ਖ਼ਬਰ- ਵੱਡੀ ਸਫ਼ਲਤਾ ਮਿਲੀ ਅਗਲੇ ਯੁੱਗਾਂ ਲਈ ਪੰਜਾਬੀ ਸੋਚ/ਜਨਮੇਜਾ ਸਿੰਘ ਜੌਹਲ
ਪਿਛਲੇ 55 ਸਾਲਾਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੁੱਝ ਕਰਨ ਦੀ ਤਮੰਨਾ ਲੈ ਕੇ ਅਸੀਂ ਨਿਰੰਤਰ ਯਤਨਸ਼ੀਲ ਹਾਂ। ਕਦੇ ਨਵੀਂ ਤਕਨਾਲੋਜੀ ਦੀ ਖੋਜ, ਕਦੇ ਪੰਜਾਬੀ ਫ਼ੌਂਟਸ ਤੇ ਸਾਫ਼ਟਵੇਅਰਾਂ ਦਾ ਨਿਰਮਾਣ, ਕਦੇ ਪਿੰਡਾਂ-ਸ਼ਹਿਰਾਂ ਵਿੱਚ ਘੁੰਮ ਕੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਵਸਤੂਆਂ ਤੇ ਦ੍ਰਿਸ਼ਾਂ ਨੂੰ ਸੰਭਾਲਣ ਦਾ ਉਪਰਾਲਾ, ਅਤੇ ਕਦੇ ਮਨੁੱਖੀ ਮਨ ਦੀਆਂ ਤੈਹਾਂ ਤੇ ਪੰਜਾਬੀ ਸੁਭਾਅ ਦੇ ਉਤਾਰ-ਚੜ੍ਹਾਅ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ।
ਇਸ ਲੰਮੇ ਦੌਰਾਨ ਇੱਕ ਗੱਲ ਸਪਸ਼ਟ ਹੋਈ ਹੈ: ਜੇਕਰ ਪੰਜਾਬੀ ਸੋਚ, ਸੱਭਿਆਚਾਰ, ਬਿਰਤੀ, ਭਾਸ਼ਾ ਅਤੇ ਇਸ ਨਾਲ ਜੁੜੇ ਪਹਿਲੂਆਂ ਨੂੰ ਭਵਿੱਖ ਲਈ ਸੁਰੱਖਿਅਤ ਰੱਖਣਾ ਹੈ, ਤਾਂ ਇਸ ਨੂੰ ਦੁਨੀਆ ਦੀਆਂ ਪ੍ਰਮੁੱਖ ਭਾਸ਼ਾਵਾਂ (ਜਿਵੇਂ ਸਪੈਨਿਸ਼, ਲੈਟਿਨ, ਚੀਨੀ ਆਦਿ) ਦੇ ਹਾਣੀ ਬਣਾਉਣਾ ਪਵੇਗਾ। ਇਸ ਲਈ ਪੰਜਾਬੀ ਨੂੰ ਤਕਨੀਕੀ ਤੌਰ ‘ਤੇ ਸਮਰੱਥ ਬਣਾਉਣਾ ਅਤਿ ਜ਼ਰੂਰੀ ਹੈ।
ਜ਼ਰਾ ਸੋਚੋ! ਅੱਜ ਤੋਂ 100, 500, 1000, 2000 ਜਾਂ 50,000 ਸਾਲ ਬਾਅਦ ਜਦੋਂ ਕੋਈ ਮਨੁੱਖ ਪੰਜਾਬੀ ਬਾਰੇ ਜਾਣਨਾ ਚਾਹੇਗਾ, ਤਾਂ ਉਸ ਨੂੰ ਕੀ ਮਿਲੇਗਾ? ਤਦ ਤੱਕ ਕਾਗ਼ਜ਼ੀ ਕਿਤਾਬਾਂ ਨਸ਼ਟ ਹੋ ਚੁੱਕੀਆਂ ਹੋਣਗੀਆਂ ਜਾਂ ਅਤੀ-ਸੀਮਤ ਗਿਣਤੀ ਵਿੱਚ ਹੀ ਬਚਣਗੀਆਂ। ਅਜਿਹੇ ਸਮੇਂ ਵਿੱਚ ਕੇਵਲ ਈ-ਡੇਟਾ (e-Data) ਹੀ ਅਮਰ ਰਹੇਗਾ। ਪਿਛਲੇ 50-60 ਸਾਲਾਂ ਵਿੱਚ ਅਸੀਂ ਦੇਖਿਆ ਹੈ ਕਿ ਕੰਪਿਊਟਰ ਅਤੇ ਪ੍ਰਿੰਟਿੰਗ ਤਕਨਾਲੋਜੀ ਤੋਂ ਬਾਅਦ IT ਦਾ ਦੌਰ ਆਇਆ, ਅਤੇ ਹੁਣ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦਾ ਯੁੱਗ ਹੈ। ਅੱਗੇ ਮਨੁੱਖੀ ਸੋਚ ਕਿੱਥੇ ਤੱਕ ਜਾਵੇਗੀ, ਇਸ ਦਾ ਅੰਦਾਜ਼ਾ ਲਗਾਉਣਾ ਵੀ ਔਖਾ ਹੈ।
ਅਦਾਰਾ ‘ਸਾਊਥ ਏਸ਼ੀਅਨ ਰਿਵਿਊ’ ਦੇ ਸਹਿਯੋਗ ਨਾਲ ਅਤੇ ਜਸਵੰਤ ਸਿੰਘ ਵਰਗੇ ਮਿੱਤਰਾਂ ਦੇ ਸਾਥ ਨਾਲ ਅਸੀਂ ਪਿਛਲੇ 30 ਸਾਲਾਂ ਤੋਂ ਇਹ ਉਪਰਾਲਾ ਕਰ ਰਹੇ ਹਾਂ। ਇਸ ਦੌਰਾਨ ਲਗਭਗ 39,000 ਪੁਰਾਤਨ ਕਿਤਾਬਾਂ ਦਾ ਡੇਟਾ ਇਕੱਤਰ ਕੀਤਾ ਗਿਆ ਹੈ। ਸਾਡੀ ਕੋਸ਼ਿਸ਼ ਇਸ ਨੂੰ ਈ-ਡੇਟਾ ਵਿੱਚ ਬਦਲਣ ਦੀ ਹੈ ਤਾਂ ਜੋ AI ਟੂਲ ਅਤੇ ਹੋਰ ਆਧੁਨਿਕ ਤਕਨੀਕਾਂ ਇਸ ਦਾ ਉਪਯੋਗ ਕਰ ਸਕਣ।
ਪਿਛਲੇ 10 ਦਿਨਾਂ ਵਿੱਚ ਸਾਨੂੰ ਵੱਡੀ ਸਫ਼ਲਤਾ ਮਿਲੀ ਹੈ—ਅਸੀਂ ਲਗਭਗ 60 ਕਿਤਾਬਾਂ ਨੂੰ ਅਜਿਹੇ ਫ਼ਾਰਮੈਟ ਵਿੱਚ ਢਾਲ ਲਿਆ ਹੈ ਜਿਸ ਨੂੰ ਭਵਿੱਖ ਦੀ ਕੋਈ ਵੀ ਤਕਨਾਲੋਜੀ ਆਸਾਨੀ ਨਾਲ ਪੜ੍ਹ ਅਤੇ ਵਰਤ ਸਕਦੀ ਹੈ। ਇਹ ਜਾਣਕਾਰੀ ਜਨਤਕ (Public Domain) ਹੈ, ਇਸ ਲਈ ਅਸੀਂ ਇਸ ‘ਤੇ ਕੋਈ ਕਾਪੀਰਾਈਟ ਨਹੀਂ ਰੱਖਿਆ। ਸਾਡਾ ਮੰਨਣਾ ਹੈ: “ਸ਼ਬਦਾਂ ਨੂੰ ਕਾਗ਼ਜ਼ ਤੋਂ ਮੁਕਤੀ ਦਿਓ ਅਤੇ ਬ੍ਰਹਿਮੰਡ ਵਿੱਚ ਫੈਲਣ ਦਿਓ।
ਅਸੀਂ ਉਨ੍ਹਾਂ ਸਾਰੇ ਗੰਭੀਰ ਚਿੰਤਕਾਂ ਨੂੰ ਇਸ ਕਾਫ਼ਲੇ ਦਾ ਹਿੱਸਾ ਬਣਨ ਦਾ ਸੱਦਾ ਦਿੰਦੇ ਹਾਂ ਜੋ ਪੰਜਾਬੀਅਤ ਦੇ ਦੂਰਅੰਦੇਸ਼ੀ ਭਵਿੱਖ ਲਈ ਸੋਚਦੇ ਹਨ। ਜਿਨ੍ਹਾਂ ਕੋਲ ਦੁਰਲੱਭ ਪੁਰਾਤਨ ਸਮੱਗਰੀ ਜਾਂ ਜਾਣਕਾਰੀ ਹੈ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਇਹ ਪੂਰੀ ਤਰ੍ਹਾਂ ਨਿਸ਼ਕਾਮ ਤੇ ਨਿਰਸੁਆਰਥ ਸੇਵਾ ਹੈ—ਨਾ ਅਸੀਂ ਕੋਈ ਆਰਥਿਕ ਮਦਦ ਮੰਗਦੇ ਹਾਂ, ਨਾ ਇਕੱਠੀ ਕਰਦੇ ਹਾਂ। ਆਪਣੀ ਸਮਰੱਥਾ ਅਨੁਸਾਰ ਅਸੀਂ ਇਹ ਗਿਆਨ-ਖ਼ਜ਼ਾਨਾ ਸਭ ਲਈ ਮੁਫ਼ਤ ਉਪਲਬਧ ਕਰਵਾਉਂਦੇ ਰਹਾਂਗੇ।

-ਜਨਮੇਜਾ ਸਿੰਘ ਜੌਹਲ
Share this content:



Post Comment