‘ਬਿੱਗ ਬੌਸ 20’ ਵਿੱਚ ਐਂਟਰੀ ਕਰਨ ਲਈ ਤਿਆਰ ਲਵ ਗਿੱਲ
ਚੰਡੀਗੜ੍ਹ, 27 ਅਗਸਤ – ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਸੀਜ਼ਨ 20 ‘ਚ ਪਾਲੀਵੁੱਡ ਅਦਾਕਾਰਾ ਲਵ ਗਿੱਲ ਦੀ ਐਂਟਰੀ ਦੀਆਂ ਚਰਚਾਵਾਂ ਇੰਨੀ ਦਿਨੀਂ ਚਰਮ ਉਤੇ ਹਨ, ਜਿਸ ਨੇ ਪਾਲੀਵੁੱਡ ਗਲਿਆਰਿਆਂ ਦੇ ਮਾਹੌਲ ਨੂੰ ਕਾਫ਼ੀ ਗਰਮਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 06 ਸਤੰਬਰ ਨੂੰ ਹੋਣ ਜਾ ਰਹੇ ਉਕਤ ਸ਼ੋਅ ਪ੍ਰੀਮੀਅਰ ਨਾਲ ਇੱਕ ਹੋਰ ਨਵੇਂ ਅਗਾਜ਼ ਵੱਲ ਵਧ ਸਕਦੀ ਹੈ ਇਹ ਚਰਚਿਤ ਅਦਾਕਾਰਾ, ਜੋ ਅੱਜਕੱਲ੍ਹ ਬਹੁਤ ਤੇਜ਼ੀ ਨਾਲ ਅਪਣਾ ਦਰਸ਼ਕ ਅਧਾਰ ਦਾਇਰਾ ਵਿਸ਼ਾਲ ਕਰਦੀ ਜਾ ਰਹੀ ਹੈ। ਹਾਲ ਹੀ ਵਿੱਚ ਦਿੱਗਜ ਅਦਾਕਾਰ ਗੁਰਪ੍ਰੀਤ ਘੁੱਗੀ ਨਾਲ ਕਥਿਤ ਨਿੱਜੀ ਸੰਬੰਧਾਂ ਨੂੰ ਲੈ ਕੇ ਵੀ ਵਿਵਾਦ ਦਾ ਕੇਂਦਰ ਬਿੰਦੂ ਬਣੀ ਰਹੀ ਹੈ ਇਹ ਦਿਲਕਸ਼ ਅਦਾਕਾਰਾ, ਜਿਸ ਨੇ ਟੈਲੀਵਿਜ਼ਨ ਦੀ ਦੁਨੀਆ ਵਿੱਚ ਕਦਮ ਰੱਖਣ ਤੋਂ ਪਹਿਲਾਂ ਅੱਜ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ, ਸ਼ੁਕਰਗੁਜ਼ਾਰੀ ਪ੍ਰਗਟ ਕਰਦਿਆਂ ਅੱਗੇ ਦੀ ਚੁਣੌਤੀਪੂਰਨ ਯਾਤਰਾ ਲਈ ਆਸ਼ੀਰਵਾਦ ਲਿਆ।
ਬਤੌਰ ਮਾਡਲ ਅਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਇਹ ਪ੍ਰਤਿਭਾਵਾਨ ਅਦਾਕਾਰਾ, ਅੱਜਕੱਲ੍ਹ ਸੋਸ਼ਲ ਪਲੇਟਫ਼ਾਰਮ ‘ਤੇ ਵੀ ਸਨਸਨੀਖੇਜ਼ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾ ਰਹੀ ਹੈ, ਜਿਸ ਵੱਲੋਂ ਅਪਣੇ ਪ੍ਰਸ਼ੰਸਕਾਂ ‘ਚ ਚੋਖਾ ਵਾਧਾ ਦਰਜ ਕਰਵਾਇਆ ਹੈ। ਮੂਲ ਰੂਪ ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਨਾਲ ਸੰਬੰਧ ਰੱਖਦੀ ਹੈ ਇਹ ਪ੍ਰਤਿਭਾਵਾਨ ਅਦਾਕਾਰਾ, ਜਿਸ ਦੇ ਕਰੀਅਰ ਨੂੰ ਨਵੇਂ ਅਯਾਮ ਦੇਣ ਵਿੱਚ ਗਲੋਬਲੀ ਸਟਾਰ ਗਾਇਕ ਕਰਨ ਔਜਲਾ ਦੇ ਸੰਗੀਤ ਵੀਡੀਓ ਫੈਕਟਸ ਨੇ ਅਹਿਮ ਭੂਮਿਕਾ ਨਿਭਾਈ। ਬਾਅਦ ਵਿੱਚ ਉਸਨੇ ਸੀਰੀਅਲ ‘ਤੂੰ ਪਤੰਗ ਮੈਂ ਡੋਰ ਨਾਲ’ ਆਪਣਾ ਟੀਵੀ ਡੈਬਿਊ ਕੀਤਾ ਅਤੇ ਉਪਰੰਤ ਪੰਜਾਬੀ ਫਿਲਮਾਂ ਵਿੱਚ ਵੀ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਈ। ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਚਿਹਰੇ ਵਜੋਂ ਜਾਣੀ ਜਾ ਰਹੀ ਇਸ ਖੂਬਸੂਰਤ ਅਦਾਕਾਰਾ ਵੱਲੋਂ ਕੀਤੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿੱਚ ‘ਕੁੜੀਆਂ ਜਵਾਨ ਬਾਪੂ ਪਰੇਸ਼ਾਨ’, ‘ਹੇਟਰਜ਼’, ‘ਰਿਸ਼ਤੇ ਨਾਤੇ’, ‘ਵਾਈਫ ਪੇਕੇ ਹਸਬੈਂਡ ਠੇਕੇ’, ਸ਼ੱਕਰ ਪਾਰੇ, ‘ਹਾਂਜੀ ਕੌਣ’, ‘ਵੇਖੀ ਜਾ ਛੇੜੀ ਨਾ’ ਅਤੇ ‘ਫਰਲੋ’ ਸ਼ਾਮਿਲ ਰਹੀਆਂ ਹਨ।
Share this content:



Post Comment