ਬੁੱਢੇ ਬੋਹੜ ਦੀ ਉਦਾਸੀ..!
ਪਿੰਡ ਦੀ ਜੂਹ ਵਿੱਚ ਵੜਦਿਆਂ ਸਭ ਤੋਂ ਪਹਿਲਾਂ ਮੇਰੀ ਨਜ਼ਰ ਉਸ ਬੋਹੜ ’ਤੇ ਪੈਂਦੀ ਹੈ ਜੋ ਪਤਾ ਨਹੀਂ ਕਿੰਨੇ ਦਹਾਕਿਆਂ ਤੋਂ ਪਿੰਡ ਦੇ ਉਤਰਾਅ-ਚੜ੍ਹਾਅ ਦਾ ਗਵਾਹ ਰਿਹਾ ਹੈ। ਉਸ ਦੀਆਂ ਫੈਲੀਆਂ ਹੋਈਆਂ ਟਾਹਣੀਆਂ ਹਮੇਸ਼ਾ ਅਪਣੱਤ ਦਾ ਅਹਿਸਾਸ ਕਰਵਾਉਂਦੀਆਂ ਹਨ। ਇੱਕ ਦਿਨ ਜਦੋਂ ਮੈਂ ਪਿੰਡ ਦੀ ਗਲੀ ਵਿੱਚੋਂ ਗੁਜ਼ਰਿਆ ਤਾਂ ਮੈਨੂੰ ਉਹ ਬੋਹੜ ਕੁਝ ਉਦਾਸ ਜਾਪਿਆ। ਸ਼ਾਇਦ ਇਸ ਲਈ ਕਿਉਂਕਿ ਉਸ ਬੋਹੜ ਵਰਗਾ ਇੱਕ ਇਨਸਾਨ, ਜਿਸ ਨੇ ਕਦੇ ਪੂਰੇ ਪਿੰਡ ਨੂੰ ਆਪਣੀ ਅਣਖ, ਮਿਹਨਤ ਤੇ ਸਵੈ-ਮਾਣ ਦੀ ਛਾਂ ਦਿੱਤੀ ਸੀ, ਅੱਜ ਰਿਸ਼ਤਿਆਂ ਦੀ ਅਥਾਹ ਭੀੜ ਵਿੱਚ ਇਕੱਲਾ ਰਹਿ ਕੇ ਦੁਨੀਆ ਤੋਂ ਰੁਖ਼ਸਤ ਹੋ ਗਿਆ ਸੀ। ਸੱਜਣ ਸਿੰਘ ਦੀ ਮੌਤ ਕੋਈ ਸਧਾਰਨ ਮੌਤ ਨਹੀਂ ਸੀ ਸਗੋਂ ਸਾਡੇ ਆਧੁਨਿਕ ਸਮਾਜ ਦੇ ਮਰ ਰਹੇ ਅਹਿਸਾਸਾਂ ਦੀ ਸੰਵੇਦਨਸ਼ੀਲ ਤੇ ਦਰਦਨਾਕ ਦਾਸਤਾਨ ਹੈ।
ਸੱਜਣ ਸਿੰਘ ਦਾ ਪਰਿਵਾਰ ਕਿਸੇ ਸਮੇਂ ਪਿੰਡ ਦੀ ਸ਼ਾਨ ਅਤੇ ਏਕਤਾ ਦੀ ਮਿਸਾਲ ਹੁੰਦਾ ਸੀ। ਪੰਜ ਪੁੱਤਰ, ਪੰਜੇ ਕਮਾਊ ਤੇ ਸ਼ੇਰਾਂ ਵਰਗੇ ਤਕੜੇ। ਘਰ ਵਿੱਚ ਸੱਤ ਪੋਤੇ ਅਤੇ ਅੱਗੇ ਪੜੋਤਿਆਂ ਦੀਆਂ ਕਿਲਕਾਰੀਆਂ ਨਾਲ ਵਿਹੜਾ ਸਵੇਰ ਤੋਂ ਸ਼ਾਮ ਤੱਕ ਗੂੰਜਦਾ ਰਹਿੰਦਾ ਸੀ। ਲੋਕ ਅਕਸਰ ਸੱਥ ਵਿੱਚ ਬੈਠੇ ਕਹਿੰਦੇ ਹੁੰਦੇ ਸਨ ਕਿ ਸੱਜਣ ਸਿੰਘ ਨੇ ਪਿਛਲੇ ਜਨਮ ਵਿੱਚ ਕੋਈ ਪੁੰਨ ਕੀਤੇ ਹੋਣਗੇ, ਜੋ ਅਜਿਹਾ ਪਰਿਵਾਰ ਉਸ ਦੇ ਹਿੱਸੇ ਆਇਆ ਹੈ। ਨਿਰੰਜਣ ਸਿੰਘ ਅਕਸਰ ਕਹਿੰਦਾ ਹੁੰਦਾ ਸੀ ਕਿ ਮਾਪੇ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ। ਸੱਜਣ ਸਿੰਘ ਨੇ ਵੀ ਆਪਣੇ ਪੁੱਤਰਾਂ ਨੂੰ ਸਿਰੜ, ਇਮਾਨਦਾਰੀ ਅਤੇ ਖ਼ੂਨ-ਪਸੀਨੇ ਦੀ ਕਮਾਈ ਦਾ ਪਾਠ ਪੜ੍ਹਾਇਆ ਸੀ। ਪਰ ਸਮੇਂ ਦੇ ਬਦਲਦੇ ਵੇਗ ਵਿੱਚ ਉਹ ਇਹ ਪੜ੍ਹਾਉਣਾ ਭੁੱਲ ਗਿਆ ਜਾਂ ਸ਼ਾਇਦ ਪੁੱਤਰ ਸਿੱਖਣਾ ਭੁੱਲ ਗਏ ਕਿ ਜਦੋਂ ਰੁੱਖ ਬੁੱਢਾ ਹੋ ਜਾਵੇ ਅਤੇ ਉਸ ਦੀਆਂ ਟਾਹਣੀਆਂ ਝੁਕ ਜਾਣ ਤਾਂ ਉਸ ਦੀਆਂ ਜੜ੍ਹਾਂ ਵਿੱਚ ਮੋਹ ਦਾ ਪਾਣੀ ਪਾਉਣਾ ਪੁੱਤਰਾਂ ਦਾ ਇਖ਼ਲਾਕੀ ਫ਼ਰਜ਼ ਹੁੰਦਾ ਹੈ। ਇਸ ਘਰੇਲੂ ਦੁਖਾਂਤ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸੱਜਣ ਸਿੰਘ ਦੀ ਜੀਵਨ-ਸਾਥਣ ਬੇਬੇ ਨਸੀਬ ਕੌਰ ਅਚਾਨਕ ਚਲ ਵਸੀ। ਉਸ ਦੇ ਜਾਣ ਨਾਲ ਜਿਵੇਂ ਘਰ ਦੀ ਰੂਹ ਹੀ ਨਿਕਲ ਗਈ। ਜਿੰਨਾ ਚਿਰ ਬੇਬੇ ਜਿਊਂਦੀ ਸੀ, ਸੱਜਣ ਸਿੰਘ ਦੀ ਹਰ ਗੱਲ ਸੁਣੀ ਜਾਂਦੀ ਸੀ, ਉਸ ਦੀ ਹਰ ਲੋੜ ਬਿਨਾ ਬੋਲੇ ਪੂਰੀ ਹੁੰਦੀ। ਉਹ ਦੋਵੇਂ ਇੱਕ-ਦੂਜੇ ਦੀ ਡੰਗੋਰੀ ਸਨ ਪਰ ਉਸ ਦੇ ਜਾਣ ਤੋਂ ਬਾਅਦ ਸੱਜਣ ਸਿੰਘ ਲਈ ਘਰ ਦੀ ਚਾਰ-ਦੀਵਾਰੀ ਦੁਸ਼ਮਣ ਬਣ ਗਈ। ਪੰਜ ਪੁੱਤਰਾਂ ਦੇ ਹੁੰਦਿਆਂ ਵੀ ਉਹ ਉਸ ਆਲੀਸ਼ਾਨ ਘਰ ਵਿੱਚ ‘ਲਾਵਾਰਿਸਾਂ’ ਵਾਂਗ ਇਕੱਲਾ ਰਹਿ ਗਿਆ। ਪੁੱਤਰ ਆਪਣੇ ਕਾਰੋਬਾਰਾਂ ਅਤੇ ਪੈਸੇ ਦੀ ਦੌੜ ਵਿੱਚ ਮਸਤ ਸਨ, ਨੂੰਹਾਂ ਆਪਣੀ ਰਸੋਈ ਦੀ ਚੌਧਰ ਤੇ ਟੀ ਵੀ ਸੀਰੀਅਲਾਂ ਦੇ ਕਾਲਪਨਿਕ ਦੁੱਖਾਂ-ਸੁੱਖਾਂ ਵਿੱਚ ਗੁਆਚੀਆਂ ਰਹਿੰਦੀਆਂ ਅਤੇ ਪੋਤੇ-ਪੜੋਤੇ ਮੋਬਾਈਲ ਦੀਆਂ ਸਕਰੀਨਾਂ ਵਿੱਚ ਕੈਦ ਹੋ ਚੁੱਕੇ ਸਨ।
ਇੱਕ ਤਪਦੀ ਦੁਪਹਿਰ ਮੈਂ ਸੱਜਣ ਸਿੰਘ ਕੋਲ ਬੈਠਾ ਸਾਂ। ਬਾਹਰ ਸੂਰਜ ਤਪ ਰਿਹਾ ਸੀ ਪਰ ਉਸ ਦੇ ਚਿਹਰੇ ’ਤੇ ਅਜੀਬ ਜਿਹਾ ਖ਼ੌਫ਼ ਸੀ। ਉਸ ਨੇ ਕੰਬਦੀ ਆਵਾਜ਼ ਵਿੱਚ ਹੌਲੀ ਜਿਹੀ ਕਿਹਾ, ‘ਪੁੱਤ, ਅੱਜ ਕੱਲ੍ਹ ਮੈਨੂੰ ਇਹ ਚਿੱਟੀ ਦੁਪਹਿਰ ਵੀ ਅੱਧੀ ਰਾਤ ਦੇ ਸੰਨਾਟੇ ਵਰਗੀ ਜਾਪਦੀ ਹੈ।’ ਮੈਂ ਹੈਰਾਨੀ ਨਾਲ ਪੁੱਛਿਆ, ‘ਕਿਉਂ ਬਾਪੂ ਜੀ? ਘਰ ਤਾਂ ਜੀਆਂ ਨਾਲ ਭਰਿਆ ਪਿਆ ਹੈ।’ ਉਨ੍ਹਾਂ ਕਿਹਾ, ‘ਰਾਤ ਨੂੰ ਤਾਂ ਬੰਦਾ ਸੌਂ ਕੇ ਵਕਤ ਗੁਜ਼ਾਰ ਲੈਂਦਾ ਹੈ, ਪਰ ਇਸ ਦੁਪਹਿਰ ਦੀ ਭਿਆਨਕ ਖ਼ਾਮੋਸ਼ੀ ਵਿੱਚ ਜਦੋਂ ਘਰ ਦੇ ਸਾਰੇ ਜੀਅ ਮੌਜੂਦ ਹੋਣ, ਆਵਾਜ਼ਾਂ ਵੀ ਆ ਰਹੀਆਂ ਹੋਣ, ਪਰ ਫਿਰ ਵੀ ਕੋਈ ਤੁਹਾਡੇ ਕੋਲ ਬੈਠ ਕੇ ਦੋ ਘੜੀ ਗੱਲ ਕਰਨ ਵਾਲਾ ਨਾ ਹੋਵੇ, ਤਾਂ ਉਹ ਇਕੱਲਾਪਣ ਜਿਊਂਦੇ ਜੀਅ ਮੌਤ ਨਾਲੋਂ ਵੀ ਭੈੜਾ ਹੁੰਦਾ ਹੈ।’ ਰਿਸ਼ਤਿਆਂ ਦੀ ਇਸ ਭੀੜ ਵਿੱਚ ਮੇਰੇ ਸ਼ਬਦ ਜਿਵੇਂ ਮੁੱਕ ਗਏ।
ਅੱਜ ਦੇ ‘ਸਮਾਰਟ’ ਦੌਰ ਵਿੱਚ ਅਸੀਂ ਬਹੁਤ ਕੁਝ ਸਿੱਖ ਲਿਆ ਹੈ। ਅਸੀਂ ਬੱਚਿਆਂ ਨੂੰ ਵੱਡੇ-ਵੱਡੇ ਸਕੂਲਾਂ ਵਿੱਚ ਭੇਜ ਕੇ ਸਮੇਂ ਦੀ ਪਾਬੰਦੀ, ਤਕਨਾਲੋਜੀ ਅਤੇ ਮੁਕਾਬਲੇ ਦੀ ਦੌੜ ਵਿੱਚ ਜਿੱਤਣਾ ਤਾਂ ਸਿਖਾ ਦਿੱਤਾ ਹੈ, ਪਰ ਕੀ ਅਸੀਂ ਕਦੇ ਉਨ੍ਹਾਂ ਨੂੰ ਇਹ ‘ਪ੍ਰੈਕਟੀਕਲ ਪਾਠ’ ਪੜ੍ਹਾਇਆ ਹੈ ਕਿ ਘਰ ਵਿੱਚ ਬੈਠੇ ਬਜ਼ੁਰਗ ਦੀਆਂ ਖ਼ਾਲੀ ਅੱਖਾਂ ਦੀ ਨਮੀ ਕਿਵੇਂ ਪੜ੍ਹਨੀ ਹੈ? ਸੱਜਣ ਸਿੰਘ ਦੇ ਘਰ ਵਿੱਚ ਸਭ ਕੁਝ ਸੀ, ਚੰਗਾ ਖਾਣਾ, ਰੇਸ਼ਮੀ ਕੱਪੜੇ, ਗੱਦੇਦਾਰ ਬਿਸਤਰੇ ਤੇ ਵੱਡੀਆਂ ਗੱਡੀਆਂ ਪਰ ਜੋ ਸਭ ਤੋਂ ਮਹਿੰਗੀ ਚੀਜ਼ ਗੁੰਮ ਸੀ, ਉਹ ਸੀ ‘ਸਮਾਂ’। ਜਿਸ ਪਿਤਾ ਨੇ ਆਪਣੀ ਜਵਾਨੀ ਦੇ ਸੁਪਨੇ ਵੇਚ ਕੇ ਪੁੱਤਰਾਂ ਦੇ ਭਵਿੱਖ ਖ਼ਰੀਦੇ ਸਨ, ਅੱਜ ਉਸੇ ਪਿਤਾ ਦਾ ਤਜਰਬਾ ਤੇ ਉਸ ਦੀ ਰਾਏ ਨਵੀਂ ਪੀੜ੍ਹੀ ਨੂੰ ‘ਦਖ਼ਲਅੰਦਾਜ਼ੀ’ ਤੇ ‘ਬੁੜ-ਬੁੜ’ ਲੱਗਣ ਲੱਗ ਪਈ ਸੀ। ਇਸੇ ਇਕੱਲੇਪਣ ਨੇ ਉਸ ਮਜ਼ਬੂਤ ਬੋਹੜ ਨੂੰ ਅੰਦਰੋਂ-ਅੰਦਰੀਂ ਖੋਖਲਾ ਕਰ ਦਿੱਤਾ। ਉਹ ਕਿਸੇ ਸ਼ੂਗਰ ਜਾਂ ਬਲੱਡ-ਪ੍ਰੈੱਸ਼ਰ ਦੀ ਬਿਮਾਰੀ ਨਾਲ ਨਹੀਂ ਮਰਿਆ, ਉਹ ਤਾਂ ‘ਅਣਦੇਖੀ’ ਅਤੇ ‘ਬੇਕਦਰੀ’ ਦੀ ਭੇਟ ਚੜ੍ਹ ਗਿਆ। ਸੱਜਣ ਸਿੰਘ ਦੀ ਮੌਤ ਤੋਂ ਬਾਅਦ ਪੁੱਤਰਾਂ ਨੇ ਸਮਾਜ ਵਿੱਚ ਨੱਕ ਰੱਖਣ ਲਈ ਬਹੁਤ ਵੱਡਾ ‘ਭੋਗ’ ਪਾਇਆ।
ਦੇਸੀ ਘਿਓ ਦੇ ਲੰਗਰ ਚੱਲੇ, ਹਜ਼ਾਰਾਂ ਲੋਕਾਂ ਨੇ ਰੋਟੀ ਖਾਧੀ ਅਤੇ ਬਾਪੂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਗਏ ਪਰ ਮੇਰੇ ਮਨ ਵਿੱਚ ਇੱਕੋ ਸਵਾਲ ਵਾਰ-ਵਾਰ ਉੱਠ ਰਿਹਾ ਸੀ, ਕਾਸ਼! ਇਹ ਰੌਣਕ, ਇਹ ਅਪਣੱਤ ਤੇ ਇਹ ਭੀੜ ਉਸ ਦਿਨ ਹੁੰਦੀ ਜਦੋਂ ਬਾਪੂ ਜਿਊਂਦਾ ਸੀ ਤੇ ਆਪਣੇ ਪੁੱਤਰਾਂ ਨਾਲ ਦੋ ਗੱਲਾਂ ਕਰਨ ਲਈ ਤਰਸ ਰਿਹਾ ਸੀ। ਅੱਜ ਦੀ ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਅਖੌਤੀ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਹੋਏ ਇੰਨੇ ਅੰਨ੍ਹੇ ਹੋ ਗਏ ਹਾਂ ਕਿ ਸਾਨੂੰ ਆਪਣੇ ਘਰ ਦੇ ਉਹ ‘ਚਾਨਣ ਮੁਨਾਰੇ’ ਹੀ ਬੋਝ ਲੱਗਣ ਲੱਗ ਪਏ ਹਨ, ਜਿਨ੍ਹਾਂ ਨੇ ਸਾਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ। ਅਸੀਂ ਸੋਸ਼ਲ ਮੀਡੀਆ ’ਤੇ ‘ਪਰਿਵਾਰਕ ਫ਼ੋਟੋਆਂ’ ਪਾ ਕੇ ਦੁਨੀਆ ਨੂੰ ਤਾਂ ਖੁਸ਼ਹਾਲ ਦਿਖਾ ਰਹੇ ਹਾਂ, ਪਰ ਕੀ ਅਸੀਂ ਕਦੇ ਉਸ ਪਿਤਾ ਦੇ ਮਨ ਦੀ ਗੱਲ ਸੁਣੀ ਹੈ ਜਿਸ ਦੀਆਂ ਅੱਖਾਂ ਵਿੱਚ ਇਕਲਾਪਾ ਛਾਇਆ ਹੋਇਆ ਹੈ? ਅਸੀਂ ਆਪਣੇ ਬੱਚਿਆਂ ਲਈ ਜਾਇਦਾਦਾਂ ਤਾਂ ਇਕੱਠੀਆਂ ਕਰ ਰਹੇ ਹਾਂ, ਪਰ ਕੀ ਉਨ੍ਹਾਂ ਨੂੰ ਸੰਸਕਾਰਾਂ ਗੁੜ੍ਹਤੀ ਦੇ ਰਹੇ ਹਾਂ?
ਯਾਦ ਰੱਖਣਾ, ਜਿਸ ਬਰੂਹ ’ਤੇ ਅੱਜ ਬਜ਼ੁਰਗਾਂ ਦੀਆਂ ਡੰਗੋਰੀਆਂ ਲਾਵਾਰਿਸ ਪਈਆਂ ਹਨ, ਕੱਲ੍ਹ ਨੂੰ ਉੱਥੇ ਸਾਡੀ ਵਾਰੀ ਵੀ ਆਵੇਗੀ। ਜੇ ਅਸੀਂ ਅੱਜ ਆਪਣੇ ਮਾਪਿਆਂ ਦੀ ਖ਼ਾਮੋਸ਼ੀ ਨਾ ਪੜ੍ਹੀ, ਤਾਂ ਕੱਲ੍ਹ ਨੂੰ ਸਾਡੇ ਬੱਚੇ ਸਾਡੇ ਰੋਣ ਦੀ ਆਵਾਜ਼ ਵੀ ਨਹੀਂ ਸੁਣਨਗੇ। ਬਜ਼ੁਰਗਾਂ ਨੂੰ ਮਹਿੰਗੀਆਂ ਦਵਾਈਆਂ ਨਾਲੋਂ ਵੱਧ ਆਪਣਿਆਂ ਦੀਆਂ ਗੱਲਾਂ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ ਸੇਵਾ ਸਿਰਫ਼ ਫ਼ਰਜ਼ ਨਹੀਂ, ਸਗੋਂ ਸਾਡੀ ਆਪਣੀ ਆਤਮਾ ਦਾ ਇਸ਼ਨਾਨ ਹੈ। ਬਜ਼ੁਰਗ ਸਾਡੇ ਜੀਵਨ ਦੀਆਂ ਉਹ ਜੜ੍ਹਾਂ ਹਨ, ਜਿਨ੍ਹਾਂ ਸਦਕਾ ਅਸੀਂ ਅੱਜ ਅਸਮਾਨ ਛੂਹ ਰਹੇ ਹਾਂ। ਜੇ ਜੜ੍ਹਾਂ ਹੀ ਸੁੱਕ ਗਈਆਂ, ਤਾਂ ਟਾਹਣੀਆਂ ’ਤੇ ਲੱਗੇ ਰੁਤਬਿਆਂ ਤੇ ਪੈਸਿਆਂ ਦੇ ਫ਼ਲ ਵੀ ਬਹੁਤੀ ਦੇਰ ਨਹੀਂ ਟਿਕੇ ਰਹਿਣਗੇ। ਆਓ, ਮਿਹਨਤ ਦੇ ਨਾਲ-ਨਾਲ ਮੁਹੱਬਤ ਦਾ ਪਾਠ ਵੀ ਪੜ੍ਹੀਏ, ਆਪਣੇ ਮਾਪਿਆਂ ਨੂੰ ਉਹ ‘ਮਾਣ’ ਤੇ ‘ਸਮਾਂ’ ਦੇਈਏ ਜਿਸ ਦੇ ਉਹ ਹੱਕਦਾਰ ਹਨ।
Share this content:



Post Comment