਨਾਲ ਨਹੀਂ। ਸੂਝ, ਏਕਤਾ ਅਤੇ ਸਾਂਝੀ ਜ਼ਿੰਮੇਵਾਰੀ ਨਾਲ ਬਚਾਇਆ ਜਾ ਸਕਦਾ ਹੈ।
ਹੁਣ ਸਿਰ ਜੋੜਨ ਦਾ ਵੇਲਾ ਐ, ਪਹਿਲਾਂ ਹੀ ਬਹੁਤ ਕੁਵੇਲਾ ਐ। ਆਪਣੇ ਨਿੱਜੀ ਲਾਲਚ ਛੱਡ ਕੇ ਇਕੱਠੇ ਹੋਵੋ।
ਪੰਜਾਬ ਨੂੰ ਪਾਰਟੀਆਂ ਦੇ ਟੁਕੜਿਆਂ ਵਿੱਚ ਨਹੀਂ, ਆਪਣੇ ਸਾਂਝੇ ਘਰ ਵਜੋਂ ਵੇਖੋ।
ਕਿਉਂਕਿ ਹਰ ਵਾਰ ਉੱਜੜ ਕੇ ਵੱਸਣਾ ਸੰਭਵ ਨਹੀਂ ਹੁੰਦਾ। ਪੰਜਾਬ ਨੂੰ ਬਚਾਉਣਾ ਹੈ ਤਾਂ ਪਹਿਲਾਂ ਪੰਜਾਬੀ ਨੂੰ ਜਗਾਉਣਾ ਪਵੇਗਾ। ਪੰਜਾਬੀ ਨੂੰ ਜਗਾਉਣਾ ਹੈ ਤਾਂ ਉਸ ਨੂੰ ਡਰ ਅਤੇ ਭਰਮ ਤੋਂ ਬਾਹਰ ਕੱਢਣਾ ਪਵੇਗਾ।
ਅਤੇ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਇੱਕ-ਦੂਜੇ ਨੂੰ ਦੁਸ਼ਮਣ ਸਮਝਣਾ ਛੱਡਣਾ ਪਵੇਗਾ।
ਪੰਜਾਬ ਰੁੜ੍ਹ ਰਿਹਾ ਹੈ ਪਰ ਹਾਲੇ ਸਭ ਕੁਝ ਖ਼ਤਮ ਨਹੀਂ ਹੋਇਆ। ਜਦੋਂ ਲੋਕ ਆਪਣੀ ਤਾਕਤ ਪਛਾਣ ਲੈਂਦੇ ਹਨ, ਤਾਂ ਵੱਡੀਆਂ ਤੋਂ ਵੱਡੀਆਂ ਸਿਆਸੀ ਕੰਧਾਂ ਵੀ ਹਿੱਲ ਜਾਂਦੀਆਂ ਹਨ।
ਆਓ, ਗਿਰਝਾਂ ਦੇ ਗਲ਼ੇ ਹੱਥ ਪਾਉਣ ਤੋਂ ਪਹਿਲਾਂ ਆਪਣੇ ਸਿਰ ਜੋੜੀਏ। ਆਪਣੇ ਘਰ ਬਚਾਈਏ। ਆਪਣੀ ਮਾਂ-ਬੋਲੀ ਬਚਾਈਏ। ਆਪਣੀ ਧਰਤੀ, ਪਾਣੀ ਤੇ ਵਿਰਾਸਤ ਬਚਾਈਏ। ਆਪਣੇ ਚਿੜੀਆਂ-ਜਨੌਰਾਂ ਦੇ ਆਲ੍ਹਣੇ ਬਚਾਈਏ।
ਪੰਜਾਬ ਬਚੇਗਾ ਤਾਂ ਪੰਜਾਬੀ ਤੇ ਪੰਜਾਬੀਅਤ ਬਚੇਗੀ। ਪੰਜਾਬੀਅਤ ਬਚੇਗੀ ਤਾਂ ਅਸੀਂ ਬਚਾਂਗੇ।
Budh-singh-nelon-244x300 ਬੁੱਧ ਬਾਣ/ਸੰਭਾਲ਼ੋ ਪੰਜਾਬੀਓ! ਪੰਜਾਬ ਰੁੜ੍ਹ ਚੱਲਿਆ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment