ਫਾਰਮੇਸੀ ਅਫਸਰਾਂ ਦੀ ਪ੍ਰੀਖਿਆ ’ਚ ਨਕਲ ਕਰਨ ਵਾਲੇ 21 ਵਿਦਿਆਰਥੀ ਭੇਜੇ ਜੇਲ੍ਹ
ਫਰੀਦਕੋਟ, 25 ਜੁਲਾਈ – ਫਰੀਦਕੋਟ ਨਕਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ 21 ਪ੍ਰੀਖਿਆਰਥੀਆਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ ਕੌਰ ਨੇ 14 ਦਿਨਾਂ ਲਈ ਅਦਾਲਤੀ ਹਿਰਾਸਤ ਤਹਿਤ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਪ੍ਰੀਖਿਆਰਥੀਆਂ ਤੋਂ ਪੁੱਛ-ਪੜਤਾਲ ਮੁਕੰਮਲ ਹੋ ਚੁੱਕੀ ਹੈ ਅਤੇ ਹੋਰ ਰਿਮਾਂਡ ਦੀ ਲੋੜ ਨਹੀਂ ਹੈ। ਦੱਸਣਯੋਗ ਹੈ ਕਿ ਪਿਛਲੇ ਐਤਵਾਰ ਇੱਥੇ ਫਾਰਮੇਸੀ ਅਫਸਰਾਂ ਦਾ ਇਮਤਿਹਾਨ ਹੋਇਆ ਸੀ, ਜਿੱਥੇ ਖੁਲਾਸਾ ਹੋਇਆ ਸੀ ਕਿ ਇੱਕ ਅੰਤਰਰਾਜੀ ਗਰੋਹ ਪੇਪਰ ਵਿੱਚ ਨਕਲ ਕਰਵਾ ਰਿਹਾ ਹੈ। ਯੂਨੀਵਰਸਿਟੀ ਅਤੇ ਪੁਲੀਸ ਦੀ ਛਾਪੇਮਾਰੀ ਦੌਰਾਨ ਫਰੀਦਕੋਟ ਤੋਂ 21 ਅਤੇ ਫਿਰੋਜ਼ਪੁਰ ਤੋਂ 4 ਪ੍ਰੀਖਿਆਰਥੀ ਗ੍ਰਿਫ਼ਤਾਰ ਕੀਤੇ ਗਏ ਸਨ। ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਖਤਮ ਹੋਣ ਮਗਰੋਂ ਇਨ੍ਹਾਂ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲੀਸ ਨੇ ਇਸ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਅਤੇ ਨਾ ਹੀ ਹੁਣ ਤੱਕ ਹੋਈ ਪੜਤਾਲ ਦੇ ਸਿੱਟੇ ਦਾ ਕੋਈ ਖੁਲਾਸਾ ਕੀਤਾ ਹੈ। ਪਤਾ ਲੱਗਾ ਹੈ ਕਿ ਦੋ ਸਿਆਸੀ ਪਾਰਟੀਆਂ ਦੇ ਆਗੂ ਇਸ ਨਕਲ ਕਾਂਡ ਵਿੱਚ ਸ਼ਾਮਲ ਹਨ, ਜਿਸ ਕਰ ਕੇ ਪੁਲੀਸ ਇਸ ਮਾਮਲੇ ਬਾਰੇ ਕੁਝ ਵੀ ਦੱਸਣ ਤੋਂ ਟਾਲ ਵੱਟ ਰਹੀ ਹੈ।
ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਨੇ ਫਰੀਦਕੋਟ ਨਕਲ ਕਾਂਡ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਇਲਜ਼ਾਮ ਲਾਏ ਹਨ ਕਿ ਫਰੀਦਕੋਟ ਜ਼ਿਲ੍ਹੇ ਦੇ ਕੁਝ ਆਗੂਆਂ ਦੀ ਸ਼ਹਿ ’ਤੇ ਪੇਪਰ ਵਿੱਚ ਨਕਲ ਵੱਜੀ ਹੈ। ਮਾਮਲਾ ਸਾਹਮਣੇ ਆਉਣ ਮਗਰੋਂ ਪੇਪਰ ਦਾ ਨਤੀਜਾ ਨਹੀਂ ਐਲਾਨਿਆ ਗਿਆ ਅਤੇ ਨਾ ਹੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਪੇਪਰ ਨੂੰ ਰੱਦ ਕੀਤਾ ਜਾਣਾ ਹੈ ਜਾਂ ਨਹੀਂ। ਇਮਤਿਹਾਨ ਇੰਚਾਰਜ ਡਾ. ਨੀਤੂ ਕੱਕੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੇਪਰ ਤੋਂ ਬਾਅਦ ਉੱਤਰ ਕੁੰਜੀ ਜਾਰੀ ਕਰ ਦਿੱਤੀ ਹੈ ਅਤੇ ਇਸ ਦਾ ਨਤੀਜਾ ਵੀ ਬਹੁਤ ਜਲਦੀ ਐਲਾਨ ਦਿੱਤਾ ਜਾਵੇਗਾ।
Share this content:



Post Comment